ਪੰਜਾਬ ਸਰਕਾਰ ਮੁਫ਼ਤ ਸਮਾਰਟਫੋਨ ਤਾਂ ਦੇਵੇਗੀ ਪਰ ਸ਼ਰਤਾਂ ਲਾਗੂ — 5 ਅਹਿਮ ਖ਼ਬਰਾਂ

ਪੰਜਾਬ ਦੀ ਕਾਂਗਰਸ ਸਰਕਾਰ ਨੇ ਨੌਜਵਾਨਾਂ ਨੂੰ ਮੁਫ਼ਤ ਸਮਾਰਟਫੋਨ ਦੇਣ ਦੇ ਵਾਅਦੇ ਨੂੰ ਪੂਰਾ ਕਰਨ ਵੱਲ ਕਦਮ ਚੁੱਕਦਿਆਂ ਫੈਸਲਾ ਕੀਤਾ ਹੈ ਕਿ ਪਹਿਲੇ ਪੜਾਅ ਵਿੱਚ ਸਰਕਾਰੀ ਸਿੱਖਿਆ ਸੰਸਥਾਵਾਂ ਦੇ ਵਿਦਿਆਰਥੀਆਂ ਨੂੰ ਇਹ ਫੋਨ ਮਿਲਣਗੇ।

ਇਸ ਉੱਪਰ ਇੱਕ ਅਹਿਮ ਸ਼ਰਤ ਲਾਗੂ ਹੋਵੇਗੀ — ਵਿਦਿਆਰਥੀਆਂ ਨੂੰ ਇਹ ਲਿਖਤ 'ਚ ਦੇਣਾ ਪਵੇਗਾ ਕਿ ਉਨ੍ਹਾਂ ਕੋਲ ਪਹਿਲਾਂ ਕੋਈ ਸਮਾਰਟਫੋਨ ਨਹੀਂ ਹੈ।

ਹਿੰਦੁਸਤਾਨ ਟਾਈਮਜ਼ ਸਮੇਤ ਕਈ ਅਖਬਾਰਾਂ ਦੀਆਂ ਰਿਪੋਰਟਾਂ ਮੁਤਾਬਕ ਇਹ ਫੈਸਲਾ ਬੁੱਧਵਾਰ ਦੀ ਕੈਬਨਿਟ ਮੀਟਿੰਗ 'ਚ ਲਿਆ ਗਿਆ। ਸਮਾਰਟਫ਼ੋਨ ਦੇ ਨਾਲ ਹੀ 12 ਜੀਬੀ ਇੰਟਰਨੈੱਟ ਡਾਟਾ ਅਤੇ 600 ਲੋਕਲ ਮਿਨਟ ਕਾਲਿੰਗ ਲਈ ਮਿਲਣਗੇ ਜਿਨ੍ਹਾਂ ਦੀ ਮਿਆਦ ਇੱਕ ਸਾਲ ਹੋਵੇਗੀ।

ਇਸ ਦੇ ਨਾਲ ਹੀ ਕੈਬਨਿਟ ਨੇ ਗੈਰ-ਕਾਨੂੰਨੀ ਉਸਾਰੀ ਨੂੰ ਕਾਨੂੰਨੀ ਦਰਜਾ ਦੇਣ ਦੀ ਇੱਕ 'ਵਨ-ਟਾਈਮ ਸੈਟਲਮੈਂਟ' ਨੀਤੀ ਨੂੰ ਵੀ ਮਨਜ਼ੂਰੀ ਦਿੱਤੀ।

