ਮੇਘਾਲਿਆ ਵਿੱਚ ਤਿੰਨ ਹਫਤੇ ਤੋਂ ਮਾਈਨ ਵਿੱਚ ਫਸੇ ਮਜ਼ਦੂਰ, ਘਰਵਾਲਿਆਂ ਨੂੰ ਚਮਤਕਾਰ ਦਾ ਇੰਤਜ਼ਾਰ: ਗਰਾਊਂਡ ਰਿਪੋਰਟ

    • ਲੇਖਕ, ਦਿਲੀਪ ਕੁਮਾਰ ਸ਼ਰਮਾ
    • ਰੋਲ, ਮੇਘਾਲਿਆ ਤੋਂ ਬੀਬੀਸੀ ਹਿੰਦੀ ਲਈ

''ਮੈਂ ਪਿਛਲੇ ਦੋ ਹਫਤਿਆਂ ਤੋਂ ਆਪਣੇ ਭਾਂਜਿਆਂ ਦੇ ਇੰਤਜ਼ਾਰ ਵਿੱਚ ਇਸ ਕੋਲਾ ਮਾਈਨ ਦੇ ਬਾਹਰ ਬੈਠਾ ਹੋਇਆ ਹਾਂ ਪਰ ਪਤਾ ਨਹੀਂ ਕਿ ਉਹ ਜ਼ਿੰਦਾ ਵੀ ਹਨ ਜਾਂ ਨਹੀਂ।''

22 ਸਾਲ ਦੇ ਪ੍ਰੇਸਮੇਕੀ ਦਖਾਰ ਆਪਣੇ ਭਾਂਜਿਆਂ ਨੂੰ ਯਾਦ ਕਰ ਭਾਵੁਕ ਹੋ ਜਾਂਦੇ ਹਨ।

''ਐੱਨਡੀਆਰਐੱਫ ਦੇ ਲੋਕ ਕਈ ਦਿਨਾਂ ਤੋਂ ਇੱਥੇ ਕੰਮ ਕਰ ਰਹੇ ਹਨ ਪਰ ਕਿਸੇ ਨੇ ਸਾਨੂੰ ਨਹੀਂ ਦੱਸਿਆ ਹੈ ਕਿ ਡਿਮੋਂਮੇ ਤੇ ਮੇਲਾਮਬੋਕ ਨੂੰ ਕਦੋਂ ਬਾਹਰ ਕੱਢਿਆ ਜਾਵੇਗਾ।''

ਪਿਛਲੇ 13 ਦਸੰਬਰ ਤੋਂ ਮੇਘਾਲਿਆ ਦੀ ਡੂੰਘੀ, ਤੇ ਹਨੇਰੇ ਅਤੇ ਪਾਣੀ ਨਾਲ ਭਰੀ ਮਾਈਨ ਵਿੱਚ 15 ਮਜ਼ਦੂਰ ਫਸੇ ਹੋਏ ਹਨ। ਉਨ੍ਹਾਂ ਵਿੱਚ 20 ਸਾਲ ਦੇ ਡਿਮੋਂਮੇ ਦਖਾਰ ਅਤੇ 21 ਸਾਲ ਦੇ ਮੇਲਾਮਬੋਕ ਦਖਾਰ ਵੀ ਹਨ।

ਸੁਪਰੀਮ ਕੋਰਟ ਨੇ ਵੀ ਮੇਘਾਲਿਆ ਸਰਕਾਰ ਤੋਂ ਪੁੱਛਿਆ ਹੈ ਕਿ ਸਰਕਾਰ ਇਨ੍ਹਾਂ ਦੇ ਬਚਾਅ ਲਈ ਕੀ ਕੰਮ ਕਰ ਰਹੀ ਹੈ।

ਇਹ ਵੀ ਪੜ੍ਹੋ:

ਦਰਅਸਲ ਵਧੇਰੇ ਈਸਾਈਆਂ ਵਾਲੇ ਮੇਘਾਲਿਆ ਵਿੱਚ ਕ੍ਰਿਸਮਸ ਤੋਂ ਠੀਕ ਪਹਿਲਾਂ ਪਿੰਡ ਲੁਮਥਰੀ ਦੇ ਇਹ ਨੌਜਵਾਨ ਇਸ ਮਾਈਨ ਵਿੱਚ ਕੰਮ ਕਰਨ ਲਈ ਗਏ ਸਨ।

