ਏਸ਼ੀਅਨ ਗੇਮਜ਼: ਅਰਪਿੰਦਰ ਦੀ ਜਿੱਤ ਨੂੰ ਪਿਤਾ ਨੇ ਸੁਨਹਿਰੀ ਅੱਖਰਾਂ 'ਚ ਇੰਜ ਸਜਾਇਆ

    • ਲੇਖਕ, ਰਵਿੰਦਰ ਸਿੰਘ ਰੋਬਿਨ
    • ਰੋਲ, ਬੀਬੀਸੀ ਪੰਜਾਬੀ ਦੇ ਲਈ

ਜਗਬੀਰ ਸਿੰਘ ਦੇ ਘਰ ਦੇ ਬਾਹਰ ਹੁਣ ਉਨ੍ਹਾਂ ਦਾ ਨਾਂ ਨਹੀਂ ਲਿਖਿਆ ਹੋਇਆ। ਨੇਮ ਪਲੇਟ ਉੱਤੇ ਹੁਣ ਸੁਨਹਿਰੀ ਅੱਖਰਾਂ ਵਿੱਚ ਦਰਜ ਹੈ ਪੁੱਤਰ ਅਰਪਿੰਦਰ ਸਿੰਘ ਦਾ ਨਾਂ 'ਤੇ ਉਸ ਦੀ ਸਫਲਤਾ।

ਅਰਪਿੰਦਰ ਨੇ ਇੰਡੋਨੇਸ਼ੀਆ ਵਿੱਚ ਹੋ ਰਹੀਆਂ ਏਸ਼ੀਆਈ ਖੇਡਾਂ ਵਿੱਚ ਭਾਰਤ ਲਈ 48 ਸਾਲਾਂ ਬਾਅਦ ਟ੍ਰਿਪਲ ਜੰਪ 'ਚ ਸੋਨ ਤਗਮਾ ਜਿੱਤਿਆ ਹੈ।

ਇਹ ਵੀ ਪੜ੍ਹੋ:

ਅੰਮ੍ਰਿਤਸਰ ਤੋਂ 20 ਕਿਲੋਮੀਟਰ ਦੂਰ ਪਿੰਡ ਹੈ ਹਰਸਾ ਛੀਨਾ ਉੱਚਾ ਕਿਲਾ, ਜੋ ਕਿ ਹੁਣ ਅਰਪਿੰਦਰ ਨਾਲ ਖੁਸ਼ੀ ਸਾਂਝੀ ਕਰਨ ਦੀ ਉਡੀਕ ਕਰ ਰਿਹਾ ਹੈ। ਪਿਤਾ ਜਗਬੀਰ ਸਿੰਘ ਦੇ ਮੋਬਾਈਲ ਫੋਨ ਦੀ ਘੰਟੀ ਬੁੱਧਵਾਰ ਤੋਂ ਹੀ ਵੱਜਣੀ ਬੰਦ ਨਹੀਂ ਹੋ ਰਹੀ। ਲੋਕ ਘਰ ਆ ਕੇ ਵੀ ਵਧਾਈ ਦੇ ਰਹੇ ਹਨ।

ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਟਵਿੱਟਰ ਉੱਤੇ ਇੱਕ ਸੰਦੇਸ਼ ਰਾਹੀਂ ਖੁਸ਼ੀ ਜ਼ਾਹਿਰ ਕੀਤੀ ਹੈ।

ਕੀ ਕਿਹਾ ਕੈਪਟਨ ਅਮਰਿੰਦਰ ਸਿੰਘ ਨੇ:

ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰਕੇ ਇਸ ਨੂੰ ਪੰਜਾਬੀਆਂ ਲਈ ਮਾਣ ਵਾਲੀ ਗੱਲ ਆਖੀ ਹੈ ਅਤੇ ਅਰਪਿੰਦਰ ਸਿੰਘ ਦੀ ਹੌਸਲਾ ਅਫਜ਼ਾਈ ਕੀਤੀ ਹੈ।

