ਕੀ ਮੁਸਲਮਾਨ ਗੁਜਰਾਤ ਵਿੱਚ ਵਾਕਈ ਚੰਗੀ ਜ਼ਿੰਦਗੀ ਗੁਜ਼ਾਰ ਰਹੇ ਹਨ?

    • ਲੇਖਕ, ਸ਼ਾਦਾਬ ਨਾਜ਼ਮੀ ਤੇ ਮਹਿਮਾ ਸਿੰਘ
    • ਰੋਲ, ਬੀਬੀਸੀ ਪੱਤਰਕਾਰ

ਗੁਜਰਾਤ ਦੇ ਮੁੱਖ ਮੰਤਰੀ ਵਿਜੇ ਰੁਪਾਣੀ ਨੇ ਪਿਛਲੇ ਹਫ਼ਤੇ ਦਾਅਵਾ ਕੀਤਾ ਸੀ ਕਿ ਗੁਜਰਾਤ ਵਿੱਚ ਵਸਦੇ ਮੁਸਲਮਾਨ ਦੇਸ ਦੇ ਹੋਰ ਸੂਬਿਆਂ ਨਾਲੋਂ ਬਿਹਤਰ ਜ਼ਿੰਦਗੀ ਜੀਅ ਰਹੇ ਹਨ।

ਉਨ੍ਹਾਂ ਨੇ ਸੱਚਰ ਕਮੇਟੀ ਦੀ ਰਿਪੋਰਟ ਦਾ ਹਵਾਲਾ ਦਿੱਤਾ ਹੈ ਜਿਸ ਵਿੱਚ ਦੇਸ ਦੇ ਮੁਸਲਮਾਨਾਂ ਦੀਆਂ ਸਮਾਜਿਕ-ਆਰਥਿਕ ਅਤੇ ਵਿਦਿਅਕ ਸਥਿਤੀ ਦਾ ਅਧਿਐਨ ਕੀਤਾ ਗਿਆ ਸੀ।

ਅਸੀਂ ਇਸ ਦਾਅਵੇ ਦੀ ਪੁਸ਼ਟੀ ਲਈ ਸਾਲ 2006 ਦੀ ਸੱਚਰ ਕਮੇਟੀ ਦੀ ਰਿਪੋਰਟ ਨੂੰ ਵਾਚਿਆ।

ਸਿੱਖਿਆ

ਸੱਚਰ ਕਮੇਟੀ ਰਿਪੋਰਟ ਮੁਤਾਬਕ 2001 ਦੀ ਜਨਗਣਨਾ ਮੁਤਾਬਕ ਭਾਰਤ 'ਚ ਮੁਸਲਮਾਨਾਂ ਦੀ ਸਾਖਰਤਾ ਦਰ 59.1 ਫੀਸਦੀ ਸੀ, ਜਦਕਿ ਕੌਮੀ ਪੱਧਰ ’ਤੇ ਇਹ ਦਰ 65.1 ਫੀਸਦ ਸੀ।

ਗੁਜਰਾਤ ਦੀ ਕੁੱਲ ਸਾਖਰਤਾ ਦਰ 69 ਫੀਸਦੀ ਸੀ ਜਿਸ 'ਚ ਮੁਸਲਮਾਨਾਂ ਦੀ 73.5 ਫੀਸਦੀ, ਭਾਵ ਹਿੰਦੂਆਂ ਨਾਲੋਂ 4 ਫੀਸਦ ਵੱਧ ਸੀ।

2011 ਦੀ ਜਨਗਣਨਾ ਮੁਤਾਬਕ ਮੁਸਲਮਾਨਾਂ ਦੀ ਸਾਖਰਤਾ ਦਰ ਵਧ ਕੇ 81 ਫੀਸਦ ਹੋ ਗਈ ਜਦਕਿ ਹਿੰਦੂਆਂ ਦੀ ਸਾਖਰਤਾ ਦਰ ਵਧ ਕੇ 77 ਫੀਸਦੀ ਹੋ ਗਈ।

ਇਸ ਨਾਲ ਗੁਜਰਾਤ ਮੁਸਲਮਾਨਾਂ ਦੀ ਉੱਚੀ ਸਾਖਰਤਾ ਦਰ ਵਾਲਾ ਇਕੱਲਾ ਸੂਬਾ ਨਹੀਂ ਬਣ ਜਾਂਦਾ। ਕੇਰਲਾ 'ਚ ਮੁਸਲਮਾਨਾਂ ਦੀ ਸਾਖਰਤਾ 89.4 ਫੀਸਦੀ ਅਤੇ ਤਮਿਲ ਨਾਡੂ ਤੇ ਛੱਤੀਸਗੜ੍ਹ 'ਚ 83 ਫੀਸਦ ਹੈ।

