ਪਹਾੜਾਂ 'ਚ ਸੋਨੇ ਤੋਂ ਵੀ ਮਹਿੰਗਾ ਵਿਕ ਰਿਹਾ ਹੈ ਇਹ ਨਸ਼ਾ

    • ਲੇਖਕ, ਪੰਕਜ ਸ਼ਰਮਾ
    • ਰੋਲ, ਸ਼ਿਮਲਾ ਤੋਂ ਬੀਬੀਸੀ ਲਈ

''ਮੈਨੂੰ ਨਸ਼ਾ ਖਰੀਦਣ ਲਈ ਪੈਸੇ ਦੇ ਦਿਓ, ਨਹੀਂ ਤਾਂ ਮੈਂ ਖ਼ੁਦਕੁਸ਼ੀ ਕਰ ਲਵਾਂਗਾ''

ਇਹ ਕਿਸੇ ਫ਼ਿਲਮ ਦਾ ਡਾਇਲਾਗ ਨਹੀਂ ਸਗੋਂ ਦੇਵਭੂਮੀ ਕਹੇ ਜਾਣ ਵਾਲੇ ਹਿਮਾਚਲ ਪ੍ਰਦੇਸ਼ 'ਚ ਵਧਦੇ ਨਸ਼ੇ ਦੇ ਆਦੀ ਹੋ ਗਏ ਇੱਕ ਨੌਜਵਾਨ ਰਾਜੂ (ਬਦਲਿਆ ਹੋਇਆ ਨਾਂ) ਦੀ ਕਹਾਣੀ ਹੈ।

ਸਫ਼ੈਦ ਦਿਖਣ ਵਾਲਾ ਪਾਊਡਰ, ਜਿਸਦੀ ਇੱਕ ਗ੍ਰਾਮ ਦੀ ਕੀਮਤ ਕਰੀਬ 6000 ਰੁਪਏ ਹੈ। ਸੋਨੇ ਤੋਂ ਵੀ ਮਹਿੰਗੇ ਵਿਕਣ ਵਾਲੇ ਇਸ ਨਸ਼ੇ ਨੂੰ ਚਿੱਟਾ ਕਿਹਾ ਜਾਂਦਾ ਹੈ।

ਇਹ ਵੀ ਪੜ੍ਹੋ:

ਇਸ ਦੀ ਪੁਸ਼ਟੀ ਖ਼ੁਦ ਹਿਮਾਚਲ ਪ੍ਰਦੇਸ਼ ਦੇ ਡੀਜੀਪੀ ਸੀਤਾ ਰਾਮ ਮਰੜੀ ਨੇ ਬੀਬੀਸੀ ਨਾਲ ਕੀਤੀ, ''ਨਸ਼ੇ ਦੇ ਸੌਦਾਗਰਾਂ ਲਈ ਇਹ ਪੈਸੇ ਕਮਾਉਣ ਦਾ ਸਭ ਤੋਂ ਸੌਖਾ ਧੰਦਾ ਬਣ ਗਿਆ ਹੈ।''

ਇਸ ਦਾ ਅਸਰ ਹਿਮਾਚਲ ਪ੍ਰਦੇਸ਼ ਦੀ ਨਵੀਂ ਪੀੜ੍ਹੀ ਉੱਤੇ ਦਿਖਣ ਲੱਗਿਆ ਹੈ। ਜਿਵੇਂ ਕਿ ਰਾਜੂ ਦੀਆਂ ਗੱਲਾਂ ਤੋਂ ਜ਼ਾਹਿਰ ਹੁੰਦਾ ਹੈ, ''ਇਸਦੀ ਆਦਤ ਪੈ ਗਈ ਹੈ, ਨਾ ਮਿਲਣ 'ਤੇ ਨੀਂਦ ਨਹੀਂ ਆਉਂਦੀ।''

