You’re viewing a text-only version of this website that uses less data. View the main version of the website including all images and videos.
ਨੌਜਵਾਨ ਨੂੰ ਨਸ਼ੇ ਦੇ ਦੈਂਤ ਤੋਂ 'ਬਚਾਉਣ ਵਾਲੇ' ਦੋਸਤ
- ਲੇਖਕ, ਰਵਿੰਦਰ ਸਿੰਘ ਰੌਬਿਨ
- ਰੋਲ, ਬੀਬੀਸੀ ਪੰਜਾਬੀ ਲਈ
ਪੂਰਾ ਪੰਜਾਬ ਅੱਜ ਨਸ਼ੇ ਦੇ ਸੰਕਟ ਨਾਲ ਜੂਝ ਰਿਹਾ ਹੈ ਅਤੇ ਇਸ ਵਿਚਾਲੇ ਡਰੱਗ ਦੇ ਜਾਲ ਵਿੱਚ 23 ਸਾਲਾ ਹਰਬਿੰਦਰ ਸਿੰਘ (ਬਦਲਿਆ ਹੋਇਆ ਨਾਮ) ਨੂੰ 24 ਦੋਸਤਾਂ ਦੇ ਇੱਕ ਗਰੁੱਪ 'ਟ੍ਰਿਪਲ ਸਟਾਰ' ਨੇ ਇਸ ਦਲਦਲ ਵਿਚੋਂ ਬਾਹਰ ਨਿਕਲਣ ਲਈ ਮਦਦ ਕੀਤੀ।
ਹਰਬਿੰਦਰ ਸਿੰਘ ਨੂੰ ਬਚਪਨ ਵਿੱਚ ਹੀ ਉਨ੍ਹਾਂ ਦੇ ਕਿਸੇ ਕਰੀਬੀ ਰਿਸ਼ਤੇਦਾਰ ਨੇ ਨਸ਼ੇ ਦੀ ਲਤ ਲਾ ਦਿੱਤੀ ਸੀ। ਫਿਲਹਾਲ ਉਸ ਦੇ ਪਰਿਵਾਰ ਨੇ ਉਸ ਨੂੰ ਇੱਕ ਸਰਕਾਰੀ ਨਸ਼ਾ ਛੁਡਾਉ ਕੇਂਦਰ ਵਿੱਚ ਭਰਤੀ ਕਰਵਾਇਆ ਹੈ।
ਕਿਰਸਾਨੀ ਪਰਿਵਾਰ ਨਾਲ ਸੰਬੰਧਤ ਹਰਬਿੰਦਰ ਨੂੰ ਉਸ ਦੇ ਮਾਪਿਆਂ ਨੇ ਛੋਟੀ ਉਮਰ ਵਿੱਚ ਉਸ ਦੇ ਮਾਮੇ ਨਾਲ ਸਹਾਇਕ ਵਜੋਂ ਟਰੱਕਾਂ 'ਤੇ ਭੇਜ ਦਿੱਤਾ ਸੀ।
ਉਸ ਦੇ ਇੱਕ ਰਿਸ਼ਤੇਦਾਰ ਨੇ ਇੱਕ ਵਾਰ ਉਸ ਨੂੰ ਹੈਰੋਇਨ ਦੀ ਪੇਸ਼ਕਸ਼ ਕੀਤੀ, ਜੋ ਉਸ ਨੂੰ ਕਾਫੀ ਪਸੰਦ ਆਈ। ਹੌਲੀ-ਹੌਲੀ ਉਸ ਦੀ ਲਤ ਉਸ ਨੂੰ ਇਸ ਤਰ੍ਹਾਂ ਲੱਗ ਗਈ ਕਿ ਉਹ ਅੱਧੀ ਰਾਤ ਨੂੰ ਉਠ ਖੜ੍ਹਦਾ ਅਤੇ ਉਸ ਰਿਸ਼ਤੇਦਾਰ ਕੋਲੋਂ ਡਰੱਗ ਲੈਣ ਚਲਾ ਜਾਂਦਾ।
ਜਿਸ ਰਿਸ਼ਤੇਦਾਰ ਨੇ ਪਹਿਲਾਂ ਮੁਫ਼ਤ ਨਸ਼ਾ ਦਿੱਤਾ ਸੀ, ਉਸ ਨੇ ਬਾਅਦ ਵਿੱਚ ਉਸ ਦੇ ਇੱਕ ਡੋਜ਼ ਲਈ 500 ਰੁਪਏ ਲੈਣੇ ਸ਼ੁਰੂ ਕਰ ਦਿੱਤੇ।
