You’re viewing a text-only version of this website that uses less data. View the main version of the website including all images and videos.
ਆਮਿਰ ਖ਼ਾਨ ਨੇ ਕਿਉਂ ਮੰਗੀ ਸੀ ਰਾਣੀ ਮੁਖਰਜੀ ਤੋਂ ਮੁਆਫ਼ੀ ?
ਕਰੀਬ 4 ਸਾਲਾਂ ਬਾਅਦ ਫਿਲਮ 'ਹਿਚਕੀ' ਤੋਂ ਵੱਡੇ ਪਰਦੇ 'ਤੇ ਵਾਪਸੀ ਕਰ ਰਹੀ ਰਾਣੀ ਮੁਖਰਜੀ ਦੀ ਆਵਾਜ਼ ਉਨ੍ਹਾਂ ਦੇ ਸ਼ੁਰੂਆਤੀ ਦੌਰ ਵਿੱਚ ਸੰਘਰਸ਼ ਦਾ ਕਾਰਨ ਬਣੀ ਸੀ।
ਬੀਬੀਸੀ ਨਾਲ ਗੱਲਬਾਤ ਦੌਰਾਨ ਰਾਣੀ ਮੁਖਰਜੀ ਨੇ ਆਪਣੇ ਸ਼ੁਰੂਆਤੀ ਦੌਰ ਦੇ ਸੰਘਰਸ਼ ਨੂੰ ਸਾਂਝਾ ਕੀਤਾ।
ਅੱਜ ਉਨ੍ਹਾਂ ਦੀ ਆਵਾਜ਼ ਉਨ੍ਹਾਂ ਦੀ ਪਛਾਣ ਹੈ ਪਰ ਇੱਕ ਵਕਤ ਸੀ ਜਦੋਂ ਫਿਲਮਸਾਜ਼ਾਂ ਦਾ ਮੰਨਣਾ ਸੀ ਕਿ ਉਨ੍ਹਾਂ ਦੀ ਆਵਾਜ਼ ਹੋਰ ਅਦਾਕਾਰਾਂ ਵਾਂਗ ਤਿੱਖੀ ਨਹੀਂ ਹੈ।
ਫਿਲਮ ਗੁਲਾਮ ਦਾ ਕਿੱਸਾ ਸੁਣਾਉਂਦੇ ਹੋਏ ਰਾਣੀ ਮੁਖਰਜੀ ਨੇ ਦੱਸਿਆ ਕਿ ਉਸ ਫਿਲਮ ਵਿੱਚ ਆਮਿਰ ਖ਼ਾਨ, ਨਿਰਦੇਸ਼ਕ ਵਿਕਰਮ ਭੱਟ ਅਤੇ ਨਿਰਮਾਤਾ ਮੁਕੇਸ਼ ਭੱਟ ਨੂੰ ਲੱਗਿਆ ਕਿ ਉਨ੍ਹਾਂ ਦੀ ਅਸਲੀ ਆਵਾਜ਼ ਕਿਰਦਾਰ ਨੂੰ ਜਚ ਨਹੀਂ ਰਹੀ ਹੈ। ਇਸ ਲਈ ਉਨ੍ਹਾਂ ਦੀ ਆਵਾਜ਼ ਡਬ ਕਰਵਾਈ ਗਈ ਸੀ।
ਉਸੇ ਦੌਰਾਨ ਉਹ ਫਿਲਮ 'ਗੁਲਾਮ' ਅਤੇ ਕਰਨ ਜੌਹਰ ਦੀ 'ਕੁਛ-ਕੁਛ ਹੋਤਾ ਹੈ' ਵਿੱਚ ਨਾਲ-ਨਾਲ ਕੰਮ ਕਰ ਰਹੀ ਸੀ।
