You’re viewing a text-only version of this website that uses less data. View the main version of the website including all images and videos.
'ਨਾ ਮੋਦੀ ਇਸਲਾਮਾਬਾਦ ਆਉਣਗੇ, ਨਾ ਇਮਰਾਨ ਖ਼ਾਨ ਦਿੱਲੀ ਜਾਣਗੇ' — ਬਲਾਗ
- ਲੇਖਕ, ਵੁਸਤੁੱਲਾਹ ਖ਼ਾਨ
- ਰੋਲ, ਪਾਕਿਸਤਾਨ ਤੋਂ ਬੀਬੀਸੀ ਲਈ
ਮੈਨੂੰ ਕਈ ਦੋਸਤਾਂ ਨੇ ਫਰਮਾਇਸ਼ ਕੀਤੀ ਹੈ ਕਿ ਜਦੋਂ ਸਾਰੇ ਪੰਡਿਤ 'ਨਵਾਂ ਸਾਲ ਕਿਵੇਂ ਗੁਜ਼ਰੇਗਾ' ਦੀਆਂ ਗੱਲਾਂ ਕਰ ਰਹੇ ਹਨ ਤਾਂ ਮੈਂ ਵੀ ਕੋਈ ਨਾ ਕੋਈ ਭਵਿੱਖਬਾਣੀ ਕਰਾਂ।
ਗੱਲ ਇਹ ਹੈ ਕਿ ਸਮੋਗ ਕਾਰਨ ਮੇਰੇ ਤੋਤੋ ਦੀ ਤਬੀਅਤ ਠੀਕ ਨਹੀਂ ਹੈ ਇਸ ਲਈ ਉਸ ਦੀ ਥਾਂ ਮੈਂ ਕਾਰਡ ਚੁੱਕ ਕੇ ਪੜ੍ਹ ਦਿੰਦਾ ਹਾਂ।
ਕਾਰਡ 'ਚ ਪਹਿਲੀ ਭਵਿੱਖਬਾਣੀ ਇਹ ਲਿਖੀ ਹੈ ਕਿ ਨਵਾਂ ਸਾਲ ਪਿਛਲੇ ਸਾਲ (2018) ਨਾਲੋਂ ਵੱਖਰਾ ਹੋਵੇਗਾ ਕਿਉਂਕਿ 2018 ਵੀ ਪਿਛਲੇ ਸਾਲ ਤੋਂ ਵੱਖਰਾ ਸੀ। ਉਹ 2017 ਸੀ ਤੇ ਫਿਰ 2018 ਆਇਆ ਤੇ ਹੁਣ 2019 ਹੈ।
ਦੂਜੀ ਭਵਿੱਖਬਾਣੀ ਇਹ ਹੈ ਕਿ ਨਵੇਂ ਸਾਲ 'ਚ ਪਾਕਿਸਤਾਨ 'ਚ ਆਮ ਚੋਣਾਂ ਨਹੀਂ ਹੋਣਗੀਆਂ, ਅਲਬੱਤਾ ਭਾਰਤ ਵਿੱਚ ਮੈਨੂੰ ਆਮ ਚੋਣਾਂ ਹੁੰਦੀਆਂ ਸਾਫ਼ ਨਜ਼ਰ ਆ ਰਹੀਆਂ ਹਨ। ਭਾਜਪਾ ਪਹਿਲਾਂ ਨਾਲੋਂ ਘੱਟ ਸੀਟਾਂ ਜਿੱਤੇਗੀ ਪਰ ਮੋਦੀ ਜੀ ਆਪਣੀ ਸੀਟ 'ਤੇ ਬਣੇ ਰਹਿਣਗੇ।
ਇਹ ਵੀ ਪੜ੍ਹੋ-
ਭਾਰਤ ਅਤੇ ਪਾਕਿਸਤਾਨ ਦੇ ਸਬੰਧਾਂ 'ਚ ਨਵੇਂ ਸਾਲ ਵਿੱਚ ਵੀ ਨਾ ਕੋਈ ਸੁਧਾਰ ਆਵੇਗਾ, ਨਾ ਵਿਗਾੜ।
