You’re viewing a text-only version of this website that uses less data. View the main version of the website including all images and videos.
ਬੇਅਦਬੀ ਕਾਂਡ ਉੱਤੇ ਸਿਆਸਤ: ਅਕਾਲੀਆਂ ਦੇ ਧਰਨਿਆਂ ਤੋਂ ਬਾਅਦ ਬਾਦਲ ਨੇ ਵੀ ਤੋੜੀ ਚੁੱਪ
ਪ੍ਰਕਾਸ਼ ਸਿੰਘ ਬਾਦਲ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਕਦੇ ਵੀ ਬਹਿਬਲ ਕਲਾਂ ਮੋਰਚੇ ਵੇਲੇ ਗੋਲੀ ਚਲਾਉਣ ਦੇ ਹੁਕਮ ਨਹੀਂ ਦਿੱਤੇ ਹਨ।
ਬੇਅਦਬੀ ਮਾਮਲੇ ਵਿਚ ਚੱਲ ਰਹੀ ਸਿਆਸਤ ਉੱਤੇ ਚੁੱਪੀ ਤੋੜਦਿਆਂ ਸਾਬਕਾ ਮੁੱਖ ਮੰਤਰੀ ਨੇ ਕਿਹਾ, 'ਇਕ ਅੱਯਾਸ਼, ਚਰਿਤਰਹੀਣ, ਭ੍ਰਿਸ਼ਟ ਬੁੱਧੀ ਵਾਲੇ ਅਤੇ ਮੌਕਾ ਪ੍ਰਸਤ ਵਿਅਕਤੀ ਤੋ ਮੈਂ ਅਜਿਹੀ ਹੀ ਆਸ ਰੱਖ ਸਕਦਾ ਸੀ'।
ਆਪਣੇ ਬਿਆਨ ਵਿਚ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ ਮੁੱਖ ਮੰਤਰੀ ਦੇ ਅਹੁਦੇ ਨੂੰ ਸੱਟ ਮਾਰੀ ਹੈ।
ਕੈਪਟਨ ਅਮਰਿੰਦਰ ਸਿੰਘ ਉੱਤੇ ਪਲਟਵਾਰ ਕਰਦਿਆਂ ਬਾਦਲ ਨੇ ਕਿਹਾ, 'ਕਿੰਨੀ ਅਜੀਬ ਤੇ ਹਾਸੋਹੀਣੀ ਗੱਲ ਹੈ ਕਿ ਜੋ ਲੋਕ ਵਿਧਾਨ ਸਭਾ ਵਿਚ ਸਿੱਖੀ ਦੇ ਚੈਂਪੀਅਨ ਦਾ ਢੌਂਗ ਕਰ ਰਹੇ ਸਨ, ਉਹ 72 ਘੰਟਿਆਂ ਦੇ ਅੰਦਰ ਅੰਦਰ ਹੀ ਸਿੱਖਾਂ ਦੇ ਕਾਤਲਾਂ ਦੇ ਬੁੱਤਾਂ ਨੂੰ ਹਾਰ ਪਾਉਂਦੇ ਤੇ ਉਹਨਾਂ ਨੂੰ ਸ਼ਰਧਾਜ਼ਲੀਆਂ ਦਿੰਦੇ ਫਿਰਦੇ ਹਨ। ਉਹ ਤਾਂ ਅਪ੍ਰੇਸ਼ਨ ਬਲੂਸਟਾਰ ਕਰਵਾਉਣ ਵਾਲੀ ਆਗੁ ਨੂੰ ਵੀ "ਇੰਦਰਾ ਜੀ" ਕਹਿ ਕੇ ਸਤਿਕਾਰ ਨਾਲ ਬਲਾਉਂਦੇ ਰਹੇ ਤੇ ਉਸ ਨੂੰ ਬਲੂਸਟਾਰ ਲਈ ਕਲੀਨ ਚਿੱਟ ਵੀ ਦੇ ਗਏ।