ਰਾਣੀ ਦੱਸਦੀ ਹੈ, "ਕਰਨ ਨਵੇਂ ਨਿਰਦੇਸ਼ਕ ਸਨ ਅਤੇ ਉਹ ਮੇਰੇ ਕਿਰਦਾਰ ਦੀ ਆਵਾਜ਼ ਕਿਸੇ ਹੋਰ ਤੋਂ ਡਬ ਕਰਵਾ ਸਕਦੇ ਸਨ ਪਰ ਉਨ੍ਹਾਂ ਨੇ ਮੇਰੇ 'ਤੇ ਭਰੋਸਾ ਕੀਤਾ ਅਤੇ ਕਿਹਾ ਕਿ ਮੇਰੀ ਆਵਾਜ਼ ਮੇਰੀ ਆਤਮਾ ਹੈ। ਉਨ੍ਹਾਂ ਦਾ ਇਹ ਵਿਸ਼ਵਾਸ ਮੇਰੇ ਲਈ ਅੱਗੇ ਚੱਲ ਕੇ ਮੇਰੀ ਹਿੰਮਤ ਬਣਿਆ।''
'ਮੇਰੀ ਆਵਾਜ਼ ਮੇਰੀ ਆਤਮਾ ਹੈ'
ਰਾਣੀ ਅੱਗੇ ਦੱਸਦੀ ਹੈ, "ਕੁਛ-ਕੁਛ ਹੋਤਾ ਹੈ ਦੇਖਣ ਤੋਂ ਬਾਅਦ ਆਮਿਰ ਖ਼ਾਨ ਨੇ ਮੈਨੂੰ ਫੋਨ ਕੀਤਾ ਤੇ ਮੇਰੇ ਤੋਂ ਮੁਆਫ਼ੀ ਮੰਗੀ ਅਤੇ ਕਿਹਾ ਕਿ ਮੈਨੂੰ ਵਿਸ਼ਵਾਸ ਨਹੀਂ ਸੀ ਕਿ ਤੁਹਾਡੀ ਆਵਾਜ਼ ਫਿਲਮ ਲਈ ਸਹੀ ਹੈ ਪਰ ਫਿਲਮ ਦੇਖਣ ਤੋਂ ਬਾਅਦ ਮੈਂ ਆਪਣੇ ਸ਼ਬਦ ਵਾਪਸ ਲੈਂਦਾ ਹਾਂ। ਤੁਹਾਡੀ ਆਵਾਜ਼ ਚੰਗੀ ਹੈ।''
ਆਵਾਜ਼ ਤੋਂ ਇਲਾਵਾ ਰਾਣੀ ਨੂੰ ਉਨ੍ਹਾਂ ਦੇ ਛੋਟੇ ਕੱਦ ਲਈ ਵੀ ਕਿਹਾ ਜਾਂਦਾ ਸੀ ਪਰ ਉਨ੍ਹਾਂ ਨੇ ਸਲਮਾਨ ਖਾਨ, ਸ਼ਾਹਰੁਖ ਖਾਨ ਅਤੇ ਆਮਿਰ ਖਾਨ ਦੇ ਨਾਲ ਕੰਮ ਕੀਤਾ ਜਿੱਥੇ ਉਨ੍ਹਾਂ ਦਾ ਕੱਦ ਕਦੇ ਵੀ ਸਮੱਸਿਆ ਨਹੀਂ ਬਣਿਆ।
ਰਾਣੀ ਮੁਖਰਜੀ ਨੂੰ ਖੁਸ਼ੀ ਹੈ ਕਿ ਉਨ੍ਹਾਂ ਦੇ ਫਿਲਮੀ ਸਫ਼ਰ ਵਿੱਚ ਉਨ੍ਹਾਂ ਨੂੰ ਕਈ ਨਿਰਦੇਸ਼ਕ, ਵੱਡੇ ਨਿਰਮਾਤਾ, ਅਦਾਕਾਰ ਅਤੇ ਤਕਨੀਸ਼ੀਅਨਾਂ ਦੇ ਨਾਲ ਕੰਮ ਕਰਨ ਦਾ ਮੌਕਾ ਮਿਲਿਆ।
