ਲਿਵ ਇਨ ਰਿਸ਼ਤੇ 'ਚ ਸੈਕਸ ਨੂੰ ਰੇਪ ਨਹੀਂ ਕਿਹਾ ਜਾ ਸਕਦਾ : ਸੁਪਰੀਮ ਕੋਰਟ

    • ਲੇਖਕ, ਮੀਨਾ ਕੋਟਵਾਲ
    • ਰੋਲ, ਬੀਬੀਸੀ ਪੱਤਰਕਾਰ

ਭਾਰਤ ਦੀ ਸੁਪਰੀਮ ਕੋਰਟ ਦਾ ਕਹਿਣਾ ਹੈ ਕਿ ਜੇ ਲਿਵ-ਇਨ ਰਿਲੇਸ਼ਨਸ਼ਿਪ ਵਿੱਚ ਔਰਤ ਤੇ ਮਰਦ ਦੇ ਸਰੀਰਕ ਸੰਬੰਧ ਬਣਦੇ ਹਨ ਤੇ ਬਾਅਦ ਵਿੱਚ ਮਰਦ ਵਿਆਹ ਤੋਂ ਮੁੱਕਰ ਜਾਂਦਾ ਹੈ ਤਾਂ ਇਸ ਨੂੰ ਰੇਪ ਨਹੀਂ ਕਿਹਾ ਜਾ ਸਕਦਾ।

ਬੁੱਧਵਾਰ ਨੂੰ ਸੁਪਰੀਮ ਕੋਰਟ ਨੇ ਇਹ ਫੈਸਲਾ ਇੱਕ ਕੇਸ ਦੀ ਸੁਣਵਾਈ ਦੌਰਾਨ ਸੁਣਾਇਆ।

ਮਹਾਰਾਸ਼ਟਰ ਦੀ ਇੱਕ ਨਰਸ ਨੇ ਅਦਾਲਤ ਵਿੱਚ ਆਪਣੇ ਲਿਵ-ਇਨ ਸਾਥੀ ਉੱਪਰ ਬਲਾਤਕਾਰ ਦੇ ਇਲਜ਼ਾਮ ਲਾਉਂਦਿਆਂ ਰਿਪੋਰਟ ਦਰਜ ਕਰਵਾਈ ਸੀ।

ਦਰਅਸਲ ਵਿੱਚ, ਦੋਹਾਂ ਵਿੱਚ ਵਿਆਹ ਬਾਰੇ ਕੁਝ ਕਰਾਰ ਹੋਏ ਸਨ। ਜਿਨ੍ਹਾਂ ਤੋਂ ਬਾਅਦ ਵਿੱਚ ਉਹ ਪੁਰਸ਼ ਪਿੱਛੇ ਹਟ ਗਿਆ ਅਤੇ ਬਾਅਦ ਵਿੱਚ ਸੁਪਰੀਮ ਕੋਰਟ ਪਹੁੰਚ ਗਿਆ।

ਇਹ ਵੀ ਪੜ੍ਹੋ:

ਕੀ ਸੀ ਪੂਰਾ ਮਾਮਲਾ?

ਕਾਨੂੰਨੀ ਮਾਮਲਿਆਂ ਦੇ ਪੱਤਰਕਾਰ ਸੁਚਿੱਤਰਾ ਮੋਹੰਤੀ ਨੇ ਦੱਸਿਆ, "ਸੁਪਰੀਮ ਕੋਰਟ ਨੇ ਆਪਣੇ ਫੈਸਲੇ ਵਿੱਚ ਕਿਹਾ ਹੈ ਕਿ ਲਿਵ-ਇਨ ਰਿਲੇਸ਼ਨਸ਼ਿਪ ਵਿੱਚ ਰਹਿਣ ਤੋਂ ਬਾਅਦ ਆਪਸੀ ਸਰੀਰਕ ਸੰਬੰਧ ਬਲਾਤਕਾਰ ਨਹੀਂ ਹੈ। ਪੀੜਤ ਅਤੇ ਮੁਲਜ਼ਮ ਦੋਵੇਂ ਇੱਕ ਦੂਸਰੇ ਨੂੰ ਪਹਿਲਾਂ ਤੋਂ ਜਾਣਦੇ ਸਨ ਤੇ ਕਾਫ਼ੀ ਸਮੇਂ ਤੋਂ ਇੱਕ ਦੂਸਰੇ ਦੇ ਨਾਲ ਰਹਿ ਰਹੇ ਸਨ।"