ਸੋਨੇ ਤੋਂ ਵੀ ਮਹਿੰਗਾ ਚਿੱਟਾ

ਸ਼ਿਮਲਾ ਮੈਡੀਕਲ ਕਾਲਜ ਦੇ ਪ੍ਰਿੰਸਿਪਲ ਅਤੇ ਮਨੋਰੋਗ ਮਾਹਿਰ ਡਾਕਟਰ ਰਵੀ ਸ਼ਰਮਾ ਦੱਸਦੇ ਹਨ, ''ਕਿਸੇ ਵੀ ਨਸ਼ੇ ਦੇ ਸੇਵਨ ਦੇ ਨੁਕਸਾਨ ਵੱਖੋ-ਵੱਖਰੇ ਹੁੰਦੇ ਹਨ।''

''ਚਿੱਟਾ ਇੱਕ ਅਜਿਹਾ ਨਸ਼ਾ ਹੈ, ਜਿਸ ਦਾ ਇੱਕ ਜਾਂ ਦੋ ਵਾਰ ਸੇਵਨ ਕਰਨ ਤੋਂ ਬਾਅਦ, ਕੋਈ ਵੀ ਇਸ ਦਾ ਆਦੀ ਹੋ ਜਾਂਦਾ ਹੈ ਅਤੇ ਇਸਨੂੰ ਛੁਡਾਉਣ ਲਈ ਕਈ ਵਾਰ ਮਰੀਜ਼ ਨੂੰ ਭਰਤੀ ਵੀ ਕਰਨਾ ਪੈਂਦਾ ਹੈ।''

ਸਫ਼ੈਦ ਰੰਗ ਦੇ ਪਾਊਡਰ ਜਿਹਾ ਦਿਖਣ ਵਾਲਾ ਇਹ ਨਸ਼ਾ ਇੱਕ ਤਰ੍ਹਾਂ ਦਾ ਸਿੰਥੈਟਿਕ ਡਰੱਗ ਹੈ। ਹੈਰੋਇਨ ਦੇ ਨਾਲ ਕੁਝ ਕੈਮੀਕਲਜ਼ ਮਿਲਾ ਕੇ ਇਹ ਡਰੱਗ ਤਿਆਰ ਕੀਤਾ ਜਾਂਦਾ ਹੈ।

ਹਾਲ ਹੀ 'ਚ ਹਿਮਾਚਲ ਦੀਆਂ ਵੱਖ-ਵੱਖ ਥਾਵਾਂ ਤੋਂ ਗ੍ਰਿਫ਼ਤਾਰ ਹੋਏ ਨਸ਼ੇ ਦੇ ਸੌਦਾਗਰਾਂ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਕਿਵੇਂ ਉਹ ਨੌਜਵਾਨਾਂ ਅਤੇ ਬੱਚਿਆਂ ਨੂੰ ਆਪਣੇ ਜਾਲ 'ਚ ਫਸਾਉਂਦੇ ਹਨ।

ਰਾਜੂ ਨੇ ਵੀ ਇਸ ਬਾਰੇ ਦੱਸਿਆ, ''ਜੋ ਨਸ਼ਾ ਕਰਦੇ ਹਨ, ਉਹ ਹੀ ਇਸਨੂੰ ਅੱਗੇ ਵਧਾ ਰਹੇ ਹਨ, ਉਨ੍ਹਾਂ ਨੂੰ ਇੰਨਾ ਪੈਸਾ ਘਰੋਂ ਨਹੀਂ ਮਿਲਦਾ ਤਾਂ ਉਹ ਇਸਦਾ ਕਾਰੋਬਾਰ ਕਰਨ ਲਗਦੇ ਹਨ, ਤਾਂ ਜੋ ਉਨ੍ਹਾਂ ਦਾ ਆਪਣਾ ਕੰਮ ਵੀ ਚੱਲ ਜਾਵੇ ਅਤੇ ਲੋਕਾਂ ਤੋਂ ਥੋੜ੍ਹਾ ਪੈਸਾ ਵੀ ਮਿਲ ਜਾਵੇ।''

ਪਰ ਇਹ ਸਵਾਲ ਤਾਂ ਉੱਠਦਾ ਹੀ ਹੈ ਕਿ ਹਿਮਾਚਲ ਪ੍ਰਦੇਸ਼ 'ਚ ਪਹਿਲਾਂ ਤਾਂ ਕਦੇ ਅਜਿਹੀਆਂ ਚੀਜ਼ਾਂ ਦੇਖੀਆਂ-ਸੁਣੀਆਂ ਨਹੀਂ ਜਾਂਦੀਆਂ ਸਨ?

