You’re viewing a text-only version of this website that uses less data. View the main version of the website including all images and videos.
ਸ਼ੁਬਮਨ ਗਿੱਲ ਦਾ ਪਿੰਡ ਵਾਲਾ ਦੋਸਤ ਵੀ ਬਹੁਤ ਚੰਗਾ ਖਿਡਾਰੀ ਹੈ ਪਰ...
- ਲੇਖਕ, ਦਲਜੀਤ ਅਮੀ
- ਰੋਲ, ਪੱਤਰਕਾਰ, ਬੀਬੀਸੀ ਪੰਜਾਬੀ
ਸ਼ੁਬਮਨ ਗਿੱਲ ਦਾ ਬੱਲਾ 19 ਸਾਲਾਂ ਤੋਂ ਘੱਟ ਉਮਰ ਦੇ ਵਿਸ਼ਵ ਕੱਪ ਦੌਰਾਨ ਲਗਾਤਾਰ ਬੋਲਦਾ ਰਿਹਾ । ਉਸ ਨੇ ਵਿਸ਼ਵ ਕੱਪ ਜੇਤੂ ਟੀਮ ਦੀ ਮੁੰਹਿਮ ਵਿੱਚ ਸਭ ਤੋਂ ਵੱਧ ਦੌੜਾਂ ਦਾ ਹਿੱਸਾ ਪਾਇਆ ਅਤੇ ਸਰਬੋਤਮ ਖਿਡਾਰੀ ਐਲਾਨਿਆ ਗਿਆ। ਹੁਣ ਉਹ ਭਾਰਤ ਦੀ ਸੀਨੀਅਰ ਕ੍ਰਿਕਟ ਟੀਮ ਲਈ ਚੁਣਿਆ ਗਿਆ ਹੈ।
ਜਦੋਂ ਅਖ਼ਬਾਰਾਂ ਅਤੇ ਖੇਡ ਮਾਹਿਰਾਂ ਵਿੱਚ ਉਸ ਦੇ ਭਵਿੱਖ ਬਾਬਤ ਚਰਚਾ ਚੱਲ ਰਹੀ ਹੈ ਤਾਂ ਫਾਜ਼ਿਲਕਾ ਜ਼ਿਲੇ ਦੇ ਪਿੰਡ ਜੈਮਲ ਸਿੰਘ ਵਾਲਾ ਵਿੱਚ ਸ਼ੁਬਮਨ ਦੇ ਘਰ ਉਸ ਦਾ ਬੱਲਾ ਵਿਸ਼ਵ ਕੱਪ ਵਾਲੀ ਤਰਜ਼ ਉੱਤੇ ਬੋਲ ਰਿਹਾ ਹੈ।
ਜਦੋਂ ਫਰਵਰੀ 2018 ਦੌਰਾਨ ਬੀਬੀਸੀ ਨੇ ਜੈਮਲ ਸਿੰਘ ਵਾਲਾ ਦਾ ਦੌਰਾ ਕੀਤਾ ਤਾਂ ਖੇਤੀਬਾੜੀ ਵਾਲੇ ਘਰ ਦੇ ਖੁੱਲ੍ਹੇ ਵਿਹੜੇ ਵਿੱਚ ਤਿੰਨ ਟਰੈਕਟਰਾਂ ਅਤੇ ਦੋ ਟਰਾਲਿਆਂ ਦੇ ਆਲੇ-ਦੁਆਲੇ ਖੇਤੀ ਦੇ ਸੰਦ ਪਏ ਸਨ।
ਨੀਵੇਂ ਵਿਹੜੇ ਤੋਂ ਬਾਅਦ ਉੱਚੇ ਵਿਹੜੇ ਵਿੱਚ ਮੰਜਿਆਂ ਅਤੇ ਕੁਰਸੀਆਂ ਉੱਤੇ ਤਕਰੀਬਨ ਵੀਹ ਜੀਅ ਬੈਠੇ ਸਨ। ਮੇਜ਼ਾਂ ਉੱਤੇ ਸੁੱਕੇ ਮੇਵਿਆਂ ਅਤੇ ਵੰਨ-ਸਵੰਨੀਆਂ ਮਠਿਆਈਆਂ ਨਾਲ ਭਰੀਆਂ ਪਲੇਟਾਂ ਪਈਆਂ ਸਨ।
