You’re viewing a text-only version of this website that uses less data. View the main version of the website including all images and videos.
ਅਮਰੀਕਾ 'ਚ ਸ਼ੱਟਡਾਊਨ ਦਾ ਅਸਰ : ਟਰੰਪ ਦੀ ਅੜੀ ਕਾਰਨ ਥਾਂ-ਥਾਂ ਕੂੜੇ ਦੇ ਢੇਰ ਤੇ ਲੱਖਾਂ ਲੋਕਾਂ ਦੀਆਂ ਤਨਖਾਹਾਂ ਰੁਕੀਆਂ
ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਚਾਹੁੰਦੇ ਹਨ ਕਿ ਮੈਕਸੀਕੋ ਸਰਹੱਦ 'ਤੇ ਦੀਵਾਰ ਬਣਾਉਣ ਲਈ ਸੰਸਦ ਘੱਟੋ-ਘੱਟ ਪੰਜ ਬਿਲੀਅਨ ਡਾਲਰ (36 ਹਜ਼ਾਰ ਕਰੋੜ ਰੁਪਏ) ਦੇ ਫੰਡ ਜਾਰੀ ਕਰੇ। ਇਸ ਦੀਵਾਰ ਦਾ ਵਾਅਦਾ ਉਨ੍ਹਾਂ ਨੇ ਆਪਣੀਆਂ ਚੋਣਾਂ ਦੌਰਾਨ ਵੀ ਕੀਤਾ ਸੀ।
ਵਿਰੋਧੀ ਧਿਰ ਡੈਮੋਕਰੇਟਿਕ ਪਾਰਟੀ ਫੰਡ ਜਾਰੀ ਕਰਨ ਵਿੱਚ ਅੜਿੱਕਾ ਪੈਦਾ ਕਰ ਰਹੀ ਹੈ। ਇਹ ਵਿਵਾਦ ਕਾਫੀ ਕੋਸ਼ਿਸ਼ਾਂ ਦੇ ਬਾਵਜੂਦ ਵੀ ਸੁਲਝ ਨਹੀਂ ਸਕਿਆ।
ਰਾਸ਼ਟਰਪਤੀ ਟਰੰਪ ਦਾ ਕਹਿਣਾ ਹੈ ਕਿ ਜਦੋਂ ਤੱਕ ਕੰਧ ਲਈ ਪੈਸੇ ਨਾ ਦਿੱਤੇ ਗਏ ਤਦ ਤੱਕ ਉਹ ਕਿਸੇ ਵੀ ਵਿੱਤ ਬਿਲ ਉੱਪਰ ਦਸਤਖ਼ਤ ਨਹੀਂ ਕਰਨਗੇ।
ਮੈਕਸੀਕੋ ਦੀ ਸਰਹੱਦ 'ਤੇ ਕੰਧ ਉਸਾਰੀ ਦਾ ਮਕਸਦ ਦੂਜੇ ਮੁਲਕਾਂ ਤੋਂ ਅਮਰੀਕਾ ਦੀ ਸਰਹੱਦ ਵਿੱਚ ਗੈਰ-ਕਾਨੂੰਨੀ ਤਰੀਕੇ ਨਾਲ ਦਾਖਲ ਹੋਣ ਵਾਲਿਆਂ ਨੂੰ ਰੋਕਣਾ ਹੈ।
ਪਹਿਲਾਂ ਸੰਸਦ ਦੀ ਪ੍ਰਵਾਨਗੀ ਅਤੇ ਫਿਰ ਰਾਸ਼ਟਰਪਤੀ ਦੇ ਦਸਤਖ਼ਤ ਤੋਂ ਬਿਨਾਂ ਕਿਸੇ ਵੀ ਸੰਬੰਧਿਤ ਵਿਭਾਗ ਨੂੰ ਕੰਮ ਕਾਜ ਜਾਰੀ ਰੱਖਣ ਲਈ ਫੰਡ ਨਹੀਂ ਮਿਲਦੇ ਜਿਸ ਕਾਰਨ ਸਰਕਾਰੀ ਕੰਮ-ਕਾਜ ਠੱਪ ਹੋ ਜਾਂਦਾ ਹੈ ਜਿਸ ਨੂੰ ਸ਼ੱਟਡਾਊਨ ਕਿਹਾ ਜਾਂਦਾ ਹੈ।