ਪਰ 370 ਫੁੱਟ ਤੋਂ ਵੀ ਡੂੰਘੀ ਇਸ ਮਾਈਨ ਵਿੱਚ ਅਚਾਨਕ ਪਾਣੀ ਭਰ ਆਉਣ ਨਾਲ ਅੰਦਰ ਕੰਮ ਕਰ ਰਹੇ ਸਾਰੇ ਮਜ਼ਦੂਰ ਮਾਈਨ ਵਿੱਚ ਹੀ ਫਸ ਗਏ।

ਮੇਘਾਲਿਆ ਆਪਣੀ ਖੂਬਸੂਰਤੀ ਲਈ ਜਾਣਿਆ ਜਾਂਦਾ ਹੈ ਪਰ ਗ਼ੈਰ-ਕਾਨੂੰਨੀ ਤਰੀਕੇ ਨਾਲ ਕੋਲੇ ਦੀ ਮਾਈਨਿੰਗ ਅਤੇ ਮਜ਼ਦੂਰਾਂ ਦੀ ਮੌਤ ਦੀਆਂ ਘਟਨਾਵਾਂ ਇਸ ਨੂੰ ਬਦਨਾਮ ਕਰ ਰਹੀਆਂ ਹਨ।

ਪ੍ਰੇਸਮੇਕੀ ਨੇ ਕਿਹਾ, ''ਇਲਾਕੇ ਵਿੱਚ ਵਧੇਰੇ ਬੇਰੁਜ਼ਗਾਰ ਨੌਜਵਾਨ ਹਨ ਜਿਨ੍ਹਾਂ ਕੋਲ ਮਾਈਨ ਵਿੱਚ ਕੰਮ ਕਰਨ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਹੈ ਕਿਉਂਕਿ ਖੇਤੀ ਵਿੱਚ ਨਾ ਹੀ ਪੈਸਾ ਹੈ ਅਤੇ ਨਾ ਹੀ ਇਨ੍ਹਾਂ ਕੋਲ ਜ਼ਮੀਨ ਹੈ।''

''ਇਸ ਘਟਨਾ ਦੇ 15 ਦਿਨਾਂ ਬਾਅਦ ਵੀ ਸਾਨੂੰ ਲਗ ਰਿਹਾ ਸੀ ਕਿ ਉਹ ਬਾਹਰ ਆ ਜਾਣਗੇ ਪਰ ਜਦੋਂ ਭਾਰਤੀ ਫੌਜ ਦੇ ਗੋਤਾਖੋਰ ਵੀ ਕੁਝ ਲੱਭ ਨਾ ਸਕੇ ਤਾਂ ਅਸੀਂ ਨਿਰਾਸ਼ ਹੋ ਗਏ। ਕੋਈ ਭਲਾ 20 ਦਿਨਾਂ ਤੱਕ ਇੰਨੀ ਖ਼ਤਰਨਾਕ ਖੱਡ ਵਿੱਚ ਕਿਵੇਂ ਜ਼ਿੰਦਾ ਰਹੇਗਾ, ਹੁਣ ਤਾਂ ਕੋਈ ਚਮਤਕਾਰ ਹੀ ਉਨ੍ਹਾਂ ਨੂੰ ਬਚਾ ਸਕਦਾ ਹੈ।''

ਗਰੀਬ ਤੇ ਬੇਰੁਜ਼ਗਾਰ

ਮਾਈਨ ਵਿੱਚ ਫਾਈਹੁਨਲਾਂਗ ਸੁਬਾ ਦੇ ਚਚੇਰੇ ਭਰਾ ਵੀ ਫਸੇ ਹੋਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਹੁਣ ਉਹ ਆਪਣੇ ਕਿਸੇ ਵੀ ਰਿਸ਼ਤੇਦਾਰ ਜਾਂ ਦੋਸਤ ਨੂੰ ਮਾਈਨ ਵਿੱਚ ਕੰਮ ਕਰਨ ਲਈ ਨਹੀਂ ਭੇਜਣਗੇ।

ਉਨ੍ਹਾਂ ਕਿਹਾ, ''ਮੈਂ ਜਦ ਇਸ ਡੂੰਘੀ ਖੱਡ ਨੂੰ ਵੇਖਦਾ ਹਾਂ ਤਾਂ ਡਰ ਦੇ ਮਾਰੇ ਮੇਰਾ ਕਲੇਜਾ ਬਹਿ ਜਾਂਦਾ ਹੈ। ਪਤਾ ਨਹੀਂ ਉਸ ਦਾ ਕੀ ਹਾਲ ਹੋਇਆ ਹੋਵੇਗਾ।''

