ਇੱਕ ਦਹਾਕੇ ਤੋਂ ਕੋਮਾ 'ਚ ਪਈ ਔਰਤ ਕਿਵੇਂ ਬਣ ਗਈ ਮਾਂ?

ਅਮਰੀਕਾ ਦੇ ਐਰੀਜ਼ੋਨਾ ਸੂਬੇ 'ਚ ਇੱਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ, ਜਿਸ ਦੇ ਤਹਿਤ ਇੱਕ ਦਹਾਕੇ ਤੋਂ ਕੋਮਾ 'ਚ ਪਈ ਇੱਕ ਔਰਤ ਨੇ ਇੱਕ ਬੱਚੇ ਨੂੰ ਜਨਮ ਦਿੱਤਾ ਹੈ।

ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਕਿਤੇ ਇਸ ਬਿਮਾਰ ਔਰਤ ਦਾ ਜਿਨਸੀ ਸ਼ੋਸ਼ਨ ਤਾਂ ਨਹੀਂ ਹੋਇਆ।

ਪੀੜਤ ਔਰਤ ਫੀਨਿਕਸ ਇਲਾਕੇ ਨੇੜੇ ਪੈਂਦੇ ਹੈਸੀਂਡਾ ਹੈਲਥਕੇਅਰ ਦੇ ਇੱਕ ਕਲੀਨਿਕ 'ਚ ਭਰਤੀ ਸੀ।

ਹੈਸੀਂਡਾ ਹੈਲਥਕੇਅਰ ਨੇ ਇਸ ਮਾਮਲੇ ਵਿੱਚ ਵਧੇਰੇ ਜਾਣਕਾਰੀ ਨਹੀਂ ਦਿੱਤੀ ਹੈ, ਉਨ੍ਹਾਂ ਵੱਲੋਂ ਇਸ ਮਾਮਲੇ 'ਤੇ ਸਿਰਫ਼ ਅਫ਼ਸੋਸ ਜਤਾਇਆ ਗਿਆ ਹੈ।

ਅਮਰੀਕੀ ਟੀਵੀ ਚੈਨਲ ਸੀਬੀਐਸ ਮੁਤਾਬਕ ਨਵਜਾਤ ਬੱਚਾ ਸਿਹਤਯਾਬ ਹੈ। ਇਸ ਦੇ ਨਾਲ ਹੀ ਸੂਤਰਾਂ ਦੇ ਹਵਾਲੇ ਨਾਲ ਇਸ ਚੈਨਲ ਨੇ ਦੱਸਿਆ ਹੈ ਕਿ ਕਲੀਨਿਕ ਦੇ ਸਟਾਫ ਨੂੰ ਔਰਤ ਦੇ ਗਰਭਵਤੀ ਹੋਣ ਦੀ ਸੂਚਨਾ ਨਹੀਂ ਸੀ।

ਇਹ ਵੀ ਪੜ੍ਹੋ-

ਔਰਤ ਦੀ ਪਛਾਣ ਨੂੰ ਵੀ ਅਜੇ ਜ਼ਾਹਿਰ ਨਹੀਂ ਕੀਤਾ ਗਿਆ ਹੈ।

ਫੀਨਿਕਸ ਪੁਲਿਸ ਦੇ ਬੁਲਾਰੇ ਨੇ ਦੱਸਿਆ ਹੈ ਕਿ ਇਸ ਮਾਮਲੇ ਦੀ ਜਾਂਚ ਫਿਲਹਾਲ ਜਾਰੀ ਹੈ, ਹਾਲਾਂਕਿ ਉਨ੍ਹਾਂ ਨੇ ਇਹ ਦੱਸਣ ਤੋਂ ਇਨਕਾਰ ਕਰ ਦਿੱਤਾ ਹੈ ਕਿ ਜਾਂਚ ਕਦੋਂ ਸ਼ੁਰੂ ਹੋਈ।

ਉੱਥੇ ਸੀਬੀਐਸ ਫੀਨਿਕਸ ਨਾਲ ਜੁੜੇ ਚੈਨਲ ਕੇਪੀਐਚਓ-ਟੀਵੀ ਨੇ ਦੱਸਿਆ ਹੈ ਕਿ ਔਰਤ ਨੇ 29 ਦਸੰਬਰ ਨੂੰ ਬੱਚੇ ਨੂੰ ਜਨਮ ਦਿੱਤਾ।

ਆਪਣੀ ਰਿਪੋਰਟ 'ਚ ਚੈਨਲ ਨੇ ਇੱਕ ਸੂਤਰ ਦੇ ਹਵਾਲੇ ਨਾਲ ਦੱਸਿਆ ਹੈ, "ਕਲੀਨਿਕ ਦੇ ਸਟਾਫ਼ ਨੂੰ ਔਰਤ ਦੇ ਗਰਭਵਤੀ ਹੋਣ ਦੀ ਜਾਣਕਾਰੀ ਉਦੋਂ ਤੱਕ ਨਹੀਂ ਸੀ ਜਦੋਂ ਤੱਕ ਉਸ ਔਰਤ ਨੇ ਬੱਚੇ ਨੂੰ ਜਨਮ ਨਹੀਂ ਦੇ ਦਿੱਤਾ।"

