ਮੋਦੀ ਨੇ ਗੁਰਦਾਸਪੁਰ ’ਚ ਕਿਹਾ, 'ਇੱਕ ਪਰਿਵਾਰ ਨੇ ’84 ਦੇ ਮੁਲਜ਼ਮਾਂ ਨੂੰ ‘ਸੱਜਣ’ ਦੱਸ ਕੇ ਫਾਇਲਾਂ ਲੁਕਾਈਆਂ'

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 2019 ਦੀਆਂ ਲੋਕ ਸਭਾ ਚੋਣਾਂ ਦੇ ਪ੍ਰਚਾਰ ਦੀ ਸ਼ੁਰੂਆਤ ਲਈ ਗੁਰਦਾਸਪੁਰ ਨੂੰ ਚੁਣਿਆ।

ਮੋਦੀ ਨੇ ਪੰਜਾਬੀ ਵਿੱਚ ਬੋਲ ਕੇ ਗੁਰਦਾਸਪੁਰ 'ਚ ਆਪਣੇ ਭਾਸ਼ਣ ਦੀ ਸ਼ੁਰੂਆਤ ਕੀਤੀ। ਆਪਣੇ ਭਾਸ਼ਣ ਵਿੱਚ ਮੋਦੀ ਨੇ ਦੇਵਾਨੰਦ ਅਤੇ ਵਿਨੋਦ ਖੰਨਾ ਦਾ ਜ਼ਿਕਰ ਕੀਤਾ।

'ਕਰਤਾਰਪੁਰ ਲਾਂਘਾ ਹੋਵੇਗਾ ਸਹੂਲਤਾਂ ਨਾਲ ਲੈਸ'

  • ਦੇਸ, ਸਮਾਜ, ਮਨੁੱਖਤਾ ਲਈ ਹਮੇਸ਼ਾ ਪ੍ਰੇਰਨਾ ਦੇਣ ਲਈ ਰਹੀ ਹੈ ਗੁਰਦਾਸਪੁਰ ਦੀ ਧਰਤੀ।
  • ਵਿਨੋਦ ਖੰਨਾ ਦੀਆਂ ਵਿਕਾਸ ਲਈ ਕੀਤੀਆਂ ਕੋਸ਼ਿਸ਼ਾਂ ਦਿਖਦੀਆਂ ਹਨ। ਉਨ੍ਹਾਂ ਦੇ ਗੁਰਦਾਸਪੁਰ ਦੇ ਵਿਕਾਸ ਲਈ ਦੇਖੇ ਸੁਪਨੇ ਨੂੰ ਅਸੀਂ ਮਿਲ ਕੇ ਪੂਰਾ ਕਰਨਾ ਹੈ।
  • ਪ੍ਰਕਾਸ਼ ਸਿੰਘ ਬਾਦਲ ਦੇ ਮਾਰਗ ਦਰਸ਼ਨ ਵਿੱਚ ਮੋਢੇ ਨਾਲ ਮੋਢਾ ਮਿਲਾ ਕੇ ਦਿਨ ਰਾਤ ਖੁਸ਼ਹਾਲੀ ਲਈ ਕੰਮ ਕਰ ਰਹੇ ਹਾਂ।
  • ਗੁਰਦਾਸਪੁਰ ਬਾਬਾ ਨਾਨਕ ਦੀ ਧਰਤੀ ਹੈ। 550ਵੀਂ ਜੰਯਤੀ ਆਉਣ ਵਾਲੀ ਹੈ। ਕੇਂਦਰ ਸਰਕਾਰ ਨੇ ਤੈਅ ਕੀਤਾ ਹੈ ਕਿ ਜਿਹੜਾ ਉਨ੍ਹਾਂ ਨੇ ਸੰਦੇਸ਼ ਦਿੱਤਾ 'ਕਿਰਤ ਕਰੋ, ਵੰਡ ਛਕੋ' ਨੂੰ ਕੋਨੇ-ਕੋਨੇ ਤੱਕ ਪਹੁੰਚਾਇਆ ਜਾਵੇ।
  • ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਦੁਨੀਆਂ ਭਰ ਵਿੱਚ ਸਮਾਗਮਾਂ ਦਾ ਆਯੋਜਨ ਕੀਤਾ ਜਾਵੇਗਾ।
  • ਸਾਨੂੰ ਉਸ ਪਵਿੱਤਰ ਸਥਾਨ ਤੋਂ ਦੂਰ ਕਰ ਦਿੱਤਾ ਗਿਆ ਜਿਸ ਤੇ ਸਾਡਾ ਹੱਕ ਸੀ। ਸਿਰਫ਼ 3, 4 ਕਿੱਲੋਮੀਟਰ ਦੇ ਫ਼ਾਸਲੇ ਦੀ ਗੱਲ ਹੈ।
  • ਦੇਸ ਦੂਰਬੀਨ ਤੋਂ ਉਸ ਸਥਾਨ ਨੂੰ ਦੇਖਣ ਲਈ ਮਜਬੂਰ ਹੈ। ਐਨਡੀਏ ਦੀ ਸਰਕਾਰ ਨੇ ਕਰਤਾਰਪੁਰ ਲਾਂਘਾ ਬਣਾਉਣ ਦਾ ਇਤਿਹਾਸਕ ਫੈਸਲਾ ਲਿਆ ਹੈ।
  • ਕੋਰੀਡਰ ਦੇ ਆਲੇ-ਦੁਆਲੇ ਸਾਰੀਆਂ ਆਧੁਨਿਕ ਸਹੂਲਤਾਂ ਹੋਣਗੀਆਂ।