ਪੰਜਾਬ ਭਰ 'ਚ ਅਕਾਲੀ ਧਰਨੇ
ਸ਼ਨੀਵਾਰ ਨੂੰ ਸ਼੍ਰੋਮਣੀ ਅਕਾਲੀ ਦਲ (ਬਾਦਲ) ਵੱਲੋਂ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਪੰਜਾਬ ਵਿਧਾਨ ਸਭਾ ਵਿੱਚ ਪੇਸ਼ ਕੀਤੀ ਗਈ ਜਸਟਿਸ (ਰਿਟਾ.) ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਨੂੰ ਸਿਰੇ ਤੋਂ ਖਾਰਜ ਕਰਦਿਆਂ ਰੋਸ ਮੁਜ਼ਾਹਰੇ ਕੀਤੇ।
ਜਸਟਿਸ ਰਣਜੀਤ ਸਿੰਘ ਕਮਿਸ਼ਨ ਨੇ ਪੰਜਾਬ ਵਿਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਤੇ ਬਰਗਾੜੀ ਗੋਲੀਕਾਂਡ ਦੀ ਜਾਂਚ ਕੀਤੀ ਹੈ।ਇਸ ਰਿਪੋਰਟ ਵਿਚ ਪੰਜਾਬ ਪੁਲਿਸ ਦੇ ਅਧਿਕਾਰੀਆਂ ਅਤੇ ਤਤਕਾਲੀ ਸਰਕਾਰ ਦੀ ਕਾਰਗੁਜ਼ਾਰੀ ਉੱਤੇ ਉਂਗਲੀ ਉਠਾਈ ਗਈ ਹੈ। ਇਸ ਰਿਪੋਰਟ ਨੂੰ ਵਿਧਾਨ ਸਭਾ ਵਿਚ ਪੇਸ਼ ਕੀਤਾ ਗਿਆ ਜਿਸ ਉੱਤੇ ਹੋਈ ਬਹਿਸ ਨੇ ਸਿਆਸੀ ਤੇ ਪੰਥਕ ਸਿਆਸਤ ਗਰਮਾ ਦਿੱਤੀ ਹੈ।
ਦਰਅਸਲ ਰਿਪੋਰਟ ਵਿੱਚ ਕਿਹਾ ਗਿਆ ਸੀ ਕਿ ਪੰਜਾਬ ਦੀ ਸਰਕਾਰ ਨੂੰ ਬੇਅਦਬੀ ਦੀਆਂ ਘਟਨਾਵਾਂ ਬਾਰੇ ਸੁਚੇਤ ਸੀ ਅਤੇ ਉਹ ਕੋਈ ਉਚਿਤ ਕਾਰਵਾਈ ਕਰ ਸਕਦੀ ਸੀ।
ਇਹ ਵੀ ਪੜ੍ਹੋ:
ਅੰਮ੍ਰਿਤਸਰ ਤੋਂ ਰਵਿੰਦਰ ਸਿੰਘ ਰੌਬਿਨ ਦੀ ਰਿਪੋਰਟ ਮੁਤਾਬਕ ਸੈਫੂਦੀਨ ਕਿਚਲੂ ਚੌਕ ਵਿੱਚ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਗੁਰਪ੍ਰਤਾਪ ਸਿੰਘ ਟਿੱਕਾ ਦੀ ਅਗਵਾਈ ਵਿੱਚ ਸੈਂਕੜੇ ਪ੍ਰਦਰਸ਼ਨਕਾਰੀਆਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਤੇ ਉਨ੍ਹਾਂ ਦੀ ਪਾਰਟੀ ਦੇ ਖ਼ਿਲਾਫ਼ ਲਿਖੀਆਂ ਤਖ਼ਤੀਆਂ ਫੜ੍ਹ ਕੇ ਨਾਅਰੇ ਲਗਾਏ।
ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ, ਸੁਨੀਲ ਜਾਖੜ ਅਤੇ 'ਆਪ' ਦੇ ਆਗੂ ਸੁਖਪਾਲ ਸਿੰਘ ਖਹਿਰਾ ਦੇ ਪੁਤਲੇ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ।
ਜ਼ਿਲ੍ਹਾ ਪ੍ਰਧਾਨ ਗੁਰਪ੍ਰਤਾਪ ਸਿੰਘ ਟਿੱਕਾ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਕਾਂਗਰਸ ਨੇ ਅਕਾਲੀ ਦਲ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਹਰ ਵਾਰ ਉਨ੍ਹਾਂ ਦੀਆਂ ਕੋਸ਼ਿਸ਼ਾਂ ਨਾਕਾਮ ਹੋ ਜਾਂਦੀਆਂ ਹਨ।
ਉਨ੍ਹਾਂ ਨੇ ਦਾਅਵਾ ਕੀਤਾ, "ਪੰਜਾਬ ਦੇ ਲੋਕ ਕਾਂਗਰਸ ਦੀ ਅਸਲ ਮਨਸ਼ਾ ਤੋਂ ਜਾਣੂ ਹਨ ਅਤੇ ਉਹ ਅਸਲ ਮੁੱਦਿਆਂ ਤੋਂ ਧਿਆਨ ਭਟਕਾਉਣ ਦੀ ਕੋਸ਼ਿਸ਼ ਕਰ ਰਹੇ ਹਨ।"
ਉੱਧਰ ਬਿਕਰਮ ਸਿੰਘ ਮਜੀਠੀਆ ਦੇ ਹਲਕੇ ਮਜੀਠਾ ਵਿੱਚ ਵੀ ਪਾਰਟੀ ਵਰਕਰਾਂ ਨੇ ਸਰਕਾਰ ਅਤੇ ਜਸਟਿਸ ਰਣਜੀਤ ਕਮਿਸ਼ਨ ਦੀ ਰਿਪੋਰਟ ਖ਼ਿਲਾਫ਼ ਜ਼ੋਰਦਾਰ ਪ੍ਰਦਰਸ਼ਨ ਕੀਤਾ।
ਹਾਲਾਂਕਿ ਬਿਕਰਮ ਸਿੰਘ ਮਜੀਠੀਆ ਇਸ ਪ੍ਰਦਰਸ਼ਨ ਦੌਰਾਨ ਮੌਜੂਦ ਨਹੀਂ ਸਨ। ਵਿਧਾਨ ਸਭਾ ਵਿੱਚ ਕਾਂਗਰਸੀ ਆਗੂਆਂ ਨੇ ਬਾਦਲਾਂ ਦੇ ਨਾਲ ਬਿਕਰਮ ਸਿੰਘ ਮਜੀਠੀਆ ਦੀ ਗ੍ਰਿਫ਼ਤਾਰੀ ਦੀ ਮੰਗ ਕੀਤੀ ਸੀ।
ਗੁਰਦਾਸਪੁਰ ਤੋਂ ਗੁਰਪ੍ਰੀਤ ਚਾਵਲਾ ਦੀ ਰਿਪੋਰਟ ਮੁਤਾਬਕ ਵੱਖ-ਵੱਖ ਵਿਧਾਨ ਸਭਾ ਹਲਕਿਆਂ 'ਚ ਵੀ ਕਾਂਗਰਸ ਲੀਡਰਸ਼ਿਪ ਖਿਲਾਫ ਪ੍ਰਦਰਸ਼ਨ ਦਾ ਕੀਤਾ ਗਿਆ।
