You’re viewing a text-only version of this website that uses less data. View the main version of the website including all images and videos.
ਐੱਚ ਐੱਸ ਫੂਲਕਾ ਨੇ ਆਮ ਆਦਮੀ ਪਾਰਟੀ ਛੱਡੀ
ਪੀਟੀਆਈ ਦੀ ਖ਼ਬਰ ਮੁਤਾਬਕ ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰ ਐੱਚ ਐੱਸ ਫੂਲਕਾ ਨੇ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿੱਤਾ ਹੈ।
ਐੱਚ ਐੱਸ ਫੂਲਕਾ 1984 ਦੇ ਸਿੱਖ-ਦੰਗਾ ਪੀੜਤਾਂ ਲਈ ਲੜਾਈ ਲੜ ਰਹੇ ਸਨ।
ਫੂਲਕਾ ਦੇ ਅਸਤੀਫ਼ੇ ਦੀ ਖ਼ਬਰ ਉਦੋਂ ਸਾਹਮਣੇ ਆਈ ਜਦੋਂ 2019 ਦੀਆਂ ਲੋਕ ਸਭਾ ਚੋਣਾਂ ਲਈ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਗਠਜੋੜ ਦੀ ਗੱਲ ਚੱਲ ਰਹੀ ਸੀ।
ਹਾਲਾਂਕਿ ਵੀਰਵਾਰ ਨੂੰ ਹੋਈ ਆਮ ਆਦਮੀ ਪਾਰਟੀ ਦੀ ਬੈਠਕ ਤੋਂ ਬਾਅਦ ਪਾਰਟੀ ਲੀਡਰ ਸੰਜੇ ਸਿੰਘ ਨੇ ਇਹ ਸਾਫ਼ ਕੀਤਾ ਕਿ ਉਹ ਕਿਸੇ ਵੀ ਪਾਰਟੀ ਨਾਲ ਗਠਜੋੜ ਨਹੀਂ ਕਰਨਗੇ।
ਫੂਲਕਾ ਨੇ ਟਵੀਟ ਕਰਕੇ ਆਪਣੇ ਅਸਤੀਫ਼ੇ ਬਾਰੇ ਇਹ ਜਾਣਕਾਰੀ ਦਿੱਤੀ ਹੈ।
ਉਨ੍ਹਾਂ ਆਪਣੇ ਟਵੀਟ ਵਿੱਚ ਲਿਖਿਆ,''ਮੈਂ ਆਮ ਆਦਮੀ ਪਾਰਟੀ ਤੋਂ ਅਸਤੀਫ਼ਾ ਦੇ ਦਿੱਤਾ ਹੈ ਅਤੇ ਆਪਣਾ ਅਸਤੀਫ਼ਾ ਕੇਜਰੀਵਾਲ ਜੀ ਨੂੰ ਸੌਂਪ ਦਿੱਤਾ ਹੈ। ਹਾਲਾਂਕਿ ਉਨ੍ਹਾਂ ਨੇ ਮੈਨੂੰ ਅਸਤੀਫ਼ਾ ਨਾ ਦੇਣ ਲਈ ਕਿਹਾ ਸੀ। ਮੈਂ ਆਪਣੇ ਦਿੱਤੇ ਅਸਤੀਫ਼ਾ ਦਾ ਕਾਰਨ ਅਤੇ ਅੱਗੇ ਦੀ ਯੋਜਨਾ ਬਾਰੇ ਕੱਲ੍ਹ ਪ੍ਰੈੱਸ ਕਾਨਫਰੰਸ ਕਰਕੇ ਦੱਸਾਂਗਾ।''
ਇਹ ਵੀ ਪੜ੍ਹੋ:
ਫੂਲਕਾ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਦੀ ਵੀ ਭੂਮਿਕਾ ਨਿਭਾ ਚੁੱਕੇ ਹਨ। ਪਰ ਉਨ੍ਹਾਂ ਨੇ ਆਪਣੇ ਅਹੁਦੇ ਤੋਂ ਇਹ ਕਹਿ ਕੇ ਅਸਤੀਫਾ ਦਿੱਤਾ ਸੀ ਕਿ ਉਹ 1984 ਕਤਲੇਆਮ ਦੇ ਪੀੜਤਾਂ ਦੀ ਲੜਾਈ ਵੱਲ ਆਪਣਾ ਧਿਆਨ ਲਗਾਉਣਾ ਚਾਹੁੰਦੇ ਹਨ।
ਫੂਲਕਾ ਇਸ ਤੋਂ ਪਹਿਲਾ ਆਪਣੇ ਵਿਧਾਇਕ ਅਹੁਦੇ ਤੋਂ ਵੀ ਅਸਤੀਫ਼ਾ ਦੇ ਚੁੱਕੇ ਹਨ। ਹਾਲਾਂਕਿ ਉਨ੍ਹਾਂ ਦਾ ਅਸਤੀਫ਼ਾ ਅਜੇ ਤੱਕ ਮਨਜ਼ੂਰ ਨਹੀਂ ਹੋਇਆ। ਮੌਜੂਦਾ ਵੇਲੇ ਉਹ ਲੁਧਿਆਣਾ ਦੀ ਦਾਖਾ ਸੀਟ ਤੋਂ ਵਿਧਾਇਕ ਹਨ।
ਫੂਲਕਾ ਤੇ ਪਾਰਟੀ ਵਿਚਾਲੇ ਵੱਖਰੇਵੇਂ
ਐੱਚ ਐੱਸ ਫੂਲਕਾ ਸ਼ੁਰੂ ਤੋਂ ਹੀ ਆਮ ਆਦਮੀ ਪਾਰਟੀ ਤੇ ਕਾਂਗਰਸ ਵਿਚਾਲੇ ਕਿਸੇ ਵੀ ਗਠਜੋੜ ਦੇ ਖਿਲਾਫ਼ ਸਨ। ਉਨ੍ਹਾਂ ਦਾ ਕਹਿਣਾ ਸੀ ਕਿ ਜੇ ਉਨ੍ਹਾਂ ਦਾ ਪਾਰਟੀ ਕਾਂਗਰਸ ਨਾਲ ਕੋਈ ਗਠਜੋੜ ਕਰਦੀ ਹੈ ਤਾਂ ਉਹ ਪਾਰਟੀ ਤੋਂ ਅਸਤੀਫਾ ਦੇਣ ਵਾਲੇ ਪਹਿਲੇ ਵਿਅਕਤੀ ਹੋਣਗੇ।
ਦਿੱਲੀ ਵਿਧਾਨਸਭਾ ਵਿੱਚ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਤੋਂ ਭਾਰਤ ਰਤਨ ਵਾਪਸ ਲੈਣ ਦੀ ਮੰਗ ਸਬੰਧੀ ਮਤਾ ਪਾਸ ਹੋਣ ਤੇ ਵਿਵਾਦ ਹੋਇਆ ਸੀ, ਹਾਲਾਂਕਿ ਬਾਅਦ ਵਿੱਚ ਆਮ ਆਦਮੀ ਪਾਰਟੀ ਨੇ ਇਸ ਤੋਂ ਇਨਕਾਰ ਕਰ ਦਿੱਤਾ ਸੀ। ਇਸ ਨੂੰ ਅਸਤੀਫੇ ਦੇ ਪਿੱਛੇ ਦੀ ਵਜ੍ਹਾ ਮੰਨੀ ਜਾ ਰਹੀ ਹੈ।
ਇਸ ਤੋਂ ਪਹਿਲਾਂ ਉਹ ਖੁੱਲ੍ਹੇ ਤੌਰ ’ਤੇ ਆਪਣੀ ਪਾਰਟੀ ਦੀ ਨਿਖੇਦੀ ਕਰਦੇ ਰਹੇ ਹਨ। 26 ਅਗਸਤ 2018 ਵਿੱਚ ਬੇਅਦਬੀ ਮਾਮਲੇ ਵਿੱਚ ਉਨ੍ਹਾਂ ਨੇ ਆਪਣੀ ਪਾਰਟੀ ਦੇ ਰੁਖ ’ਤੇ ਸਵਾਲ ਖੜ੍ਹੇ ਕੀਤੇ ਸਨ।