ਆਖ਼ਰ ਖੁੱਲ੍ਹ ਗਿਆ "ਭੂਤਾਂ ਦੇ ਬੇੜੇ" ਦਾ ਰਾਜ਼

ਮਿਆਂਮਾਰ ਅਧਿਕਾਰੀਆਂ ਨੇ ਯੈਂਗੋਨ ਇਲਾਕੇ ਵਿੱਚ ਆਪਣੇ ਆਪ ਚੱਲਣ ਵਾਲੇ "ਭੂਤਾਂ ਦੇ ਬੇੜੇ" ਦਾ ਰਾਜ਼ ਖੋਲ੍ਹਣ ਦਾ ਦਾਅਵਾ ਕੀਤਾ ਹੈ।

ਮਛੇਰਿਆਂ ਨੂੰ ਮਿਆਂਮਾਰ ਦੀ ਵਪਾਰਕ ਰਾਜਧਾਨੀ ਨੇੜੇ ਸਮੁੰਦਰ ਵਿਚ ਇਹ ਵੱਡਾ ਖਾਲੀ ਅਤੇ ਜੰਗ ਖਾਧਾ ਜਹਾਜ਼ ਸੈਮ ਰਾਤੁਲੰਗੀ ਪੀਬੀ 1600 ਆਪੇ ਚੱਲਦਾ ਦਿਖਿਆ ਸੀ।

ਨੇਵੀ ਦਾ ਕਹਿਣਾ ਹੈ ਕਿ ਇਸ ਨੂੰ ਇੱਕ ਬੇੜੇ ਰਾਹੀ ਟੋਅ ਕਰਕੇ ਬੰਗਲਾਦੇਸ਼ 'ਚ ਇੱਕ ਜਹਾਜ਼ ਤੋੜਨ ਵਾਲੇ ਕਾਰਖਾਨੇ ਵੱਲ ਲਿਜਾਇਆ ਜਾ ਰਿਹਾ ਸੀ ਪਰ ਖ਼ਰਾਬ ਮੌਸਮ ਕਾਰਨ ਕਿਸੇ ਤਰ੍ਹਾਂ ਇਹ ਛੁੱਟ ਗਿਆ।

ਵੀਰਵਾਰ ਨੂੰ ਪ੍ਰਸ਼ਾਸਨ ਅਤੇ ਨੇਵੀ ਅਧਿਕਾਰੀਆਂ ਨੂੰ ਸਮੁੰਦਰੀ ਤਟ 'ਤੇ ਘੁੰਮਣ ਦੌਰਾਨ ਸੈਮ ਰਾਤੁਲੰਗੀ ਪੀਬੀ 1600 ਨਜ਼ਰ ਆਇਆ।

ਇਹ ਵੀ ਪੜ੍ਹੋ:

ਪੁਲਿਸ ਅਤੇ ਨਿਗਰਾਨ ਵੀ ਹੈਰਾਨ ਹੋ ਗਏ ਕਿ ਇੰਨਾਂ ਵੱਡਾ ਜਹਾਜ਼ ਬਿਨਾਂ ਕਿਸੇ ਸਮਾਨ ਅਤੇ ਚਾਲਕ ਦੇ ਮਿਆਂਮਾਰ ਤਟ ਤੋਂ ਕਿਵੇਂ ਗਾਇਬ ਹੋ ਗਿਆ।

ਦੁਨੀਆਂ ਭਰ ਦੇ ਜਹਾਜ਼ਾਂ ਦੇ ਸਫ਼ਰ ਦੀ ਜਾਣਕਾਰੀ ਰੱਖਣ ਵਾਲੀ ਮਰੀਨ ਟ੍ਰੈਫਿਕ ਵੈਬਸਾਇਟ ਮੁਤਾਬਕ 2001 ਵਿੱਚ ਬਣਿਆ ਇਹ ਜਹਾਜ਼ ਕਰੀਬ 177 ਮੀਟਰ ਲੰਬਾ ਹੈ।

ਏਐਫਪੀ ਨਿਊਜ਼ ਏਜੰਸੀ ਮੁਤਾਬਕ 2009 ਵਿੱਚ ਇਸ ਜਹਾਜ਼ ਆਖ਼ਰੀ ਲੋਕੇਸ਼ਨ ਤਾਇਵਾਨ ਬੰਦਰਗਾਹ ਰਿਕਾਰਡ ਕੀਤੀ ਗਈ ਸੀ ਅਤੇ ਉਸ ਤੋਂ ਬਾਅਦ ਇਸ ਸੇਵਾਮੁਕਤ ਜਹਾਜ਼ ਨੂੰ ਪਹਿਲੀ ਵਾਰ ਮਿਆਂਮਾਰ ਵਿੱਚ ਦੇਖਿਆ ਗਿਆ ਸੀ।