ਬਟਾਲਾ ਦੇ ਗਾਂਧੀ ਚੌਕ 'ਚ ਅਕਾਲੀ ਦਲ ਆਗੂ ਤੇ ਵਿਧਾਨ ਸਭਾ ਹਲਕਾ ਬਟਾਲਾ ਦੇ ਵਿਧਾਇਕ ਲਖਬੀਰ ਸਿੰਘ ਲੋਧੀਨੰਗਲ ਦੀ ਅਗਵਾਈ 'ਚ ਕਾਂਗਰਸ ਪਾਰਟੀ ਤੇ ਜਸਟਿਸ ਰਣਜੀਤ ਸਿੰਘ ,ਸੰਤ ਬਲਜੀਤ ਸਿੰਘ ਦਾਦੂਵਾਲ ਖ਼ਿਲਾਫ਼ ਪ੍ਰਦਰਸ਼ਨ ਕੀਤਾ ਗਿਆ।
ਇਸ ਪ੍ਰਦਰਸ਼ਨ ਦੌਰਾਨ ਅਕਾਲੀ ਵਿਧਾਇਕ ਲਖਬੀਰ ਸਿੰਘ ਲੋਧੀਨੰਗਲ ਨੇ ਆਖਿਆ ਕਿ ਉਹ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਨੂੰ ਸਿਰੇ ਤੋਂ ਖਾਰਿਜ਼ ਕਰਦੇ ਹਨ ਕਿਉਂਕਿ ਉਹ ਰਿਪੋਰਟ ਕਾਂਗਰਸ ਦੇ ਇਸ਼ਾਰੇ ਤੇ ਤਿਆਰ ਹੋਈ ਹੈ ਅਤੇ ਕਾਂਗਰਸ ਪੰਜਾਬ 'ਚ ਅਮਨ ਸ਼ਾਂਤੀ ਭੰਗ ਕਰਨ ਦੀ ਕੋਸ਼ਿਸ ਕਰ ਰਹੀ ਹੈ।
ਇਹ ਵੀ ਪੜ੍ਹੋ:
ਇਸ ਦੇ ਨਾਲ ਹੀ ਉਨ੍ਹਾਂ ਕਿਹਾ, "ਕਾਂਗਰਸੀ ਇਹ ਪ੍ਰਚਾਰ ਕਰ ਰਹੇ ਹਨ ਕਿ ਅਕਾਲੀ ਦਲ ਨੂੰ ਲੋਕ ਪਿੰਡਾਂ 'ਚ ਵੜਣ ਨਹੀਂ ਦੇਣਗੇ ਜਿਸ ਦਾ ਜਵਾਬ ਅਕਾਲੀ ਦਲ ਆਉਣ ਵਾਲਿਆਂ ਪੰਚਾਇਤ ਚੋਣਾਂ ਚ ਜਿੱਤ ਹਾਸਿਲ ਕਰ ਦੇਵੇਗਾ।"
ਲੁਧਿਆਣਾ ਤੋਂ ਜਸਬੀਰ ਸ਼ੇਤਰਾ ਦੀ ਰਿਪੋਰਟ ਮੁਤਾਬਕ ਸ਼੍ਰੋਮਣੀ ਅਕਾਲੀ ਦਲ ਵੱਲੋਂ ਧਰਨੇ ਤੇ ਅਰਥੀ ਫੂਕ ਮੁਜ਼ਾਹਰੇ ਦੇ ਉਲੀਕੇ ਗਏ ਪ੍ਰੋਗਰਾਮ ਤਹਿਤ ਜਗਰਾਓਂ, ਲੁਧਿਆਣਾ, ਮੁੱਲਾਂਪੁਰ ਦਾਖਾ ਤੇ ਮੋਗਾ ਵਿੱਚ ਵੀ ਰੋਸ ਪ੍ਰਦਰਸ਼ਨ ਹੋਏ ਅਤੇ ਪੁਤਲੇ ਫੂਕੇ ਗਏ।
ਇਸ ਦੌਰਾਨ ਧਰਨੇ ਵਿੱਚ 'ਜੀਜਾ-ਸਾਲਾ ਮੁਰਦਾਬਾਦ' ਦੇ ਨਾਅਰੇ ਗੂੰਜਣ 'ਤੇ ਕਈਆਂ ਦੇ ਕੰਨ ਖੜ੍ਹੇ ਹੋ ਗਏ। ਇਹ ਨਾਅਰੇ ਜਸਟਿਸ ਰਣਜੀਤ ਸਿੰਘ ਤੇ ਸੁਖਪਾਲ ਖਹਿਰਾ ਦੀ ਆਪਸੀ ਰਿਸ਼ਤੇਦਾਰੀ ਦੇ ਸੰਦਰਭ ਵਿੱਚ ਸਨ।
