You’re viewing a text-only version of this website that uses less data. View the main version of the website including all images and videos.
ਤਿੰਨ ਸਾਲ ਦੀ ਉਮਰ 'ਚ ਬੱਲਾ ਫੜਨ ਲੱਗ ਗਏ ਸੀ ਸ਼ੁਬਮਨ ਗਿੱਲ
- ਲੇਖਕ, ਸੁਰਿਆਂਸ਼ੀ ਪਾਂਡੇ
- ਰੋਲ, ਬੀਬੀਸੀ ਪੱਤਰਕਾਰ
ਸ਼ੁਬਮਨ ਗਿੱਲ ਨੂੰ ਭਾਰਤ-ਦੱਖਣੀ ਅਫਰੀਕਾ ਵਿਚਾਲੇ ਹੋਣ ਵਾਲੇ ਤਿੰਨ ਟੈਸਟ ਮੈਚਾਂ ਦੀ ਲੜੀ ਲਈ ਭਾਰਤੀ ਟੀਮ ਵਿਚ ਚੁਣਿਆ ਗਿਆ ਹੈ। ਕ੍ਰਿਕਟ ਜਾਣਕਾਰਾਂ ਮੁਤਾਬਕ ਸ਼ੁਭਮਨ ਗਿੱਲ ਦੀ ਸੀਨੀਅਰ ਟੀਮ ਵਿਚ ਚੋਣ ਹੈਰਾਨੀਜਨਕ ਨਹੀਂ ਹੈ। ਉਹ ਘਰੇਲੂ ਅਤੇ ਇੰਡੀਆ ਏ ਸਾਇਡ ਵਿਚ ਲਗਾਤਾਰ ਚੰਗੇ ਖੇਡ ਦਾ ਮੁਜ਼ਾਹਰਾ ਕਰ ਰਹੇ ਸਨ।
ਅੰਡਰ-19 ਵਿਸ਼ਵ ਕੱਪ ਵਿੱਚ ਦੂਜੇ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਹਨ। IPL ਵਿੱਚ ਸ਼ੁਬਮਨ ਗਿੱਲ ਨੂੰ ਕੋਲਕਤਾ ਨਾਈਟ ਰਾਈਡਰਸ ਨੇ 1.8 ਕਰੋੜ ਰੁਪਏ ਲਈ ਸਾਈਨ ਕੀਤਾ ਸੀ।
ਅੰਡਰ-19 ਵਿਸ਼ਵ ਕੱਪ ਵਿੱਚ ਪਾਕਿਸਤਾਨ ਖਿਲਾਫ਼ ਸੈਂਕੜਾ ਮਾਰਨ ਵਾਲੇ ਸ਼ੁਬਮਨ ਗਿੱਲ ਨੇ ਕੁਝ ਸਮਾਂ ਪਹਿਲਾਂ ਬੀਬੀਸੀ ਪੰਜਾਬੀ ਨਾਲ ਗੱਲਬਾਤ ਦੌਰਾਨ ਪਾਕਿਸਤਾਨ ਖਿਲਾਫ਼ ਸੈਂਕੜਾ ਵਾਲੀ ਪਾਰੀ ਨੂੰ ਖਾਸ ਦੱਸਿਆ ਸੀ। ਸ਼ੁਬਮਨ ਗਿੱਲ ਨੇ ਆਪਣੀ ਕਾਮਯਾਬੀ ਨੂੰ ਆਪਣੇ ਪਿਤਾ ਨੂੰ ਸਮਰਪਿਤ ਕੀਤੀ ਸੀ।