''ਮੈਂ ਕਦੇ ਵੀ ਕੋਲੇ ਦੀ ਮਾਈਨ ਵਿੱਚ ਕੰਮ ਨਹੀਂ ਕਰਾਂਗਾ, ਭਾਵੇਂ ਭੁੱਖਾ ਹੀ ਮਰ ਜਾਵਾਂ।''

''ਅਸੀਂ ਕਾਫੀ ਗਰੀਬ ਤੇ ਬੇਰੁਜ਼ਗਾਰ ਹਾਂ, ਇਸ ਇਲਾਕੇ ਵਿੱਚ ਜ਼ਿੰਦਾ ਰਹਿਣ ਲਈ ਲੋਕ ਆਪਣੀ ਜਾਨ ਖਤਰੇ ਵਿੱਚ ਪਾਉਂਦੇ ਹਨ। ਮੇਲਾਮ ਕ੍ਰਿਸਮਸ ਤੋਂ ਪਹਿਲਾਂ ਵੱਧ ਕਮਾਉਣਾ ਚਾਹੁੰਦਾ ਸੀ, ਪਤਾ ਨਹੀਂ ਮੈਂ ਉਸਨੂੰ ਮਿਲ ਵੀ ਪਾਵਾਂਗਾ ਜਾਂ ਨਹੀਂ।''

ਐਨਡੀਆਰਐਫ ਦੀ ਟੀਮ ਸ਼ੁਰੂਆਤ ਵਿੱਚ ਮਾਈਨ ਦੇ ਅੰਦਰ 70 ਫੁੱਟ ਪਾਣੀ ਭਰੇ ਹੋਣ ਦਾ ਅੰਦਾਜ਼ਾ ਲਗਾ ਰਹੀ ਸੀ ਤੇ ਉਸਦੇ ਗੋਤਾਖੋਰਾਂ ਨੇ ਵੀ 30 ਫੁੱਟ ਤੱਕ ਪਾਣੀ ਦੇ ਅੰਦਰ ਜਾਣ ਦਾ ਦਾਅਵਾ ਕੀਤਾ ਹੈ।

ਪਰ 15 ਦਿਨਾਂ ਤੱਕ ਮਾਈਨ ਦਾ ਪਾਣੀ ਕੱਢਣ ਲਈ ਹਾਈ ਪਾਵਰ ਪੰਪ ਦੀ ਕੋਈ ਵਿਵਸਥਾ ਨਹੀਂ ਕੀਤੀ ਗਈ।

ਮਿਸ਼ਨ ਦੇ ਲੀਡਰ ਸਹਾਇਕ ਕਮਾਂਡੰਟ ਸੰਤੋਸ਼ ਕੁਮਾਰ ਸਿੰਘ ਨੇ ਕਿਹਾ, ''ਸਾਡੇ ਕੋਲ ਸਿਰਫ 25 ਹਾਰਸਪਾਵਰ ਦੇ ਪੰਪ ਸਨ। ਸਾਡੇ ਲਈ ਪਾਣੀ ਦੀ ਡੂੰਘਾਈ ਦਾ ਅੰਦਾਜ਼ਾ ਲਗਾਉਣ ਬਹੁਤ ਵੱਡੀ ਚੁਣੌਤੀ ਸੀ।''

''ਹੁਣ ਸਾਡੇ ਨਾਲ ਓਡੀਸ਼ਾ ਦੇ ਹਾਈ ਪਾਵਰ ਪੰਪ ਲੈ ਕੇ ਪਹੁੰਚੇ ਫਾਇਰ ਬ੍ਰਿਗੇਡ ਦੇ ਜਵਾਨ ਅਤੇ ਕੋਲ ਇੰਡੀਆ ਵਰਗੀਆਂ ਕਈ ਏਜੰਸੀਆਂ ਸ਼ਾਮਲ ਹੋ ਗਈਆਂ ਹਨ। ਜਲਦ ਹੀ ਅਸੀਂ ਇੱਕ ਨਤੀਜੇ 'ਤੇ ਪਹੁੰਚਾਂਗੇ।''