ਚਾਹ ਦੇ ਕੁਝ ਕੱਪ ਖਾਲੀ ਹੋ ਚੁੱਕੇ ਸਨ, ਕੁਝ ਅੱਧੇ ਭਰੇ ਸਨ ਅਤੇ ਕੁਝ ਭਰੇ ਪਏ ਸਨ। ਸਾਰੀ ਚਹਿਲਕਦਮੀ ਅਤੇ ਸਾਜ਼ੋਸਮਾਨ ਦੱਸ ਪਾਉਂਦਾ ਸੀ ਇਸ ਥਾਂ ਉੱਤੇ ਲਗਾਤਾਰ ਆਉਣ-ਜਾਣ ਲੱਗਿਆ ਹੋਇਆ ਹੈ।
ਫਰਸ਼ ਬਣਿਆ ਸ਼ੁਬਮਨ ਦੀ ਪਿੱਚ
ਹਰ ਆਮਦ ਨਾਲ 'ਵਧਾਈਆਂ ਹੋਣ' ਅਤੇ 'ਮੁਬਾਰਕਾਂ ਹੋਣ' ਦੇ ਸ਼ਬਦ ਮਾਹੌਲ ਦੀ ਕੂੰਜੀ ਬਣਦੇ ਹਨ।
'ਤੁਸੀਂ ਵੀ ਵਧੋ ਭਾਈ' ਅਤੇ 'ਮੁਬਾਰਕਾਂ 'ਥੋਨੂੰ ਵੀ ਹੋਣ ਜੀ' ਤੋਂ ਬਾਅਦ ਦੀਦਾਰ ਸਿੰਘ ਅਸਮਾਨ ਨੂੰ ਹਥੇਲੀਆਂ ਦਿਖਾ ਕੇ ਕਹਿੰਦੇ ਹਨ, "ਰੱਬ ਸਭ ਨੂੰ ਦੇਵੇ, ਮੇਰੇ ਸ਼ੁਬਮਨ ਨੇ ਸਾਡਾ ਨਾਮ ਪੂਰੀ ਦੁਨੀਆਂ ਵਿੱਚ ਕਰ ਤਾ … ਪੂਰੇ ਪਿੰਡ ਦਾ ਨਾਮ ਉੱਚਾ ਕਰ ਦਿੱਤਾ …।"
ਦੀਦਾਰ ਸਿੰਘ ਰਸੋਈ ਅਤੇ ਵਰਾਂਡੇ ਦੇ ਸਾਹਮਣੇ ਇੱਟਾਂ ਦੇ ਫਰਸ਼ ਵਿਚਕਾਰ ਸੀਮਿੰਟ ਵਾਲੇ ਚੌਰਸ ਫਰਸ਼ ਵੱਲ ਇਸ਼ਾਰਾ ਕਰ ਕੇ ਕਹਿੰਦੇ ਹਨ, "ਇਹ ਸ਼ੁਬਮਨ ਦੀ ਪਿੱਚ ਐ … ਛੋਟਾ ਜਿਹਾ ਸ਼ੁਬਮਨ ਇੱਥੇ ਖੇਡਦਾ ਸੀ। ਮੈਂ ਆਪ ਉਸ ਦੀ ਟਰੇਨਿੰਗ ਕਰਵਾਈ।"
ਉਹ ਉੱਠ ਕੇ ਘਰ ਦੇ ਅੰਦਰ ਜਾਂਦੇ ਹਨ ਅਤੇ ਖਾਦ ਵਾਲਾ ਥੈਲਾ ਚੁੱਕ ਲਿਆਉਂਦੇ ਹਨ। ਥੈਲੇ ਵਿੱਚੋਂ ਕੱਢ ਕੇ ਉਹ ਮੇਜ਼ ਉੱਤੇ ਬੱਲੇ ਸਜ਼ਾ ਦਿੰਦੇ ਹਨ।
ਦਾਦੇ ਨੇ ਆਪਣੇ ਪੋਤੇ ਦੇ ਬਚਪਨ ਦੇ ਬੱਲੇ ਉਮਰਵਾਰ ਰੱਖ ਦਿੱਤੇ ਅਤੇ ਇਹ ਬੱਲੇ ਆਪਣੀਆਂ ਕਹਾਣੀਆਂ ਕਹਿੰਦੇ ਹਨ।