ਨਾ ਮੋਦੀ ਜੀ ਇਸਲਾਮਾਬਾਦ ਆਉਣਗੇ ਨਾ ਇਮਰਾਨ ਖ਼ਾਨ ਦਿੱਲੀ ਜਾਣਗੇ। ਵੱਧ ਤੋਂ ਵੱਧ ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਜੂਨ ਤੋਂ ਬਾਅਦ ਦਿੱਲੀ ਦੀ ਯਾਤਰਾ ਕਰ ਸਕਦੇ ਹਨ।
ਪਰ ਕਸ਼ਮੀਰ ਦਾ ਮਾਮਲਾ ਹੋਰ ਗਰਮ ਹੋ ਗਿਆ ਤਾਂ ਇਹ ਯਾਤਰਾ ਠੰਢੀ ਪੈ ਸਕਦੀ ਹੈ। ਉੰਝ ਵੀ ਸ਼ਾਹ ਮਹਿਮੂਦ ਕੁਰੈਸ਼ੀ ਨੂੰ ਦਿੱਲੀ ਰਾਸ ਨਹੀਂ ਆਉਂਦੀ।
ਪਿਛਲੀ ਵਾਰ ਉਹ ਦਿੱਲੀ 'ਚ ਹੀ ਸਨ ਜਦੋਂ ਮੁੰਬਈ ਵਿੱਚ 26/11 ਦੀ ਵਾਰਦਾਤ ਹੋ ਗਈ ਸੀ।
ਅਗਲੇ ਸਾਲ ਵੀ ਪਾਕਿਸਤਾਨ ਦੀ ਆਰਥਿਕ ਸਥਿਤੀ ਡਾਵਾਡੋਲ ਰਹੇਗੀ। ਅਲਬੱਤਾ ਕੱਟੜਪੰਥੀ ਦੀਆਂ ਘਟਨਾਵਾਂ ਇਸ ਸਾਲ ਤੋਂ ਘੱਟ ਹੋਣਗੀਆਂ। 2019 'ਚ ਵੀ ਅਫ਼ਗਾਨਿਸਤਾਨ ਉਵੇਂ ਹੀ ਰਹੇਗਾ ਜਿਵੇਂ ਇਸ ਵੇਲੇ ਹੈ।
ਤੋਤਾ ਜੇਕਰ ਜ਼ਿੰਦਾ ਰਿਹਾ...
ਅਮਰੀਕਾ ਅਤੇ ਚੀਨ ਦੇ ਸਬੰਧਾਂ 'ਚ ਤਣਾਅ ਹੋਰ ਵਧੇਗਾ। ਇਹੀ ਹਾਲ ਰੂਸ ਅਤੇ ਅਮਰੀਕੀ ਸਬੰਧਾਂ ਦਾ ਵੀ ਹੋਵੇਗਾ।
ਅਰਬ ਜਗਤ 'ਚ ਹੋਰ ਕੁਝ ਨਾ ਹੋਵੇ ਪਰ ਯਮਨ ਦੇ ਗ੍ਰਹਿ ਯੁੱਧ ਦਾ ਕੋਈ ਨਾ ਕੋਈ ਹੱਲ ਜ਼ਰੂਰ ਨਿਕਲ ਆਵੇਗਾ ਅਤੇ ਖਾੜੀ ਦੇ ਅਰਬ ਦੇਸਾਂ ਨੇ ਕਤਰ ਦੀ ਜੋ ਨਾਕਾਬੰਦੀ ਕੀਤੀ ਹੋਈ ਹੈ ਉਹ ਖ਼ਤਮ ਹੋ ਜਾਵੇਗੀ।
ਜੇਕਰ ਮੇਰਾ ਤੋਤਾ ਨਵੇਂ ਸਾਲ ਵਿੱਚ ਜ਼ਿੰਦਾ ਰਿਹਾ ਅਤੇ ਸਿਹਤਯਾਬ ਰਿਹਾ ਤਾਂ ਮੈਂ ਹੋਰ ਭਵਿੱਖਬਾਣੀਆਂ ਕਰਾਂਗਾ, ਨਹੀਂ ਤਾਂ ਐਵੇਂ-ਧੈਵੇਂ ਗੱਲਾਂ ਤਾਂ ਚੱਲਦੀਆਂ ਹੀ ਰਹਿਣਗੀਆਂ।
ਤੁਹਾਨੂੰ ਸਾਰਿਆਂ ਨੂੰ ਨਵੇਂ ਸਾਲ ਦੀ ਵਧਾਈ।