ਰਾਣੀ ਦਾ ਕਹਿਣਾ ਹੈ ਕਿ ਪਹਿਲੀ ਫਿਲਮ ਭਾਵੇਂ ਜਾਦੂ ਜਾਂ ਕਿਸੇ ਹੋਰ ਕਾਰਨ ਕਰਕੇ ਮਿਲ ਜਾਂਦੀ ਹੈ ਪਰ ਦੂਜੀ ਅਤੇ ਤੀਜੀ ਫਿਲਮ ਸਿਰਫ਼ ਤੁਹਾਡੀ ਕਾਬਲੀਅਤ 'ਤੇ ਹੀ ਮਿਲਦੀ ਹੈ।
ਪਤੀ ਵੱਲੋਂ ਆਇਆ ਸੀ ਵਾਪਸੀ ਲਈ ਦਬਾਅ
ਚਾਰ ਸਾਲ ਦੇ ਵਕਫੇ ਤੋਂ ਬਾਅਦ ਵੱਡੇ ਪਰਦੇ 'ਤੇ ਵਾਪਸੀ ਕਰ ਰਹੀ ਰਾਣੀ ਮੁਖਰਜੀ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਵਸ ਚਲਦਾ ਤਾਂ ਉਹ ਫਿਲਮਾਂ ਵਿੱਚ ਵਾਪਸੀ ਲਈ ਹੋਰ 3-4 ਸਾਲ ਲਗਾ ਦਿੰਦੀ ਕਿਉਂਕਿ ਫ਼ਿਲਹਾਲ ਉਨ੍ਹਾਂ ਦੀ ਜ਼ਿੰਦਗੀ ਵਿੱਚ ਸਭ ਤੋਂ ਅਹਿਮ ਹੈ ਉਨ੍ਹਾਂ ਦੀ ਦੋ ਸਾਲ ਦੀ ਧੀ ਆਦਿਰਾ।
ਰਾਣੀ ਦੀ ਜ਼ਿੰਦਗੀ ਧੀ ਆਦਿਰਾ ਵਿੱਚ ਬਹੁਤ ਰੁਝ ਗਈ ਸੀ ਇਸ ਲਈ ਪਤੀ, ਨਿਰਮਾਤਾ-ਨਿਰਦੇਸ਼ਕ ਆਦਿਤਿਆ ਚੋਪੜਾ ਨੇ ਉਨ੍ਹਾਂ 'ਤੇ ਫਿਲਮਾਂ ਵਿੱਚ ਵਾਪਸੀ ਕਰਨ ਲਈ ਦਬਾਅ ਪਾਇਆ ਸੀ।
ਫਿਲਮ 'ਹਿਚਕੀ' ਵਿੱਚ ਰਾਣੀ ਮੁਖਰਜੀ ਅਜਿਹੀ ਅਧਿਆਪਕ ਦਾ ਕਿਰਦਾਰ ਨਿਭਾ ਰਹੀ ਹੈ ਜਿਸ ਨੂੰ ਟੌਰੇਟ ਸਿੰਡਰੋਮ ਹੈ। ਇਸ ਬਿਮਾਰੀ ਵਿੱਚ ਵਿਅਕਤੀ ਇੱਕ ਭਾਓ ਨੂੰ ਵਾਰ-ਵਾਰ ਦੁਹਰਾਉਂਦਾ ਹੈ।
ਫਿਲਮ ਵਿੱਚ ਰਾਣੀ ਮੁਖਰਜੀ ਨੂੰ ਗੱਲ ਕਰਦੇ ਵਕਤ ਹਿਚਕੀ ਆਉਂਦੀ ਹੈ। ਫਿਲਮ ਦੀ ਕਹਾਣੀ ਅਮਰੀਕਾ ਦੇ ਮਸ਼ਹੂਰ ਪ੍ਰੇਰਣਾਦਾਇਕ ਬੁਲਾਰੇ ਅਤੇ ਅਧਿਆਪਕ ਬ੍ਰੈੱਡ ਕੋਹੇਨ ਤੋਂ ਪ੍ਰੇਰਿਤ ਹੈ।
ਸਿਧਾਰਥ ਪੀ. ਮਲਹੋਤਰਾ ਵੱਲੋਂ ਡਾਇਰੈਕਟ ਕੀਤੀ ਫਿਲਮ ਹਿਚਕੀ 23 ਮਾਰਚ ਨੂੰ ਰਿਲੀਜ਼ ਹੋਵੇਗੀ।