ਹਿਮਾਚਲ ਪ੍ਰਦੇਸ਼ ਯੂਨੀਵਰਸਿਟੀ 'ਚ ਸਮਾਜ ਸ਼ਾਸਤਰ ਵਿਭਾਗ ਦੇ ਮੁਖੀ ਪ੍ਰੋਫ਼ੈਸਰ ਮੋਹਨ ਝਾਰਟਾ ਦੱਸਦੇ ਹਨ, ''ਹਿਮਾਚਲ 'ਚ ਆਮ ਲੋਕਾਂ ਦੇ ਜੀਵਨ ਪੱਧਰ 'ਚ ਵੱਡਾ ਸੁਧਾਰ ਅਤੇ ਚੰਗਾ ਪੈਸਾ ਹੋਣਾ ਇਸ ਦੀ ਇੱਕ ਵੱਡੀ ਵਜ੍ਹਾ ਹੈ।''

''ਕਈ ਮਾਪੇ ਜ਼ਿਆਦਾ ਲਾਡ-ਪਿਆਰ ਕਰਕੇ ਬੱਚਿਆਂ ਦੀ ਹਰ ਚੰਗੀ-ਬੁਰੀ ਆਦਤ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਨ ਜੋ ਬਾਅਦ 'ਚ ਉਨ੍ਹਾਂ 'ਤੇ ਭਾਰੀ ਪੈ ਜਾਂਦਾ ਹੈ।''

''ਇਸ ਤੋਂ ਇਲਾਵਾ ਬੇਰੁਜ਼ਗਾਰੀ ਅਤੇ ਤੇਜ਼ੀ ਨਾਲ ਬਦਲਦਾ ਨਵਾਂ ਮਾਹੌਲ ਵੀ ਇੱਕ ਵੱਡਾ ਕਾਰਨ ਹੈ।''

ਇਹ ਵੀ ਪੜ੍ਹੋ:

''ਨੌਜਵਾਨਾਂ ਕੋਲ ਰੁਜ਼ਗਾਰ ਨਾ ਹੋਣ ਦੀ ਵਜ੍ਹਾ ਕਰਕੇ ਵੀ ਉਹ ਕਈ ਵਾਰ ਨਸ਼ੇ ਦੀ ਗ੍ਰਿਫ਼ਤ 'ਚ ਆ ਜਾਂਦੇ ਹਨ, ਇਹ ਸਮਾਜ ਲਈ ਇੱਕ ਗੰਭੀਰ ਚੁਣੌਤੀ ਹੈ।''

ਮੌਤ ਦੇ ਚੌਰਾਹੇ 'ਤੇ...

ਇੱਕ ਜ਼ਮਾਨੇ 'ਚ ਇਸ ਪਹਾੜੀ ਸੂਬੇ ਹਿਮਾਚਲ ਨੂੰ ਬਦਨਾਮ ਕਰਨ ਵਾਲੀ ਭੰਗ, ਅਫ਼ੀਮ ਅਤੇ ਚਰਸ ਵਰਗੇ ਖ਼ਤਰਨਾਕ ਨਸ਼ਿਆਂ ਦੀ ਥਾਂ ਹੁਣ ਚਿੱਟੇ ਨੇ ਲੈ ਲਈ ਹੈ।

ਸਫ਼ੈਦ ਪਾਊਡਰ ਵਾਂਗ ਦਿਖਣ ਵਾਲਾ ਇਹ ਨਸ਼ਾ ਨੌਜਵਾਨਾਂ ਦੀ ਜ਼ਿੰਦਗੀ ਨੂੰ ਮੌਤ ਦੇ ਚੌਰਾਹੇ 'ਤੇ ਲਿਜਾ ਰਿਹਾ ਹੈ।