ਹਰਬਿੰਦਰ ਨੇ ਬੀਬੀਸੀ ਨਾਲ ਗੱਲ ਕਰਦਿਆਂ ਦੱਸਿਆ, "ਦਸਵੀਂ ਪਾਸ ਕਰਨ ਤੋਂ ਬਾਅਦ ਮੈਂ ਛੇਤੀ ਹੀ ਡਰੱਗ ਲੈਣ ਲੱਗਾ ਅਤੇ ਰੋਜ਼ ਲੈਂਦਾ ਸੀ। ਮੈਂ ਚੋਰੀ ਕੀਤੀ ਅਤੇ ਟਰੱਕ ਚਲਾਉਣਾ ਵੀ ਛੱਡ ਦਿੱਤਾ। ਮੈਂ ਟਰੱਕ 'ਤੇ ਪੂਰਾ ਭਾਰਤ ਘੁੰਮਿਆ ਹਾਂ ਅਤੇ ਰਾਜਸਥਾਨ ਵਿੱਚ ਡਰਾਈਵਿੰਗ ਕਰਦਿਆਂ ਮੈਂ ਭੁੱਕੀ ਲੈਣੀ ਸ਼ੁਰੂ ਕੀਤੀ।"
ਮਦਦ ਲਈ ਆਏ ਦੋਸਤ
ਉਸ ਨੇ ਅੱਗੇ ਦੱਸਿਆ, "ਡਰਾਈਵਿੰਗ ਦੌਰਾਨ ਹੀ ਮੈਂ 'ਟ੍ਰਿਪਲ ਸਟਾਰ' ਨਾਲ ਜਾਣੇ ਜਾਂਦੇ ਦੋਸਤਾਂ ਦੇ ਇੱਕ ਗਰੁੱਪ ਦੇ ਸੰਪਰਕ ਵਿੱਚ ਆਇਆ ਅਤੇ ਉਨ੍ਹਾਂ ਨੇ ਮੈਨੂੰ ਡਰੱਗ ਲੈਣ ਤੋਂ ਵਰਜਿਆ।"
ਉਸ ਨੇ ਆਪਣੀ ਗਰਦਨ ਦੇ ਬਣੇ ਤਿੰਨ ਸਿਤਾਰਿਆਂ ਵਾਲੇ ਟੈਟੂ ਨੂੰ ਦਿਖਾਇਆ, ਜੋ ਗਰੁੱਪ ਦੇ 24 ਦੋਸਤਾਂ ਦੀ ਗਰਦਨ 'ਤੇ ਵੀ ਸੀ। ਜਦੋਂ ਉਸ ਦੇ ਦੋਸਤਾਂ ਨੂੰ ਪਤਾ ਲੱਗਿਆ ਉਹ ਨਸ਼ੇ ਕਰਨ ਲੱਗਾ ਹੈ ਤਾਂ ਉਨ੍ਹਾਂ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ।
ਹਰਬਿੰਦਰ ਨੇ ਦੱਸਿਆ, "ਮੈਨੂੰ ਉਨ੍ਹਾਂ ਨਾਲ ਨਫ਼ਰਤ ਹੋਣ ਲੱਗੀ ਅਤੇ ਮੈਂ ਡਰਾਈਵਿੰਗ ਛੱਡ ਕੇ ਰੋਜ਼ਾਨਾ ਹੈਰੋਇਨ ਲੈਣ ਲੱਗਾ।"
ਉਸ ਨੇ ਦੱਸਿਆ ਇਸ ਨਸ਼ੇ ਲੈਣ ਦੇ ਮਾੜੇ ਸਿੱਟੇ ਕੁਝ ਮਹੀਨੇ ਪਹਿਲਾਂ ਉਸ ਦੇ ਸਾਹਮਣੇ ਉਦੋਂ ਆਏ ਜਦੋਂ ਉਸ ਨੇ ਆਪਣੀ ਮਾਂ 'ਤੇ ਹਮਲਾ ਕੀਤਾ ਤੇ ਉਸ ਨੂੰ ਕੁੱਟਿਆ।
ਉਸ ਦੇ ਮੁਤਾਬਕ, "ਉਨ੍ਹਾਂ ਨੇ ਮੈਨੂੰ ਡਰੱਗ ਖਰੀਦਣ ਲਈ ਪੈਸੇ ਦੇਣ ਤੋਂ ਮਨ੍ਹਾਂ ਕਰ ਦਿੱਤਾ ਸੀ। ਮੈਨੂੰ ਤਾਂ ਇਹ ਵੀ ਯਾਦ ਨਹੀਂ ਕਿ ਮੈਂ ਕਦੋਂ ਉਨ੍ਹਾਂ ਨੂੰ ਕੁੱਟਿਆ ਅਤੇ ਉਨ੍ਹਾਂ ਦੀ ਬਾਂਹ ਟੁੱਟ ਗਈ। ਮੈਨੂੰ ਸਵੇਰੇ ਉਠ ਕੇ ਪਤਾ ਲੱਗਾ ਮੈਂ ਉਨ੍ਹਾਂ 'ਤੇ ਰਾਤ ਨੂੰ ਹਮਲਾ ਕੀਤਾ ਸੀ ਅਤੇ ਮੇਰਾ ਰੋਣਾ ਨਿਕਲ ਆਇਆ।"