ਸ਼ੁਬਮਨ ਦੀ ਮਾਂ ਕਿਰਤ ਗਿੱਲ ਦੱਸਦੀ ਹੈ,''ਅਸੀਂ ਪੰਜਾਬ ਦੇ ਫਾਜ਼ਿਲਕਾ ਜ਼ਿਲ੍ਹੇ ਦੇ ਇੱਕ ਪਿੰਡ ਵਿੱਚ ਰਹਿੰਦੇ ਸੀ। ਮੇਰੇ ਪਤੀ ਲਖਵਿੰਦਰ ਨੂੰ ਕ੍ਰਿਕੇਟ ਖੇਡਣ ਦਾ ਸ਼ੌਕ ਤਾਂ ਹੈ ਹੀ, ਨਾਲ ਹੀ ਉਹ ਸਚਿਨ ਦੇ ਬਹੁਤ ਵੱਡੇ ਫੈਨ ਹਨ। ''
ਇਹ ਵੀ ਪੜ੍ਹੋ :
''ਉਨ੍ਹਾਂ ਦਾ ਇਹ ਜਨੂਨ ਮੇਰੇ ਮੁੰਡੇ ਵਿੱਚ ਵੀ ਦਿਖਣ ਲੱਗਾ। ਤਿੰਨ ਸਾਲ ਦੀ ਉਮਰ ਤੋਂ ਹੀ ਕ੍ਰਿਕੇਟ ਵਿੱਚ ਉਸਦਾ ਰੁਝਾਨ ਵਧਣ ਲਗ ਗਿਆ ਸੀ।''
ਸ਼ੁਬਮਨ ਦੇ ਪਿਤਾ ਲਖਵਿੰਦਰ ਸਿੰਘ ਫ਼ਾਜ਼ਿਲਕਾ ਵਿੱਚ ਆਪਣੀ ਜ਼ਮੀਨ 'ਤੇ ਖੇਤੀ ਕਰਾਉਂਦੇ ਹਨ।
ਆਪਣੇ ਮੁੰਡੇ ਦੇ ਇਸ ਜਨੂਨ ਨੂੰ ਸਹੀ ਰੂਪ ਦੇਣ ਲਈ ਸ਼ੁਬਮਨ ਦੇ ਮਾਤਾ-ਪਿਤਾ ਨੇ ਫਾਜ਼ਿਲਕਾ ਛੱਡਣ ਦਾ ਫ਼ੈਸਲਾ ਕੀਤਾ ਕਿਉਂਕਿ ਕੀਰਤ ਗਿੱਲ ਦੇ ਮੁਤਾਬਿਕ ਫਾਜ਼ਿਲਕਾ ਵਿੱਚ ਕ੍ਰਿਕੇਟ ਨੂੰ ਲੈ ਕੇ ਕੋਈ ਵਿਵਸਥਾ ਨਹੀਂ ਸੀ ਅਤੇ ਮੋਹਾਲੀ ਜਾ ਕੇ ਹੀ ਕੁਝ ਹੋ ਸਕਦਾ ਸੀ।
2007 ਵਿੱਚ ਉਹ ਮੋਹਾਲੀ ਆ ਗਏ।
ਕਿਹੋ ਜਿਹੇ ਖਿਡਾਰੀ ਹਨ ਸ਼ੁਬਮਨ?
ਅੰਡਰ-19 ਦਾ ਇਹ ਬੱਲੇਬਾਜ਼ ਜਦੋਂ ਪਹਿਲੀ ਵਾਰ ਅੰਡਰ-16 ਦੇ ਵਿਜੇ ਮਰਚੈਂਟ ਟ੍ਰਾਫੀ ਲਈ ਖੇਡਿਆ ਤਾਂ ਪੰਜਾਬ ਲਈ ਉਸਨੇ 200 ਰਨ ਬਣਾਏ।
ਇਹੀ ਨਹੀਂ ਬੀਸੀਸੀਆਈ ਵੱਲੋਂ ਸਾਲ 2013-14 ਅਤੇ 2014-15 ਵਿੱਚ 'ਬੈਸਟ ਜੂਨੀਅਰ ਕ੍ਰਿਕੇਟ' ਦੇ ਪੁਰਸਕਾਰ ਨਾਲ ਵੀ ਨਵਾਜ਼ੇ ਗਏ ਸ਼ੁਬਮਨ।
ਸ਼ੁਬਮਨ ਦੇ ਪਿਤਾ ਹਨ ਕੋਚ!