7-16 ਸਾਲ ਦੀ ਉਮਰ ਦੇ ਸਕੂਲ ਜਾਣ ਵਾਲੇ ਮੁਸਲਮਾਨ ਬੱਚਿਆਂ ਦੇ ਮਾਮਲੇ ਵਿੱਚ ਵੀ ਕੇਰਲ ਅਤੇ ਤਮਿਲ ਨਾਡੂ ਨੇ ਗੁਜਰਾਤ ਨੂੰ ਪਿੱਛੇ ਛੱਡ ਦਿੱਤਾ ਹੈ।ਇੱਥੇ ਔਸਤਨ ਮੁਸਲਮਾਨ ਬੱਚੇ ਸਕੂਲ 'ਚ 5.50 ਸਾਲ ਦਾ ਸਮਾਂ ਬਤੀਤ ਕਰਦੇ ਹਨ। ਜਦਕਿ ਗੁਜਰਾਤ ਵਿੱਚ ਇਹੀ ਔਸਤ 4.29 ਸਾਲ ਹੈ ਜੋ ਕਿ ਹਾਲਾਂਕਿ ਕੌਮੀ ਔਸਤ 3.96 ਸਾਲ ਤੋਂ ਜ਼ਿਆਦਾ ਹੈ।

ਗੁਜਰਾਤ ਵਿੱਚ ਮਦਰਸੇ ਜਾਣ ਵਾਲੇ ਬੱਚਿਆਂ ਦੀ ਗਿਣਤੀ ਵੀ ਘੱਟ ਹੈ। ਸਭ ਤੋਂ ਵੱਧ ਉੱਤਰ ਪ੍ਰਦੇਸ਼ ਦੇ ਬੱਚੇ ਮਦਰਸੇ ਵਿੱਚ ਜਾਂਦੇ ਹਨ।

ਜੇਕਰ ਘੱਟੋ-ਘੱਟ ਦਸਵੀਂ ਪਾਸ ਕਰਨ ਵਾਲੇ ਮੁਸਲਮਾਨ ਬੱਚਿਆਂ ਦੀ ਗੱਲ ਕਰੀਏ ਤਾਂ ਵੀ ਗੁਜਰਾਤ ਪਹਿਲੇ ਨੰਬਰ 'ਤੇ ਨਹੀਂ ਹੈ।

ਸੱਚਰ ਕਮੇਟੀ ਦੀ ਉਸੇ ਰਿਪੋਰਟ ਮੁਤਾਬਕ ਘੱਟੋ-ਘੱਟ ਦਸਵੀਂ ਪਾਸ ਕਰਨ ਵਾਲੇ ਮੁਸਲਮਾਨ ਬੱਚਿਆਂ ਦੀ ਕੌਮੀ ਔਸਤ 23.9 ਸੀ ਜੋ ਕਿ ਗੁਜਰਾਤ ਵਿੱਚ 26.1 ਫੀਸਦੀ ਸੀ।

ਗੁਜਰਾਤ ਕੌਮੀ ਔਸਤ ਵਿੱਚ ਅੱਗੇ ਹੋ ਸਕਦਾ ਹੈ ਪਰ ਸਭ ਤੋਂ ਵੱਧ ਆਂਧਰਾ ਪ੍ਰਦੇਸ਼ ਵਿੱਚ 40 ਫੀਸਦੀ ਅਤੇ ਸਭ ਤੋਂ ਘੱਟ ਪੱਛਮੀ ਬੰਗਾਲ 'ਚ 11.9 ਫੀਸਦ ਮੁਸਲਮਾਨਾਂ ਨੇ ਘੱਟੋ-ਘੱਟ ਦਸਵੀਂ ਪਾਸ ਕੀਤੀ ਸੀ।

ਰੁਜ਼ਗਾਰ

2006 ਦੀ ਸੱਚਰ ਕਮੇਟੀ ਮੁਤਾਬਕ ਭਾਰਤ ਦੀ 64.4 ਫੀਸਦੀ ਵਸੋਂ ਕੰਮਕਾਜੀ ਸੀ ਜਿਸ ਵਿੱਚ 65.8 ਫੀਸਦ ਹਿੰਦੂ ਅਤੇ 54.9 ਫੀਸਦੀ ਮੁਸਲਮਾਨ ਸਨ।

ਗੁਜਰਾਤ ਇੱਥੇ ਵੀ ਕੋਈ ਸਿਖਰਲਾ ਸੂਬਾ ਨਹੀਂ ਹੈ ਅਤੇ ਤੀਸਰੇ ਨੰਬਰ 'ਤੇ ਆਉਂਦਾ ਹੈ। ਪਹਿਲੇ ਨੰਬਰ 'ਤੇ ਆਂਧਰ ਪ੍ਰਦੇਸ਼ ਹੈ ਜਿੱਥੇ 72 ਫੀਸਦੀ, ਦੂਸਰੇ ਨੰਬਰ 'ਤੇ ਰਾਜਸਥਾਨ ਜਿੱਥੇ 71 ਫੀਸਦੀ ਅਤੇ ਗੁਜਰਾਤ ਤੀਜੇ ਨੰਬਰ 'ਤੇ ਸੀ।