1984 ਸਿੱਖ ਕਤਲੇਆਮ ਲਈ ਕਾਂਗਰਸ ’ਤੇ ਲਾਏ ਨਿਸ਼ਾਨੇ

  • ਜਿਨ੍ਹਾਂ ਦਾ ਇਤਿਹਾਸ ਹਜ਼ਾਰਾਂ ਸਿੱਖ ਭੈਣ-ਭਰਾਵਾਂ ਦੇ ਕਤਲ ਦਾ ਹੋਵੇ ਤੇ ਉਸੇ ਦੇ ਮੁਲਜ਼ਮ ਨੂੰ ਅੱਜ ਮੁੱਖ ਮੰਤਰੀ ਪਦ ਦਾ ਪੁਰਸਕਾਰ ਦਿੱਤਾ ਜਾ ਰਿਹਾ ਹੈ, ਉਨ੍ਹਾਂ ਤੋਂ ਪੂਰੇ ਪੰਜਾਬ ਨੂੰ ਚੌਕਨੇ ਰਹਿਣ ਦੀ ਲੋੜ ਹੈ
  • ਇੱਕ ਪਰਿਵਾਰ ਦੇ ਇਸ਼ਾਰੇ 'ਤੇ ਜਿਨ੍ਹਾਂ ਮੁਲਜ਼ਮਾਂ ਨੂੰ ਸੱਜਣ ਦੱਸ ਕੇ ਫਾਇਲਾ ਦਬਾ ਦਿੱਤੀਆਂ ਗਈਆਂ ਸੀ, ਉਨ੍ਹਾਂ ਨੂੰ ਸਾਡੀ ਸਰਕਾਰ ਨੇ ਕੱਢਿਆ , ਐਸਆਈਟੀ ਬਣਾਈ ਤੇ ਹੁਣ ਨਤੀਜਾ ਤੁਹਾਡੇ ਸਾਹਮਣੇ ਹੈ।
  • ਜਵਾਨ ਹੋਵੇ, ਕਿਸਾਨ, ਹਰ ਕਿਸੇ ਦੇ ਸੁਪਨੇ, ਹਰ ਕਿਸੇ ਦੀ ਇੱਛਾ ਨੂੰ ਸਰਕਾਰ ਪੂਰੀ ਇਮਾਨਦਾਰੀ ਨਾਲ ਪੂਰੀ ਕਰਨ ਵਿੱਚ ਜੁਟੀ ਹੈ ਪਰ ਕਾਂਗਰਸ ਸਿਰਫ ਝੂਠੀ ਤੇ ਦੋਗਲੀ ਸਿਆਸਤ ਕਰ ਰਹੀ ਹੈ।
  • ਕਾਂਗਰਸ ਤੋਂ ਕਿਸਾਨਾਂ ਦੀ ਮੰਗ ਸੀ ਕਿ ਸਵਾਮੀਨਾਥਨ ਦੀ ਰਿਪੋਰਟ ਲਾਗੂ ਕੀਤੀ ਜਾਵੇ ਪਰ ਜਦੋਂ ਤੱਕ ਕੇਂਦਰ ਵਿੱਚ ਕਾਂਗਰਸ ਸਰਕਾਰ ਸੀ ਉਹ ਟਾਲਦੀ ਰਹੀ, ਐਨਡੀਏ ਸਰਕਾਰ ਨੇ ਕਿਸਾਨਾਂ ਦੀ ਇਹ ਮੰਗ ਪੂਰੀ ਕੀਤੀ।
  • ਕਾਂਗਰਸ ਕਰਜ਼ ਮਾਫ਼ੀ ਦੇ ਨਾ 'ਤੇ ਲੋਕਾਂ ਨੂੰ ਠੱਗ ਰਹੀ ਹੈ। ਨਾ ਪੱਕੇ ਮਕਾਨਾਂ ਲਈ ਕੁਝ ਕੀਤਾ, ਨਾ ਟਾਇਲਟ ਲਈ। ਦੇਸ ਨੂੰ ਸੜਕ ਨਾਲ ਜੋੜਨ ਦਾ ਕੰਮ ਵੀ ਅਟਲ ਜੀ ਨੇ ਕੀਤਾ।

