You’re viewing a text-only version of this website that uses less data. View the main version of the website including all images and videos.
ਕਿਉਂ ਕਰ ਰਹੀ ਹੈ ਪੁਲਿਸ ਗੈਂਗਸਟਰਾਂ ਦੇ ਘਰਾਂ ਵੱਲ ਪਹੁੰਚ?
- ਲੇਖਕ, ਗੁਰਪ੍ਰੀਤ ਚਾਵਲਾ ਤੇ ਜਸਬੀਰ ਸ਼ੇਤਰਾ
- ਰੋਲ, ਬੀਬੀਸੀ ਪੰਜਾਬੀ ਲਈ
ਪੰਜਾਬੀ ਗਾਇਕਾਂ ਵੱਲੋਂ ਆਪਣੇ ਗੀਤਾਂ ਵਿੱਚ ਸ਼ਰਾਬ ਅਤੇ ਹਥਿਆਰਾਂ ਨੂੰ ਵਧਾ ਚੜ੍ਹਾ ਕੇ ਪੇਸ਼ ਕੀਤੇ ਜਾਣ 'ਤੇ ਲਗਾਮ ਲਗਾਉਣ ਲਈ ਪੰਜਾਬ ਪੁਲਿਸ ਵੱਲੋਂ ਆਪਣੇ ਤੌਰ 'ਤੇ ਇੱਕ ਮੁਹਿੰਮ ਸ਼ੁਰੂ ਕੀਤੀ ਗਈ ਹੈ।
ਪੰਜਾਬ ਪੁਲਿਸ ਡੀਜੀਪੀ ਦੇ ਹੁਕਮਾਂ 'ਤੇ ਪੰਜਾਬ ਦੇ ਸਾਰੇ ਐੱਸਐੱਸਪੀ ਆਪਣੇ-ਆਪਣੇ ਇਲਾਕੇ ਵਿੱਚ ਰਹਿ ਰਹੇ ਗਾਇਕਾਂ ਨੂੰ ਇਹ ਅਪੀਲ ਕਰ ਰਹੇ ਹਨ ਕਿ ਉਹ ਅਜਿਹੇ ਗੀਤ ਨਾ ਗਾਉਣ।
ਇਸ ਮੁਹਿੰਮ ਤਹਿਤ ਜ਼ਿਲ੍ਹਾ ਬਟਾਲਾ ਦੇ ਐੱਸਐੱਸਪੀ ਉਪਿੰਦਰ ਜੀਤ ਸਿੰਘ ਘੁੰਮਣ ਵੱਲੋਂ ਬੀਤੇ ਦਿਨ ਆਪਣੇ ਅਧੀਨ ਆਉਂਦੇ ਇਲਾਕੇ ਨਾਲ ਸੰਬੰਧਿਤ ਗਾਇਕਾਂ ਨੂੰ ਆਪਣੇ ਦਫ਼ਤਰ ਵਿਖੇ ਬੁਲਾਇਆ ਸੀ। ਇਸ ਮੌਕੇ ਮਸ਼ਹੂਰ ਪੰਜਾਬੀ ਗਾਇਕ ਰਣਜੀਤ ਬਾਵਾ ਨਾਲ ਵੀ ਮੁਲਾਕਾਤ ਕੀਤੀ ਗਈ।