ਫੌਜ ਦੇ ਸੇਵਾਮੁਕਤ ਹੌਲਦਾਰ ਜਗਬੀਰ ਸਿੰਘ ਇੱਕ ਮੱਧ-ਵਰਗੀ ਕਿਸਾਨ ਹਨ। ਬੀਬੀਸੀ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੇ ਦੱਸਿਆ, "ਅਰਪਿੰਦਰ ਸੜਕ ਉੱਤੇ ਦੌੜ ਕੇ ਅੰਮ੍ਰਿਤਸਰ ਤੱਕ ਜਾਂਦਾ ਸੀ, ਅਭਿਆਸ ਵਜੋਂ ਝੋਨੇ ਲਈ ਤਿਆਰ ਕੀਤੇ ਪਾਣੀ ਨਾਲ ਭਰੇ ਖੇਤਾਂ ਵਿੱਚ ਦੌੜ ਲਗਾਉਂਦਾ ਸੀ।"

ਦੌੜਾਕ ਵਜੋਂ ਸ਼ੁਰੂਆਤ

ਅਰਪਿੰਦਰ ਦਾ ਇੱਕ ਵੱਡਾ ਭਰਾ ਅਤੇ ਇੱਕ ਛੋਟੀ ਭੈਣ ਹੈ।

ਪਿਤਾ ਜਗਬੀਰ ਸਿੰਘ ਨੇ ਦੱਸਿਆ, "ਅਰਪਿੰਦਰ ਪੜ੍ਹਾਈ ਵਿੱਚ ਕਮਜ਼ੋਰ ਜ਼ਰੂਰ ਸੀ ਪਰ ਖੇਡਾਂ ਵਿੱਚ ਚੰਗਾ ਸੀ। ਮੈਂ ਸੋਚਿਆ ਇਸ ਨੂੰ ਦੌੜਨ ਦੀ ਆਦਤ ਹੀ ਪਾ ਦੇਈਏ। ਅਭਿਆਸ ਸਵੇਰੇ 4 ਵਜੇ ਤੋਂ ਸ਼ੁਰੂ ਹੋ ਜਾਂਦਾ ਸੀ। ਅਰਪਿੰਦਰ ਕਈ ਵਾਰ ਮੇਰੇ ਨਾਲ ਨਾਰਾਜ਼ ਵੀ ਹੁੰਦਾ ਸੀ ਕਿ ਮੈਂ ਉਸ ਨੂੰ ਸੌਣ ਨਹੀਂ ਦਿੰਦਾ।"

ਇਹ ਪੁੱਛਣ 'ਤੇ ਕਿ ਉਨ੍ਹਾਂ ਨੇ ਮਸ਼ਹੂਰ ਖੇਡ ਕ੍ਰਿਕਟ ਜਾਂ ਹਾਕੀ ਨੂੰ ਕਿਉਂ ਨਹੀਂ ਚੁਣਿਆ, ਜਗਬੀਰ ਨੇ ਕਿਹਾ, "ਉਨ੍ਹਾਂ ਖੇਡਾਂ ਵਿੱਚ ਇੱਕ ਸਮੇਂ ਇੱਕ ਖਿਡਾਰੀ ਦਾ ਹੀ ਪੂਰਾ ਜ਼ੋਰ ਲੱਗ ਰਿਹਾ ਹੁੰਦਾ ਹੈ। ਉਹ ਖੇਡ ਮਹਿੰਗੇ ਵੀ ਹਨ।"

ਪਰ ਅਰਪਿੰਦਰ ਦੌੜਾਕ ਨਹੀਂ ਬਣ ਸਕਿਆ। ਇੱਕ ਵਾਰ ਦੌੜਦੇ ਹੋਏ ਡਿੱਗਣ 'ਤੇ ਸੱਟ ਲੱਗਣ ਤੋਂ ਬਾਅਦ ਪਿਤਾ ਨੇ ਅਰਪਿੰਦਰ ਨੂੰ ਕੋਚ ਕੋਲ ਲੈ ਕੇ ਜਾਣ ਦਾ ਹੀਲਾ ਕੀਤਾ। ਅੰਮ੍ਰਿਤਸਰ ਦੇ ਗੁਰੂ ਨਾਨਕ ਸਟੇਡੀਅਮ ਵਿੱਚ ਕੋਚ ਸੁਖਰਾਜ ਸਿੰਘ ਸਰਕਾਰੀਆ ਨੇ ਉਨ੍ਹਾਂ ਨੇ ਦੱਸਿਆ ਕਿ ਅਰਪਿੰਦਰ ਦੀਆਂ ਲੱਤਾਂ ਦੀ ਬਣਤਰ ਦੌੜਾਕ ਬਣਨ ਲਈ ਠੀਕ ਨਹੀਂ ਸੀ। "ਉਨ੍ਹਾਂ ਨੇ ਜੰਪ ਵਿੱਚ ਭਾਗ ਲੈਣ ਦੀ ਸਲਾਹ ਦਿੱਤੀ।"