"ਇਸ ਤੋਂ ਬਾਅਦ 'ਟ੍ਰਿਪਲ ਸਟਾਰ' ਗਰੁੱਪ ਦੇ ਦੋਸਤ ਮੇਰੀ ਮਦਦ ਲਈ ਆਏ ਅਤੇ ਉਨ੍ਹਾਂ ਨੇ ਮੈਨੂੰ ਕਿਹਾ ਕਿ ਮੈਨੂੰ ਇਲਾਜ ਦੀ ਲੋੜ ਹੈ। ਉਹ ਸਾਰੇ 24 ਦੋਸਤ ਮੇਰੀ ਮਦਦ ਕਰਨ ਲੱਗੇ।"
ਹਰਬਿੰਦਰ ਨੇ ਕਿਹਾ, "ਮੇਰੀ ਜੋ ਅੱਜ ਹਾਲਤ ਹੈ ਮੈਂ ਤਾਂ ਆਪਣਾ ਇਲਾਜ ਵੀ ਨਹੀਂ ਕਰਵਾ ਸਕਦਾ। ਮੈਂ ਉਨ੍ਹਾਂ ਦੀ ਮਦਦ ਨਾਲ ਹੀ ਇਲਾਜ ਕਰਵਾ ਰਿਹਾ ਹਾਂ ਅਤੇ ਆਸ ਹੈ ਕਿ ਮੈਂ ਜਲਦੀ ਹੀ ਠੀਕ ਹੋ ਜਾਵਾਂਗਾ।"
ਇਨ੍ਹਾਂ ਤੋਂ ਇਲਾਵਾ ਅੰਮ੍ਰਿਤਸਰ ਤੋਂ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਅਤੇ ਡਿਪਟੀ ਕਮਿਸ਼ਨਰ ਕੇਐਸ ਸੰਘਾ ਨੇ ਵੀ ਮਦਦ ਦੀ ਪੇਸ਼ਕਸ਼ ਕੀਤੀ।
ਔਜਲਾ ਨੇ ਕਿਹਾ, "ਮੈਂ ਉਸ ਦੀ ਆਰਥਿਕ ਪੱਖੋਂ ਅਤੇ ਹੋਰਨਾਂ ਪੱਖੋਂ ਮਦਦ ਕਰਨਾ ਚਾਹੁੰਦਾ ਹਾਂ ਅਤੇ ਉਸ ਦੇ ਇਲਾਜ ਦਾ ਖਰਚਾ ਮੈਂ ਆਪਣੀ ਜੇਬ ਤੋਂ ਭਰਨਾ ਚਾਹੁੰਦਾ ਹਾਂ। ਇਸ ਦੀ ਕਹਾਣੀ ਉਨ੍ਹਾਂ ਨੌਜਵਾਨਾਂ ਵਿਚੋਂ ਇੱਕ ਹੈ ਜਿਨ੍ਹਾਂ ਨੂੰ ਨਸ਼ੇ ਦੇ ਜਾਲ ਵਿੱਚ ਫਸਾਇਆ ਗਿਆ ਹੈ।"
ਸੰਘਾ ਦੀ ਕਹਿਣਾ ਹੈ, "ਜ਼ਿਲ੍ਹਾ ਪ੍ਰਸ਼ਾਸਨ ਉਸ ਨੂੰ ਨਸ਼ੇ ਦੇ ਜਾਲ ਵਿਚੋਂ ਬਾਹਰ ਕੱਢਣ ਲਈ ਮਦਦ ਕਰੇਗਾ।"
ਉਨ੍ਹਾਂ 24 ਦੋਸਤਾਂ ਦੇ ਗਰੁੱਪ ਵਿਚੋਂ ਉਸ ਦੇ ਇੱਕ ਦੋਸਤ ਸਤਨਾਮ ਸਿੰਘ (ਬਦਲਿਆਂ ਹੋਇਆ ਨਾਮ) ਨੇ ਦੱਸਿਆ ਕਿ ਹਰਬਿੰਦਰ ਸਿੰਘ ਤੋਂ ਇਲਾਵਾ ਉਨ੍ਹਾਂ ਵਿਚੋਂ ਹੋਰ ਕਿਸੇ ਨੇ ਕਦੇ ਡਰੱਗ ਨਹੀਂ ਲਿਆ।
ਉਹ ਆਪਣੇ ਦੋਸਤ ਨੂੰ ਇਸ ਹਾਲ ਵਿੱਚ ਨਹੀਂ ਦੇਖ ਸਕਦੇ ਇਸ ਲਈ ਉਹ ਉਸ ਦੇ ਇਲਾਜ ਲਈ ਪੈਸਾ ਵੀ ਇਕੱਠਾ ਕਰ ਰਹੇ ਹਨ।
ਉਸ ਦੇ ਇੱਕ ਹੋਰ ਦੋਸਤ ਨੇ ਕਿਹਾ ਕਿ ਉਹ ਉਸ ਨੂੰ ਇਸ ਦਲਦਲ ਵਿਚੋਂ ਬਾਹਰ ਕੱਢ ਕੇ ਰਹਿਣਗੇ।