ਇਨ੍ਹਾਂ ਕਹਾਣੀਆਂ ਵਿੱਚ ਸ਼ੁਬਮਨ ਦੀਆਂ ਦੋਵੇਂ ਭੂਆ ਅਤੇ ਫੁੱਫੜ ਹਾਮੀ ਭਰਦੇ ਹਨ।
ਸ਼ਰੀਕੇ ਅਤੇ ਸੱਜਣ-ਮਿੱਤਰ ਆਪਣੀਆਂ ਯਾਦਾਂ ਜੋੜਦੇ ਹਨ। ਕੁਝ ਜੀਆਂ ਕੋਲ ਸ਼ੁਬਮਨ ਦੇ ਬਚਪਨ ਦੀਆਂ ਤਸਵੀਰਾਂ ਹਨ।
ਇਹ ਕਹਾਣੀ ਸਭ ਆਪੋ-ਆਪਣੇ ਅੰਦਾਜ਼ ਵਿੱਚ ਸੁਣਾਉਂਦੇ ਹਨ ਕਿ ਸ਼ੁਬਮਨ ਦੀ ਮਿਹਨਤ ਨੂੰ ਦੇਖ ਕੇ ਉਨ੍ਹਾਂ ਨੂੰ ਯਕੀਨ ਸੀ ਕਿ ਉਹ ਸਚਿਨ ਤੇਂਦੂਲਕਰ ਬਣੇਗਾ।
ਇਸ ਦੌਰਾਨ ਸ਼ੁਬਮਨ ਦੀ ਦਾਦੀ ਗੁਰਮੇਲ ਕੌਰ ਦੌੜਾਂ-ਵਿਕਟਾਂ ਦੇ ਹਿਸਾਬ-ਕਿਤਾਬ ਤੋਂ ਬੇਖ਼ਬਰ ਆਪਣੇ ਪੋਤੇ ਦੀ ਪ੍ਰਾਪਤੀ ਲਈ ਰੱਬ ਦਾ ਸ਼ੁਕਰਾਨਾ ਕਰਦੀ ਰਹਿੰਦੀ ਹੈ।
ਸਕੂਲ 'ਚ ਹੁੰਦਾ ਸੀ ਅਭਿਆਸ
ਸ਼ੁਬਮਨ ਦੇ ਘਰ ਦੇ ਸਾਹਮਣੇ ਸੜਕ ਤੋਂ ਪਾਰ ਸਰਕਾਰੀ ਸਕੂਲ ਹੈ। ਦੋ ਕਮਰਿਆਂ ਦੇ ਸਕੂਲ ਵਿੱਚ ਪਿਛਲੇ ਸਾਲਾਂ ਦੌਰਾਨ ਪਾਖ਼ਾਨੇ ਬਣੇ ਹਨ।
ਕਮਰਿਆਂ ਦੇ ਦਰਵਾਜ਼ਿਆਂ ਅਤੇ ਕੰਧਾਂ ਉੱਤੇ ਸਬਜ਼ੀਆਂ, ਫਲਾਂ, ਜਾਨਵਰਾਂ ਅਤੇ ਸਰੀਰ ਦੇ ਅੰਗਾਂ ਦੇ ਚਾਰਟ ਚਿਪਕੇ ਹਨ।
ਦਰਖ਼ਤਾਂ ਅਤੇ ਉੱਚੀ-ਨੀਵੀ ਜ਼ਮੀਨ ਦੇ ਵਿਚਕਾਰ ਇੱਕ ਪੱਕਾ ਰਾਹ ਕਮਰਿਆਂ ਤੱਕ ਪਹੁੰਚਦਾ ਹੈ।
ਇਸੇ ਪੱਕੀ ਥਾਂ ਉੱਤੇ ਕਮਰਿਆਂ ਦੇ ਸਾਹਮਣੇ ਬੱਚੇ ਇੱਟਾਂ ਦੇ ਚੱਠਾ ਬਣਾ ਕੇ ਵਿਕਟਾਂ ਦਾ ਕੰਮ ਸਾਰਦੇ ਹਨ ਅਤੇ ਪੱਕਾ ਰਾਹ ਪਿੱਚ ਬਣ ਜਾਂਦਾ ਹੈ।
ਅਠਾਰਾਂ ਸਾਲਾ ਜਗਦੀਪ ਸਿੰਘ ਤੋਂ ਤੈਅ ਜਵਾਬ ਦੀ ਆਸ ਨਾਲ ਸੁਆਲ ਕੀਤਾ ਗਿਆ ਕਿ ਤੁਹਾਡਾ ਪਿੰਡ ਖ਼ਬਰਾਂ ਵਿੱਚ ਕਿਉਂ ਹੈ?
