ਤਕਨੀਕ ਜ਼ਰੀਏ ਫਰਜ਼ੀ ਪੋਰਨ ਬਣਾਉਣਾ ਹੁਣ ਹੋਇਆ ਬਹੁਤ ਸੌਖਾ

    • ਲੇਖਕ, ਡੇਵ ਲੀ
    • ਰੋਲ, ਉੱਤਰ ਅਮਰੀਕਾ ਟੈਕਨੋਲਾਜੀ ਰਿਪੋਰਟਰ

ਪਿਛਲੇ ਕੁਝ ਹਫਤਿਆਂ ਤੋਂ 'ਡੀਪਫੈਕਸ' ਦੇ ਬਹੁਤ ਸਾਰੇ ਮਾਮਲੇ ਸਾਹਮਣੇ ਆਏ ਹਨ, ਜਿਸ ਵਿੱਚ ਕਿਸੇ ਅਦਾਕਾਰਾ ਦਾ ਚਿਹਰਾ ਕਿਸੇ ਹੋਰ ਦੇ ਸਰੀਰ 'ਤੇ ਲਗਾ ਕੇ ਪੋਰਨ ਵੀਡੀਓ ਬਣਾਏ ਜਾ ਰਹੇ ਹਨ।

ਇਸ ਤਰ੍ਹਾਂ ਦੇ ਵੀਡੀਓ ਬਣਾਉਣਾ ਹੁਣ ਹੋਰ ਵੀ ਸੌਖਾ ਹੋ ਗਿਆ ਹੈ। ਲੋਕਾਂ ਦੀ ਜਿਨਸੀ ਲੋਚਨਾਵਾਂ ਨੂੰ ਇੰਟਰਨੈੱਟ ਰਾਹੀਂ ਪੂਰਾ ਕਰਨ ਲਈ ਇਸ ਤਰ੍ਹਾਂ ਦੇ ਵੀਡੀਓ ਬਣਾਏ ਜਾ ਰਹੇ ਹਨ।

ਇਸ ਤਕਨੀਕ ਦੇ ਇਸਤੇਮਾਲ ਦੇ ਸਿੱਟੇ ਡੂੰਘੇ ਵੀ ਹੋ ਸਕਦੇ ਹਨ। ਅੱਜ ਅਸੀਂ ਜਿਸ ਤਰ੍ਹਾਂ ਫੇਕ ਨਿਊਜ਼ ਦੇ ਸੰਕਟ ਨੂੰ ਦੇਖ ਰਹੇ ਹਾਂ ਉਹ ਅਜੇ ਆਪਣੀ ਸ਼ੁਰੂਆਤੀ ਦੌਰ 'ਚ ਹੈ।

ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਦੇ ਚਿਹਰੇ ਨੂੰ ਲੈ ਕੇ ਕਈ ਵੀਡੀਓ ਬਣਾਏ ਗਏ ਹਨ। ਇਹ ਵੀਡੀਓ ਨਕਲੀ ਹਨ ਪਰ ਕਿਸੇ ਖ਼ਾਸ ਮਕਸਦ ਦੇ ਪ੍ਰਚਾਰ 'ਚ ਇਨ੍ਹਾਂ ਦੇ ਇਸਤੇਮਾਲ ਨਾਲ ਹੋ ਸਕਣ ਵਾਲੇ ਪ੍ਰਭਾਵਾਂ ਦਾ ਕਲਪਨਾ ਕੀਤੀ ਜਾ ਸਕਦੀ ਹੈ।

ਸੰਸਥਾਵਾਂ ਅਤੇ ਕੰਪਨੀਆਂ ਇਸ ਬਾਰੇ ਜਾਗਰੂਕ ਅਤੇ ਤਿਆਰ ਨਹੀਂ ਹਨ। ਜਿਨ੍ਹਾਂ ਵੈਬਸਾਈਟਜ਼ 'ਤੇ ਅਜਿਹੀ ਸਮੱਗਰੀ ਆ ਰਹੀ ਹੈ। ਉਨ੍ਹਾਂ 'ਤੇ ਕੰਪਨੀਆਂ ਨਜ਼ਰ ਰੱਖ ਰਹੀਆਂ ਹਨ ਪਰ ਜ਼ਿਆਦਾਤਰ ਨੂੰ ਪਤਾ ਹੀ ਨਹੀਂ ਹੈ ਕਰਨਾ ਕੀ ਹੈ।

ਇਸ ਤਕਨੀਕ ਨਾਲ ਹੁਣ ਪ੍ਰਯੋਗ ਹੋਣ ਲੱਗੇ ਹਨ। ਇੱਥੇ ਥੋੜ੍ਹੀ ਉਤਸੁਕਤਾ ਹੈ ਕਿਉਂਕਿ ਇਸ ਨਾਲ ਮਸ਼ਹੂਰ ਚਿਹਰੇ ਅਚਾਨਕ ਸੈਕਸ ਟੇਪ ਵਿੱਚ ਦਿਖਣ ਲੱਗੇ।

ਕਿਵੇਂ ਬਣਦੇ ਹਨ ਡੀਪਫੈਕਸ ?

