You’re viewing a text-only version of this website that uses less data. View the main version of the website including all images and videos.
ਨਰਿੰਦਰ ਮੋਦੀ ਦਾ ਗੁਰਦਾਸਪੁਰ ਰੈਲੀ ਵਿੱਚ ਜਾਦੂ ਕਿਉਂ ਨਹੀਂ ਚੱਲਿਆ - ਨਜ਼ਰੀਆ
- ਲੇਖਕ, ਜਗਰੂਪ ਸਿੰਘ ਸੇਖੋਂ
- ਰੋਲ, ਪ੍ਰੋਫੈਸਰ ਰਾਜਨੀਤੀ ਵਿਗਿਆਨ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ
ਪੰਜਾਬ ਵਿੱਚ ਅਕਾਲੀ-ਭਾਜਪਾ ਗਠਜੋੜ ਨੇ ਬਹੁਤ ਹੋ ਹੱਲੇ ਨਾਲ 2019 ਦੀਆਂ ਲੋਕ ਸਭਾ ਚੋਣਾਂ ਦਾ ਬਿਗੁਲ ਵਜਾਉਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਹੱਦੀ ਇਲਾਕੇ ਗੁਰਦਾਸਪੁਰ ਵਿੱਚ ਸਿਆਸੀ ਰੈਲੀ ਦਾ ਪ੍ਰਬੰਧ ਕੀਤਾ।
3 ਜਨਵਰੀ ਦੀ ਪ੍ਰਧਾਨ ਮੰਤਰੀ ਦੀ ਰੈਲੀ ਪੰਜਾਬ ਦੇ ਲੋਕਾਂ ਲਈ ਅਤੇ ਖ਼ਾਸ ਕਰਕੇ ਇਸ ਸਰਹੱਦੀ ਜਿਲ੍ਹੇ ਦੇ ਵਸਨੀਕਾਂ ਨੂੰ ਨਿਰਾਸ਼ਾ ਤੋਂ ਵੱਧ ਕੁਝ ਨਹੀਂ ਦੇ ਸਕੀ।
ਅਕਾਲੀ ਦਲ ਨੇ ਦਮਗਜੇ ਮਾਰੇ ਸਨ ਕਿ ਪ੍ਰਧਾਨ ਮੰਤਰੀ ਸੂਬੇ ਤੋਂ ਚੋਣ ਮੁਹਿੰਮ ਸ਼ੁਰੂ ਕਰਨ ਲਈ ਖ਼ਾਸ ਐਲਾਨ ਕਰਨਗੇ।
ਪਰ ਪ੍ਰਧਾਨ ਮੰਤਰੀ ਮੋਦੀ ਦਾ ਭਾਸ਼ਣ ਨੇ ਲੋਕਾਂ ਨੂੰ ਨਿਰਾਸ਼ ਹੀ ਕੀਤਾ ਅਤੇ ਵਿਰੋਧੀਆਂ ਨੂੰ ਪ੍ਰਬੰਧਕਾਂ ਦਾ ਮਜ਼ਾਕ ਉਡਾਉਣ ਦਾ ਇੱਕ ਮੌਕਾ ਜ਼ਰੂਰ ਦੇ ਦਿੱਤਾ।
ਹਾਲਾਂਕਿ ਪ੍ਰਧਾਨ ਮੰਤਰੀ ਨੇ ਕੁਝ ਸਥਾਨਕ ਸ਼ਖ਼ਸ਼ੀਅਤਾਂ ਬਾਬਾ ਲਾਲ ਦਿਆਲ ਜੀ, ਦੇਵ ਆਨੰਦ ਅਤੇ ਗੁਰਦਾਸਪੁਰ ਤੋਂ ਤਿੰਨ ਵਾਰ ਸਾਂਸਦ ਰਹੇ ਵਿਨੋਦ ਖੰਨਾ ਨੂੰ ਯਾਦ ਕਰਕੇ ਸਥਾਨਕ ਲੋਕਾਂ ਨਾਲ ਜੁੜਨ ਦੀ ਕੋਸ਼ਿਸ਼ ਕੀਤੀ ਪਰ ਇਸ ਨਾਲ ਸਰੋਤਿਆਂ 'ਤੇ ਕੋਈ ਪ੍ਰਭਾਵ ਨਹੀਂ ਪਿਆ।