ਉਸ ਨੇ ਜੁਆਬ ਦਿੱਤਾ, "ਸਾਡੇ ਪਿੰਡ ਦੇ ਟੂਰਨਾਮੈਂਟ ਦੇ ਫਾਈਨਲ ਵਿੱਚ ਅਸੀਂ ਬਹੁਤ ਰੌਚਕ ਜਿੱਤ ਹਾਸਿਲ ਕੀਤੀ ਹੈ।"
ਇਸ ਪਿੰਡ ਵਿੱਚ ਖੇਡ ਮੈਦਾਨ ਨਹੀਂ ਹੈ। ਇੱਕ ਥਾਂ ਚਾਰਦੀਵਾਰੀ ਦੇ ਅੰਦਰ ਵਾਲੀਬਾਲ ਖੇਡਣ ਲਈ ਜਾਲ ਲੱਗਿਆ ਹੈ।
ਦੋ ਫ਼ਸਲਾਂ ਵਿਚਕਾਰ ਵਿਹਲੇ ਸਮੇਂ ਦੌਰਾਨ ਜ਼ਮੀਨ ਪੱਧਰੀ ਕਰ ਕੇ ਪਿਛਲੇ ਸਾਲ ਕ੍ਰਿਕਟ ਦਾ ਪੇਂਡੂ ਟੂਰਨਾਮੈਂਟ ਕਰਵਾਇਆ ਗਿਆ ਸੀ।
ਦੁਨੀਆਂ ਦੀਆਂ ਬਿਹਤਰੀਨ ਪਿੱਚਾਂ ਅਤੇ ਸ਼ਾਨਦਾਰ ਖੇਡ ਮੈਦਾਨਾਂ ਵਿੱਚ ਸ਼ਾਨਦਾਰ ਕੁਰਗੁਜ਼ਾਰੀ ਕਰਨ ਵਾਲੇ ਸ਼ੁਬਮਨ ਦੇ ਦਿਮਾਗ਼ ਵਿੱਚ ਖੇਤੀ ਵਾਲੀ ਜ਼ਮੀਨ ਵਿੱਚ ਸੁਹਾਗਾ ਫੇਰ ਕੇ ਬਣਾਇਆ ਕ੍ਰਿਕਟ ਦਾ ਮੈਦਾਨ ਕਿਹੋ ਜਿਹਾ ਅਕਸ ਬਣਾਏਗਾ?