ਤਾਲਮੇਲ ਦੀ ਘਾਟ

ਇਨ੍ਹਾਂ ਏਜੰਸੀਆਂ ਦੀ ਮਦਦ ਪਹਿਲੇ 15 ਦਿਨਾਂ ਵਿੱਚ ਕਿਉਂ ਨਹੀਂ ਲਈ ਗਈ? ਐੱਨਡੀਆਰਐੱਫ ਦੇ ਅਧਿਕਾਰੀ ਅਤੇ ਘਟਨਾ ਦੀ ਥਾਂ 'ਤੇ ਮੌਜੂਦ ਬਾਕੀ ਏਜੰਸੀਆਂ ਵਿਚਾਲੇ ਤਾਲਮੇਲ ਦੀ ਘਾਟ ਨੂੰ ਲੈ ਕੇ ਵੀ ਸਵਾਲ ਚੁੱਕੇ ਗਏ ਹਨ।

ਜੇ ਮਾਈਨ 'ਚੋਂ ਪਾਣੀ ਕੱਢਣ ਦਾ ਕੰਮ ਸਭ ਤੋਂ ਪਹਿਲਾ ਸੀ ਤਾਂ ਹਾਈ ਪਾਵਰ ਪੰਪ ਦੀ ਵਿਵਸਥਾ 15 ਦਿਨ ਪਹਿਲਾਂ ਕਿਉਂ ਨਹੀਂ ਕੀਤੀ ਗਈ?

ਇੰਜੀਨਿਅਰ ਜਸਵੰਤ ਸਿੰਘ ਗਿੱਲ ਨੇ ਕਿਹਾ, ''ਜੇ ਪਾਣੀ ਦਾ ਲੈਵਲ ਪਤਾ ਸੀ ਤਾਂ ਹਾਈ ਪਾਵਰ ਪੰਪ ਸ਼ੁਰੂਆਤ ਵਿੱਚ ਲਗਣੇ ਚਾਹੀਦੇ ਸਨ।''

''ਇੱਥੇ ਬਚਾਅ ਕਾਰਜ ਨਾਲ ਜੁੜੀ ਸਮਗਰੀ ਵੀ ਉਪਲਬਧ ਨਹੀਂ ਕਰਵਾਈ ਗਈ। ਇਨ੍ਹਾਂ ਕੋਲ ਕੋਈ ਟ੍ਰੇਂਡ ਆਦਮੀ ਨਹੀਂ ਸੀ ਜੋ ਇਸ ਕੰਮ ਨੂੰ ਪੂਰਾ ਕਰ ਸਕੇ।''

ਥਾਈਲੈਂਡ ਦੀ ਗੁਫਾ ਵਿੱਚ ਫਸੇ ਬੱਚਿਆਂ ਨੂੰ ਬਾਹਰ ਕੱਢਣ ਤੋਂ ਇਹ ਬਚਾਅ ਕਾਰਜ ਕਿੰਨਾ ਔਖਾ ਹੈ?

ਗਿੱਲ ਨੇ ਕਿਹਾ, ''ਥਾਈਲੈਂਡ ਵਿੱਚ ਸਮੱਸਿਆ ਸੀ ਕਿ ਬੱਚਿਆਂ ਦਾ ਪਤਾ ਕਿਵੇਂ ਲਗਾਇਆ ਜਾਏ, ਪਰ ਇਸ ਮਾਈਨ ਵਿੱਚ ਤੰਗ ਗੁਫਾਵਾਂ ਹਨ।''

''ਉਹ ਵੀ ਪਾਣੀ ਨਾਲ ਭਰੀਆਂ ਹੋਈਆਂ। ਕਿਸੇ ਵੀ ਗੋਤਾਖੋਰ ਲਈ ਤੰਗ ਮਾਈਨਾਂ ਵਿੱਚ ਜਾਣਾ ਬਹੁਤ ਖ਼ਤਰੇ ਦਾ ਕੰਮ ਹੈ।''

''ਗੋਤਾਖੋਰ ਡ੍ਰਾਈਵਿੰਗ ਸੂਟ ਦੇ ਨਾਲ ਪਿੱਠ 'ਤੇ ਆਕਸੀਜਨ ਸਲੰਡਰ ਸਮੇਤ ਹੋਰ ਸਮਾਨ ਲੈ ਕੇ ਪਾਣੀ ਥੱਲੇ ਜਾਂਦੇ ਹਨ। ਇੰਨੇ ਸਮਾਨ ਨਾਲ ਤੰਗ ਗੁਫਾ ਵਿੱਚ ਵੜਨਾ ਤੇ ਮਜ਼ਦੂਰਾਂ ਨੂੰ ਲੱਭਣਾ ਸੌਖਾ ਕੰਮ ਨਹੀਂ ਹੈ। ਕਈ ਵਾਰ ਜਾਨ ਤੱਕ ਚਲੀ ਜਾਂਦੀ ਹੈ।''