ਅਜਿਹੀਆਂ ਵੀਡੀਓਜ਼ ਲਈ ਇਸਤੇਮਾਲ ਹੋਣ ਵਾਲੇ ਸਾਫਟਵੇਅਰ ਦੇ ਡਿਜ਼ਾਇਨਰ ਦੱਸਦੇ ਹਨ ਕਿ ਸਾਫਟਵੇਅਰ ਨੂੰ ਜਨਤਕ ਕੀਤੇ ਜਾਣ ਤੋਂ ਇੱਕ ਮਹੀਨੇ ਦੇ ਅੰਦਰ ਹੀ ਇੱਕ ਲੱਖ ਤੋਂ ਵੱਧ ਵਾਰ ਇਸ ਨੂੰ ਡਾਊਨਲੋਡ ਕੀਤਾ ਜਾ ਚੁੱਕਿਆ ਹੈ।

ਸੈਕਸ਼ੂਅਲ ਵੀਡੀਓ ਨਾਲ ਛੇੜਛਾੜ ਇੱਕ ਸਦੀ ਤੋਂ ਹੋ ਰਹੀ ਹੈ। ਕਿਸੇ ਵਿਅਕਤੀ ਦੀ ਤਸਵੀਰ ਹਾਸਲ ਕਰਨਾ, ਇੱਕ ਪੋਰਨ ਵੀਡੀਓ ਚੁਣਨਾ ਅਤੇ ਫਿਰ ਇੰਤਜ਼ਾਰ ਕਰਨਾ।

ਬਾਕੀ ਕੰਮ ਤੁਹਾਡਾ ਕੰਪਿਊਟਰ ਕਰ ਦੇਵੇਗਾ। ਹਾਲਾਂਕਿ ਇਸ ਵਿੱਚ ਇੱਕ ਛੋਟੀ ਜਿਹੀ ਕਲਿੱਪ ਲਈ 40 ਘੰਟੇ ਤੱਕ ਦਾ ਸਮਾਂ ਲੱਗ ਸਕਦਾ ਹੈ।

ਜ਼ਿਆਦਾਤਰ ਮਨਪਸੰਦ ਡੀਪਫੈਕਸ ਵੱਡੀਆਂ ਹਸਤੀਆਂ ਦੇ ਹੁੰਦੇ ਹਨ ਪਰ ਇਹ ਕਿਸੇ ਲਈ ਵੀ ਇਸਤੇਮਾਲ ਕੀਤਾ ਜਾ ਸਕਦਾ ਹੈ। ਬਸ਼ਰਤੇ ਉਸਦੀਆਂ ਤਸਵੀਰਾਂ ਜ਼ਿਆਦਾ ਸਾਫ ਹੋਣੀਆਂ ਚਾਹੀਦੀਆਂ ਹਨ।

ਹੁਣ ਇਹ ਵੀ ਮੁਸ਼ਕਲ ਕੰਮ ਨਹੀਂ ਰਹਿ ਗਿਆ ਕਿਉਂਕਿ ਲੋਕ ਸੋਸ਼ਲ 'ਤੇ ਆਪਣੀਆਂ ਬਹੁਤ ਸਾਰੀਆਂ ਸੈਲਫੀਆਂ ਪਾਉਂਦੇ ਰਹਿੰਦੇ ਹਨ।

ਇਹ ਤਕਨੀਕ ਦੁਨੀਆਂ ਭਰ ਦੇ ਲੋਕਾਂ ਦਾ ਧਿਆਨ ਖਿੱਚ ਰਹੀ ਹੈ ਹਾਲ ਹੀ ਵਿੱਚ ਦੱਖਣੀ ਕੋਰੀਆ 'ਚ ਇੰਟਰਨੈੱਟ 'ਤੇ 'ਡੀਪਫੈਕ' ਦੀ ਸਰਚ ਵੱਧ ਗਈ ਹੈ।