ਸ਼ੁਬਮਨ ਦੀ ਬੱਲੇਬਾਜ਼ੀ ਦੇ ਹੁਨਰ ਬਾਰੇ ਜਦੋਂ ਬੀਬੀਸੀ ਨੇ ਉਨ੍ਹਾਂ ਦੀ ਮਾਂ ਤੋਂ ਪੁੱਛਿਆ, ਤਾਂ ਉਨ੍ਹਾਂ ਨੇ ਕਿਹਾ, ''ਸ਼ੁਰੂ 'ਚ ਮੋਹਾਲੀ ਵਿੱਚ ਜਦੋਂ ਟ੍ਰੇਨਿੰਗ ਲਈ ਭੇਜਿਆ ਤਾਂ ਜ਼ਿਆਦਾ ਬੱਚੇ ਹੋਣ ਕਰਕੇ ਕੋਚ ਮੁਸ਼ਕਿਲ ਨਾਲ 5 ਮਿੰਟ ਇੱਕ-ਇੱਕ ਖਿਡਾਰੀ ਨੂੰ ਦੇ ਪਾਉਂਦੇ ਸੀ।''
''ਸ਼ੁਬਮਨ ਦੇ ਪਿਤਾ ਫਾਜ਼ਿਲਕਾ ਵਿੱਚ ਕ੍ਰਿਕੇਟ ਸਿਖਾਉਂਦੇ ਹੀ ਸੀ ਅਤੇ ਮੋਹਾਲੀ ਆ ਕੇ ਵੀ ਉਨ੍ਹਾਂ ਨੇ ਉਸਨੂੰ ਸਿਖਾਉਣ ਦਾ ਜ਼ਿੰਮਾ ਲੈ ਲਿਆ।''
ਕਰੀਬ ਤਿੰਨ ਤੋਂ 4 ਘੰਟੇ ਰੋਜ਼ਾਨਾ ਲਖਵਿੰਦਰ ਸਿੰਘ ਉਨ੍ਹਾਂ ਨੂੰ ਪ੍ਰੈਕਟਿਸ ਕਰਵਾਉਂਦੇ ਸੀ।
ਕੀਰਤ ਗਿੱਲ ਦੱਸਦੀ ਹੈ, ''ਮੇਰੇ ਮੁੰਡੇ ਦੇ ਕੋਚ ਮੇਰੇ ਪਤੀ ਹਨ। ਉਨ੍ਹਾਂ ਨੇ ਉਸਦੀ ਟ੍ਰੇਨਿੰਗ ਵਿੱਚ ਕੋਈ ਕਸਰ ਨਹੀਂ ਛੱਡੀ।''
ਸ਼ੁਬਮਨ ਛੋਟਾ ਹੈ, ਪਰ ਬੱਚਾ ਨਹੀਂ!
ਸ਼ੁਬਮਨ ਦੀ ਬੱਲੇਬਾਜ਼ੀ 'ਤੇ ਕ੍ਰਿਕੇਟ ਮਾਹਿਰ ਆਕਾਸ਼ ਚੋਪੜਾ ਕਹਿੰਦੇ ਹਨ, ''ਸ਼ੁਬਮਨ ਦਾ ਖੇਡ ਜੋ ਲੋਕ ਦੇਖਦੇ ਆਏ ਹਨ ਉਨ੍ਹਾਂ ਨੂੰ ਹੈਰਾਨੀ ਨਹੀਂ ਹੋਈ ਹੋਵੇਗੀ। ਜੇਕਰ U-19 ਵਿਸ਼ਵ ਕੱਪ ਦੇ ਕੁਆਟਰ ਫਾਇਨਲ ਮੁਕਾਬਲੇ ਦੀ ਗੱਲ ਕਰੀਏ ਤਾਂ ਉੱਥੇ ਵੀ ਉਹ 86 ਰਨ ਬਣਾਉਣ ਵਿੱਚ ਕਾਮਯਾਬ ਰਹੇ ਸੀ।''
''ਇਹ ਖਿਡਾਰੀ ਛੋਟਾ ਜ਼ਰੂਰ ਹੈ, ਪਰ ਮੈਦਾਨ 'ਤੇ ਆਪਣੀ ਉਮਰ ਤੋਂ ਕਈ ਗੁਣਾ ਵੱਧ ਸਮਝਦਾਰ ਲਗਦਾ ਹੈ।''