ਜਗਦੀਪ ਸਿੰਘ ਬਚਪਨ ਵਿੱਚ ਸ਼ੁਬਮਨ ਨਾਲ ਖੇਡਦਾ ਰਿਹਾ ਹੈ। ਜਗਦੀਪ ਦੱਸਦਾ ਹੈ ਕਿ ਸਕੂਲ ਵਿੱਚ ਉਹ ਸ਼ੁਬਮਨ ਦਾ ਅਭਿਆਸ ਕਰਵਾਉਂਦੇ ਸੀ।
ਸ਼ੁਬਮਨ ਦੇ ਪਿਤਾ ਲਖਵਿੰਦਰ ਸਿੰਘ ਗਿੱਲ ਵੀ ਇਸ ਸਕੂਲ ਵਿੱਚ ਉਸ ਦਾ ਅਭਿਆਸ ਕਰਵਾਉਣ ਆਉਂਦੇ ਸੀ।
ਇਹ ਸਭ ਸ਼ੁਬਮਨ ਨੂੰ ਗੇਂਦਬਾਜ਼ੀ ਕਰਦੇ ਸਨ। ਹੁਣ ਵੀ ਉਹ ਚੱਪਲਾਂ ਪਾ ਕੇ ਉਸੇ ਥਾਂ ਗੇਂਦਬਾਜ਼ੀ ਕਰ ਰਿਹਾ ਹੈ।
ਸਕੂਲ ਵਿੱਚ ਬੱਲੇਬਾਜ਼ੀ ਦੌਰਾਨ ਮਿੱਡਵਿਕਟ ਤੋਂ ਲੌਂਗਔਨ ਦੇ ਵਿਚਕਾਰ ਖੇਡਿਆ ਹਰ ਸ਼ੌਟ ਸ਼ੁਬਮਨ ਦੇ ਘਰ ਦੀ ਦਿਸ਼ਾ ਵਿੱਚ ਜਾਂਦਾ ਹੈ।
ਸਕੂਲ ਦੀਆਂ ਕੰਧਾਂ ਗਰਾਉਂਡ ਸ਼ੌਟ ਰੋਕ ਲੈਂਦੀਆਂ ਹਨ ਅਤੇ ਦਰਖ਼ਤ ਚੁੱਕ ਕੇ ਮਾਰਿਆ ਹਰ ਸ਼ੌਟ ਕੰਧਾਂ ਤੋਂ ਪਹਿਲਾਂ ਹੀ ਰੋਕ ਲੈਂਦੇ ਹਨ। ਸ਼ੁਬਮਨ ਉਸ ਘਰ ਤੋਂ ਦਸ ਸਾਲ ਪਹਿਲਾਂ ਜਾ ਚੁੱਕਿਆ ਹੈ।
'ਸ਼ੁਬਮਨ ਨੂੰ ਕੋਈ ਖਿਡੌਣਾ ਨਹੀਂ ਦੇਣ ਦਿੱਤਾ'
ਜੈਮਲ ਸਿੰਘ ਨੇ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਚੂਹੜਚੱਕ ਤੋਂ ਆ ਕੇ ਇਹ ਪਿੰਡ ਵਸਾਇਆ ਸੀ। ਜੈਮਲ ਸਿੰਘ ਦੀ ਚੌਥੀ ਪੀੜ੍ਹੀ ਦੀਦਾਰ ਸਿੰਘ ਹੈ।
ਦੀਦਾਰ ਸਿੰਘ ਦਾ ਦਾਦਾ ਪਹਿਲਵਾਨੀ ਕਰਦਾ ਸੀ ਅਤੇ ਉਹ ਆਪ ਕਬੱਡੀ ਖੇਡਦੇ ਸਨ।
ਉਸ ਨੇ ਲਖਵਿੰਦਰ ਸਿੰਘ ਨੂੰ ਪਹਿਲਵਾਨੀ ਦੀ ਚੇਟਕ ਲਗਾਈ ਪਰ ਇੱਕ ਸੜਕ ਹਾਦਸੇ ਵਿੱਚ ਲਖਵਿੰਦਰ ਦਾ ਪੱਟ ਟੁੱਟ ਗਿਆ ਤਾਂ ਦੀਦਾਰ ਸਿੰਘ ਦੀਆਂ ਰੀਝਾਂ ਮੁਰਝਾ ਗਈਆਂ।
