ਅੱਜ ਦੀਆਂ 5 ਅਹਿਮ ਖ਼ਬਰਾਂ: ਖ਼ਾਲਿਸਤਾਨ ਦੀ ਲਹਿਰ ਮੁੜ ਉਭਰਨ ਨਹੀਂ ਦੇਵਾਂਗੇ-ਰਾਜਨਾਥ ਸਿੰਘ

ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਖ਼ਾਲਿਸਤਾਨ ਦੀ ਲਹਿਰ ਮੁੜ ਉਭਰਨ ਨਹੀਂ ਦਿੱਤੀ ਜਾਵੇਗੀ।

ਟਾਈਮਜ਼ ਆਫ ਇੰਡੀਆ ਦੀ ਖ਼ਬਰ ਮੁਤਾਬਕ ਉਨ੍ਹਾਂ ਨੇ ਹਾਲ ਹੀ ਵਿੱਚ ਲੰਡਨ 'ਚ ਹੋਈ 'ਰਫਰੈਂਡਮ 2020 ਰੈਲੀ' ਦਾ ਜ਼ਿਕਰ ਕਰਦਿਆਂ ਕਿਹਾ ਕਿ ਯੂਕੇ ਵਿੱਚ 10 ਲੱਖ ਤੋਂ ਵੱਧ ਸਿੱਖ ਵਸਦੇ ਹਨ ਜਦਕਿ ਰੈਲੀ ਵਿੱਚ 1500 ਤੋਂ 2000 ਲੋਕ ਹੀ ਸ਼ਾਮਲ ਹੋਏ ਸਨ।

ਉਨ੍ਹਾਂ ਕਿਹਾ ਭਾਰਤ ਤੋਂ ਕਿਸੇ ਵੀ ਸਿੱਖ ਨੇ ਇਨ੍ਹਾਂ ਪ੍ਰਦਰਸ਼ਨਾਂ ਵਿੱਚ ਹਿੱਸਾ ਨਹੀਂ ਲਿਆ ਸੀ।

ਇਹ ਵੀ ਪੜ੍ਹੋ:

ਉਨ੍ਹਾਂ ਮਨੁੱਖੀ ਅਧਿਕਾਰਾਂ ਦੇ ਕਾਰਕੁਨਾਂ ਦੀਆਂ ਹਾਲ ਹੀ ਵਿੱਚ ਹੋਈਆਂ ਗ੍ਰਿਫ਼ਤਾਰੀਆਂ ਦੇ ਮੱਦੇਨਜ਼ਰ ਭਰੋਸਾ ਦਿਵਾਇਆ ਕਿ ਜਮਹੂਰੀ ਅਧਿਕਾਰਾਂ ਨੂੰ ਠੇਸ ਨਹੀਂ ਪਹੁੰਚਣ ਦਿੱਤੀ ਜਾਵੇਗੀ ਅਤੇ ਪ੍ਰੈਸ਼ਰ ਕੁੱਕਰ ਦੀ ਸੀਟੀ ਬੰਦ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਜਾਵੇਗੀ।

ਰਾਜਨਾਥ ਸਿੰਘ ਨੇ ਇਹ ਜਵਾਬ ਸੁਪਰੀਮ ਕੋਰਟ ਦੀ ਉਸ ਟਿੱਪਣੀ 'ਤੇ ਦਿੱਤਾ ਜਿਸ ਵਿੱਚ ਐਸਸੀ ਨੇ ਕਿਹਾ ਸੀ 'ਵਿਰੋਧ ਲੋਕਤੰਤਰ ਦਾ ਸੇਫਟੀ ਵਾਲਵ ਹੈ। ਜੇ ਤੁਸੀਂ ਸੇਫਟੀ ਵਾਲਵ ਬੰਦ ਕਰਨ ਦੀ ਕੋਸ਼ਿਸ਼ ਕਰੋਗੇ ਤਾਂ ਪ੍ਰੈਸ਼ਰ ਕੁੱਕਰ ਫੱਟ ਜਾਵੇਗਾ।'

ਬੱਚੀ ਦੇ ਬਲਾਤਕਾਰੀ ਨੂੰ ਸਜ਼ਾ ਸੁਣਾਉਂਦੇ ਜੱਜ ਹੋਈ ਭਾਵੁਕ

ਰਾਜਸਥਾਨ ਦੇ ਝੂਨਝੂਨ ਜ਼ਿਲ੍ਹੇ ਵਿੱਚ ਇੱਕ ਤਿੰਨ ਸਾਲ ਦੀ ਬੱਚੀ ਦੇ ਬਲਾਤਕਾਰ ਦੇ ਮੁਲਜ਼ਮ ਨੂੰ ਸਜ਼ਾ ਸੁਣਾਉਂਦੇ ਹੋਈ ਜੱਜ ਨੀਰਜਾ ਦੜ੍ਹਿਚ ਨੇ ਭਾਵੁਕਤਾ ਭਰੀ ਕਵਿਤਾ ਸੁਣਾ ਦਿੱਤੀ।