ਇਹ ਵੀ ਜ਼ਰੂਰ ਪੜ੍ਹੋ

ਪੰਜਾਬੀ ਟ੍ਰਿਬਿਊਨ ਮੁਤਾਬਕ ਕੈਬਨਿਟ ਨੇ ਸੂਬੇ ਦੇ ਅਧਿਆਪਕਾਂ ਦੀਆਂ ਆਨਲਾਈਨ ਬਦਲੀਆਂ ਦੀ ਨੀਤੀ 2019 ਨੂੰ ਪ੍ਰਵਾਨਗੀ ਦੇ ਦਿੱਤੀ ਹੈ ਤੇ ਇਕ ਥਾਂ 'ਤੇ 7 ਸਾਲ ਤੋਂ ਵੱਧ ਰਹਿਣ ਦੀ ਸ਼ਰਤ ਹਟਾ ਦਿੱਤੀ ਹੈ।

ਆਮ ਆਦਮੀ ਪਾਰਟੀ 4 ਸੂਬਿਆਂ, ਚੰਡੀਗੜ੍ਹ 'ਚ ਲੋਕ ਸਭਾ ਚੋਣਾਂ ਲਈ ਤਿਆਰ

ਆਮ ਆਦਮੀ ਪਾਰਟੀ ਦੇ ਦਿੱਲੀ ਇਕਾਈ ਦੇ ਪ੍ਰਧਾਨ ਗੋਪਾਲ ਰਾਏ ਨੇ ਕਿਹਾ ਹੈ ਕਿ ਪਾਰਟੀ ਦਿੱਲੀ, ਪੰਜਾਬ, ਗੋਆ ਅਤੇ ਹਰਿਆਣਾ ਸੂਬਿਆਂ ਤੋਂ ਇਲਾਵਾ ਚੰਡੀਗੜ੍ਹ ਦੀ ਇੱਕ ਸੀਟ ਸਮੇਤ ਕੁੱਲ 33 ਸੀਟਾਂ ਉੱਪਰ ਲੋਕ ਸਭ ਚੋਣ ਉਮੀਦਵਾਰ 15 ਫਰਵਰੀ ਤਕ ਐਲਾਨ ਦੇਵੇਗੀ। ਹਿੰਦੁਸਤਾਨ ਟਾਈਮਜ਼ ਮੁਤਾਬਕ ਪਾਰਟੀ ਨੇ ਅਜੇ ਕਿਸੇ ਹੋਰ ਸੂਬੇ ਦਾ ਨਾਂ ਨਹੀਂ ਲਿਆ ਹੈ।

ਪੰਜਾਬੀ ਟ੍ਰਿਬਿਊਨ ਮੁਤਾਬਕ ਪਾਰਟੀ ਦੇ ਮੁੱਖੀ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 20 ਜਨਵਰੀ ਨੂੰ ਪੰਜਾਬ 'ਚ ਚੋਣ ਪ੍ਰਚਾਰ ਦੀ ਸ਼ੁਰੂਆਤ ਕਰ ਦੇਣਗੇ। ਉਸ ਦਿਨ ਲੋਕ ਸਭਾ ਮੈਂਬਰ ਭਗਵੰਤ ਮਾਨ ਦੇ ਹਲਕੇ ਸੰਗਰੂਰ ਦੇ ਸ਼ਹਿਰ ਬਰਨਾਲਾ ਵਿੱਚ ਰੈਲੀ ਕਰਨਗੇ।

ਇਸੇ ਤਰ੍ਹਾਂ ਕੇਜਰੀਵਾਲ ਲੋਕ ਸਭਾ ਹਲਕਾ ਅੰਮ੍ਰਿਤਸਰ 'ਚ ਪਾਰਟੀ ਦੇ ਉਮੀਦਵਾਰ ਕੁਲਦੀਪ ਧਾਲੀਵਾਲ ਦੇ ਹੱਕ ਵਿਚ 2 ਫਰਵਰੀ ਨੂੰ ਰੈਲੀ ਕਰਨਗੇ। ਜਨਵਰੀ ਦੇ ਅਖੀਰਲੇ ਹਫਤੇ ਲੋਕ ਸਭਾ ਹਲਕਾ ਹੁਸ਼ਿਆਰਪੁਰ ਦੇ ਸ਼ਹਿਰ ਗੜਸ਼ੰਕਰ ਵਿਖੇ ਵੀ ਰੈਲੀ ਦੀ ਯੋਜਨਾ ਹੈ।