ਲਖਵਿੰਦਰ ਸਿੰਘ ਨੇ ਸ਼ੁਬਮਨ ਨੂੰ ਬਚਪਨ ਤੋਂ ਹੀ ਕ੍ਰਿਕਟ ਖੇਡਣ ਲਗਾ ਦਿੱਤਾ।
ਸ਼ੁਬਮਨ ਦੀ ਭੂਆ ਮਨਪ੍ਰੀਤ ਕੌਰ ਗਰੇਵਾਲ ਦੱਸਦੀ ਹੈ, "ਸਾਡੇ ਵੀਰ ਨੇ ਸ਼ੁਬਮਨ ਨੂੰ ਕੋਈ ਖਿਡੌਣਾ ਨਹੀਂ ਦੇਣ ਦਿੱਤਾ। ਉਹ ਕਹਿੰਦਾ ਸੀ ਕਿ ਇਸ ਦਾ ਕ੍ਰਿਕਟ ਵਿੱਚੋਂ ਧਿਆਨ ਹਟੇਗਾ।"
ਜੈਮਲ ਸਿੰਘ ਵਾਲਾ ਵਿੱਚ ਗਿੱਲ ਜੱਟਾਂ ਦੀ ਖੇਤੀ ਹੈ। ਇਸ ਵੇਲੇ ਕਣਕ ਗਿੱਠ-ਗਿੱਠ ਹੋਈ ਖੜ੍ਹੀ ਹੈ ਅਤੇ ਬਾਸਮਤੀ ਚੌਲਾਂ ਦੀਆਂ ਬੋਰੀਆਂ ਨਾਲ ਦੀਦਾਰ ਸਿੰਘ ਦਾ ਇੱਕ ਕੋਠਾ ਭਰਿਆ ਪਿਆ ਹੈ।
ਰਘਵੀਰ ਸਿੰਘ ਦੱਸਦਾ ਹੈ ਕਿ ਸਾਰੇ ਜੱਟ ਬਾਸਮਤੀ ਨਾਲ ਕੋਠੋ ਭਰ ਲੈਂਦੇ ਹਨ ਅਤੇ ਬਾਅਦ ਵਿੱਚ ਵੇਚਦੇ ਹਨ।
ਉਹ ਸ਼ਾਨ ਨਾਲ ਕਹਿੰਦਾ ਹੈ ਕਿ ਪਿੰਡ ਦਾ ਕੋਈ ਜੱਟ ਬੈਂਕ ਦਾ ਡਿਫਾਲਟਰ ਨਹੀਂ ਹੈ। ਪਿੰਡ ਦੇ ਨੇੜਿਓਂ ਸੇਮ ਨਾਲਾ ਨਿਕਲਦਾ ਹੈ।
ਇਹ ਨਾਲਾ, ਖੇਤਾਂ ਵਿੱਚ ਖੜ੍ਹੀ ਕਣਕ ਅਤੇ ਕੋਠਿਆਂ ਵਿੱਚ ਭਰੀ ਹੋਈ ਬਾਸਮਤੀ ਦੱਸ ਪਾਉਂਦੇ ਹਨ ਕਿ ਜੈਮਲ ਸਿੰਘ ਵਾਲਾ ਹਰੇ ਇਨਕਲਾਬ ਦੀਆਂ ਬਰਕਤਾਂ ਹੰਢਾ ਰਿਹਾ ਹੈ।
ਪਿੰਡ ਦੇ ਵੱਡੇ-ਵੱਡੇ ਘਰਾਂ ਦੀ ਉਸਾਰੀ ਪੰਜਾਹ ਸਾਲ ਤੋਂ ਪੁਰਾਣੀ ਨਹੀਂ ਲੱਗਦੀ।
ਪੱਕੀਆਂ ਬੀਹੀਆਂ ਦੇ ਹਵਾਲੇ ਨਾਲ ਮੁਕਾਮੀ ਵਿਧਾਇਕ ਸੁਖਬੀਰ ਸਿੰਘ ਬਾਦਲ ਦਾ ਜ਼ਿਕਰ ਆ ਜਾਂਦਾ ਹੈ।
ਘਰਾਂ ਦੇ ਬਾਹਰਲੀ ਕੋਈ ਕੰਧ ਰੰਗਦਾਰ ਜਾਂ ਪਲਸਤਰ ਵਾਲੀ ਨਹੀਂ ਹੈ।
