ਕੰਮ-ਧੰਦਾ: ਸਿਹਤ ਬੀਮਾ ਕਿਵੇਂ ਦੇ ਸਕਦਾ ਹੈ ਫਾਇਦਾ?

ਜਦੋਂ ਵੀ ਸਰਕਾਰ ਬਜਟ ਪੇਸ਼ ਕਰਦੀ ਹੈ ਤਾਂ ਤਕਰਬੀਨ ਹਰ ਵਰਗ ਨੂੰ ਉਸਤੋਂ ਉਮੀਦਾਂ ਹੁੰਦੀਆਂ ਹਨ। ਸਿਹਤ ਸੈਕਟਰ ਲਈ ਵੀ ਕੁਝ ਐਲਾਨ ਕੀਤੇ ਜਾਂਦੇ ਹਨ। ਪਰ ਕੁਝ ਰਿਪੋਰਟਾਂ ਭਾਰਤ ਦੇ ਸਿਹਤ ਖੇਤਰ ਬਾਰੇ ਹੈਰਾਨ ਕਰਨ ਵਾਲੇ ਅੰਕੜੇ ਪੇਸ਼ ਕਰਦੀਆਂ ਹਨ।

ਵਰਲਡ ਬੈਂਕ ਦੀ ਰਿਪੋਰਟ ਦੱਸਦੀ ਹੈ ਕਿ ਹਰ ਸਾਲ ਸਿਹਤ ਸੇਵਾਵਾਂ 'ਤੇ ਖਰਚ ਕਾਰਨ ਭਾਰਤ ਵਿੱਚ ਪੰਜ ਕਰੋੜ ਲੋਕ ਗਰੀਬ ਹੋ ਜਾਂਦੇ ਹਨ। ਵਿਸ਼ਵ ਸਿਹਤ ਸੰਗਠਨ ਦਾ ਕਹਿਣਾ ਹੈ ਕਿ ਸਿਹਤ ਸੇਵਾਵਾਂ ਦੇ ਮਾਮਲੇ ਵਿੱਚ ਭਾਰਤ ਦੀ ਹਾਲਤ ਬੇਹੱਦ ਖ਼ਰਾਬ ਹੈ।

ਵਿਸ਼ਵ ਸਿਹਤ ਸੰਗਠਨ ਦਾ ਕਹਿਣਾ ਹੈ ਕਿ ਹੈਲਥ ਇੰਡੈਕਸ ਵਿੱਚ 195 ਦੇਸਾਂ ਦੀ ਸੂਚੀ ਵਿੱਚ ਭਾਰਤ 145ਵੇਂ ਨੰਬਰ 'ਤੇ ਹੈ। ਇੱਥੋਂ ਤੱਕ ਕਿ ਭਾਰਤ ਦਾ ਗੁਆਂਢੀ ਦੇਸ ਭੂਟਾਨ 134ਵੇਂ ਨੰਬਰ 'ਤੇ ਹੈ। ਭਾਰਤ ਵਿੱਚ ਜੀਡੀਪੀ ਦਾ ਸਿਰਫ਼ 1.25 ਫੀਸਦੀ ਸਿਹਤ 'ਤੇ ਖਰਚਾ ਕਰਦਾ ਹੈ, ਜਦੋਂਕਿ ਬ੍ਰਾਜ਼ੀਲ ਤਕਰੀਬਨ 8.3 ਫੀਸਦੀ, ਰੂਸ 7.1 ਫੀਸਦੀ ਅਤੇ ਦੱਖਣੀ ਅਫ਼ਰੀਕਾ ਲਗਭਗ 8.8 ਫੀਸਦੀ ਖਰਚ ਕਰਦੇ ਹਨ।

ਇਹ ਵੀ ਪੜ੍ਹੋ:

ਦੇਸ ਵਿੱਚ 14 ਲੱਖ ਡਾਕਟਰਾਂ ਦੀ ਕਮੀ ਹੈ। ਵਿਸ਼ਵ ਸਿਹਤ ਸੰਗਠਨ ਦੇ ਮਾਪਦੰਡ ਦੇ ਆਧਾਰ 'ਤੇ ਜਿੱਥੇ ਪ੍ਰਤੀ 1,000 ਆਬਾਦੀ 'ਤੇ ਇੱਕ ਡਾਕਟਰ ਹੋਣਾ ਚਾਹੀਦਾ ਹੈ, ਉੱਥੇ ਭਾਰਤ ਵਿੱਚ 7,000 ਦੀ ਆਬਾਦੀ ਪਿੱਛੇ ਸਿਰਫ਼ ਇੱਕ ਡਾਕਟਰ ਹੈ। 80 ਫੀਸਦੀ ਤੋਂ ਵੱਧ ਆਬਾਦੀ ਕੋਲ ਕਿਸੇ ਤਰ੍ਹਾਂ ਦਾ ਅਹਿਮ ਮੈਡੀਕਲ ਕਵਰ ਹੀ ਨਹੀਂ ਹੈ।