'ਦੇਸ ਦਾ ਕਿਸਾਨ ਕਾਂਗਰਸ ’ਤੇ ਭਰੋਸੇ ਦੀ ਸਜ਼ਾ ਭੁਗਤ ਰਿਹਾ'

  • ਜਿਹੜੇ ਦਹਾਕਿਆਂ ਤੱਕ ਕਿਸਾਨਾਂ ਦੇ ਦਰਦਾਂ ਦਾ ਇਲਾਜ ਨਹੀਂ ਲੱਭ ਸਕੇ ਉਹ ਫਿਰ ਝੂਠੇ ਵਾਅਦਿਆਂ ਨਾਲ ਕਿਸਾਨਾਂ ਨੂੰ ਧੋਖਾ ਦੇ ਰਹੇ ਹਨ।
  • ਲੋਕਾਂ ਨੇ ਉਨ੍ਹਾਂ ਨੂੰ ਜ਼ਿਆਦਾ ਵੋਟ ਵੀ ਦਿੱਤੇ, ਕਿਸਾਨ ਭੋਲਾ ਹੁੰਦਾ ਹੈ, ਉਨ੍ਹਾਂ ਨੇ ਕਾਂਗਰਸ ਦੇ ਪਾਪ ਜਾਣਦੇ ਹੋਏ ਭਰੋਸਾ ਕਰ ਲਿਆ। ਭਰੋਸੇ ਦੀ ਸਜ਼ਾ ਅੱਜ ਵੀ ਦੇਸ ਦਾ ਕਿਸਾਨ ਭੁਗਤ ਰਿਹਾ ਹੈ।
  • ਪੰਜਾਬ ਦੀ ਸਥਿਤੀ ਕੁਝ ਵੱਖਰੀ ਨਹੀਂ ਹੈ। ਕਾਂਗਰਸ ਨੇ ਵਾਅਦਾ ਕੀਤਾ ਸੀ ਕਿ ਇੱਥੋਂ ਦੇ ਕਿਸਾਨਾਂ ਦਾ ਕਰਜ਼ਾ ਮਾਫ਼ ਕਰਾਂਗੇ, ਡੇਢ ਸਾਲ ਬਾਅਦ ਸੱਚਾਈ ਕੀ ਹੈ।

ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਲੰਧਰ ਵਿੱਚ 106ਵੀਂ ਇੰਡੀਅਨ ਸਾਇੰਸ ਕਾਂਗਰਸ ਦਾ ਉਦਘਾਟਨ ਕੀਤਾ। ਉੱਥੇ ਉਨ੍ਹਾਂ ਨੇ ਲੋਕਾਂ ਨੂੰ ਸੰਬੋਧਨ ਵੀ ਕੀਤਾ।