ਇਹ ਵੀ ਪੜ੍ਹੋ:

ਫਿਲਹਾਲ ਕੋਲੇ ਦੀ ਮਾਈਨ 'ਚੋਂ ਪਾਣੀ ਕੱਢਣ ਦਾ ਕੰਮ ਚੱਲ ਰਿਹਾ ਹੈ। ਮੇਘਾਲਿਆ ਸਰਕਾਰ ਦੇ ਬੁਲਾਰੇ ਨੇ ਦੱਸਿਆ, ''ਫਾਇਰ ਸਰਵਿਸ ਦੇ ਪੰਪ ਸਵੇਰੇ ਸਾਢੇ ਦੱਸ ਵਜੇ ਤੋਂ ਦੁਪਹਿਰ ਢਾਈ ਵਜੇ ਤੱਕ ਚਲਾਏ ਗਏ ਸਨ ਜਿਸ ਵਿੱਚ ਕਰੀਬ ਇੱਕ ਲੱਖ 20 ਹਜ਼ਾਰ ਲੀਟਰ ਪਾਣੀ ਬਾਹਰ ਕੱਢਿਆ ਗਿਆ।''

ਕੋਲ ਇੰਡੀਆ ਦੇ 100 ਹੌਰਸ ਪਾਵਰ ਵਾਲੇ ਸਬਮਰਸਿਬਲ ਪੰਪ ਵੀ ਲਗਾਉਣ ਦੀ ਤਿਆਰੀ ਚਲ ਰਹੀ ਹੈ ਜੋ 500 ਗੈਲਨ ਪ੍ਰਤੀ ਮਿੰਟ ਪਾਣੀ ਬਾਹਰ ਕੱਢਣਗੇ।

ਉਨ੍ਹਾਂ ਇਹ ਵੀ ਦੱਸਿਆ ਕਿ ਬੁਧਵਾਰ ਨੂੰ ਪਾਣੀ ਦਾ ਪੱਧਰ ਛੇ ਇੰਚ ਘਟਿਆ ਹੈ।

ਕੋਲਾ ਮਾਫੀਆ

ਇੱਕ ਸਥਾਨਕ ਪੱਤਰਕਾਰ ਨੇ ਦੱਸਿਆ, ''ਜਿਅੰਤੀ ਹਿਲਜ਼ ਦੇ ਦੋਵੇਂ ਜ਼ਿਲ੍ਹਿਆਂ ਵਿੱਚ 5000 ਤੋਂ ਵੱਧ ਕੋਲੇ ਦੀਆਂ ਮਾਈਨਜ਼ ਹਨ ਜਿਸ 'ਤੇ ਪ੍ਰਸ਼ਾਸਨ ਦਾ ਕੋਈ ਕਾਬੂ ਨਹੀਂ। ਕੋਲਾ ਮਾਫੀਆ ਦੀ ਉੱਤੇ ਤੱਕ ਪਹੁੰਚ ਹੈ।''

''ਰੈਟ ਹੋਲ ਵਿੱਚ ਕੋਲਾ ਕੱਢਣ ਲਈ ਬਾਲ ਮਜ਼ਦੂਰਾਂ ਨੂੰ ਨੇਪਾਲ ਤੇ ਹੋਰ ਰਾਜਾਂ ਤੋਂ ਤਸਕਰੀ ਕਰਕੇ ਇੱਥੇ ਲਾਇਆ ਜਾਂਦਾ ਹੈ।''

ਵਾਤਾਵਰਣ ਨੂੰ ਹੋਣ ਵਾਲੇ ਨੁਕਸਾਨ ਨੂੰ ਦੇਖਦਿਆਂ ਗ਼ੈਰ-ਸਰਕਾਰੀ ਸੰਗਠਨਾਂ ਨੇ ਮੇਘਾਲਿਆ ਵਿੱਚ ਕੋਲਾ ਮਾਈਨਿੰਗ 'ਤੇ ਰੋਕ ਲਗਾਉਣ ਲਈ ਯਾਚਿਕਾ ਦਾਇਰ ਕੀਤੀ ਸੀ ਜਿਸ ਤੋਂ ਬਾਅਦ ਅਪ੍ਰੈਲ 2014 ਵਿੱਚ ਕੋਲਾ ਮਾਈਨਿੰਗ ਅਤੇ ਇਸਦੀ ਟ੍ਰਾਂਸਪੋਰਟੇਸ਼ਨ 'ਤੇ ਰੋਕ ਲਗਾ ਦਿੱਤੀ ਗਈ ਸੀ।