ਇਕੱਠ ਪੱਖੋਂ ਅਕਾਲੀਆਂ ਦਾ ਇਹ ਮੁਜ਼ਾਹਰਾ ਠੀਕ ਠਾਕ ਹੀ ਸੀ। ਪ੍ਰਮੁੱਖ ਅਹੁਦੇਦਾਰ ਹਾਜ਼ਰ ਸਨ ਜਦਕਿ ਆਮ ਲੋਕਾਂ ਦੀ ਘੱਟ ਸ਼ਮੂਲੀਅਤ ਰੜਕਦੀ ਰਹੀ।
ਇਹ ਵੀ ਪੜ੍ਹੋ:
ਬਰਨਾਲਾ ਤੋਂ ਸੁਖਚਰਨ ਪ੍ਰੀਤ ਦੀ ਰਿਪੋਰਟ ਮੁਤਾਬਕ ਆਮ ਆਦਮੀ ਪਾਰਟੀ, ਸ਼੍ਰੋਮਣੀ ਅਕਾਲੀ ਦਲ ਅਤੇ ਸਿੱਖ ਸੰਸਥਾਵਾਂ ਵੱਲੋਂ ਆਪਣੀ-ਆਪਣੀ ਗੱਲ ਰੱਖਣ ਲਈ ਰੋਸ ਮੁਜ਼ਾਹਰੇ ਕੀਤੇ ਗਏ ਹਨ।
'ਆਪ' ਦੇ ਖਹਿਰਾ ਧੜੇ ਦੇ ਆਗੂ ਅਤੇ ਭਦੌੜ ਤੋਂ ਐਮਐਲਏ ਪਿਰਮਲ ਸਿੰਘ ਖ਼ਾਲਸਾ ਕਹਿੰਦੇ ਹਨ, "ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਵਿੱਚ ਸਾਫ਼ ਹੋ ਗਿਆ ਹੈ ਕਿ ਸੁਖਬੀਰ ਸਿੰਘ ਬਾਦਲ ਅਤੇ ਪ੍ਰਕਾਸ਼ ਸਿੰਘ ਬਾਦਲ ਪੰਥ ਦੋਖੀ ਹਨ।ਇਨ੍ਹਾਂ ਖ਼ਿਲਾਫ਼ ਕਾਰਵਾਈ ਹੋਣੀ ਚਾਹੀਦੀ ਹੈ।"
ਇਸ ਦੇ ਨਾਲ ਹੀ ਸਿੱਖ ਸੰਸਥਾਵਾਂ ਵੱਲੋਂ ਬੇਅਦਬੀ ਕਾਂਡ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਬਰਗਾੜੀ ਵਿਖੇ ਪੱਕਾ ਮੋਰਚਾ ਲਾਇਆ ਗਿਆ ਹੈ।ਸੰਤ ਬਲਜੀਤ ਸਿੰਘ ਦਾਦੂਵਾਲ ਇਸ ਮੋਰਚੇ ਦੇ ਆਗੂਆਂ ਵਿੱਚੋਂ ਹਨ।
ਉਧਰ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਗਗਨਜੀਤ ਸਿੰਘ ਬਰਨਾਲਾ ਨੇ ਕਿਹਾ, "ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਪੰਥ ਦੇ ਭਲੇ ਲਈ ਕੰਮ ਕਰਦਾ ਰਿਹਾ ਹੈ ਅਤੇ ਇਸ ਦੇ ਆਗੂਆਂ ਦੀ ਬੇਅਦਬੀ ਮਾਮਲੇ ਵਿੱਚ ਕਿਸੇ ਤਰਾਂ ਦੀ ਭੂਮਿਕਾ ਨਹੀਂ ਹੈ।"