ਹਿਮਾਚਲ ਦੇ ਸਥਾਨਕ ਹਫ਼ਤਾਵਰ ਅਖ਼ਬਾਰ 'ਗ੍ਰਾਮ ਪਰਿਵੇਸ਼' ਦੇ ਸੰਪਾਦਕ ਐਮਪੀ ਸਿੰਘ ਰਾਣਾ ਕਹਿੰਦੇ ਹਨ, ''ਚਿੱਟੇ ਦਾ ਨਸ਼ਾ ਪਿਛਲੇ ਕੁਝ ਸਮੇਂ ਤੋਂ ਤੇਜ਼ੀ ਨਾਲ ਵਧਿਆ ਹੈ, ਹਿਮਾਚਲ ਪ੍ਰਦੇਸ਼ 'ਚ ਇਸ ਜਾਨਲੇਵਾ ਨਸ਼ੇ ਦੀ ਐਂਟਰੀ ਕਰੀਬ ਇੱਕ ਤੋਂ ਦੋ ਸਾਲ ਪਹਿਲਾਂ ਹੀ ਹੋਈ ਹੈ।''

ਮੁੱਖ ਮੰਤਰੀ ਜੈਰਾਮ ਠਾਕੁਰ ਨੇ ਬੀਬੀਸੀ ਨੂੰ ਕਿਹਾ, ''ਜਦੋਂ ਪੰਜਾਬ 'ਚ ਡਰੱਗ ਤਸਕਰਾਂ 'ਤੇ ਸ਼ਿਕੰਜਾ ਕੱਸਣ ਲੱਗਿਆ ਤਾਂ ਇਸ ਧੰਦੇ ਨਾਲ ਜੁੜੇ ਲੋਕਾਂ ਨੇ ਪੰਜਾਬ ਦੇ ਨਾਲ ਲੱਗਣ ਵਾਲੇ ਹਿਮਾਚਲ ਪ੍ਰਦੇਸ਼ ਦੇ ਇਲਾਕਿਆਂ ਨੂੰ ਆਪਣਾ ਨਿਸ਼ਾਨਾ ਬਣਾਇਆ।''

''ਹਾਲਾਂਕਿ ਨਸ਼ੇ ਦਾ ਕਾਰੋਬਾਰ ਹਿਮਾਚਲ 'ਚ ਕਾਫ਼ੀ ਪਹਿਲਾਂ ਹੀ ਸਰਗਰਮ ਸੀ ਪਰ ਸਰਕਾਰ ਸੰਭਾਲਦੇ ਹੀ ਅਸੀਂ ਸਭ ਤੋਂ ਪਹਿਲਾਂ ਇਸ 'ਤੇ ਸ਼ਿਕੰਜਾ ਕੱਸਿਆ ਅਤੇ ਪਿਛਲੇ ਛੇ ਮਹੀਨਿਆਂ 'ਚ ਕਾਫ਼ੀ ਗ੍ਰਿਫ਼ਤਾਰੀਆਂ ਵੀ ਹੋਈਆਂ ਹਨ।''

ਇਹ ਵੀ ਪੜ੍ਹੋ:

ਇਸ ਨੂੰ ਸਰਕਾਰ ਦੀ ਵੱਡੀ ਕਾਮਯਾਬੀ ਦੱਸਦਿਆਂ ਉਨ੍ਹਾਂ ਕਿਹਾ, ''ਹਿਮਾਚਲ ਪ੍ਰਦੇਸ਼ ਪੁਲਿਸ ਨੇ ਸੂਬੇ ਦੀ ਸਰਹੱਦ ਨਾਲ ਲਗਦੇ ਸੂਬਿਆਂ ਦੀ ਪੁਲਿਸ ਨਾਲ ਸੰਪਰਕ ਕਾਇਮ ਕਰ ਕੇ ਇੱਕ ਸਾਂਝੀ ਰਣਨੀਤੀ ਬਣਾਈ ਹੈ ਤਾਂ ਜੋ ਨਸ਼ੇ ਦੇ ਇਨ੍ਹਾਂ ਸੌਦਾਗਰਾਂ 'ਤੇ ਸ਼ਿਕੰਜਾ ਕੱਸਿਆ ਜਾ ਸਕੇ।''