ਪੀੜਤ ਇੱਕ ਨਰਸ ਹੈ ਅਤੇ ਇੱਕ ਡਾਕਟਰ ਦੇ ਨਾਲ ਮਹਾਰਾਸ਼ਟਰ ਦੇ ਇੱਕ ਨਿੱਜੀ ਮੈਡੀਕਲ ਇੰਸਟੀਚਿਊਟ ਵਿੱਚ ਕੰਮ ਕਰਦੀ ਸੀ। ਜਿੱਥੇ ਦੋਵਾਂ ਨੂੰ ਪਿਆਰ ਹੋ ਗਿਆ ਅਤੇ ਦੋਵੇਂ ਜੀਅ ਇਕੱਠੇ ਰਹਿਣ ਲੱਗ ਪਏ।

ਪੀੜਤ ਨੇ ਰਿਪੋਰਟ ਲਿਖਵਾਈ ਕਿ ਡਾਕਟਰ ਨੇ ਉਸ ਨੂੰ ਵਿਆਹ ਦਾ ਝਾਂਸਾ ਦੇ ਕੇ ਉਸ ਨਾਲ ਸਰੀਰਕ ਸੰਬੰਧ ਬਣਾਏ ਤੇ ਫਿਰ ਕਿਸੇ ਹੋਰ ਔਰਤ ਨਾਲ ਵਿਆਹ ਕਰਵਾ ਲਿਆ।

ਇਸ ਤੋਂ ਬਾਅਦ ਮੁਲਜ਼ਮ ਡਾ਼ ਧਰੁਵ ਮੁਰਲੀਧਰ ਸੋਨਾਰ ਨੇ ਬਾਂਬੇ ਹਾਈ ਕੋਰਟ ਵਿੱਚ ਆਪਣੇ ਖਿਲਾਫ਼ ਦਰਜ ਹੋਈ ਐਫਆਈਆਰ ਖਾਰਿਜ ਕਰਵਾਉਣ ਲਈ ਅਰਜੀ ਪਾਈ। ਅਦਾਲਤ ਨੇ ਡਾਕਟਰ ਦੀਆਂ ਦਲੀਲਾਂ ਖਾਰਿਜ ਕਰ ਦਿੱਤੀਆਂ ਅਤੇ ਐਫਆਈਆਰ ਖਾਰਿਜ ਕਰਨ ਤੋਂ ਇਨਕਾਰ ਕਰ ਦਿੱਤਾ। ਜਿਸ ਕਾਰਨ ਮੁਲਜ਼ਮ ਦੀ ਕਦੇ ਵੀ ਗ੍ਰਿਫ਼ਤਾਰੀ ਕੀਤੀ ਜਾ ਸਕਦੀ ਸੀ।

ਲਗਪਗ ਛੇ ਮਹੀਨੇ ਪਹਿਲਾਂ ਡਾਕਟਰ ਸੋਨਾਰ ਮਾਮਲਾ ਸੁਪਰੀਮ ਕੋਰਟ ਲੈ ਗਏ ਜਿੱਥੇ ਜਸਟਿਸ ਏਕੇ ਸੀਕਰੀ ਨੇ ਉਨ੍ਹਾਂ ਦੇ ਪੱਖ ਵਿੱਚ ਉਪਰੋਕਤ ਫੈਸਲਾ ਦਿੱਤਾ।