ਚੋਣਵੇਂ ਸਰਕਾਰੀ ਵਿਭਾਗਾਂ ਵਿੱਚ ਕੰਮ ਕਰਨ ਵਾਲੇ ਮੁਸਲਮਾਨਾਂ ਦੀ ਫੀਸਦੀ

ਸੂਬੇ ਦੇ ਚੋਣਵੇਂ ਸਰਕਾਰੀ ਵਿਭਾਗਾਂ ਵਿੱਚ ਕੰਮ ਕਰਨ ਵਾਲੇ ਮੁਸਲਮਾਨਾਂ ਦੀ 5.4 ਫੀਸਦੀ ਸੀ। ਇੱਥੇ ਗੁਜਰਾਤ ਪਹਿਲੀ ਥਾਂ 'ਤੇ ਨਹੀਂ ਹੈ।

ਇਸ ਲਿਹਾਜ਼ ਨਾਲ ਆਸਾਮ 11.2 ਫੀਸਦੀ ਨਾਲ ਪਹਿਲੇ ਥਾਂ 'ਤੇ ਹੈ ਅਤੇ ਪੱਛਮੀ ਬੰਗਾਲ ਦਾ ਦਰਜਾ 2.1 ਫੀਸਦ ਨਾਲ ਸਭ ਤੋਂ ਹੇਠਾਂ ਹੈ।

ਜੇ ਸਰਕਾਰੀ ਵਿਭਾਗਾਂ ਵਿੱਚ ਲੱਗੇ ਮੁਸਲਮਾਨ ਅਫਸਰਾਂ ਦੀ ਗੱਲ ਕਰੀਏ ਤਾਂ ਗੁਜਰਾਤ ਹੇਠਲੇ ਪੱਧਰ ਦੇ ਨੇੜੇ ਹੈ।

ਗੁਜਰਾਤ ਵਿੱਚ 3.4 ਫੀਸਦ ਮੁਸਲਮਾਨ ਹੀ ਚੋਣਵੇਂ ਵਿਭਾਗਾਂ ਵਿੱਚ ਉੱਚ ਅਹੁਦਿਆਂ 'ਤੇ ਹੈ।

ਵਧੇਰੇ ਸਟੀਕਤਾ ਨਾਲ ਗੱਲ ਕੀਤੀ ਜਾਵੇ ਤਾਂ ਗੁਜਰਾਤ ਦੇ ਸਿੱਖਿਆ ਅਤੇ ਸਿਹਤ ਵਿਭਾਗਾਂ ਵਿੱਚ ਉੱਚ ਅਹੁਦਿਆਂ 'ਤੇ ਮੁਸਲਮਾਨ ਅਫ਼ਸਰਾਂ ਦੀ ਗਿਣਤੀ ਸਭ ਤੋਂ ਘੱਟ ਹੈ।

ਸਿਹਤ ਵਿਭਾਗ 'ਚ ਸਿਰਫ਼ 1.7 ਫੀਸਦ ਮੁਸਲਮਾਨਾਂ ਦੀ ਉੱਚ ਅਹੁਦਿਆਂ 'ਤੇ ਹਨ ਅਤੇ ਸਿੱਖਿਆ ਵਿਭਾਗ 'ਚ 2.2 ਫੀਸਦ ਮੁਸਲਮਾਨ ਉੱਚ ਅਹੁਦਿਆਂ 'ਤੇ ਹਨ। ਕੁੱਲ ਮਿਲਾ ਕੇ ਗੁਜਰਾਤ ਵਿੱਚ ਸਿਰਫ਼ 2.2 ਫੀਸਦੀ ਮੁਸਲਮਾਨ ਅਫ਼ਸਰ ਸਨ।

ਸਿੱਖਿਆ ਵਿਭਾਗ 'ਚ ਮੁਸਲਮਾਨ ਅਫ਼ਸਰਾਂ ਦੇ ਮਾਮਲੇ ਵਿੱਚ ਬਿਹਾਰ 14.8 ਫੀਸਦੀ ਨਾਲ ਸਭ ਤੋਂ ਮੋਹਰੀ ਹੈ ਅਤੇ ਕੇਰਲਾ ਵਿੱਚ ਸਿਹਤ ਵਿਭਾਗ ਵਿੱਚ ਕੰਮ ਕਰਨ ਵਾਲੇ ਮੁਸਲਮਾਨਾਂ ਦੇ ਮਾਮਲੇ ਵਿੱਚ ਮੋਹਰੀ ਹੈ।