ਐੱਸਐੱਸਪੀ ਉਪਿੰਦਰਜੀਤ ਸਿੰਘ ਘੁੰਮਣ ਨੇ ਇਸ ਮੁਲਾਕਾਤ ਦੇ ਬਾਰੇ ਆਖਿਆ ਕਿ ਉਨ੍ਹਾਂ ਨੇ ਬਟਾਲਾ ਜ਼ਿਲ੍ਹਾ ਨਾਲ ਸੰਬੰਧ ਰੱਖਣ ਵਾਲੇ ਵੱਖ-ਵੱਖ ਪੰਜਾਬੀ ਗਾਇਕਾਂ ਨੂੰ ਖ਼ੁਦ ਮੁਲਾਕਾਤ ਲਈ ਸੱਦਿਆ ਸੀ।
'ਨਸ਼ਿਆਂ ਤੇ ਹਿੰਸਾ ਨੂੰ ਨਾ ਕੀਤ ਜਾਵੇ ਉਤਸ਼ਾਹਤ'
ਉਨ੍ਹਾਂ ਕਿਹਾ ਕਿ ਇਨ੍ਹਾਂ ਵਿੱਚ ਗਾਇਕ ਰਣਜੀਤ ਬਾਵਾ ਵੀ ਸਨ ਅਤੇ ਮੁਲਾਕਾਤ ਦਾ ਇੱਕ ਖ਼ਾਸ ਕਾਰਨ ਸੀ।
ਐੱਸਐੱਸਪੀ ਬਟਾਲਾ ਨੇ ਕਿਹਾ, ਅਸੀਂ ਰਣਜੀਤ ਬਾਵਾ ਨੂੰ ਇਹ ਅਪੀਲ ਕੀਤੀ ਹੈ ਕਿ ਉਹ ਉਨ੍ਹਾਂ ਗੀਤਾਂ ਨੂੰ ਉਤਸ਼ਾਹਤ ਨਾ ਕਰਨ ਜੋ ਸਮਾਜ ਵਿੱਚ ਗਲਤ ਸੁਨੇਹਾ ਦਿੰਦੇ ਹਨ। ਰਣਜੀਤ ਬਾਵਾ ਨੇ ਵੀ ਸਾਡੀ ਅਪੀਲ ਨੂੰ ਮੰਨਣ ਦਾ ਭਰੋਸਾ ਦਿੱਤਾ ਹੈ।''
ਇਸ ਬਾਰੇ ਅਦਾਕਾਰੀ ਤੋਂ ਸਿਆਸਤ ਵਿੱਚ ਆਏ ਪੰਜਾਬੀ ਅਦਾਕਾਰ ਗੁਰਪ੍ਰੀਤ ਘੁੱਗੀ ਦਾ ਕਹਿਣਾ ਸੀ ਕਿ ਪੁਲਿਸ ਦੇਰ ਆਈ ਪਰ ਦਰੁਸਤ ਆਈ ਕਿਉਂਕਿ ਇਹ ਕਦਮ ਬਹੁਤ ਦੇਰ ਪਹਿਲਾਂ ਲੈ ਲੈਣਾ ਚਾਹੀਦਾ ਸੀ।
ਗੁਰਪ੍ਰੀਤ ਘੁੱਗੀ ਨੇ ਕਿਹਾ, "ਅਜਿਹੇ ਗੀਤ ਪੰਜਾਬ ਦੇ ਬੱਚਿਆਂ ਅਤੇ ਨੌਜਵਾਨਾਂ ਵਿੱਚ ਗ਼ਲਤ ਸੰਦੇਸ਼ ਦੇ ਰਹੇ ਹਨ ਪਰ ਇਸ ਦੇ ਨਾਲ ਹੀ ਪੁਲਿਸ ਦਾ ਕਿਰਦਾਰ ਵੀ ਚੰਗਾ ਹੋਣਾ ਚਾਹੀਦਾ ਹੈ।''
"ਉੱਚ ਅਧਿਕਾਰੀਆਂ ਨੂੰ ਚਾਹੀਦਾ ਹੈ ਕਿ ਪੁਲਿਸ ਮੁਲਾਜ਼ਮਾਂ 'ਤੇ ਵੀ ਧਿਆਨ ਦਿੱਤਾ ਜਾਵੇ ਤਾਂ ਜੋ ਉਹ ਖ਼ੁਦ ਸ਼ਰਾਬ ਦੇ ਨਸ਼ੇ ਵਿੱਚ ਗਲੀਆਂ -ਬਾਜ਼ਾਰਾਂ ਵਿੱਚ ਡਿੱਗੇ ਨਾ ਮਿਲਣ। ਪੁਲਿਸ ਨੂੰ ਵੀ ਪ੍ਰੇਰਨਾ ਸਰੋਤ ਹੋਣਾ ਚਾਹੀਦਾ ਹੈ।"