ਰੈਲੀ ਬਾਰੇ ਪੰਜ ਦਿਲਚਸਪ ਗੱਲਾਂ

  • ਮਰਹੂਮ ਵਿਨੋਦ ਖੰਨਾ ਦੀ ਪਤਨੀ ਕਵਿਤਾ ਖੰਨਾ ਦੀ ਮੌਜੂਦਗੀ ਨੇ ਕਈ ਕਿਆਸਰਾਈਆਂ ਨੂੰ ਹਵਾ ਦਿੱਤੀ ਹੈ। ਵਿਨੋਦ ਖੰਨਾ ਇੱਥੋਂ ਚਾਰ ਵਾਰ ਸੰਸਦ ਮੈਂਬਰ ਰਹੇ ਸਨ। 2017 ਦੀਆਂ ਉਪ ਚੋਣਾਂ ਵਿੱਚ ਭਾਜਪਾ ਨੇ ਕਵਿਤਾ ਖੰਨਾ ਦੀ ਬਜਾਏ ਸਵਰਨ ਸਲਾਰੀਆਂ ਨੂੰ ਟਿਕਟ ਦਿੱਤਾ ਸੀ। ਸਵਰਨ ਸਲਾਰੀਆ ਸੁਨੀਲ ਜਾਖੜ ਤੋਂ ਚੋਣ ਹਾਰ ਗਏ ਸਨ। ਕੀ ਇਸ ਵਾਰ ਕਵਿਤਾ ਖੰਨਾ ਨੂੰ ਮਿਲੇਗੀ ਲੋਕ ਸਭਾ ਦੀ ਟਿਕਟ?
  • 36 ਸਾਲ ਬਾਅਦ ਇਹ ਪਹਿਲੀ ਵਾਰ ਹੈ ਜਦੋਂ ਕਿਸੇ ਪ੍ਰਧਾਨ ਮੰਤਰੀ ਨੇ ਸਰਹੱਦੀ ਇਲਾਕੇ ਦਾ ਦੌਰਾ ਕੀਤਾ ਹੈ। ਭਾਜਪਾ ਨੇ ਇਹ ਕਾਰਡ ਖੇਡਣ ਦੀ ਕੋਸ਼ਿਸ਼ ਕੀਤੀ ਹੈ ਕਿ ਕੋਈ ਵੀ ਇਸ ਥਾਂ ਦੀ ਪਰਵਾਹ ਨਹੀਂ ਕਰਦਾ।
  • ਰੈਲੀ ਵਿੱਚ ਪਹਿਲੀ ਲਾਈਨ ਔਰਤਾਂ ਲਈ ਰਿਜ਼ਰਵ ਰੱਖੀ ਹੋਈ ਸੀ ਜਿਸ ਕਾਰਨ ਉਹ ਬਹੁਤ ਉਤਸਕ ਨਜ਼ਰ ਆ ਰਹੀਆਂ ਸਨ। ਇੱਥੋਂ ਤੱਕ ਕਿ ਸਟੇਜ ਤੋਂ ਕੀਤੀ ਗਈ ਅਨਾਊਂਸਮੈਂਟ ਵਿੱਚ ਵੀ ਔਰਤਾਂ ਨੂੰ ਉਨ੍ਹਾਂ ਦੀ ਸੀਟ ਦੇਣ ਲਈ ਆਖਿਆ ਗਿਆ।
  • ਵਿਰੋਧੀ ਪਾਰਟੀ ਦੇ ਸਮਰਥਕਾਂ ਨੇ ਉਨ੍ਹਾਂ ਨੂੰ ਕਾਲੇ ਝੰਡੇ ਵਿਖਾਏ। ਹਾਲਾਂਕਿ ਉਹ ਮੋਦੀ ਨੂੰ ਰੋਕਦੇ ਅਤੇ ਆਪਣਾ ਪ੍ਰਦਰਸ਼ਨ ਕਰਦੇ ਇਸ ਤੋਂ ਪਹਿਲਾਂ ਹੀ ਪੁਲਿਸ ਨੇ ਉਨ੍ਹਾਂ ਨੂੰ ਹਟਾ ਦਿੱਤਾ।
  • ਜਦੋਂ ਸ਼ਵੇਤ ਮਲਿਕ ਨੇ ਮੋਦੀ ਲਈ ਕਿਹਾ ''ਬਹਾਰੋ ਫੂਲ ਬਰਸਾਓ ਮੇਰਾ ਮਹਿਬੂਬ ਆਇਆ ਹੈ''ਤਾਂ ਕਈਆਂ ਨੇ ਠਹਾਕੇ ਲਗਾਏ।