ਉਸ ਸਲਾਹ ਵੇਲੇ ਅਰਪਿੰਦਰ ਦੀ ਉਮਰ 13 ਸਾਲ ਸੀ ਹੁਣ 25 ਸਾਲ ਦੇ ਅਰਪਿੰਦਰ ਦੇ ਪਿਤਾ ਨੇ ਉਸ ਨੂੰ ਜਲੰਧਰ ਸਪੋਰਟਸ ਸਕੂਲ ਭੇਜਿਆ ਅਤੇ ਫਿਰ ਉਨ੍ਹਾਂ ਨੇ ਪਟਿਆਲਾ ਅਤੇ ਕੇਰਲ ਵਿੱਚ ਟ੍ਰੇਨਿੰਗ ਹਾਸਲ ਕੀਤੀ।

ਇਹ ਵੀ ਪੜ੍ਹੋ:

ਜਗਬੀਰ ਮੁਤਾਬਕ ਪਿੰਡ ਵਿੱਚ ਸਹੂਲਤਾਂ ਵਜੋਂ ਸਿਰਫ ਕੁਝ ਪ੍ਰਾਇਮਰੀ ਸਕੂਲ ਹੀ ਹਨ।

ਮੁਸ਼ਕਿਲਾਂ ਤੋਂ ਪਾਰ

ਪਿਤਾ ਅੱਗੇ ਕਹਿੰਦੇ ਹਨ ਕਿ ਅਰਪਿੰਦਰ ਦੀ ਕਾਮਯਾਬੀ ਦੇ ਪਿੱਛੇ ਵੱਡਾ ਕਾਰਨ ਹੈ ਪਰਿਵਾਰ ਦਾ ਸਹਿਯੋਗ। ਪਰਿਵਾਰ ਦੇ ਮਾਲੀ ਹਾਲਾਤ ਚੰਗੇ ਨਹੀਂ ਸਨ। ਉਨ੍ਹਾਂ ਨੇ ਅੱਗੇ ਦੱਸਿਆ, "ਮੇਰੀ 8000 ਰੁਪਏ ਪੈਨਸ਼ਨ ਸੀ ਤੇ ਸਾਡੀ 2 ਏਕੜ ਜ਼ਮੀਨ ਤੋਂ ਕੁਝ ਪੈਸੇ ਆਉਂਦੇ ਸਨ। ਅਰਪਿੰਦਰ ਨੂੰ ਇਟਲੀ ਇੱਕ ਟੂਰਨਾਮੈਂਟ ਵਿੱਚ ਭਾਗ ਲੈਣ ਲਈ ਭੇਜਣ ਵੇਲੇ ਅਤੇ ਉਸ ਤੋਂ ਬਾਅਦ ਵੀ ਮੈਨੂੰ ਕਰਜ਼ਾ ਲੈਣਾ ਪਿਆ।"

ਕਰਜ਼ਾ 2004 ਤੱਕ 4 ਲੱਖ ਹੋ ਗਿਆ ਸੀ ਪਰ ਪੰਜਾਬ ਸਰਕਾਰ ਤੋਂ 6 ਲੱਖ ਰੁਪਏ ਦੀ ਮਦਦ ਤੋਂ ਬਾਅਦ ਉਨ੍ਹਾਂ ਨੇ ਇਹ ਉਤਾਰ ਦਿੱਤਾ। ਅਰਪਿੰਦਰ ਹੁਣ ਓਐਨਜੀਸੀ ਵਿਚ ਨੌਕਰੀ ਕਰ ਰਹੇ ਹਨ ਜੋ ਕਿ ਉਨ੍ਹਾਂ ਨੂੰ ਸਪੋਰਟਸ ਕੋਟੇ ਵਿੱਚ ਮਿਲੀ ਸੀ। ਪਿਤਾ ਕਹਿੰਦੇ ਹਨ ਕਿ ਹੁਣ ਜ਼ਮੀਨ ਠੇਕੇ ਉੱਤੇ ਦਿੱਤੀ ਹੋਈ ਹੈ ਅਤੇ ਉਹ ਪੈਸੇ ਵੱਲੋਂ ਕਾਫੀ ਸੰਤੁਸ਼ਟ ਹਨ। ਉਨ੍ਹਾਂ ਕੋਲ ਇੱਕ 400 ਗਜ ਦਾ ਘਰ ਤੇ ਦੋ ਕਾਰਾਂ ਹਨ।