ਡੇਰਾ ਮੁਖੀ ਉੱਤੇ ਕਤਲ ਕੇਸ 'ਚ ਫੈਸਲੇ ਦੀ ਤਰੀਕ: 11 ਜਨਵਰੀ

ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਉੱਪਰ ਚੱਲ ਰਹੇ ਪੱਤਰਕਾਰ ਰਾਮ ਚੰਦਰ ਛਤਰਪਤੀ ਦੇ ਕਤਲ ਦੇ ਕੇਸ ਵਿੱਚ ਫੈਸਲਾ 11 ਜਨਵਰੀ ਨੂੰ ਆਵੇਗਾ।

ਦਿ ਟ੍ਰਿਬਿਊਨ ਮੁਤਾਬਕ ਪੰਚਕੁਲਾ ਵਿਖੇ ਸੀਬੀਆਈ ਸਪੈਸ਼ਲ ਕੋਰਟ ਵਿੱਚ ਚੱਲ ਰਹੇ ਮਾਮਲੇ 'ਚ ਦਲੀਲਾਂ ਬੁੱਧਵਾਰ ਨੂੰ ਮੁੱਕੀਆਂ।

ਇਸੇ ਨਾਲ ਪੁਲਿਸ ਅੰਦਰ ਵੀ ਹਲਚਲ ਪੈਦਾ ਹੋ ਗਈ ਕਿਉਂਕਿ ਰਾਮ ਰਹੀਮ, ਜੋ ਇਸ ਵੇਲੇ ਬਲਾਤਕਾਰ ਦੇ ਮਾਮਲੇ 'ਚ ਰੋਹਤਕ ਦੀ ਸੁਨਾਰੀਆ ਜੇਲ੍ਹ 'ਚ ਬੰਦ ਹੈ, ਨੂੰ ਪੰਚਕੁਲਾ ਲਿਆਉਣਾ ਜ਼ੋਖਿਮ ਭਰਾ ਹੋ ਸਕਦਾ ਹੈ।

ਦਿ ਇੰਡੀਅਨ ਐਕਸਪ੍ਰੈੱਸ ਮੁਤਾਬਕ ਰੇਪ ਕੇਸ ਵਿੱਚ 25 ਅਗਸਤ 2017 ਨੂੰ ਰਾਮ ਰਹੀਮ ਨੂੰ 20 ਸਾਲਾਂ ਦੀ ਸਜ਼ਾ ਸੁਣਾਏ ਜਾਣ ਤੋਂ ਬਾਅਦ ਪ੍ਰਦਰਸ਼ਨ ਭੜਕ ਉੱਠੇ ਸੀ। ਕੁਝ ਹੀ ਘੰਟਿਆਂ 'ਚ ਪੰਚਕੁਲਾ ਵਿੱਚ ਡੇਰੇ ਦੇ 36 ਸ਼ਰਧਾਲੂਆਂ ਦੀ ਮੌਤ ਸੁਰੱਖਿਆ ਬਲਾਂ ਵੱਲੋਂ ਫਾਇਰਿੰਗ 'ਚ ਹੋ ਗਈ ਸੀ।

ਦਿੱਲੀ ਗੁਰਦੁਆਰਾ ਕਮੇਟੀ ਦੇ ਅਹੁਦੇਦਾਰਾਂ ਦੀ ਚੋਣ ਇਸੇ ਮਹੀਨੇ

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਵੇਂ ਅਹੁਦੇਦਾਰ ਚੁਣਨ ਲਈ ਕਾਰਜਕਾਰੀ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਗੁਰਦੁਆਰਾ ਚੋਣ ਆਯੋਗ ਨੂੰ ਜਨਵਰੀ 19 ਨੂੰ ਚੋਣ ਕਰਵਾਉਣ ਦੀ ਸਿਫਾਰਿਸ਼ ਕੀਤੀ ਹੈ।