ਬਿਆਸੀ ਸਾਲਾ ਅਵਤਾਰ ਸਿੰਘ ਗਿੱਲ ਦੱਸਦੇ ਹਨ, "ਇਹ ਪਿੰਡ ਪਹਿਲਾਂ ਕੱਚਾ ਹੁੰਦਾ ਸੀ।"
ਇਸੇ ਨਾਲ ਕੁੰਡੀ ਖੁੱਲ੍ਹਦੀ ਹੈ ਕਿ ਇਨ੍ਹਾਂ ਪੱਕੇ ਘਰਾਂ ਵਿੱਚੋਂ ਕੱਚਿਆਂ ਦੀ ਭਾਅ ਕਿਉਂ ਮਾਰਦੀ ਹੈ।
ਪਿੰਡ ਦੇ ਇੱਕ ਪਾਸੇ ਬੀਹੀਆਂ ਤੰਗ ਹੋ ਜਾਂਦੀਆਂ ਹਨ। ਘਰ ਛੋਟੇ ਹੋ ਜਾਂਦੇ ਹਨ।
ਇਨ੍ਹਾਂ ਘਰਾਂ ਦੇ ਬਾਹਰ ਬੈਠੇ ਮਰਦ ਖੜ੍ਹੇ ਹੋ ਕੇ ਪੱਤਰਕਾਰਾਂ ਨੂੰ ਪਿੰਡ ਦਿਖਾ ਰਹੇ ਦੀਦਾਰ ਸਿੰਘ ਦੇ ਸਾਕ-ਸ਼ਰੀਕੇ ਨੂੰ 'ਸਤਿ ਸ਼੍ਰੀ ਅਕਾਲ' ਬੁਲਾਉਂਦੇ ਹਨ।
ਇਨ੍ਹਾਂ ਵਿੱਚ ਇੱਕ ਘਰ ਦੇ ਬਾਹਰ ਤਿੰਨ-ਚਾਰ ਮੁੰਡਿਆ ਨਾਲ ਜਗਦੀਪ ਸਿੰਘ ਬੱਲਾ ਫੜੀ ਖੜ੍ਹਾ ਹੈ। ਉਸ ਦਾ ਬਾਪ ਪੇਂਟਰ ਹੈ ਅਤੇ ਮਾਂ ਘਰ ਸੰਭਾਲਦੀ ਹੈ।
ਜਗਦੀਪ ਆਪ ਕੀ ਕਰਦਾ ਹੈ? "ਜੀ ਮੈਂ ਚੰਡੀਗੜ੍ਹ ਸਕਿਉਰਿਟੀ ਗਾਰਡ ਦੀ ਨੌਕਰੀ ਕਰਦਾਂ, ਨਾਲੇ ਕ੍ਰਿਕਟ ਖੇਡਦਾਂ।"
ਸ਼ੁਬਮਨ ਦੇ ਫੁੱਫੜ ਬੱਬੂ ਸੰਧੂ ਕਹਿੰਦੇ ਹਨ ਕਿ ਜੇ ਉਹ ਇਸ ਪਿੰਡ ਰਹਿੰਦਾ ਤਾਂ ਉਸ ਨੂੰ ਮੌਜੂਦਾ ਪੱਧਰ ਤੱਕ ਖੇਡਣ ਦਾ ਮੌਕਾ ਨਹੀਂ ਮਿਲਣਾ ਸੀ।
ਸ਼ੁਬਮਨ ਨੇ ਸਾਬਿਤ ਕਰ ਦਿੱਤਾ ਹੈ ਕਿ ਸਮਰੱਥਾ ਅਤੇ ਮੌਕਿਆਂ ਦਾ ਮੇਲ ਹੀ ਪ੍ਰਾਪਤੀ ਬਣ ਸਕਦਾ ਹੈ।
ਮੌਕੇ ਤੋਂ ਬਿਨਾਂ ਸਮਰੱਥਾ ਬੇਮਾਅਨੇ ਹੈ। ਇਸ ਗੱਲ ਨਾਲ ਸ਼ੁਬਮਨ ਸਹਿਮਤ ਹੋ ਸਕਦਾ ਹੈ ਅਤੇ ਜਗਦੀਪ ਦੇ ਅਸਹਿਮਤ ਹੋਣ ਦੀ ਕੋਈ ਗੁੰਜਾਇਸ਼ ਨਹੀਂ ਜਾਪਦੀ।