ਸੀਆਈਆਈ (ਕਾਨਫੈਡਰੇਸ਼ਨ ਆਫ਼ ਇੰਡੀਅਨ ਇੰਡਸਟਰੀ) ਦੀ ਰਿਪੋਰਟ ਮੁਤਾਬਕ 67 ਫੀਸਦੀ ਲੋਕ ਆਪਣੀ ਜੇਬ ਵਿੱਚੋਂ ਮੈਡੀਕਲ ਬਿਲ ਭਰਦੇ ਹਨ। ਸਿਰਫ਼ 4 ਫੀਸਦੀ ਲੋਕਾਂ ਕੋਲ ਹੀ ਨਿੱਜੀ ਸਿਹਤ ਬੀਮਾ ਯੋਜਨਾ ਹੈ।

ਅਜਿਹਾ ਨਹੀਂ ਹੈ ਕਿ ਸਰਕਾਰ ਵੱਲੋਂ ਪਬਲਿਕ ਹੈਲਥ ਲਈ ਕੁਝ ਨਹੀਂ ਹੋ ਰਿਹਾ। ਸੀਆਈਆਈ ਦੀ ਰਿਪੋਰਟ ਮੁਤਾਬਕ ਜ਼ਿਆਦਾਤਰ ਲੋਕ ਸੂਬਾ ਸਰਕਾਰਾਂ ਦੀ ਸਿਹਤ ਬੀਮਾ ਯੋਜਨਾ ਦੇ ਤਹਿਤ ਕਵਰ ਹਨ। 22 ਫੀਸਦੀ ਲੋਕਾਂ ਕੋਲ ਸਰਕਾਰ ਵੱਲੋਂ ਸਪਾਂਸਰਡ ਸਿਹਤ ਬੀਮਾ ਹੈ।

ਇਹ ਵੀ ਪੜ੍ਹੋ:

ਵੱਖੋ-ਵੱਖਰੀਆਂ ਸੂਬਾ ਸਰਕਾਰਾਂ ਨੇ ਵੱਖ-ਵੱਖ ਆਗੂਆਂ ਦੇ ਨਾਮ 'ਤੇ ਸਿਹਤ ਯੋਜਵਾਨਾਂ ਦਾ ਐਲਾਨ ਕੀਤਾ ਹੈ। ਦੇਸ ਦੇ 7 ਫੀਸਦੀ ਲੋਕਾਂ ਕੋਲ ਸਥਾਨਕ ਸਰਕਾਰਾਂ ਦੀਆਂ ਜਾਂ ਹੋਰਨਾਂ ਸਕੀਮਾਂ ਹਨ।

ਆਯੁਸ਼ਮਾਨ ਭਾਰਤ ਯੋਜਨਾ

ਕੇਂਦਰ ਸਰਕਾਰ ਸਿਹਤ ਸਬੰਧੀ ਇੱਕ ਯੋਜਨਾ ਲਿਆ ਰਹੀ ਹੈ। ਇਸ ਯੋਜਨਾ ਦਾ ਨਾਮ ਹੈ ਆਯੁਸ਼ਮਾਨ ਭਾਰਤ।

ਭਾਰਤ ਦੀ ਬੀਮਾ ਰੈਗੂਲੇਟਰੀ ਅਤੇ ਵਿਕਾਸ ਅਥਾਰਿਟੀ (ਆਈਆਰਡੀਏ) ਦੇ ਅੰਕੜਿਆਂ ਮੁਤਾਬਕ ਦੇਸ ਭਰ ਵਿੱਚ 1 ਕਰੋੜ 30 ਲੱਖ ਸਿਹਤ ਬੀਮਾ ਨੀਤੀਆਂ ਜਾਰੀ ਕੀਤੀਆਂ ਗਈਆਂ ਹਨ।