''ਗਰ ਅਬ ਭੀ ਨਾ ਸੁਧਰੇ ਤੋਂ ਏਕ ਦਿਨ ਐਸਾ ਆਏਗਾ

ਇਸ ਦੇਸ ਕੋ ਬੇਟੀ ਦੇਨੇ ਸੇ ਭਗਵਾਨ ਭੀ ਘਬਰਾਏਗਾ''

ਇੰਡੀਅਨ ਐਕਸਪ੍ਰੈੱਸ ਦੀ ਖ਼ਬਰ ਮੁਤਾਬਕ 2 ਅਗਸਤ ਨੂੰ ਤਿੰਨ ਸਾਲਾ ਬੱਚੀ ਨਾਲ 22 ਸਾਲਾ ਦੋਸ਼ੀ ਵੱਲੋਂ ਰੇਪ ਕੀਤਾ ਗਿਆ ਸੀ। ਸ਼ੁੱਕਰਵਾਰ ਨੂੰ ਪੋਸਕੋ ਕੋਰਟ ਵਿੱਚ ਆਈਪੀਸੀ ਦੀ ਧਾਰਾ 376AB ਦੇ ਤਹਿਤ ਉਸ ਨੂੰ ਮੌਤ ਦੀ ਸਜ਼ਾ ਸੁਣਾਈ ਗਈ।

ਮੁਲਜ਼ਮ ਵਿਨੋਦ ਕੁਮਾਰ ਖ਼ਿਲਾਫ਼ 13 ਅਗਸਤ ਨੂੰ ਚਾਰਜਸ਼ੀਟ ਦਾਖ਼ਲ ਕੀਤੀ ਗਈ ਸੀ। 29 ਦਿਨਾਂ ਦੇ ਅੰਦਰ ਕੋਰਟ ਵੱਲੋਂ ਇਸ ਮਾਮਲੇ ਵਿੱਚ ਫ਼ੈਸਲਾ ਸੁਣਾਇਆ ਗਿਆ।

ਸਰਕਾਰ ਦੇ 5 ਮੰਤਰੀਆਂ ਨੂੰ ਫੂਲਕਾ ਦਾ ਅਲਟੀਮੇਟਮ

ਆਮ ਆਦਮੀ ਪਾਰਟੀ ਦੇ ਵਿਧਾਇਕ ਐਚ ਐਸ ਫੂਲਕਾ ਦਾ ਕਹਿਣਾ ਹੈ ਕਿ ਜੇਕਰ 15 ਦਿਨਾਂ ਦੇ ਅੰਦਰ ਸੂਬੇ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਖ਼ਿਲਾਫ਼ ਮਾਮਲਾ ਨਾ ਦਰਜ ਕੀਤਾ ਗਿਆ, ਤਾਂ ਉਹ ਵਿਧਾਇਕ ਪਦ ਤੋਂ ਅਸਤੀਫਾ ਦੇ ਦੇਣਗੇ।

ਹਿੰਦੂਸਤਾਨ ਟਾਈਮਜ਼ ਦੀ ਖ਼ਬਰ ਮੁਤਾਬਕ ਫੂਲਕਾ ਨੇ ਜਸਟਿਸ (ਸੇਵਾਮੁਕਤ) ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ 'ਤੇ ਕਾਰਵਾਈ ਨਾ ਕਰ ਸਕਮ 'ਤੇ ਕੈਪਟਨ ਸਰਕਾਰ ਦੇ ਪੰਜ ਮੰਤਰੀਆਂ ਨੂੰ ਅਲਟੀਮੇਟਮ ਦਿੱਤਾ ਹੈ।

ਫੂਲਕਾ ਨੇ ਨਵਜੋਤ ਸਿੰਘ ਸਿੱਧੂ, ਮਨਪ੍ਰੀਤ ਸਿੰਘ ਬਾਦਲ, ਸੁਖਜਿੰਦਰ ਸਿੰਘ ਰੰਧਾਵਾ, ਤ੍ਰਿਪਤ ਰਜਿੰਦਰ ਸਿੰਘ ਬਾਜਵਾ ਅਤੇ ਚਰਨਜੀਤ ਸਿੰਘ ਚੰਨੀ ਨੂੰ ਅਲਟੀਮੇਟਮ ਦਿੰਦਿਆਂ ਕਿਹਾ ਕਿ ਜਾਂ ਤਾਂ ਉਹ 15 ਦਿਨਾਂ ਅੰਦਰ ਬਾਦਲ ਅਤੇ ਸੈਣੀ ਖ਼ਿਲਾਫ਼ ਐਫਆਈਆਰ ਲਾਂਚ ਕਰਨ ਜਾਂ ਫਿਰ ਅਸਤੀਫ਼ਾ ਦੇਣ।