ਸੈਂਸਰ ਬੋਰਡ ਦੀ ਵੀ ਮੰਗ
ਇਸ ਮੁਹਿੰਮ ਬਾਰੇ ਪੰਜਾਬ ਰਿਕਾਰਡ ਕੰਪਨੀ ਦੇ ਪ੍ਰੋਡੂਸਰ ਰਵਿੰਦਰ ਸਿੱਧੂ ਦਾ ਕਹਿਣਾ ਸੀ ਕਿ ਪੰਜਾਬ ਸਰਕਾਰ ਨੂੰ ਇਸ ਮੁਹਿੰਮ ਦੇ ਨਾਲ-ਨਾਲ ਇੱਕ ਸੈਂਸਰ ਬੋਰਡ ਵੀ ਬਣਾ ਦੇਣਾ ਚਾਹੀਦਾ ਹੈ।
ਇੱਕ ਆਡੀਓ ਕੰਪਨੀ ਦੇ ਮਾਲਿਕ ਅਤੇ ਪ੍ਰੋਡੂਸਰ ਪੁਸ਼ਪਿੰਦਰ ਸਿੰਘ ਪਿੰਕੀ ਧਾਲੀਵਾਲ ਦਾ ਕਹਿਣਾ ਸੀ ਕਿ ਗਾਇਕਾਂ ਨੂੰ ਪੁਲਿਸ ਵੱਲੋਂ ਜੇ ਇੱਕ ਚੰਗੇ ਢੰਗ ਨਾਲ ਬੁਲਾਇਆ ਜਾ ਰਿਹਾ ਹੈ ਤਾਂ ਕੋਈ ਹਰਜ ਨਹੀਂ।
ਉਨ੍ਹਾਂ ਕਿਹਾ, "ਪੰਜਾਬ ਸਰਕਾਰ ਵੱਲੋਂ ਇੱਕ ਵਿਭਾਗ ਪੰਜਾਬ ਆਰਟਸ ਕੌਂਸਲ ਬਣਾਈ ਗਈ ਹੈ ਜਿਸ ਦੇ ਚੇਅਰਮੈਨ ਸੁਰਜੀਤ ਪਾਤਰ ਹਨ ਅਤੇ ਉਨ੍ਹਾਂ ਦੇ ਜ਼ਰੀਏ ਜੇ ਪੰਜਾਬ ਦੇ ਸਾਰੇ ਗਾਇਕਾਂ ਨੂੰ ਇਕੱਠੇ ਕਰ ਇਹ ਸੁਨੇਹਾ ਦਿੱਤਾ ਜਾਵੇ ਤਾਂ ਉਸ ਦਾ ਜ਼ਿਆਦਾ ਅਸਰ ਹੋਵੇਗਾ।''
ਜਗਰਾਉਂ ਤੋਂ ਜਸਬੀਰ ਸ਼ੇਤਰਾ ਦੀ ਰਿਪੋਰਟ ਮੁਤਾਬਕ ਗੈਂਗਸਟਰਾਂ ਦੀ ਘਰ ਵਾਪਸੀ ਲਈ ਜ਼ਿਲ੍ਹਾ ਪੁਲਿਸ ਮੁਖੀ ਘਰ-ਘਰ ਪਹੁੰਚ ਕਰਨ ਲੱਗੇ ਹਨ।
ਗੈਂਗਸਟਰਾਂ ਦੇ ਪਰਿਵਾਰਾਂ ਤੱਕ ਵੀ ਕੀਤੀ ਪਹੁੰਚ
ਰਾਹ ਤੋਂ ਭਟਕਣ ਕਰਕੇ ਗੈਂਗਸਟਰਪੁਣੇ ਦੇ ਰਾਹ ਪਏ ਇਨ੍ਹਾਂ ਨੌਜਵਾਨਾਂ ਨੂੰ ਮੁੱਖ ਧਾਰਾ ਵਿੱਚ ਲਿਆਉਣ ਲਈ ਪੰਜਾਬ ਪੁਲਿਸ ਦੇ ਮੁਖੀ ਦੀਆਂ ਹਦਾਇਤਾਂ 'ਤੇ ਹਰ ਜ਼ਿਲ੍ਹਾ ਪੁਲਿਸ ਮੁਖੀ ਨੇ ਗੈਂਗਸਟਰਾਂ ਦੇ ਪਰਿਵਾਰਾਂ ਤੱਕ ਪਹੁੰਚ ਬਣਾਈ ਹੈ।