ਅਦਾਲਤ ਨੇ ਕਿਹਾ:

ਬਲਾਤਕਾਰ ਅਤੇ ਸਹਿਮਤੀ ਨਾਲ ਸੈਕਸ ਵਿੱਚ ਫਰਕ ਹੈ। ਲਿਵ-ਇਨ ਰਿਲੇਸ਼ਨਸ਼ਿਪ ਜੇ ਕਿਸੇ ਕਾਰਨ ਵਿਆਹ ਤੱਕ ਨਹੀਂ ਪਹੁੰਚਦਾ ਤਾਂ ਔਰਤ ਬਲਾਤਕਾਰ ਦਾ ਮਾਮਲਾ ਨਹੀਂ ਚਲਾ ਸਕਦੀ।

ਲਾਈਵ ਲਾਅ ਵੈੱਬਸਾਈਟ ’ਤੇ ਪਏ ਫੈਸਲੇ ਮੁਤਾਬਕ ਪੀੜਤਾ ਨੂੰ ਮੁਲਜ਼ਮ ਨਾਲ ਪਿਆਰ ਹੋ ਗਿਆ ਸੀ। ਦੋਵੇਂ ਕਾਫ਼ੀ ਸਮਾਂ ਇਕੱਠੇ ਰਹੇ ਪਰ ਜਿਵੇਂ ਹੀ ਪੀੜਤ ਨੂੰ ਪਤਾ ਲੱਗਿਆ ਕਿ ਅਰਜੀ ਨਵੀਸ ਨੇ ਕਿਸੇ ਦੂਸਰੀ ਔਰਤ ਨਾਲ ਵਿਆਹ ਕਰਵਾਉਣ ਜਾ ਰਿਹਾ ਹੈ, ਉਨ੍ਹਾਂ ਨੇ ਡਾਕਟਰ ਦੇ ਖਿਲਾਫ਼ ਸ਼ਿਕਾਇਤ ਦਰਜ ਕਰਵਾ ਦਿੱਤੀ।

ਲਿਵ-ਇਨ ਰਿਸ਼ਤਿਆਂ ਬਾਰੇ ਲੋਕ ਰਾਇ

ਇਸ ਬਾਰੇ ਆਮ ਧਾਰਣਾ ਇਹੀ ਹੈ ਕਿ ਅਜਿਹੇ ਰਿਸ਼ਤਿਆਂ ਵਿੱਚ ਉਹ ਲੋਕ ਬੱਝਦੇ ਹਨ ਜੋ ਵਿਆਹ ਤਾਂ ਕਰਵਾਉਣਾ ਚਾਹੁੰਦੇ ਹਨ ਪਰ ਜਿੰਮੇਵਾਰੀ ਤੋਂ ਬਚਦੇ ਹਨ। ਅਜਿਹੇ ਰਿਸ਼ਤੇ ਪੂਰੀ ਤਰ੍ਹਾਂ ਆਪਸੀ ਸਹਿਮਤੀ ਅਤੇ ਸਮਝ ਉੱਪਰ ਟਿਕੇ ਹੁੰਦੇ ਹਨ, ਜਿਨ੍ਹਾਂ ਉੱਪਰ ਨਾ ਤਾਂ ਕੋਈ ਸਮਾਜਿਕ ਦਬਾਅ ਹੁੰਦਾ ਹੈ ਅਤੇ ਨਾ ਹੀ ਕੋਈ ਕਾਨੂੰਨੀ ਬੰਧਨ।

ਅਜਿਹੇ ਵਿੱਚ ਜੇ ਦੋਵਾਂ ਵਿਚਕਾਰ ਆਪਸੀ ਸਹਿਮਤੀ ਨਾਲ ਸਰੀਰਕ ਸੰਬੰਧ ਬਣਦੇ ਹਨ ਤਾਂ ਉਨ੍ਹਾਂ ਨੂੰ ਬਲਾਤਕਾਰ ਨਹੀਂ ਮੰਨਿਆ ਜਾ ਸਕਦਾ ਜਿਵੇਂ ਕਿ ਅਦਾਲਤ ਨੇ ਆਪਣੇ ਫੈਸਲੇ ਵਿੱਚ ਸਪਸ਼ਟ ਕੀਤਾ ਹੈ।