ਸੈਲੇਬ੍ਰਿਟੀਜ਼ ਜਿਨ੍ਹਾਂ ਦਾ ਚਿਹਰਾ ਵੱਧ ਵਰਤੇ ਗਏ

ਡੀਪਫੈਕ ਲਈ ਕੁਝ ਹਸਤੀਆਂ ਦਾ ਚਿਹਰਾ ਜ਼ਿਆਦਾ ਇਸਤੇਮਾਲ ਹੋਇਆ ਹੈ। ਹਾਲੀਵੁੱਡ ਅਦਾਕਾਰਾ ਏਮਾ ਵਾਟਸਨ ਦੇ ਚਿਹਰੇ ਦੀ ਡੀਪਫੈਕ 'ਚ ਬਹੁਤ ਜ਼ਿਆਦਾ ਵਰਤੋਂ ਹੋਈ ਹੈ।

ਇਸ ਤੋਂ ਇਲਾਵਾ ਮਿਸ਼ੇਲ ਓਬਾਮਾ, ਇਵਾਂਕਾ ਟਰੰਪ ਅਤੇ ਕੈਟ ਮਿਡਲਟਨ ਦੇ ਵੀ ਡੀਪਫੈਕ ਬਣਾਏ ਗਏ ਹਨ।

ਵੰਡਰ ਵੁਮੈਨ ਦਾ ਕਿਰਦਾਰ ਅਦਾ ਕਰਨ ਵਾਲੀ ਗੇਲ ਗੈਡੋਟ ਦੀ ਡੀਪਫੈਕ ਇਸ ਤਕਨੀਕ ਦਾ ਅਸਰ ਦੱਸਣ ਵਾਲੇ ਪਹਿਲੇ ਡੀਪਫੈਕ 'ਚੋਂ ਇੱਕ ਸੀ।

ਕੁਝ ਵੈਬਸਾਈਟਜ਼, ਜੋ ਸਾਨੂੰ ਅਜਿਹੇ ਕੰਟੈਂਟ ਨੂੰ ਸ਼ੇਅਰ ਕਰਨਾ ਦੀ ਸਹੂਲਤ ਦਿੰਦੀਆਂ ਹਨ, ਹੁਣ ਇਸ ਦੇ ਬਦਲ 'ਤੇ ਵਿਚਾਰ ਕਰ ਰਹੀਆਂ ਹਨ।

ਇੱਕ ਇਮੇਜ਼ ਹੋਸਟਿੰਗ ਸਾਈਟ 'ਜ਼ਿਫਕੈਟ' ਨੇ ਉਨ੍ਹਾਂ ਪੋਸਟਾਂ ਨੂੰ ਹਟਾ ਦਿੱਤਾ ਸੀ, ਜੋ ਡੀਪਫੈਕਸ ਵਿੱਚ ਸਨ।

ਗੂਗਲ ਨੇ ਪਹਿਲਾਂ ਵੀ ਅਜਿਹੇ ਕੰਟੈਂਟ ਦੀ ਸਰਚ ਨੂੰ ਮੁਸ਼ਕਲ ਬਣਾਉਣ ਲਈ ਕੁਝ ਕਦਮ ਚੁੱਕੇ ਸਨ। ਪਰ ਅਜੇ ਇਹ ਕਹਿਣਾ ਮੁਸ਼ਕਲ ਹੈ ਕਿ ਇਸ ਮਾਮਲੇ ਵਿੱਚ ਸ਼ੁਰੂਆਤੀ ਦੌਰ 'ਤੇ ਗੂਗਲ ਅਜਿਹੇ ਕੋਈ ਕਦਮ ਚੁੱਕੇਗਾ।

ਪਿਛਲੇ ਕੁਝ ਸਾਲਾਂ 'ਚ ਇਨ੍ਹਾਂ ਵੈਬਸਾਈਟਜ਼ ਨੇ ਅਖੌਤੀ "ਰਿਵੈਂਜ ਪੋਰਨ" ਦੀ ਸਮੱਸਿਆ ਦਾ ਸਾਹਮਣਾ ਕੀਤਾ ਹੈ। ਇਸ ਵਿੱਚ ਕਿਸੇ ਵਿਅਕਤੀ ਨੂੰ ਬਦਨਾਮ ਕਰਨ ਲਈ ਬਿਨਾਂ ਆਗਿਆ ਉਸ ਦੀਆਂ ਅਸਲ ਤਸਵੀਰਾਂ ਸਾਂਝੀਆਂ ਕਰ ਦਿੱਤੀਆਂ ਜਾਂਦੀਆਂ ਹਨ।

ਡੀਪਫੈਕਸ ਨੇ ਇਨ੍ਹਾਂ ਮਾਮਲਿਆਂ ਨੂੰ ਹੋਰ ਮੁਸ਼ਕਲ ਬਣਾ ਦਿੱਤਾ ਹੈ। ਝੂਠੇ ਵੀਡੀਓਜ਼ ਦੀ ਮਾਨਸਿਕ ਪੀੜਾ ਅਸਲ ਹੀ ਹੁੰਦੀ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)