ਪ੍ਰਧਾਨ ਮੰਤਰੀ ਨੇ ਆਪਣੇ ਭਾਸ਼ਣ ਦਾ ਜ਼ਿਆਦਾਤਰ ਸਮਾਂ ਕਾਂਗਰਸ ਨੂੰ ਕੋਸਣ ਵਿੱਚ ਹੀ ਲਗਾ ਦਿੱਤਾ ਅਤੇ ਇੱਕੋ ਪਰਿਵਾਰ ਦੇ ਹੱਥ ਸੱਤਾ ਸੌਂਪਣ ਵਰਗੇ ਸਿਆਸੀ ਹਮਲੇ ਵੀ ਕੀਤੇ।
1984 ਸਿੱਖ ਕਤਲੇਆਮ ਦਾ ਜ਼ਿਕਰ
ਉਨ੍ਹਾਂ ਨੇ ਦਿੱਲੀ ਦੇ 1984 ਦੇ ਸਿੱਖ ਕਤਲੇਆਮ ਵਿੱਚ ਕਾਂਗਰਸ ਦੀ ਕਥਿਤ ਭੂਮਿਕਾ, ਮੱਧ ਪ੍ਰਦੇਸ਼ ਦੇ ਨਵੇਂ ਬਣੇ ਮੁੱਖ ਮੰਤਰੀ (ਕਮਲ ਨਾਥ) ਨੂੰ ਬਚਾ ਕੇ ਰੱਖਣ ਅਤੇ ਐਨਡੀਏ ਵੱਲੋਂ ਕਰਤਾਰਪੁਰ ਲਾਂਘੇ ਦੀ ਪਹਿਲਕਦਮੀ ਵਰਗੇ ਕਈ ਭਾਵੁਕ ਮੁੱਦੇ ਛੂਹੇ।
ਉਨ੍ਹਾਂ ਕਿਹਾ, ''ਐਨਡੀਏ ਸਰਕਾਰ ਨੇ 1984 ਕਤਲੇਆਮ ਦੇ ਕੇਸ ਮੁੜ ਖੋਲ੍ਹੇ ਅਤੇ ਕੁਝ ਕਾਂਗਰਸੀ ਆਗੂਆਂ ਨੂੰ ਜੇਲ੍ਹ ਭੇਜਿਆ ਗਿਆ।''
ਉਨ੍ਹਾਂ ਨੇ ਆਪਣੀ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਵਿਕਾਸ ਸਕੀਮਾਂ ਦਾ ਜ਼ਿਕਰ ਕੀਤਾ। ਖ਼ਾਸ ਕਰਕੇ ਸਾਲ 2022 ਤੱਕ ਕਿਸਾਨਾਂ ਦੀ ਆਮਦਨੀ ਦੁੱਗਣੀ ਕਰਨੀ ਅਤੇ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਨੂੰ ਲਾਗੂ ਕਰਨ ਦਾ ਟੀਚਾ। ਇਸ ਦਾ ਵੀ ਸਰੋਤਿਆਂ ਉੱਪਰ ਕੋਈ ਖ਼ਾਸ ਅਸਰ ਨਹੀਂ ਪਿਆ।
ਇਹ ਵੀ ਪੜ੍ਹੋ:
ਮੋਦੀ ਨੇ ਕਿਹਾ ਕਿ ਪਿਛਲੀਆਂ ਕਾਂਗਰਸ ਸਰਕਾਰਾਂ ਨੇ ਆਮ ਲੋਕਾਂ ਲਈ ਕੁਝ ਨਹੀਂ ਕੀਤਾ ਅਤੇ ਸਿਰਫ਼ ਉਨ੍ਹਾਂ ਨੂੰ ਗਰੀਬੀ ਹਟਾਓ ਵਰਗੇ ਖੋਖਲੇ ਨਾਅਰਿਆਂ ਨਾਲ ਬੇਵਕੂਫ਼ ਬਣਾਇਆ ਗਿਆ ਹੈ ਅਤੇ ਇਸ ਸਦਕਾ ਛੇ ਤੋਂ ਵੱਧ ਦਹਾਕਿਆਂ ਤੱਕ ਸੱਤਾ ਦਾ ਸੁੱਖ ਭੋਗਿਆ।