ਕੀ ਕਹਿੰਦੀ ਹੈ ਪੁਲਿਸ

ਹਿਮਾਚਲ ਪ੍ਰਦੇਸ਼ ਪੁਲਿਸ ਦੇ ਡੀਜੀਪੀ ਸੀਤਾ ਰਾਮ ਮਰੜੀ ਕਹਿੰਦੇ ਹਨ, ''ਚਿੱਟਾ ਨਸ਼ੇ ਦੇ ਕਾਰੋਬਾਰੀਆਂ ਨੇ ਸ਼ੁਰੂ 'ਚ ਹਿਮਾਚਲ ਦੇ ਕਾਂਗੜਾ ਅਤੇ ਊਨਾ ਜ਼ਿਲ੍ਹਿਆਂ ਦੇ ਪੰਜਾਬ ਨਾਲ ਲਗਦੇ ਪਿੰਡਾਂ 'ਚ ਆਪਣਾ ਠਿਕਾਣਾ ਬਣਾਇਆ ਅਤੇ ਫ਼ਿਰ ਉੱਥੋਂ ਪੂਰੇ ਸੂਬੇ 'ਚ ਆਪਣਾ ਜਾਲ ਵਿਛਾਉਣਾ ਸ਼ੁਰੂ ਕਰ ਦਿੱਤਾ।''

''ਸ਼ੁਰੂਆਤੀ ਦੌਰ 'ਚ ਪੁਲਿਸ ਇਨ੍ਹਾਂ ਨੂੰ ਫੜਨ 'ਚ ਇਸ ਲਈ ਨਾਕਾਮ ਰਹੀਂ ਕਿਉਂਕਿ ਜਦੋਂ ਕਿਤੇ ਵੀ ਛਾਪਾ ਪੈਂਦਾ ਸੀ ਤਾਂ ਨਸ਼ੇ ਦੇ ਇਹ ਸੌਦਾਗਰ ਸੂਬੇ ਦੀ ਸਰਹੱਦ ਪਾਰ ਕਰਕੇ ਇੱਧਰ-ਉਧਰ ਚਲੇ ਜਾਂਦੇ ਸਨ।''

ਪਰ ਜਦੋਂ ਇਸ ਨਸ਼ੇ ਦੀ ਵਜ੍ਹਾਂ ਨਾਲ ਇੱਕ ਦੋ ਮੌਤਾਂ ਦੇ ਮਾਮਲੇ ਸਾਹਮਣੇ ਆਏ ਤਾਂ ਸਰਕਾਰ ਅਤੇ ਪੁਲਿਸ ਹਰਕਤ 'ਚ ਆਈ।

ਡੀਜੀਪੀ ਦਾ ਕਹਿਣਾ ਹੈ, ''ਡਰੱਗ ਮਾਫ਼ੀਆ ਦੇ ਜਾਲ ਨੂੰ ਤੋੜਨ ਲਈ ਹਿਮਾਚਲ ਪੁਲਿਸ ਨੇ ਹੁਣ ਪੰਜਾਬ ਪੁਲਿਸ ਦੇ ਨਾਲ ਮਿਲ ਕੇ ਸਾਂਝੇ ਆਪਰੇਸ਼ਨ ਤਹਿਤ ਇਨ੍ਹਾਂ ਦੇ ਕਈ ਠਿਕਾਣਿਆਂ 'ਤੇ ਛਾਪਾ ਮਾਰਿਆ ਤਾਂ ਇਨ੍ਹਾਂ ਦੇ ਨੈੱਟਵਰਕ ਨੂੰ ਤੋੜਨ 'ਚ ਵੱਡੀ ਕਾਮਯਾਬੀ ਮਿਲੀ।''

''ਇਸ ਤੋਂ ਇਲਾਵਾ ਸਕੂਲ, ਢਾਬਿਆਂ ਅਤੇ ਜਨਤਕ ਥਾਵਾਂ 'ਤੇ ਆਪਣੀ ਗਸ਼ਤ ਵਧਾ ਕੇ ਪੁਲਿਸ ਲਗਾਤਾਰ ਨਿਗਰਾਨੀ ਕਰ ਰਹੀ ਹੈ, ਤਾਂ ਜੋ ਇਹ ਸੌਖਿਆਂ ਹੀ ਬੱਚਿਆਂ ਅਤੇ ਨੌਜਵਾਨਾਂ ਨੂੰ ਆਪਣਾ ਸ਼ਿਕਾਰ ਨਾ ਬਣਾ ਸਕੇ।''