ਪ੍ਰਧਾਨ ਮੰਤਰੀ ਨੇ ਜਲੰਧਰ ਵਿੱਚ ਕੀ ਕਿਹਾ:-

  • ਮੇਰਾ ਮੰਨਣਾ ਹੈ "ਜੈ ਜਵਾਨ, ਜੈ ਕਿਸਾਨ, ਜੈ ਵਿਗਿਆਨ" ਵਿੱਚ ਜੁੜਨਾ ਚਾਹੀਦਾ ਹੈ - ਜੈ ਅਨੁਸੰਧਾਨ। ਇਹ ਹੈ ਅੱਜ ਦੇ ਸਮੇਂ ਦੀ ਸੱਚਾਈ।
  • ਸਾਇੰਸ ਟੈਕਨੋਲਜੀ ਦੀ ਮਦਦ ਨਾਲ ਕਿਸਾਨ ਆਪਣੇ ਫੈਸਲੇ ਸੋਚ ਸਮਝ ਕੇ ਲੈ ਸਕਣਗੇ।
  • ਭਾਰਤੀਆਂ ਦੇ 'ਇਜ਼ ਆਫ ਲਿਵਿੰਗ' 'ਤੇ ਧਿਆਨ ਦੇਣਾ ਪਵੇਗਾ।
  • ਕੀ ਅਸੀਂ ਕੁਪੋਸ਼ਨ ਨਾਲ ਲੜਨ ਲਈ ਸਾਇੰਸ ਅਤੇ ਟੈਕਨੋਲਜੀ ਦਾ ਇਸਤਮਾਲ ਕਰ ਸਕਦੇ ਹਾਂ?
  • ਸਾਨੂੰ ਆਪਣੀ ਖੋਜ ਨੂੰ ਉੱਥੇ ਲੈ ਕੇ ਜਾਣਾ ਹੈ ਕਿ ਲੋਕ ਸਾਡੇ ਵੱਲ ਦੇਖਣ।
  • ਰਿਸਰਚ ਲਈ ਸਾਨੂੰ ਚੰਗਾ ਤੰਤਰ ਬਣਾਉਣਾ ਪਵੇਗਾ। ਭਾਵੇਂ ਵਾਤਾਵਰਨ 'ਚ ਹੋ ਰਹੇ ਬਦਲਾਅ ਹੋਣ ਜਾਂ ਅਰਟੀਫ਼ੀਸ਼ੀਅਲ ਇੰਟੈਲੀਜੈਂਸ ਦੀ ਗੱਲ ਹੋਵੇ, ਇਹੀ ਜ਼ਰੂਰੀ ਹੈ।
  • ਖੇਤੀ ਵਿਗਿਆਨ ਵਿੱਚ ਪਿਛਲੇ 5 ਸਾਲਾਂ ਵਿੱਚ ਕਾਫੀ ਕੁਝ ਹੋਇਆ ਅਤੇ ਬਹੁਤ ਕੁਝ ਹੋਣਾ ਬਾਕੀ ਹੈ।
  • ਘੱਟ ਜ਼ਮੀਨ ਵਾਲੇ ਕਿਸਾਨ ਨੂੰ ਵਿਗਿਆਨ ਦੀ ਸਭ ਤੋਂ ਜ਼ਿਆਦਾ ਲੋੜ।
  • ਸਾਲ 2020 ਤੱਕ ਭਾਰਤੀ ਨੂੰ ਗਗਨਯਾਨ ਵਿੱਚ ਭੇਜਣ ਦੀ ਤਿਆਰੀ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀ ਹੈ।
  • ਸਾਨੂੰ ਸਮਾਜਿਕ ਵਿਗਿਆਨ ਅਤੇ ਗੂੜ੍ਹ ਵਿਗਿਆਨ ਦਾ ਸੁਮੇਲ ਕਰ ਕੇ ਚੱਲਣਾ ਪਵੇਗਾ... ਭਾਰਤ ਨੇ ਇਤਿਹਾਸ ਵਿੱਚ ਹਰ ਤਰ੍ਹਾਂ ਦੇ ਵਿਸ਼ਿਆਂ ਵਿੱਚ ਦੁਨੀਆਂ ਨੂੰ ਰਾਹ ਦਿਖਾਇਆ ਹੈ। ਹੁਣ ਸਮਾਂ ਆ ਗਿਆ ਹੈ ਕਿ ਭਾਰਤ ਮੁੜ ਉਹੀ ਅਹੁਦਾ ਹਾਸਲ ਕਰੇ।
  • ਵਿਗਿਆਨਕ ਤੇ ਸਮਾਜਕ ਰਿਸਰਚ ਨੂੰ ਵੱਡੀਆਂ ਯੂਨੀਵਰਸਿਟੀਆਂ ਤੋਂ ਵਧਾ ਕੇ ਹਰ ਛੋਟੇ ਕਾਲਜ 'ਚ ਪਹੁੰਚਾਉਣ ਦੀ ਲੋੜ ਹੈ।
  • ਅਸੀਂ ਉੱਚ-ਸਿੱਖਿਆ ਨੂੰ ਬਿਹਤਰ ਬਣਾਉਣ ਵੱਲ ਕਦਮ ਵਧਾ ਰਹੇ ਹਾਂ ਅਤੇ ਚੰਗੇ ਕਾਲਜਾਂ ਤੇ ਯੂਨੀਵਰਸਿਟੀਆਂ ਨੂੰ ਖੁਦਮੁਖਤਿਆਰੀ ਦੇ ਰਹੇ ਹਾਂ।
  • ਨਵਾਂ ਭਾਰਤ ਵਿਗਿਆਨ ਨਾਲ ਬਣਾਇਆ ਜਾ ਸਕਦਾ ਹੈ।