ਹਿੰਦੁਸਤਾਨ ਟਾਈਮਜ਼ ਨੇ ਦੱਸਿਆ ਕਿ ਪ੍ਰਧਾਨ ਮਨਜੀਤ ਸਿੰਘ ਜੀਕੇ, ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਸਮੇਤ ਅਹੁਦੇਦਾਰਾਂ ਨੇ 6 ਦਸੰਬਰ ਨੂੰ ਅਸਤੀਫੇ ਦੇ ਦਿੱਤੇ ਸਨ ਕਿਉਂਕਿ ਜੀਕੇ ਖ਼ਿਲਾਫ਼ ਕਮੇਟੀ ਦੇ ਪੈਸੇ 'ਚ ਘੁਟਾਲੇ ਦੇ ਇਲਜ਼ਾਮ ਵਾਲੀ ਇੱਕ ਪਟੀਸ਼ਨ ਅਦਾਲਤ ਵਿੱਚ ਦਾਇਰ ਕੀਤੀ ਗਈ ਹੈ।

ਪਾਕਿਸਤਾਨ ਲਈ ਚੀਨ ਬਣਾ ਰਿਹਾ ਹੈ ਨਵਾਂ ਜੰਗੀ ਬੇੜਾ

ਹਿੰਦ ਮਹਾਂਸਾਗਰ ਵਿੱਚ 'ਤਾਕਤ ਦਾ ਸਮਤੋਲ' ਬਣਾਈ ਰੱਖਣ ਤੇ ਹਥਿਆਰਾਂ ਬਾਰੇ ਅਹਿਮ ਕਰਾਰ ਦੇ ਚਲਦਿਆਂ ਚੀਨ ਵੱਲੋਂ ਪਾਕਿਸਤਾਨ ਦੀ ਜਲ ਸੈਨਾ ਲਈ 'ਅਤਿ-ਆਧੁਨਿਕ' ਜੰਗੀ ਬੇੜਾ ਤਿਆਰ ਕੀਤਾ ਜਾ ਰਿਹਾ ਹੈ।

ਇਹ ਵੀ ਜ਼ਰੂਰ ਪੜ੍ਹੋ

ਖ਼ਬਰ ਏਜੰਸੀ ਪੀਟੀਆਈ ਦੇ ਹਵਾਲੇ ਨਾਲ ਪੰਜਾਬੀ ਟ੍ਰਿਬਿਊਨ 'ਚ ਛਪੀ ਰਿਪੋਰਟ ਅੱਗੇ ਦੱਸਦੀ ਹੈ ਕਿ ਚੀਨ ਵੱਲੋਂ ਪਾਕਿਸਤਾਨ ਨੂੰ ਅਜਿਹੇ ਚਾਰ ਜੰਗੀ ਬੇੜੇ ਦਿੱਤੇ ਜਾਣੇ ਹਨ।

ਇਸ ਮੁਤਾਬਕ ਇੱਕ ਚੀਨੀ ਅਖ਼ਬਾਰ ਨੇ ਸਰਕਾਰੀ ਮਾਲਕੀ ਵਾਲੇ ਚਾਈਨਾ ਸਟੇਟ ਸ਼ਿਪ-ਬਿਲਡਿੰਗ ਕਾਰਪੋਰੇਸ਼ਨ ਦੇ ਹਵਾਲੇ ਨਾਲ ਕਿਹਾ ਕਿ ਜੰਗੀ ਬੇੜੇ ਆਧੁਨਿਕ ਹਥਿਆਰ ਪ੍ਰਣਾਲੀ ਨਾਲ ਲੈਸ ਹੋਣਗੇ।

ਇਹ ਵੀਡੀਓ ਵੀ ਜ਼ਰੂਰ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)