ਸ਼ਨੀਵਾਲ ਨੂੰ ਮਿਆਂਮਾਰ ਦੀ ਨੇਵੀ ਨੇ ਕਿਹਾ ਸੀ ਕਿ "ਇਸ ਦੇ ਸਿਰੇ 'ਤੇ ਦੋ ਤਾਰਾਂ ਮਿਲੀਆਂ ਹਨ", ਜਿਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਸ ਨੂੰ ਕਿਸੇ ਹੋਰ ਜਹਾਜ਼ ਦੁਆਰਾ ਖਿੱਚਿਆ ਜਾ ਰਿਹਾ ਸੀ।

ਇਸ ਤੋਂ ਬਾਅਦ ਟੋਅ ਕਰਨ ਵਾਲਾ ਬੇੜਾ ਮਿਆਂਮਾਰ ਬੰਦਰਗਾਹ ਤੋਂ 80 ਕਿਲੋਮੀਟਰ ਦੂਰ ਮਿਲਿਆ।

ਇੰਡੋਨੇਸ਼ੀਆ ਦੇ 13 ਕਰਊ ਮੈਂਬਰਾਂ ਕੋਲੋਂ ਪੁੱਛਗਿੱਛ ਕਰਨ ਤੋਂ ਬਾਅਦ ਉਨ੍ਹਾਂ ਪਤਾ ਲੱਗਾ ਕਿ ਟੋਅ ਬੇੜਾ ਇਸ ਨੂੰ 13 ਅਗਸਤ ਤੋਂ ਖਿੱਚ ਰਿਹਾ ਸੀ ਅਤੇ ਜਿਸ ਦਾ ਇਸ ਨੂੰ ਬੰਗਲਾਦੇਸ਼ ਦੇ ਕਾਰਖਾਨੇ ਤੱਕ ਲੈ ਕੇ ਜਾਣਾ ਉਦੇਸ਼ ਸੀ, ਜਿੱਥੇ ਇਸ ਨੂੰ ਤੋੜਿਆ ਜਾ ਸਕਦਾ।

ਪਰ ਰਸਤੇ ਵਿੱਚ ਖ਼ਰਾਬ ਮੌਸਮ ਹੋਣ ਕਾਰਨ ਇਸ ਨੂੰ ਟੋਅ ਕੇ ਲੈ ਜਾਣ ਵਾਲੀਆਂ ਤਾਰਾਂ ਟੁੱਟ ਗਈਆਂ ਅਤੇ ਉਨ੍ਹਾਂ ਨੇ ਜਹਾਜ਼ ਨੂੰ ਛੱਡਣ ਦਾ ਫੈ਼ਸਲਾ ਕਰ ਲਿਆ।

ਇਸ ਮਾਮਲੇ ਦੀ ਹੋਰ ਗਹਿਰਾਈ ਨਾਲ ਅਧਿਕਾਰੀ ਅਗਲੀ ਜਾਂਚ ਕਰ ਰਹੇ ਹਨ।

ਇਹ ਵੀ ਪੜ੍ਹੋ:

ਇਲੈਵਨ ਮਿਆਂਮਾਰ ਦੀ ਖ਼ਬਰ ਮੁਤਾਬਕ ਇਸ ਨੂੰ ਟੋਅ ਕਰਨ ਵਾਲੇ ਬੇੜੇ ਦਾ ਮਾਲਕ ਮਲੇਸ਼ੀਆ ਤੋਂ ਹੈ।

ਬੰਗਲਾਦੇਸ਼ ਵਿੱਚ ਬੇੜਿਆਂ ਨੂੰ ਤੋੜਨ ਵਾਲਾ ਵੱਡਾ ਕਾਰਖ਼ਾਨਾ ਹੈ। ਜਿਥੇ ਸਾਲਾਨਾ ਸੈਂਕੜੇ ਵਪਾਰਕ ਜਹਾਜ਼ ਤੋੜੇ ਜਾਂਦੇ ਹਨ।

ਪਰ ਇਹ ਕੰਮ ਵਿਵਾਦਪੂਰਨ ਹੈ, ਆਲੋਚਕਾਂ ਦਾ ਕਹਿਣਾ ਹੈ ਕਿ ਵਾਤਾਵਰਨ ਵਿਰੋਧੀ ਅਤੇ ਮਜ਼ਦੂਰਾਂ ਲਈ ਖ਼ਤਰਨਾਕ ਧੰਦਾ ਹੈ।

ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣਗੀਆਂ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)