ਜ਼ਿਲ੍ਹਾ ਪੁਲਿਸ ਦੀ ਟੀਮ ਐੱਸਐੱਸਪੀ ਦੀ ਅਗਵਾਈ ਵਿੱਚ ਗੈਂਗਸਟਰਾਂ ਦੇ ਘਰ ਜਾ ਕੇ ਉਨ੍ਹਾਂ ਨੂੰ ਇਹ ਰਾਹ ਛੱਡ ਕੇ 'ਸਿੱਧੇ ਰਾਹ' ਪੈਣ ਲਈ ਪ੍ਰੇਰਿਤ ਕਰ ਰਹੇ ਹਨ।
ਇਸੇ ਲੜੀ ਵਿੱਚ ਲੁਧਿਆਣਾ ਦਿਹਾਤੀ ਦੇ ਐੱਸਐੱਸਪੀ ਸੁਰਜੀਤ ਸਿੰਘ ਆਈਪੀਐਸ ਨੇ ਗੈਂਗਸਟਰ ਗਗਨਦੀਪ ਸਿੰਘ ਉਰਫ ਗਗਨਾ ਹਠੂਰ ਦੇ ਪਰਿਵਾਰ ਤੱਕ ਪਹੁੰਚ ਕੀਤੀ।
ਗੈਂਗਸਟਰ ਦਵਿੰਦਰ ਬੰਬੀਹਾ ਸਮੇਤ ਕਈ ਹੋਰ ਗੈਂਗਸਟਰਾਂ ਨਾਲ ਗਗਨਾ ਹਠੂਰ ਦਾ ਨਾਂ ਜੁੜਦਾ ਰਿਹਾ ਹੈ ਅਤੇ ਉਸ ਖ਼ਿਲਾਫ਼ ਇਨ੍ਹਾਂ ਗੈਂਗਸਟਰਾਂ ਨੂੰ ਪਨਾਹ, ਸਹਾਇਤਾ ਦੇਣ ਸਣੇ ਕਈ ਮਾਮਲੇ ਦਰਜ ਹਨ।
ਐੱਸਐੱਸਪੀ ਨੇ ਦੱਸਿਆ ਕਿ ਡੀਜੀਪੀ ਦੀਆਂ ਹਦਾਇਤਾਂ ਅਨੁਸਾਰ ਗੈਂਗਸਟਰਾਂ ਨੂੰ ਮਾਪਿਆਂ ਤੇ ਪੰਚਾਇਤ ਰਾਹੀਂ ਮੁੱਖ ਧਾਰਾ ਵਿੱਚ ਲਿਆਉਣ ਲਈ ਯਤਨ ਸ਼ੁਰੂ ਕੀਤੇ ਗਏ ਹਨ।
ਇਸ 'ਤੇ ਗਗਨਾ ਹਠੂਰ ਦੀ ਮਾਂ ਅਤੇ ਦਾਦੀ ਮਾਂ ਨੇ ਭਰੋਸਾ ਦਿਵਾਇਆ ਕਿ ਜਦੋਂ ਉਨ੍ਹਾਂ ਦਾ ਗਗਨਾ ਹਠੂਰ ਨਾਲ ਤਾਲਮੇਲ ਹੋ ਗਿਆ ਤਾਂ ਉਹ ਉਸ ਨੂੰ ਸਮਝਾ ਕੇ ਘਰ ਵਾਪਸੀ ਲਈ ਪ੍ਰੇਰਿਤ ਕਰਨਗੇ।
ਐੱਸਐੱਸਪੀ ਅਨੁਸਾਰ ਉਹ ਡੀਜੀਪੀ ਵੱਲੋਂ ਭੇਜੀ ਏ, ਬੀ ਅਤੇ ਸੀ ਕੈਟਾਗਿਰੀ ਦੇ ਗੈਂਗਸਟਰਾਂ ਦੀ ਸੂਚੀ ਅਨੁਸਾਰ ਇਹ ਯਤਨ ਕਰ ਰਹੇ ਹਨ।