ਕਹਾਣੀ ਅੰਕੜਿਆਂ ਦੀ ਜ਼ੁਬਾਨੀ

ਇਹ ਹੀ ਕਾਰਨ ਹੈ ਕਿ ਜੇ ਪਿਛਲੇ ਤਿੰਨ ਸਾਲਾਂ 'ਚ ਫੜੇ ਗਏ ਮੁਲਜ਼ਮਾਂ ਅਤੇ ਨਸ਼ੇ ਦੀ ਖੇਪ 'ਤੇ ਨਜ਼ਰ ਮਾਰੀਏ ਤਾਂ ਅੰਕੜੇ ਹੈਰਾਨ ਕਰਨ ਵਾਲੇ ਹਨ।

ਡੀਜੀਪੀ ਸੀਤਾ ਰਾਮ ਮਰੜੀ ਦੱਸਦੇ ਹਨ, ''ਸਾਲ 2016 'ਚ 501 ਮੁਲਜ਼ਮਾਂ ਉੱਤੇ 432 ਕੇਸ ਦਰਜ ਕੀਤੇ ਗਏ। ਇਸ ਦੌਰਾਨ ਕਰੀਬ 231 ਕਿਲੋਗ੍ਰਾਮ ਚਰਸ, 234 ਗ੍ਰਾਮ ਹੈਰੋਇਨ, 64 ਗ੍ਰਾਮ ਸਮੈਕ, 4 ਗ੍ਰਾਮ ਕੋਕੀਨ ਫੜੀ ਗਈ।''

''ਇਸ ਤਰ੍ਹਾਂ ਸਾਲ 2017 'ਚ 695 ਦੋਸ਼ੀਆਂ ਖ਼ਿਲਾਫ਼ 573 ਕੇਸ ਰਜਿਸਟਰ ਕੀਤੇ ਗਏ। 134 ਕਿੱਲੋ ਚਰਸ, 2.5 ਕਿੱਲੋ ਹੈਰੋਇਨ, 73 ਗ੍ਰਾਮ ਸਕੈਮ, 16 ਗ੍ਰਾਮ ਕੋਕੀਨ, 4 ਕਿੱਲੋ ਬ੍ਰਾਊਨ ਸ਼ੂਗਰ ਵੀ ਫੜੀ ਗਈ।''

''ਪਰ 2018 'ਚ ਹੁਣ ਤੱਕ 6 ਮਹੀਨਿਆਂ ਦੇ ਅੰਦਰ ਪੁਲਿਸ ਨੇ 789 ਦੋਸ਼ੀਆਂ ਦੇ ਖ਼ਿਲਾਫ਼ 653 ਕੇਸ ਫ਼ਾਈਲ ਕੀਤੇ ਹਨ।''

ਇਨ੍ਹਾਂ 'ਚ ਸਭ ਤੋਂ ਵੱਧ ਹੈਰਾਨ ਕਰਨ ਵਾਲੀ ਗੱਲ ਇਹ ਸੀ ਕਿ ਪੁਲਿਸ ਦੀ ਗ੍ਰਿਫ਼ਤ 'ਚ ਛੇ ਵਿਦੇਸ਼ੀ ਤਸਕਰ ਵੀ ਆਏ।

ਪੁਲਿਸ ਕਾਰਵਾਈ ਦੌਰਾਨ ਕਰੀਬ 257 ਕਿੱਲੋਗ੍ਰਾਮ ਚਰਸ, 4.6 ਕਿੱਲੋ ਹੈਰੋਇਨ, 293 ਗ੍ਰਾਮ ਸਮੈਕ, 68 ਗ੍ਰਾਮ ਕੋਕੀਨ ਅਤੇ ਤਿੰਨ ਕਿੱਲੋ ਬ੍ਰਾਉਨ ਸ਼ੂਗਰ ਫੜੀ ਗਈ। ਇਹ ਪਿਛਲੇ ਸਾਲਾਂ ਦੇ ਮੁਕਾਬਲੇ ਦੋ ਗੁਣਾ ਵੱਧ ਹੈ।

ਇਹ ਵੀ ਪੜ੍ਹੋ:

ਪੁਲਿਸ ਜਿੱਥੇ ਇਸਨੂੰ ਆਪਣੀ ਇੱਕ ਵੱਡੀ ਸਫ਼ਲਤਾ ਮੰਨਦੀ ਹੈ, ਉੱਥੇ ਹੀ ਸਥਾਨਕ ਲੋਕਾਂ ਦਾ ਮੰਨਣਾ ਹੈ ਕਿ ਇਹ ਅੰਕੜੇ ਇਸ ਗੱਲ ਦੀ ਤਸਦੀਕ ਕਰਦੇ ਹਨ ਕਿ ਨਸ਼ਾਖੋਰੀ ਹਿਮਾਚਲ ਪ੍ਰਦੇਸ਼ 'ਚ ਇੰਨੀ ਤੇਜ਼ੀ ਨਾਲ ਪੈਰ ਪਸਾਰ ਰਿਹਾ ਹੈ।

ਸਖ਼ਤ ਕਾਨੂੰਨ ਦੀ ਉੱਠੀ ਮੰਗ

ਹਾਲਾਂਕਿ ਪੰਜਾਬ ਦੇ ਸਖ਼ਤ ਕਾਨੂੰਨ ਦੀ ਤਰਜ਼ 'ਤੇ ਹਿਮਾਚਲ ਸਰਕਾਰ ਨੇ ਵੀ ਤੇਜ਼ੀ ਨਾਲ ਫ਼ੈਲ ਰਹੀ ਡਰੱਗ ਤਸਕਰੀ ਨੂੰ ਰੋਕਣ ਲਈ ਸਖ਼ਤ ਕਦਮ ਚੁੱਕਣੇ ਸ਼ੁਰੂ ਕਰ ਦਿੱਤੇ ਹਨ।

ਪਰ ਪੰਜਾਬ ਸਰਕਾਰ ਦੇ ਡਰੱਗ ਤਸਕਰ ਨੂੰ ਫਾਂਸੀ ਦੀ ਸਜ਼ਾ ਦੇਣ ਦੀ ਵਕਾਲਤ ਕਰਨ ਤੋਂ ਬਾਅਦ ਹਿਮਾਚਲ 'ਚ ਵੀ ਪੰਜਾਬ ਦੀ ਤਰਜ਼ 'ਤੇ ਸਖ਼ਤ ਕਾਨੂੰਨ ਦੀ ਮੰਗ ਉੱਠਣ ਲੱਗੀ ਹੈ।

ਮੁੱਖ ਮੰਤਰੀ ਜੈਰਾਮ ਠਾਕੁਰ ਕਹਿੰਦੇ ਹਨ, ''ਸਰਕਾਰ ਨੂੰ ਡਰੱਗ ਮਾਫ਼ੀਆ 'ਚ ਅਫ਼ਰੀਕੀ ਅਤੇ ਨਾਈਜੀਰੀਆਈ ਤਸਕਰਾਂ ਦੇ ਸ਼ਾਮਿਲ ਹੋਣ ਦੇ ਪੁਖ਼ਤਾ ਸਬੂਤ ਮਿਲੇ ਹਨ। ਇਹ ਲੋਕ ਦੂਜੇ ਸੂਬਿਆਂ ਤੋਂ ਆਪਣਾ ਨੈੱਟਵਰਕ ਚਲਾ ਰਹੇ ਹਨ। ਇਨ੍ਹਾਂ 'ਚ ਕੁਝ ਵਿਦੇਸ਼ ਡਰੱਗ ਤਸਕਰਾਂ ਦੀਆਂ ਗ੍ਰਿਫ਼ਤਾਰੀਆਂ ਵੀ ਹੋਈਆਂ ਹਨ।''

''ਸਾਡੀ ਕੋਸ਼ਿਸ਼ ਹੈ ਕਿ ਅਸੀਂ ਹਿਮਾਚਲ ਨਾਲ ਲਗਦੇ ਸਾਰੇ ਸੂਬਿਆਂ 'ਚ ਆਪਣੀ ਚੌਕਸੀ ਵਧਾਵਾਂਗੇ ਅਤੇ ਇਨ੍ਹਾਂ ਨੂੰ ਰੋਕਣ ਲਈ ਦੂਜੇ ਸੂਬਿਆਂ ਦੀਆਂ ਸਰਕਾਰਾਂ ਨਾਲ ਵੀ ਗੱਲ ਕਰਾਂਗੇ ਅਤੇ ਸਖ਼ਤ ਤੋਂ ਸਖ਼ਤ ਕਾਨੂੰਨ ਬਣਾ ਕੇ ਇਸਨੂੰ ਖ਼ਤਮ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗੇ।''

