ਕੀ 'ਆਪ' ਆਗੂ ਅਰਵਿੰਦ ਕੇਜਰੀਵਾਲ ਸੱਚਮੁਚ ਪੋਰਨ ਵੀਡੀਓ ਦੇਖ ਰਹੇ ਸਨ?

    • ਲੇਖਕ, ਫੈਕਟ ਚੈੱਕ ਟੀਮ
    • ਰੋਲ, ਬੀਬੀਸੀ

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਟਵਿੱਟਰ 'ਤੇ ਇੱਕ ਕਥਿਤ ਵੀਡੀਓ ਲਾਈਕ ਕਰਨ ਦੇ ਲਈ ਟਰੋਲ ਕੀਤਾ ਜਾ ਰਿਹਾ ਹੈ।

ਉਨ੍ਹਾਂ ਦੀ ਪਾਰਟੀ ਦੇ ਬਾਗੀ ਵਿਧਾਇਕ ਕਪਿਲ ਮਿਸ਼ਰਾ ਨੇ ਵੀਰਵਾਰ ਸਵੇਰੇ ਟਵੀਟ ਕੀਤਾ, "ਦਿੱਲੀ ਦੇ ਸੀਐਮ ਕੇਜਰੀਵਾਲ ਜੀ ਟਵਿੱਟਰ 'ਤੇ ਪੋਰਨ ਵੀਡੀਓ ਦੇਖਦੇ ਹੋਏ ਫੜ੍ਹੇ ਗਏ। ਕੱਲ੍ਹ ਰਾਤ ਟਵਿੱਟਰ 'ਤੇ ਪੋਰਨ ਵੀਡੀਓ ਲਾਈਕ ਕਰ ਰਹੇ ਸੀ।"

ਕਪਿਲ ਮਿਸ਼ਰਾ ਨੇ ਕੇਜਰੀਵਾਲ 'ਤੇ ਵਿਅੰਗ ਕਰਦੇ ਹੋਏ ਕਿਹਾ ਕਿ 'ਲਿਆਉਣਾ ਸੀ ਪੂਰਨ ਸਵਰਾਜ, ਲੈ ਕੇ ਬੈਠੇ ਹਨ ਪੋਰਨ ਸਵਰਾਜ'।

ਮਿਸ਼ਰਾ ਨੇ ਸਬੂਤ ਦੇ ਤੌਰ 'ਤੇ ਜੋ ਵੀਡੀਓ ਸ਼ੇਅਰ ਕੀਤਾ ਹੈ ਉਸ ਨੂੰ 60 ਹਜ਼ਾਰ ਤੋਂ ਵੱਧ ਵਾਰੀ ਦੇਖਿਆ ਗਿਆ ਹੈ ਅਤੇ ਹਜ਼ਾਰਾਂ ਲੋਕ ਇਸ ਵੀਡੀਓ ਨੂੰ ਸ਼ੇਅਰ ਕਰ ਚੁੱਕੇ ਹਨ।

ਕਪਿਲ ਮਿਸ਼ਰਾ ਤੋਂ ਇਲਾਵਾ ਭਾਜਪਾ (ਦਿੱਲੀ) ਦੇ ਬੁਲਾਰੇ ਤਜਿੰਦਰ ਪਾਲ ਸਿੰਘ ਬੱਗਾ, ਆਈਟੀ ਸੈੱਲ ਦੇ ਮੁਖੀ ਪੁਨੀਤ ਅਗਰਵਾਲ ਅਤੇ ਅਕਾਲੀ ਦਲ ਦੇ ਕੌਮੀ ਬੁਲਾਰੇ ਮਨਜਿੰਦਰ ਸਿੰਘ ਸਿਰਸਾ ਨੇ ਵੀ ਅਜਿਹਾ ਹੀ ਇੱਕ ਵੀਡੀਓ ਸ਼ੇਅਰ ਕੀਤਾ ਹੈ। ਇਨ੍ਹਾਂ ਆਗੂਆਂ ਦੇ ਜ਼ਰੀਏ ਸੈਂਕੜੇ ਲੋਕਾਂ ਵਿਚਾਲੇ ਇਹ ਵੀਡੀਓ ਪਹੁੰਚ ਚੁੱਕਿਆ ਹੈ।

ਇਹ ਵੀ ਪੜ੍ਹੋ:

ਇਨ੍ਹਾਂ ਵਿੱਚੋਂ ਜ਼ਿਆਦਾਤਰ ਆਗੂਆਂ ਨੇ ਦਾਅਵਾ ਕੀਤਾ ਹੈ ਕਿ ਅਰਵਿੰਦ ਕੇਜਰੀਵਾਲ ਪੋਰਨ ਵੀਡੀਓ ਦੇਖ ਰਹੇ ਸੀ।