ਕਿਸਾਨਾਂ ਦੀ ਕਰਜ਼ ਮਾਫੀ ਬਾਰੇ ਵੀ ਮੋਦੀ ਬੋਲੇ ਅਤੇ ਕਿਹਾ, ''ਰਾਹੁਲ ਗਾਂਧੀ ਅਤੇ ਕਾਂਗਰਸ ਦੀਆਂ ਸੂਬਾ ਸਰਕਾਰਾਂ ਦਾ ਦਾਅਵਾ ਨਾ ਸਿਰਫ਼ ਸਵਾਂਗ ਹੈ ਸਗੋ ਪਾਰਟੀ ਦਾ ਵੋਟਾਂ ਖਿੱਚਣ ਵਾਲਾ ਕਾਂਟਾ ਹੈ। ਦੂਸਰੇ ਪਾਸੇ ਮੌਜੂਦਾ ਐਨਡੀਏ ਸਰਕਾਰ ਨੇ ਸ਼ਾਹਪੁਰ ਕੰਢੀ ਬੰਨ੍ਹ, ਫੂਡ ਪਾਰਕ ਅਤੇ ਕਈ ਹੋਰ ਸਕੀਮਾਂ ਨੂੰ ਮਨਜ਼ੂਰੀ ਦਿੱਤੀ ਹੈ ਜਿਸ ਨਾਲ ਸੂਬੇ ਵਿੱਚ ਬਹੁਤ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਰੋਜ਼ਗਾਰ ਮਿਲੇਗਾ।''
ਇਹ ਵੀ ਪੜ੍ਹੋ:
ਅਕਾਲੀ-ਭਾਜਪਾ ਕਾਡਰਾਂ ਦਾ ਮਨੋਬਲ ਡਿੱਗਿਆ
ਅਖ਼ੀਰ ਵਿੱਚ ਕਿਹਾ ਜਾ ਸਕਦਾ ਹੈ ਕਿ ਭਾਸ਼ਣ ਵਿੱਚ ਜੋਸ਼ ਦੀ ਕਮੀ ਸੀ। ਪ੍ਰਧਾਨ ਮੰਤਰੀ ਆਪਣੇ ਆਮ ਰੌਂਅ ਵਿੱਚ ਨਹੀਂ ਸਨ।
ਪੰਜਾਬ ਵਿੱਚ ਦੋਹਾਂ ਪਾਰਟੀਆਂ ਦੀ ਹਾਲਤ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਹਾਲ ਹੀ ਦੀਆਂ ਪੰਚਾਇਤੀ ਚੋਣਾਂ ਵਿੱਚ ਬਾਦਲ ਪਿੰਡ ਵਿੱਚ ਹੀ ਅਕਾਲੀ ਦਲ ਦਾ ਉਮੀਦਵਾਰ ਸਰਪੰਚੀ ਦੀ ਚੋਣ ਹਾਰ ਗਿਆ।
ਜ਼ਮੀਨੀ ਹਕੀਕਤ ਇਹ ਹੈ ਕਿ ਪੰਜਾਬ ਵਿੱਚ ਭਾਜਪਾ ਅਤੇ ਅਕਾਲੀ ਦਲ ਦੋਵੇਂ ਹੀ ਬੈਕਫੁੱਟ ਤੇ ਹਨ ਅਤੇ ਨੇੜਲੇ ਭਵਿੱਖ ਵਿੱਚ ਦੋਹਾਂ ਪਾਰਟੀਆਂ ਦੀ ਸਿਆਸੀ ਵਾਪਸੀ ਦੀ ਕੋਈ ਉਮੀਦ ਨਹੀਂ ਹੈ। ਦੋਹਾਂ ਦਾ ਪਾਰਟੀ ਕਾਡਰ ਦਾ ਮਨੋਬਲ ਡਿੱਗਿਆ ਹੋਇਆ ਹੈ ਅਤੇ ਦੁਚਿੱਤੀ ਵਿੱਚ ਹੈ।