ਇਕੋਨੋਮਿਕ ਟਾਈਮਜ਼ ਦੀ ਖ਼ਬਰ ਅਨੁਸਾਰ ਸੁਪਰੀਮ ਕੋਰਟ ਦੇ ਦੂਜੇ ਸਭ ਤੋਂ ਸੀਨੀਅਰ ਜੱਜ ਰੰਦਨ ਗੋਗੋਈ ਤਿੰਨ ਅਕਤੂਬਰ ਤੋਂ ਭਾਰਤ ਦੇ ਚੀਫ ਜਸਟਿਸ ਦਾ ਕਾਰਜਭਾਰ ਸਾਂਭਣਗੇ। ਸੀਨੀਅਰ ਜੱਜਾਂ ਦੇ ਇਸ ਅਹੁਦੇ ਨੂੰ ਸਾਂਭਣ ਦੀ ਰਵਾਇਤ ਨੂੰ ਨਿਭਾਉਂਦੇ ਹੋਏ ਮੌਜੂਦਾ ਚੀਫ ਜਸਟਿਸ ਦੀਪਕ ਮਿਸ਼ਰਾ ਨੇ ਰੰਜਨ ਗੋਗੋਈ ਦੇ ਨਾਂ ਦੀ ਸਿਫਾਰਿਸ਼ ਕੀਤੀ ਹੈ।

ਜਸਟਿਸ ਗੋਗੋਈ ਅਗਲੇ ਸਾਲ 17 ਨਵੰਬਰ ਤੱਕ ਭਾਰਤ ਦੇ ਚੀਫ ਜਸਟਿਸ ਦਾ ਅਹੁਦਾ ਸਾਂਭਣਗੇ।

ਇਮਰਾਨ ਖ਼ਾਨ ਨੂੰ ਟਰੰਪ ਸਰਕਾਰ ਦਾ ਪਹਿਲਾ ਝਟਕਾ

ਅਮਰੀਕੀ ਫੌਜ ਨੇ ਕਿਹਾ ਹੈ ਕਿ ਉਸ ਨੇ ਪਾਕਿਸਤਾਨ ਨੂੰ ਦਿੱਤੀ ਜਾਣ ਵਾਲੀ ਤਕਰੀਬਨ 2100 ਕਰੋੜ ਰੁਪਏ ਦੀ ਮਦਦ ਰੱਦ ਕਰ ਦਿੱਤੀ ਹੈ।

ਅਮਰੀਕੀ ਫੌਜ ਨੇ ਕਿਹਾ ਹੈ ਕਿ ਉਸ ਨੇ ਇਹ ਫ਼ੈਸਲਾ ਇਸ ਲਈ ਲਿਆ ਹੈ ਕਿਉਂਕਿ ਪਾਕਿਸਤਾਨ ਕੱਟੜਪੰਥੀ ਸੰਗਠਨਾਂ ਖ਼ਿਲਾਫ਼ ਕਾਰਵਾਈ ਕਰਨ ਵਿੱਚ ਨਾਕਾਮ ਰਿਹਾ ਹੈ।

ਰੱਖਿਆ ਮੰਤਰਾਲੇ ਦੇ ਬੁਲਾਰੇ ਲੈਫਟੀਨੈਂਟ ਕਰਨਲ ਕੋਨੀ ਫੌਕਨਰ ਨੇ ਕਿਹਾ ਹੈ ਕਿ ਅਮਰੀਕੀ ਰੱਖਿਆ ਵਿਭਾਗ ਹੁਣ ਇਸ ਰਕਮ ਦੀ ਵਰਤੋਂ ਜ਼ਰੂਰੀ ਚੀਜ਼ਾਂ 'ਤੇ ਕਰੇਗਾ।

ਇਹ ਵੀ ਪੜ੍ਹੋ:

ਟਰੰਪ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਪਾਕਿਸਤਾਨ ਉਨ੍ਹਾਂ ਕੱਟੜਪੰਥੀਆਂ ਲਈ ਸੁਰੱਖਿਅਤ ਪਨਾਹਗਾਹ ਬਣਿਆ ਹੋਇਆ ਹੈ ਜਿਨ੍ਹਾਂ ਨੇ ਗੁਆਂਢੀ ਦੇਸ ਅਫ਼ਗਾਨਿਸਤਾਨ ਵਿੱਚ ਪਿਛਲੇ 17 ਸਾਲਾਂ ਤੋਂ ਜੰਗ ਛੇੜੀ ਹੋਈ ਹੈ। ਹਾਲਾਂਕਿ ਪਾਕਿਸਤਾਨ ਇਨ੍ਹਾਂ ਇਲਜ਼ਾਮਾਂ ਨੂੰ ਸਿਰੇ ਤੋਂ ਖਾਰਜ ਕਰਦਾ ਰਿਹਾ ਹੈ। ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)