ਪਰ ਪੜਤਾਲ ਦੌਰਾਨ ਬੀਬੀਸੀ ਦੇ ਸਾਹਮਣੇ ਆਇਆ ਕਿ ਵੀਡੀਓ ਇੱਕ ਨਗਨ ਆਦਮੀ ਦਾ ਜ਼ਰੂਰ ਹੈ ਪਰ ਇਸ ਦੇ 'ਪੋਰਨ ਵੀਡੀਓ' ਹੋਣ ਦਾ ਦਾਅਵਾ ਗਲਤ ਹੈ।

'ਖਤਰਨਾਕ ਸਟੰਟ'

ਇਹ ਸੱਚ ਹੈ ਕਿ ਬੁੱਧਵਾਰ ਰਾਤ ਨੂੰ ਅਰਵਿੰਦ ਕੇਜਰੀਵਾਲ ਨੇ ਉਸ ਵੀਡੀਓ ਨੂੰ ਲਾਈਕ ਕੀਤਾ ਸੀ ਜਿਸ ਨੂੰ ਟਰੋਲ ਕਰਨ ਵਾਲੇ ਇੱਕ ਪੋਰਨ ਵੀਡੀਓ ਕਹਿ ਰਹੇ ਹਨ।

ਇਹ ਵੀਡੀਓ ਆਸਟਰੇਲੀਆ ਮੂਲ ਦੀ ਲੇਖਿਕਾ ਅਤੇ ਯੂਕੇ ਵਿੱਚ ਪੇਸ਼ੇ ਤੋਂ ਵਕੀਲ, ਹੈਲੇਨ ਡੇਲ ਨੇ ਟਵੀਟ ਕੀਤਾ ਸੀ।

ਬੁੱਧਵਾਰ ਸਵੇਰੇ ਕੀਤੇ ਗਏ ਇਸ ਵੀਡੀਓ ਨੂੰ ਹੁਣ ਤੱਕ 70 ਲੱਖ ਤੋਂ ਵੱਧ ਵਾਰੀ ਦੇਖਿਆ ਜਾ ਚੁੱਕਿਆ ਹੈ ਅਤੇ ਤਕਰੀਬਨ 32 ਹਜ਼ਾਰ ਲੋਕਾਂ ਨੇ ਇਸ ਵੀਡੀਓ ਨੂੰ ਲਾਈਕ ਕੀਤਾ ਹੈ।

ਹੈਲੇਨ ਡੇਲ ਨੇ ਟਵਿੱਟਰ 'ਤੇ ਇਸ ਵੀਡੀਓ ਦੇ ਨਾਲ ਲਿਖਿਆ ਸੀ ਕਿ ਇਹ ਵੀਡੀਓ ਇੰਟਰਨੈੱਟ 'ਤੇ ਕਾਫ਼ੀ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ।

ਇਹ ਵੀਡੀਓ ਜਪਾਨ ਦੇ ਇੱਕ ਕਾਮੇਡੀਅਨ ਕੋਜੁਹਾਏ ਜੁਏਕੂਸਾ ਦਾ ਹੈ ਜਿਸ ਨੂੰ ਭੋਜਨ ਦੀ ਮੇਜ 'ਤੇ ਵਰਤੇ ਜਾਣ ਵਾਲੇ ਕੱਪੜੇ ਦੇ ਨਾਲ 'ਖਤਰਨਾਕ ਸਟੰਟ' ਕਰਨ ਲਈ ਵੀ ਜਾਣਿਆ ਜਾਂਦਾ ਹੈ।

ਜੁਏਕੂਸਾ ਬੀਤੇ 10 ਸਾਲਾਂ ਤੋਂ ਸਟੇਜ ਕਾਮੇਡੀ ਕਰ ਰਹੇ ਹਨ। ਉਹ ਕਈ ਮਸ਼ਹੂਰ ਜਪਾਨੀ ਟੀਵੀ ਸ਼ੋਜ਼ ਵਿੱਚ ਵੀ ਹਿੱਸਾ ਲੈ ਚੁੱਕੇ ਹਨ। ਆਪਣੇ ਇੰਨ੍ਹਾਂ ਹੀ ਕਰਤਬਾਂ ਲਈ ਉਨ੍ਹਾਂ ਨੂੰ ਰਿਐਲਿਟੀ ਸ਼ੋਅ 'Britain's Got Talent' ਵਿੱਚ ਵੀ ਸੈਮੀਫਾਈਨਲ ਤੱਕ ਪਹੁੰਚਣ ਦਾ ਮੌਕਾ ਮਿਲਿਆ।