ਕਾਨੂੰਨੀ ਮਾਹਿਰ ਐਡਵੋਕੇਟ ਵਿਰਾਗ ਗੁਪਤਾ ਕਹਿੰਦੇ ਹਨ ਕਿ ਜਦੋਂ ਕੋਈ ਜ਼ਬਰਦਸਤੀ ਹੀ ਨਹੀਂ ਹੋਈ ਤਾਂ ਰੇਪ ਕਿਵੇਂ ਹੋ ਗਿਆ।

ਇਹ ਵੀ ਪੜ੍ਹੋ:

ਉਨ੍ਹਾਂ ਕਿਹਾ, "ਕਾਨੂੰਨ ਵਿੱਚ ਰੇਪ ਪਹਿਲਾਂ ਤੋਂ ਹੀ ਪ੍ਰਭਾਸ਼ਿਤ ਹੈ ਪਰ ਇਸ ਦੀ ਦੁਰ ਵਰਤੋਂ ਹੋਣ ਲੱਗ ਪਈ ਸੀ।"

ਪਹਿਲਾ, ਅਜਿਹੀਆਂ ਸ਼ਿਕਾਇਤਾਂ ਕਾਫ਼ੀ ਦੇਰ ਬਾਅਦ ਦਰਜ ਹੁੰਦੀਆਂ ਸਨ। ਜਦਕਿ ਅਜਿਹੀਆਂ ਸ਼ਿਕਾਇਤਾਂ ਜੁਰਮ ਤੋਂ ਤੁਰੰਤ ਬਾਅਦ ਦਰਜ ਹੋਣੀਆਂ ਚਾਹੀਦੀਆਂ ਹਨ।

ਦੂਸਰਾ, ਵਿਆਹ ਦਾ ਵਾਅਦਾ ਕਰਕੇ ਸਰੀਰਕ ਸੰਬੰਧ ਬਣਾਉਣਾ ਅਤੇ ਵਿਆਹ ਨਾ ਕਰਨ ਕਾਰਨ ਵੀ ਅਜਿਹੇ ਇਲਜ਼ਾਮ ਲੱਗ ਜਾਂਦੇ ਸਨ।

ਤੀਸਰਾ, ਇਸ ਤਰ੍ਹਾਂ ਦੇ ਹਰੇਕ ਇਲਜ਼ਾਮ ਵਿੱਚ ਘੱਟੋ-ਘੱਟ ਇੱਕ ਸਬੂਤ ਤਾਂ ਹੋਣਾ ਚਾਹੀਦਾ ਹੈ।

ਐਡਵੋਕੇਟ ਵਿਰਾਗ ਗੁਪਤਾ ਦਾ ਮੰਨਣਾ ਹੈ ਕਿ ਸੰਸਦ ਨੂੰ ਅੱਗੇ ਚੱਲ ਕੇ ਅਜਿਹੇ ਰਿਸ਼ਤਿਆਂ ਬਾਰੇ ਕਾਨੂੰਨ ਬਣਾਉਣਾ ਪੈ ਸਕਦਾ ਹੈ।