ਅਰਪਿੰਦਰ ਕੌਮੀ ਪੱਧਰ 'ਤੇ ਇਸ ਵੇਲੇ ਪੰਜਾਬ ਲਈ ਨਹੀਂ ਸਗੋਂ ਹਰਿਆਣਾ ਵੱਲੋਂ ਖੇਡਦੇ ਹਨ। ਇਸਦਾ ਕਾਰਨ ਪੁੱਛੇ ਜਾਣ 'ਤੇ ਅਰਪਿੰਦਰ ਨੇ ਕੁਝ ਮਹੀਨੇ ਪਹਿਲਾਂ ਬੀਬੀਸੀ ਨੂੰ ਦੱਸਿਆ ਸੀ, "ਮੈਂ 9 ਸਾਲ ਪੰਜਾਬ ਵੱਲੋਂ ਖੇਡਿਆ ਪਰ ਮੈਨੂੰ ਕੁਝ ਵੀ ਹਾਸਲ ਨਹੀਂ ਹੋਇਆ। ਇਸ ਲਈ 2017 ਤੋਂ ਮੈਂ ਹਰਿਆਣਾ ਵੱਲੋਂ ਖੇਡਣਾ ਸ਼ੁਰੂ ਕਰ ਦਿੱਤਾ ਹੈ। ਉਦੋਂ ਤੋਂ ਪੈਸੇ ਦੇ ਨਾਲ ਹੀ ਮਾਣ-ਸਨਮਾਨ ਵੀ ਮਿਲਣ ਲੱਗਾ।"

ਪਿਤਾ ਜਗਬੀਰ ਸਿੰਘ ਨੇ ਹਰਿਆਣਾ ਵੱਲੋਂ ਖੇਡਣ ਨੂੰ ਵੱਡਾ ਮੁੱਦਾ ਨਹੀਂ ਸਮਝਿਆ, ਹੱਸ ਕੇ ਕਿਹਾ, "ਅਸੀਂ ਸਾਰੇ ਭਾਰਤੀ ਹੀ ਤਾਂ ਹਾਂ।"

ਭਾਰਤ ਲਈ ਟ੍ਰਿਪਲ ਜੰਪ ਵਿੱਚ ਏਸ਼ੀਆਈ ਖੇਡਾਂ ਵਿੱਚ ਗੋਲਡ ਮੈਡਲ ਇਸ ਤੋਂ ਪਹਿਲਾਂ 1970 ਵਿੱਚ ਪੰਜਾਬ ਦੇ ਹੀ ਮਹਿੰਦਰ ਸਿੰਘ ਗਿੱਲ ਨੇ ਜਿੱਤਿਆ ਸੀ। ਪਿਤਾ ਮੁਤਾਬਕ ਗਿੱਲ, ਜੋ ਕਿ ਹੁਣ ਅਮਰੀਕਾ ਵਿੱਚ ਰਹਿੰਦੇ ਹਨ, ਨਾਲ ਅਰਪਿੰਦਰ ਦਾ ਰਾਬਤਾ ਰਹਿੰਦਾ ਹੈ। ਉਨ੍ਹਾਂ ਨੇ ਕਿਹਾ ਕਿ ਗਿੱਲ ਨੇ ਅਰਪਿੰਦਰ ਨੂੰ ਵਾਅਦਾ ਕੀਤਾ ਸੀ ਕਿ ਗੋਲਡ ਮੈਡਲ ਜਿੱਤਣ 'ਤੇ ਉਸਨੂੰ ਆਪਣੇ ਵੱਲੋਂ ਬਣਾ ਰਹੀ ਇੱਕ ਫਿਲਮ ਵਿੱਚ ਰੋਲ ਦੇਣਗੇ।