ਉੱਧਰ ਹਿਮਾਚਲ ਪ੍ਰਦੇਸ਼ 'ਚ ਤੇਜ਼ੀ ਨਾਲ ਡਰੱਗ ਮਾਫ਼ੀਆ ਦੇ ਵਧ ਰਹੇ ਮਾਮਲਿਆਂ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਹਿਮਾਚਲ ਪ੍ਰਦੇਸ਼ ਹਾਈ ਕੋਰਟ ਨੇ ਵੀ ਚਿੰਤਾ ਜ਼ਾਹਿਰ ਕੀਤੀ ਹੈ।

ਕੋਰਟ ਨੇ ਨਸ਼ਿਆਂ ਨਾਲ ਜੁੜੀਆਂ ਚੀਜ਼ਾਂ ਦੇ ਵਪਾਰ 'ਤੇ ਰੋਕ ਲਗਾਉਣ ਲਈ ਸੂਬਾ ਸਰਕਾਰ ਨੂੰ ਕੁਝ ਸੁਝਾਅ ਦਿੱਤੇ ਹਨ।

ਹਿਮਾਚਲ 'ਚ ਤਸਕਰਾਂ ਦਾ ਨੈੱਟਵਰਕ

ਸਰਕਾਰ, ਪੁਲਿਸ ਅਤੇ ਕਾਨੂੰਨ ਭਾਵੇਂ ਹੀ ਸਖ਼ਤ ਹੋਵੇ ਪਰ ਸੱਚਾਈ ਇਹ ਵੀ ਹੈ ਕਿ ਹਿਮਾਚਲ ਪ੍ਰਦੇਸ਼ 'ਚ ਕੋਈ ਵੱਡਾ ਮੁੜ-ਵਸੇਬਾ ਸੈਂਟਰ ਨਾ ਹੋਣ ਕਾਰਨ ਨਸ਼ੇ ਦੇ ਸ਼ਿਕਾਰ ਨੌਜਵਾਨਾਂ ਨੂੰ ਸਹੀ ਰਾਹ 'ਤੇ ਲਿਆਉਣਾ ਵੀ ਇੱਕ ਵੱਡੀ ਚੁਣੌਤੀ ਹੈ

ਜਦੋਂ ਇਹ ਹੀ ਸਵਾਲ ਮੁੱਖ ਮੰਤਰੀ ਨੂੰ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਇਸ 'ਤੇ ਤੇਜ਼ੀ ਨਾਲ ਕੰਮ ਕਰ ਰਹੀ ਹੈ ਅਤੇ ਇਸ ਨਾਲ ਕਿਵੇਂ ਕਾਰਗਰ ਢੰਗ ਨਾਲ ਨਜਿੱਠਿਆ ਜਾਵੇ, ਇਸ ਲਈ ਯੋਜਨਾ ਬਣਾਈ ਜਾ ਰਹੀ ਹੈ।

ਸਰਕਾਰ ਅਤੇ ਪੁਲਿਸ ਦਾ ਦਾਅਵਾ ਭਾਵੇਂ ਮਜ਼ਬੂਤ ਹੋਵੇ, ਪਰ ਰੋਜ਼ਾਨਾ ਕਿਤੇ ਨਾ ਕਿਤੇ ਚਿੱਟਾ ਅਤੇ ਦੂਜੇ ਨਸ਼ਿਆਂ ਦੇ ਤਸਕਰਾਂ ਨੂੰ ਫੜਿਆ ਜਾਣਾ ਵੀ ਇਸ ਗੱਲ ਦਾ ਸਬੂਤ ਹੈ ਕਿ ਹਿਮਾਚਲ 'ਚ ਇਨ੍ਹਾਂ ਦਾ ਨੈੱਟਵਰਕ ਕਿੰਨਾ ਮਜ਼ਬੂਤ ਹੈ।

ਸ਼ਾਇਦ ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)