ਵਿਰਾਗ ਕਹਿੰਦੇ ਹਨ, "ਇਸ ਕੇਸ ਵਿੱਚ ਇੱਕ ਡਾਕਟਰ ਅਤੇ ਇੱਕ ਨਰਸ ਦੇ ਸੰਬੰਧ ਸਨ। ਰੇਪ ਕੇਸਾਂ ਵਿੱਚ ਅਦਾਲਤ ਨੇ ਲਿਵ-ਇਨ ਰਿਲੇਸ਼ਨਸ਼ਿਪ ਨੂੰ ਇੱਕ ਨਵੀਂ ਮਾਨਤਾ ਦਿੱਤੀ ਹੈ। ਸੰਸੰਦ ਨੂੰ ਇਸ ਲਈ ਕਾਨੂੰਨ ਬਣਾਉਣਾ ਪਵੇਗਾ ਕਿਉਂਕਿ ਲਿਵ-ਇਨ ਰਿਲੇਸ਼ਨਸ਼ਿਪ ਵਿੱਚ ਘਰੇਲੂ ਹਿੰਸਾ, ਸਿੰਗਲ ਮਦਰ ਅਤੇ ਸਿੰਗਲ ਫਾਦਰ ਨੂੰ ਵੀ ਮਾਨਤਾ ਮਿਲ ਰਹੀ ਹੈ। ਮੈਰੀਟਲ ਰੇਪ ਜੇ ਜੁਰਮ ਬਣ ਗਿਆ ਤਾਂ ਉਹ ਵੀ ਲਿਵ-ਇਨ ਰਿਲੇਸ਼ਨਸ਼ਿਪ ਵਿੱਚ ਜੁੜ ਸਕਦਾ ਹੈ। ਇਵੇਂ ਹੀ ਕਈ ਅਧਿਕਾਰਾਂ ਦੀ ਮਾਨਤਾ ਮਿਲ ਸਕਦੀ ਹੈ। ਲਿਵ-ਇਨ ਰਿਲੇਸ਼ਨਸ਼ਿਪ ਵਿੱਚ ਵੱਖ ਹੋਏ ਵਿਅਕਤੀ ਨੂੰ ਸੈਪਰੇਸ਼ਨ ਦੇ ਤਹਿਤ ਮੇਂਟਿਨੈਂਸ ਦੇ ਪੈਸੇ ਮਿਲਣ ਦੇ ਮਾਮਲੇ ਵੀ ਸਾਹਮਣੇ ਆਏ ਹਨ। ਇਨ੍ਹਾਂ ਸਾਰੇ ਮਾਮਲਿਆਂ ਵਿੱਚ ਕਈ ਕਾਨੂੰਨੀ ਸੁਧਾਰ ਹੋਣੇ ਹਨ, ਜਿਨ੍ਹਾਂ ਲਈ ਹਾਲੇ ਕਾਨੂੰਨ ਵਿੱਚ ਬਦਲਾਅ ਨਹੀਂ ਕੀਤੇ ਗਏ।"

ਵਿਰਾਗ ਗੁਪਤਾ ਮੁਤਾਬਕ, ਇਸ ਕੇਸ ਵਿੱਚ ਵੀ ਲਿਵ-ਇਨ ਰਿਲੇਸ਼ਨਸ਼ਿਪ ਵਿੱਚ ਰਹਿਣ ਤੋਂ ਬਾਅਦ ਹੀ ਰੇਪ ਦਾ ਇਲਜ਼ਾਮ ਲਾਇਆ ਗਿਆ ਹੈ ਪਰ ਬਲਾਤਕਾਰ ਦਾ ਅਰਥ ਹੀ ਧੱਕਾ ਹੈ। ਜੇ ਧੱਕੇ/ਜ਼ਬਰਦਸਤੀ ਦੀ ਅਣਹੋਂਦ ਹੈ ਤਾਂ ਰੇਪ ਕਿਵੇਂ ਹੋਇਆ! ਇਹ ਰਿਸ਼ਤਾ ਇੱਕ ਤਰ੍ਹਾਂ ਨਾਲ ਵਿਸ਼ਵਾਸ਼ ਅਤੇ ਸਹਿਮਤੀ ਉੱਪਰ ਟਿਕਿਆ ਹੁੰਦਾ ਹੈ।

ਰੇਪ ਦਾ ਇਲਜ਼ਾਮ ਹੀ ਕਿਉਂ?