ਦਿੱਲੀ ਪਹੁੰਚਣ ਤੇ ਅਰਪਿੰਦਰ ਦਾ ਨਿੱਘਾ ਸਵਾਗਤ ਹੋਇਆ। ਆਪਣੇ ਇਸ ਸਵਾਗਤ ਤੋਂ ਅਰਪਿੰਦਰ ਕਾਫ਼ੀ ਖੁਸ਼ ਨਜ਼ਰ ਆਏ। ਅਰਪਿੰਦਰ ਨੇ ਕਿਹਾ, "ਮੈਨੂੰ ਉਮੀਦ ਸੀ ਕਿ ਮੈਡਲ ਜ਼ਰੂਰ ਆਵੇਗਾ। ਅਸੀਂ ਕੇਰਲ ਵਿੱਚ ਲੱਗੇ ਕੈਂਪ ਵਿੱਚ ਕਾਫ਼ੀ ਮਿਹਨਤ ਕੀਤੀ ਸੀ। ਅੱਗੇ ਮੇਰਾ ਟੀਚਾ ਏਸ਼ੀਅਨ ਟਰੈਕ ਐਂਡ ਫੀਲਡ ਇਵੈਂਟ ਅਤੇ ਵਿਸ਼ਵ ਚੈਂਪੀਅਨਸ਼ਿਪ ਵਿੱਚ ਕਾਮਯਾਬੀ ਹਾਸਿਲ ਕਰਨਾ ਹੈ।''

ਹੁਣ ਘਰ ਅਰਪਿੰਦਰ ਦੇ ਆਉਣ ਦੀ ਉਡੀਕ ਕਰ ਰਿਹਾ ਹੈ। ਮਾਂ ਹਰਮੀਤ ਕੌਰ ਨੇ ਕਿਹਾ, "ਅਸੀਂ ਸਾਰਾ ਪਰਿਵਾਰ ਉਸ ਦੀ ਜਿੱਤ ਤੋਂ ਬਾਅਦ ਗੁਰਦੁਆਰੇ ਮੱਥਾ ਵੀ ਟੇਕ ਕੇ ਆਏ ਹਾਂ।"

ਭੈਣ ਲਈ ਤੋਹਫ਼ਾ

ਪਿਤਾ ਮੁਤਾਬਕ ਅਰਪਿੰਦਰ ਨੂੰ ਹੁਣ ਸਭ ਤੋਂ ਵੱਡਾ ਫਿਕਰ ਹੈ ਭੈਣ ਦਾ ਚੰਗੇ ਘਰ ਵਿੱਚ ਵਿਆਹ ਕਰਨਾ। ਉਨ੍ਹਾਂ ਦੱਸਿਆ, "ਅਰਪਿੰਦਰ ਨੇ ਮੈਨੂੰ ਕਿਹਾ ਹੈ ਕਿ ਉਸਨੂੰ ਇਨਾਮ ਵਜੋਂ ਇੱਕ ਕਾਰ ਮਿਲੇਗੀ ਜੋ ਉਹ ਆਪਣੀ ਭੈਣ ਨੂੰ ਦੇਵੇਗਾ। ਜਿਹੜਾ ਪੈਸਾ ਮਿਲੇਗਾ ਉਸ ਨੂੰ ਭੈਣ ਦੇ ਵਿਆਹ ਵਿੱਚ ਲਾਉਣਾ ਚਾਹੁੰਦਾ ਹੈ।"

ਅਰਪਿੰਦਰ ਦੀ ਭੈਣ ਵਿਮਨਪ੍ਰੀਤ ਕੌਰ ਨੇ ਸਾਨੂੰ ਉਹ ਕੰਧ ਦਿਖਾਈ ਜਿਸ ਉੱਤੇ ਅਰਪਿੰਦਰ ਦੇ ਮੈਡਲ ਟੰਗੇ ਹੋਏ ਹਨ।

ਪਿਤਾ ਨੇ ਇੱਕ ਫੋਟੋ ਦਿਖਾਈ ਜਿਸ ਵਿੱਚ 10 ਸਾਲਾਂ ਦਾ ਅਰਪਿੰਦਰ ਪਿੰਡ ਦੀਆਂ ਖੇਡਾਂ ਵਿੱਚ ਜਿੱਤਣ ਤੋਂ ਬਾਅਦ ਖੜ੍ਹਾ ਹੈ। ਉਸ ਵੇਲੇ ਅਰਪਿੰਦਰ ਨੂੰ 100 ਰੁਪਏ ਨਕਦ ਇਨਾਮ ਮਿਲਿਆ ਸੀ। ਪਰਿਵਾਰ ਨੇ ਉਹ ਨੋਟ ਅੱਜ ਵੀ ਸਾਂਭ ਕੇ ਰੱਖਿਆ ਹੋਇਆ ਹੈ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)