ਇਸ ਯੋਜਨਾ ਨੂੰ ਲਾਗੂ ਕਰਨ ਲਈ ਦੇਸ ਦੇ 29 ਸੂਬਿਆਂ ਅਤੇ ਕੇਂਦਰ ਸ਼ਾਸਤ ਸੂਬਿਆਂ ਨੇ ਕੇਂਦਰ ਦੇ ਨਾਲ ਸਮਝੌਤਾ ਕੀਤਾ ਹੈ। ਆਯੁਸ਼ਮਾਨ ਭਾਰਤ ਦੀ ਵੈੱਬਸਾਈਟ ਅਤੇ ਮੋਬਾਈਲ ਐਪ 5 ਸਤੰਬਰ ਤੋਂ ਲਾਂਚ ਕਰਨ ਦੀ ਯੋਜਨਾ ਹੈ।

ਇਸ ਯੋਜਨਾ ਦੇ ਤਹਿਤ ਦੇਸ ਦੇ 10 ਕਰੋੜ ਤੋਂ ਵੱਧ ਪਰਿਵਾਰਾਂ ਨੂੰ ਸਾਲਾਨਾ 5 ਲੱਖ ਰੁਪਏ ਤੱਕ ਦਾ ਸਿਹਤ ਬੀਮਾ ਉਪਲਬਧ ਕਰਵਾਇਆ ਜਾਵੇਗਾ।

ਸਿਹਤ ਬੀਮਾ

ਸਰਕਾਰ ਵੱਲੋਂ ਸਪਾਂਸਰਡ ਸਿਹਤ ਬੀਮਾ ਪ੍ਰੋਵਾਈਡਰਜ਼ ਤੋਂ ਇਲਾਵਾ ਵੱਖ ਤੋਂ ਸਿਹਤ ਬੀਮਾਕਰਤਾ ਵੀ ਹਨ, ਜੋ ਕਈ ਤਰੀਕੇ ਨਾਲ ਤੁਹਾਡੀ ਸਿਹਤ ਦਾ ਖਿਆਲ ਰੱਖਣ ਦਾ ਦਾਅਵਾ ਕਰਦੇ ਹਨ।

ਸਿਹਤ ਬੀਮਾ ਕਈ ਕਾਰਨਾਂ ਕਰਕੇ ਜ਼ਰੂਰੀ ਹੁੰਦਾ ਹੈ। ਬਿਨਾਂ ਬੀਮਾ ਯੋਜਨਾ ਦੇ ਲੋਕਾਂ ਨੂੰ ਘੱਟ ਮੈਡੀਕਲ ਦੇਖ-ਭਾਲ ਅਤੇ ਸਮੇਂ 'ਤੇ ਦੇਖਭਾਲ ਨਹੀਂ ਮਿਲਦੀ। ਸਿਹਤ ਬੀਮਾ ਯੋਜਨਾ ਨਾ ਹੋਣ ਤੇ ਉਨ੍ਹਾਂ ਅਤੇ ਉਨ੍ਹਾਂ ਦੇ ਪਰਿਵਾਰਾਂ 'ਤੇ ਵਿੱਤੀ ਬੋਝ ਪੈਂਦਾ ਹੈ।

ਇਨਕਮ ਟੈਕਸ ਐਕਟ ਦੀ ਧਾਰਾ 80-ਡੀ ਦੇ ਤਹਿਤ ਬੀਮਾਯੁਕਤ ਵਿਅਕਤੀ ਜੋ ਪਾਲਿਸੀ ਲੈਂਦਾ ਹੈ ਉਹ ਆਪਣੇ ਟੈਕਸ ਵਿੱਚ ਕਟੌਤੀ ਦਾ ਦਾਅਵਾ ਕਰ ਸਕਦਾ ਹੈ।

ਅੱਜ ਭਾਰਤ ਵਿੱਚ ਸਿਹਤ ਬੀਮਾ ਯੋਜਨਾਵਾਂ ਦੇ ਕਈ ਵਰਗ ਹਨ। ਪਰਿਵਾਰ ਲਈ ਬੀਮਾ ਯੋਜਨਾ, ਬਜ਼ੁਰਗਾਂ ਲਈ ਸਿਹਤ ਬੀਮਾ, ਮੈਟਰਨਿਟੀ ਸਿਹਤ ਯੋਜਨਾ, ਹਸਪਤਾਲ ਡੇਅਲੀ ਕੈਸ਼ ਬੈਨੀਫਿਟ ਫਲਾਨ, ਕ੍ਰਿਟਿਕਲ ਇਲਨੈਸ ਪਲਾਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)