ਹਾਲਾਂਕਿ ਇਹ ਕੰਮ ਅਜੇ ਤੱਕ ਰੁੱਕਿਆ ਨਹੀਂ ਹੈ।

ਮੇਘਾਲਿਆ ਵਿੱਚ ਭਾਜਪਾ ਦੇ ਪ੍ਰਧਾਨ ਸਿਬੁਨ ਲਿੰਗਦੋਹ ਨੇ ਕਿਹਾ, ''ਇਸ ਘਟਨਾ ਵਾਲੀ ਥਾਂ 'ਤੇ ਗ਼ਰ-ਕਾਨੂੰਨੀ ਮਾਈਨਿੰਗ ਚਲ ਰਹੀ ਸੀ। ਇਹੀ ਵਜ੍ਹਾ ਹੈ ਕਿ ਬਚਾਅ ਕਾਰਜ ਵੀ ਦੇਰ ਤੋਂ ਸ਼ੁਰੂ ਹੋਇਆ ਕਿਉਂਕਿ ਸਰਕਾਰ ਨੂੰ ਦੇਰ ਨਾਲ ਜਾਣਕਾਰੀ ਮਿਲੀ।''

''ਇਸ ਕੋਲਾ ਮਾਈਨ ਦੇ ਮਾਲਕ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ ਹੈ।''

ਮੇਘਾਲਿਆ ਸਰਕਾਰ ਨੂੰ ਸਿਰਫ ਕੋਲੇ ਤੋਂ ਕਰੀਬ 700 ਕਰੋੜ ਰੁਪਏ ਦੀ ਸਾਲਾਨਾ ਆਮਦਨ ਹੁੰਦੀ ਹੈ। ਹਾਲਾਂਕਿ ਵਿਗਿਆਨਿਕ ਤਰੀਕੇ ਤੋਂ ਕੋਲਾ ਕੱਢਣ ਦੀ ਗੱਲ 'ਤੇ ਕੋਈ ਚਰਚਾ ਨਹੀਂ ਕਰਦਾ।

ਇਹ ਵੀ ਪੜ੍ਹੋ:

ਕੋਲੇ ਦੀ ਮਾਈਨ ਵਿੱਚ ਫਸੇ 15 ਮਜ਼ਦੂਰਾਂ ਦੀ ਸਰਕਾਰ ਨੇ ਸੂਚੀ ਜਾਰੀ ਕੀਤੀ ਹੈ ਜਿਸ ਵਿੱਚ ਵਧੇਰੇ ਮਜ਼ਦੂਰ ਨਿੱਚਲੇ ਅਸਮ ਦੇ ਮੁਸਲਮਾਨ ਹਨ।

ਮੁੱਖਮੰਤਰੀ ਸੰਗਮਾ ਸੂਬੇ ਵਿੱਚ ਕੋਲਾ ਮਾਈਨਿੰਗ 'ਤੇ ਲੱਗੀ ਰੋਕ ਨੂੰ ਹਟਾਉਣ ਲਈ ਨਵੀਂ ਦਿੱਲੀ ਦੇ ਕਈ ਵਿਭਾਗਾਂ ਦੇ ਚੱਕਰ ਕੱਟ ਚੁੱਕੇ ਹਨ ਪਰ ਹਾਦਸੇ ਦੇ 20 ਦਿਨਾਂ ਬਾਅਦ ਵੀ ਉਹ ਉੱਥੇ ਨਹੀਂ ਗਏ ਹਨ।

ਅਜਿਹੀ ਜਾਣਕਾਰੀ ਹੈ ਕਿ ਮੁੱਖ ਮੰਤਰੀ ਹਾਦਸੇ ਵਾਲੀ ਥਾਂ ਤੋਂ ਮਹਿਜ਼ 35 ਕਿਲੋਮੀਟਰ ਦੂਰ ਇੱਕ ਵਿਆਹ 'ਚ ਸ਼ਾਮਲ ਹੋਏ ਸਨ ਪਰ ਪਿੰਡ ਲੁਮਥਰੀ ਦੇ ਪੀੜਤ ਪਰਿਵਾਰ ਨੂੰ ਅਜੇ ਤੱਕ ਨਹੀਂ ਮਿਲੇ ਹਨ।

ਤੁਸੀਂ ਇਹ ਵੀਡੀਓਜ਼ ਵੀ ਦੇਖ ਸਕਦੇ ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)