ਮੋਦੀ ਖਿਲਾਫ਼ ਹੋਏ ਮੁਜ਼ਾਹਰੇ

ਜਲੰਧਰ ਤੋਂ ਪਾਲ ਸਿੰਘ ਨੌਲੀ ਅਨੁਸਾਰ ਮੋਦੀ ਦੀ ਪੰਜਾਬ ਦੇ ਫੇਰੀ ਦਾ ਕਾਂਗਰਸ ਵੱਲੋਂ ਵਿਰੋਧ ਕੀਤਾ ਗਿਆ। ਕਾਂਗਰਸੀ ਵਿਧਾਇਕ ਸੁਸ਼ੀਲ ਕੁਮਾਰ ਰਿੰਕੂ ਨੇ ਵੀ ਆਪਣੇ ਸਮਰਥਕਾਂ ਨੂੰ ਨਾਲ ਲੈ ਕੇ ਲਵਲੀ ਯੂਨੀਵਰਸਿਟੀ ਦੇ ਬਾਹਰ ਕਾਲੇ ਝੰਡਿਆਂ ਨਾਲ ਰੋਸ ਵਿਖਾਵਾ ਕੀਤਾ।

ਪੁਲਿਸ ਨੇ ਸੁਸ਼ੀਲ ਕੁਮਾਰ ਤੇ ਉਨ੍ਹਾਂ ਦੇ ਹਮਾਇਤੀਆਂ ਨੂੰ ਹਿਰਾਸਤ ਵਿੱਚ ਲੈ ਲਿਆ ਅਤੇ ਬਾਅਦ ਵਿੱਚ ਛੱਡ ਦਿੱਤਾ।

ਇਹ ਵੀ ਪੜ੍ਹੋ:

ਤੁਸੀਂ ਇਹ ਵੀਡੀਓਜ਼ ਵੀ ਦੇਖ ਸਕਦੇ ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)