ਇਹ ਪੈਸੇ ਸਾਰੇ ਵਿਭਾਗਾਂ ਦੇ ਬੰਦ ਨਹੀਂ ਕੀਤੇ ਜਾਂਦੇ ਅਤੇ ਜ਼ਰੂਰੀ ਵਿਭਾਗ ਆਪਣਾ ਕੰਮ ਕਾਜ ਜਾਰੀ ਰੱਖਦੇ ਹਨ। ਸਾਰੇ ਵਿਭਾਗ ਬੰਦ ਨਾ ਹੋਣ ਕਾਰਨ ਇਸ ਨੂੰ ਆਂਸ਼ਿਕ ਸ਼ੱਟਡਾਊਨ ਕਿਹਾ ਜਾਂਦਾ ਹੈ।
ਇਹ ਵੀ ਪੜ੍ਹੋ-
22 ਦਸੰਬਰ 2018 ਨੂੰ ਸ਼ੁਰੂ ਹੋਏ ਇਸ ਆਂਸ਼ਿਕ ਸ਼ੱਟਡਾਊਨ ਦਾ ਅਸਰ ਨਵੇਂ ਸਾਲ ਦੇ ਪਹਿਲੇ ਹਫ਼ਤੇ ਵਿੱਚ ਵੀ ਬਰਕਰਾਰ ਹੈ।
ਤਕਰੀਬਨ 8 ਲੱਖ ਮੁਲਜ਼ਮਾਂ 'ਤੇ ਅਸਰ ਪਿਆ ਹੈ, ਜਿਨ੍ਹਾਂ ਨੂੰ ਤਨਖਾਹ ਅਤੇ ਫੰਡ ਨਹੀਂ ਮਿਲ ਰਹੇ।
ਇਸ ਤੋਂ ਇਲਾਵਾ ਏਜੰਸੀਆਂ ਨੇ ਸਾਰੇ ਗ਼ੈਰ ਕਾਨੂੰਨੀ ਕੰਮ ਛੱਡ ਦਿੱਤੇ ਹਨ, ਜਿਸ ਦੇ ਵਿਆਪਕ ਸਿੱਟੇ ਵਜੋਂ ਵਾਸ਼ਿੰਗਟਨ ਦੀਆਂ ਸੜਕਾਂ ਸ਼ਾਂਤ ਹਨ ਅਤੇ ਮਿਊਜ਼ੀਅਮ ਬੰਦ ਪਏ ਹਨ।
ਅਮਰੀਕੀ ਨਾਗਰਿਕ ਮੌਜੂਦਾਂ ਹਾਲਾਤ 'ਤੇ ਸੋਸ਼ਲ ਮੀਡੀਆ ਰਾਹੀਂ ਆਪਣੀ ਚਿੰਤਾ ਅਤੇ ਗੁੱਸਾ ਜ਼ਾਹਿਰ ਕਰ ਰਹੇ ਹਨ।
ਉਹ ਕਹਿ ਰਹੇ ਹਨ ਕਿ ਅਸੀਂ ਇਸ ਸ਼ੱਟਡਾਊਨ ਦੇ ਕਾਰਨ ਆਪਣੇ ਬਿੱਲ ਨਹੀਂ ਭਰ ਪਾ ਰਹੇ ਅਤੇ ਨਾ ਹੀ ਦਵਾਈਆਂ ਖਰੀਦ ਸਕਦੇ ਹਨ।
ਕਰਜ਼ ਦੀਆਂ ਕਿਸ਼ਤਾਂ ਨਹੀਂ ਭਰੀਆਂ ਜਾ ਰਹੀਆਂ
ਸਮਝੌਤਾ ਨਾ ਹੋਣ ਦੀ ਸੂਰਤ 'ਚ ਅਮਰੀਕਾ ਦੀ ਇੱਕ ਚੌਥਾਈ ਫੈਡਰਲ ਏਜੰਸੀਆਂ ਦੀ ਫੰਡਿੰਗ ਖ਼ਤਮ ਹੋ ਗਈ ਹੈ। ਸਿਰਫ਼ ਜ਼ਰੂਰੀ ਮੁਲਾਜ਼ਮ ਹੀ ਕੰਮ ਕਰ ਰਹੇ ਹਨ ਅਤੇ ਉਹ ਵੀ ਬਿਨਾਂ ਤਨਖਾਹ ਦੇ।
ਇਸ ਸ਼ੱਟਡਾਊਨ ਦਾ ਹੋਮਲੈਂਡ ਸਿਕਿਓਰਿਟੀ, ਨਿਆਂ, ਹਾਊਸਿੰਗ, ਖੇਤੀਬਾੜੀ, ਵਣਜ ਆਦਿ ਸਣੇ 9 ਵਿਭਾਗਾਂ 'ਤੇ ਅਸਰ ਹੋਇਆ ਹੈ ਅਤੇ ਕਰੀਬ 8 ਲੱਖ ਫੈਡਰਲ ਮੁਲਾਜ਼ਮ ਨੂੰ ਛੁੱਟੀ 'ਤੇ ਭੇਜਿਆ ਗਿਆ ਹੈ।