ਸਮਾਚਾਰ ਚੈਨਲ ਦੇ ਸੂਤਰ ਨੇ ਦੱਸਿਆ ਹੈ ਕਿ ਔਰਤ ਨੂੰ ਹਰ ਵੇਲੇ ਦੇਖਭਾਲ ਦੀ ਲੋੜ ਰਹਿੰਦੀ ਸੀ। ਇਸ ਕਾਰਨ ਕਮਰੇ 'ਚ ਬਹੁਤ ਸਾਰੇ ਲੋਕ ਆਉਂਦੇ-ਜਾਂਦੇ ਰਹਿੰਦੇ ਸਨ।

ਸੂਤਰਾਂ ਮੁਤਾਬਕ ਇਸ ਘਟਨਾ ਤੋਂ ਬਾਅਦ ਕਲੀਨਿਕ ਨੇ ਆਪਣੇ ਕੁਝ ਨੇਮਾਂ 'ਚ ਬਦਲਾਅ ਵੀ ਕੀਤਾ ਹੈ।

ਨਵੇਂ ਨਿਯਮਾਂ ਮੁਤਾਬਕ ਹੁਣ ਜੇਕਰ ਕੋਈ ਪੁਰਸ਼ ਕਿਸੇ ਔਰਤ ਮਰੀਜ਼ ਨੂੰ ਮਿਲਣ ਆਵੇਗਾ ਤਾਂ ਉਸ ਨਾਲ ਔਰਤ ਸਟਾਫ਼ ਰਹੇਗੀ।

ਹੈਸੀਂਡਾ ਹੈਲਥਕੇਅਰ ਵੱਲੋਂ ਜਾਰੀ ਕੀਤੇ ਗਏ ਬਿਆਨ 'ਚ ਕਿਹਾ ਗਿਆ ਹੈ, "ਸਾਨੂੰ ਇਸ ਮਾਮਲੇ ਬਾਰੇ ਹਾਲ ਹੀ 'ਚ ਪਤਾ ਲੱਗਾ ਅਤੇ ਸਾਨੂੰ ਇਸ ਲਈ ਬੇਹੱਦ ਅਫਸੋਸ ਹੈ। ਆਪਣੇ ਮਰੀਜ਼ਾਂ ਦੀ ਸੁਰੱਖਿਆ ਅਤੇ ਸਿਹਤ ਦਾ ਖ਼ਿਆਲ ਰੱਖਣਾ ਸਾਡੇ ਲਈ ਸਭ ਤੋਂ ਜ਼ਰੂਰੀ ਕੰਮ ਹੈ।"

ਬਿਆਨ 'ਚ ਦੱਸਿਆ ਗਿਆ ਹੈ ਕਿ ਹੈਸੀਂਡਾ ਹੈਲਥਕੇਅਰ ਇਸ ਮਾਮਲੇ 'ਚ ਚੱਲ ਰਹੀ ਜਾਂਚ 'ਚ ਆਪਣਾ ਪੂਰਾ ਸਹਿਯੋਗ ਦੇ ਰਿਹਾ ਹੈ।

ਹੈਲਥਕੇਅਰ ਦੇ ਬੁਲਾਰੇ ਡੈਵਿਡ ਲੀਬੋਵਿਟਜ਼ ਨੇ ਇਹ ਵੀ ਕਿਹਾ ਹੈ ਕਿ ਉਹ ਚਾਹੁੰਦੇ ਹਨ ਕਿ ਇਸ ਮਾਮਲੇ ਦੀ ਜਾਂਚ ਜਲਦੀ ਪੂਰੀ ਹੋਵੇ ਅਤੇ ਸੱਚ ਸਭ ਦੇ ਸਾਹਮਣੇ ਆਵੇ।

ਉੱਥੇ ਐਰੀਜ਼ੋਨਾ ਦੇ ਸਿਹਤ ਵਿਭਾਗ ਵੱਲੋਂ ਕਿਹਾ ਗਿਆ ਹੈ ਕਿ ਉਨ੍ਹਾਂ ਨੇ ਇਸ ਤਰ੍ਹਾਂ ਦੇ ਮਰੀਜ਼ਾਂ ਦੀ ਸੁਰੱਖਿਆ ਵਿਵਸਥਾ ਚੈੱਕ ਕਰਨ ਲਈ ਹੋਰਨਾਂ ਹਸਪਤਾਲਾਂ ਵਿੱਚ ਵੀ ਭੇਜਿਆ ਹੈ।

ਇਹ ਵੀ ਪੜ੍ਹੋ:

ਇਹ ਵੀਡੀਓ ਤੁਹਾਨੂੰ ਪਸੰਦ ਆ ਸਕਦੇ ਹਨ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)