ਵਕੀਲ ਗੁਪਤਾ ਇੱਕ ਉਦਹਾਰਣ ਦੇ ਕੇ ਸਮਝਾਉਂਦੇ ਹਨ ਕਿ ਜੇਕਰ ਕੋਈ ਸੈਕਸ ਵਰਕਰ ਪੈਸਿਆਂ ਬਦਲੇ ਕੁਝ ਕੰਮ ਕਰਦੀ ਹੈ ਪਰ ਬਾਅਦ ਵਿੱਚ ਉਹ ਸ਼ਖ਼ਸ ਉਸ ਨੂੰ ਉਹ ਰਕਮ ਦੇਣ ਤੋਂ ਨਾਂਹ ਕਰ ਦਿੰਦਾ ਹੈ ਤਾਂ ਇਹ ਬਲਾਤਕਾਰ ਦੀ ਸ਼੍ਰੇਣੀ ਵਿੱਚ ਆ ਸਕਦਾ ਹੈ। ਸਿੱਧੇ ਤੌਰ 'ਤੇ ਦੇਖਿਆ ਜਾਵੇ ਤਾਂ ਇੱਥੇ ਬਲਾਤਕਾਰ ਨਹੀਂ ਹੋਵੇਗਾ ਪਰ ਹੋਰ ਦੂਜੇ ਜੁਰਮ ਹੋ ਸਕਦੇ ਹਨ।

ਇਸੇ ਤਰ੍ਹਾਂ ਇਹ ਮਾਮਲਾ ਵੀ ਸੀ ਜਿਸ ਵਿੱਚ ਮਹਿਲਾ ਨਾਲ ਵਿਆਹ ਦਾ ਵਾਅਦਾ ਕੀਤਾ ਗਿਆ ਸੀ ਪਰ ਉਹ ਪੂਰਾ ਨਾ ਕਰਨ 'ਤੇ ਉਸ ਨੇ ਰੇਪ ਦਾ ਇਲਜ਼ਾਮ ਲਗਾ ਦਿੱਤਾ। ਇੱਥੇ ਹੋਰ ਵੀ ਦੂਜੇ ਜੁਰਮ ਹੋ ਸਕਦੇ ਹਨ ਜਿਵੇਂ ਤਸ਼ਦੱਦ, ਦੂਜੇ ਤਰ੍ਹਾਂ ਦੇ ਭਰੋਸੇ ਤੋੜਨਾ ਆਦਿ। ਪਰ ਭਾਰਤ ਵਿੱਚ ਸਿਵਲ ਮਾਮਲਿਆਂ 'ਚ ਨਿਆਂ ਨਹੀਂ ਮਿਲਦਾ ਇਸ ਲਈ ਅਪਰਾਧਿਕ ਮਾਮਲਿਆਂ ਦੀ ਗਿਣਤੀ ਵਧ ਗਈ ਹੈ।

ਵਿਰਾਗ ਗੁਪਤਾ ਮੰਨਦੇ ਹਨ ਕਿ ਲਿਵ-ਇਨ ਰਿਲੇਸ਼ਨਸ਼ਿਪ, ਅਡਲਟਰੀ ਕਾਨੂੰਨ ਦੀ ਗ਼ਲਤ ਵਰਤੋਂ ਅਤੇ ਤਰਕਹੀਣ ਗਿਰਫ਼ਤਾਰੀ ਦੇ ਇਨ੍ਹਾਂ ਸਾਰੇ ਮਾਮਲਿਆਂ ਨੂੰ ਮਿਲਾ ਕੇ ਨਵੇਂ ਤਰ੍ਹਾਂ ਦੇ ਕਾਨੂੰਨ ਬਣਾਉਣ ਦੀ ਲੋੜ ਪੈ ਗਈ ਹੈ।

ਇਹ ਵੀ ਪੜ੍ਹੋ:

ਇਹ ਵੀਡੀਓਜ਼ ਵੀ ਜ਼ਰੂਰ ਦੇਖੋ-

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)