ਯੂ-ਟਿਊਬ 'ਤੇ ਉਨ੍ਹਾਂ ਦੇ ਤਕਰੀਬਨ ਪੰਜ ਹਜ਼ਾਰ ਸਬਸਕਰਾਈਬਰ ਹਨ। ਟਵਿੱਟਰ 'ਤੇ ਉਨ੍ਹਾਂ ਨੂੰ ਤਕਰੀਬਨ 34 ਹਜ਼ਾਰ ਲੋਕ, ਉੱਥੇ ਹੀ ਇੰਸਟਾਗਰਾਮ 'ਤੇ ਤਕਰੀਬਨ ਸਵਾ ਲੱਖ ਲੋਕ ਫੋਲੋ ਕਰਦੇ ਹਨ।

ਪੋਰਨ ਦੇ ਵਰਗ ਤੋਂ ਬਾਹਰ

ਯੂ-ਟਿਊਬ, ਟਵਿੱਟਰ ਅਤੇ ਇੰਸਟਾਗਰਾਮ ਨੇ ਆਪਣੇ ਕੌਮਾਂਤਰੀ ਮਾਪਦੰਡਾਂ ਮੁਤਾਬਕ ਕਾਮੇਡੀਅਨ ਕੋਜੁਹਾਏ ਜੁਏਕੂਸਾ ਦੇ ਵੀਡੀਓਜ਼ ਨੂੰ ਇੱਕ ਕਿਸਮ ਦੀ ਕਲਾ ਮੰਨਦੇ ਹੋਏ ਪੋਰਨ ਦੇ ਵਰਗ ਤੋਂ ਬਾਹਰ ਰੱਖਿਆ ਹੈ।

ਉਦਾਹਰਨ ਵਜੋਂ ਯੂ-ਟਿਊਬ ਦੀ 'Nudity and sexual content policy' ਮੁਤਾਬਕ ਉਨ੍ਹਾਂ ਦੇ ਪਲੈਟਫਾਰਮ ਤੇ ਪੋਰਨੋਗਰਾਫ਼ੀ ਤੇ ਪਾਬੰਦੀ ਹੈ ਅਤੇ ਵੀਡੀਓ ਤੁਰੰਤ ਹਟਾ ਦਿੱਤਾ ਜਾਂਦਾ ਹੈ। ਜੇ ਨਗਨ ਹੋ ਕੇ ਕੋਈ ਸਿੱਖਿਆ, ਡਾਕੂਮੈਂਟਰੀ, ਵਿਗਿਆਨ ਜਾਂ ਕਲਾ ਦੇ ਮੰਤਵ ਨਾਲ ਵੀਡੀਓ ਪੋਸਟ ਕਰਦਾ ਹੈ ਤਾਂ ਉਸ ਨੂੰ ਮਨਜ਼ੂਰ ਕੀਤਾ ਜਾਂਦਾ ਹੈ।

ਇਹ ਵੀ ਪੜ੍ਹੋ:

ਸੋਸ਼ਲ ਮੀਡੀਆ 'ਤੇ ਕਈ ਲੋਕ ਕਾਮੇਡੀਅਨ ਕੋਜੁਹਾਏ ਜੁਏਕੂਸਾ ਦੇ ਬਿਨਾਂ ਕੱਪੜਿਆਂ ਦੇ ਕੀਤੇ ਗਏ ਇਨ੍ਹਾਂ ਸਟੰਟਸ ਨੂੰ ਅਸ਼ਲੀਲ ਮੰਨ ਕੇ ਇਨ੍ਹਾਂ ਦੀ ਅਲੋਚਨਾ ਕਰਦੇ ਹਨ।

ਟਵਿੱਟਰ 'ਤੇ ਟਰੋਲ ਹੋਣ ਕਾਰਨ ਮੁੱਖ ਮੰਤਰੀ ਕੇਜਰੀਵਾਲ ਨੇ ਹੁਣ ਆਪਣਾ ਲਾਈਕ ਟਵੀਟ ਅਨਲਾਈਕ ਕਰ ਦਿੱਤਾ ਹੈ।

ਪਰ ਦਿੱਲੀ ਦੇ ਮੁੱਖ ਮੰਤਰੀ ਦੇ 'ਪੋਰਨ ਵੀਡੀਓ' ਦੇਖਦੇ ਫੜ੍ਹੇ ਜਾਣ ਦੇ ਇਲਜ਼ਾਮ ਫਰਜ਼ੀ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)