ਕਈ ਮੁਲਾਜ਼ਮਾਂ ਨੂੰ ਹਾਲਾਂਕਿ ਉਮੀਦ ਹੈ ਕਿ ਉਨ੍ਹਾਂ ਨੂੰ ਬਾਅਦ ਵਿੱਚ ਤਨਖ਼ਾਹ ਮਿਲ ਜਾਵੇਗੀ ਪਰ ਇਸ ਬਾਰੇ ਕੁਝ ਪੱਕੀ ਤਰ੍ਹਾਂ ਨਹੀਂ ਕਿਹਾ ਜਾ ਸਕਦਾ। ਕੁਝ ਮੁਲਾਜ਼ਮਾਂ ਨੇ ਚੰਦਾ ਇਕੱਠਾ ਕਰਨਾ ਸ਼ੁਰੂ ਕਰ ਦਿੱਤਾ ਹੈ ਤਾਂ ਕਈ ਨਵੀਆਂ ਨੌਕਰੀਆਂ ਦੀ ਤਲਾਸ਼ ਕਰ ਰਹੇ ਹਨ।
ਇਹ ਮੁਲਾਜ਼ਮ ਆਪਣੀ ਨਿਰਾਸ਼ਾ ਟਵਿੱਟਰ 'ਤੇ #ShutdownStories ਨਾਲ ਜ਼ਾਹਿਰ ਕਰ ਰਹੇ ਹਨ।
ਨੈਸ਼ਨਲ ਪਾਰਕਾਂ ਵਿੱਚ ਕੂੜਾ ਇਕੱਠਾ ਹੋ ਰਿਹਾ ਹੈ
ਦਿ ਨੈਸ਼ਨਲ ਪਾਰਕ ਸਰਵਿਸਸ ਨੇ ਆਪਣੀਆਂ ਪਬਲਿਕ ਪਖਾਨੇ, ਕੂੜਾ ਚੁੱਕਣ ਵਾਲੀ, ਸੜਕਾਂ ਦੀ ਸਾਂਭ-ਸੰਭਾਲ ਅਤੇ ਸਹਾਇਤਾ ਕੇਂਦਰ ਆਦਿ ਵਰਗੀਆਂ ਸਾਰੀਆਂ ਗ਼ੈਰ-ਐਮਰਜੈਂਸੀ ਵਾਲੀਆਂ ਸੇਵਾਵਾਂ ਰੱਦ ਕਰ ਦਿੱਤੀਆਂ ਹਨ।
ਉਸ ਨੇ ਆਪਣੇ ਕਰੀਬ 21 ਹਜ਼ਾਰ ਕਰਮੀਆਂ ਨੂੰ ਛੁੱਟੀ 'ਤੇ ਭੇਜ ਦਿੱਤਾ ਹੈ।
ਆਮ ਤੌਰ 'ਤੇ ਸਾਫ਼ ਰਹਿਣ ਵਾਲੇ ਪਾਰਕਾਂ ਦੀ ਹਾਲਤ ਬੇਹੱਦ ਖ਼ਰਾਬ ਹੋ ਗਈ ਹੈ। ਹਰ ਪਾਸੇ ਕੂੜਾ ਨਜ਼ਰ ਆ ਰਿਹਾ ਹੈ।
ਇਹ ਵੀ ਪੜ੍ਹੋ-
ਇਸ ਦੇ ਨਾਲ ਹੀ ਕੌਮੀ ਥਾਵਾਂ, ਮੌਲਜ਼ ਅਤੇ ਵ੍ਹਾਈਟ ਹਾਊਸ ਦੇ ਨੇੜੇ ਕੂੜਾ ਤੇਜ਼ੀ ਨਾਲ ਇਕੱਠਾ ਹੋਣ ਲੱਗਾ ਹੈ।
ਵਾਸ਼ਿੰਗਟਨ ਦੇ ਮੇਅਰ ਮਰੀਅਲ ਬੋਜ਼ਰ ਪ੍ਰਤੀ ਹਫ਼ਤਾ 46 ਹਜ਼ਾਰ ਡਾਲਰ ਖਰਚ ਕਰਕੇ ਰਾਜਧਾਨੀ ਨੂੰ ਸਾਫ਼ ਸੁਥਰਾ ਕਰਵਾ ਰਹੇ ਹਨ।
ਨਿਊਯਾਰਕ ਦੇ ਗਵਰਨਰ ਐਂਡਰਿਊ ਕਿਊਮੋ ਸਟੈਚੂ ਆਫ ਲਿਬਰਟੀ ਨੂੰ ਸਾਫ਼ ਰੱਖਣ ਅਤੇ ਸੈਲਾਨੀਆਂ ਲਈ ਖੁੱਲ੍ਹਾ ਰੱਖਣ ਲਈ ਰੋਜ਼ਾਨਾ 656 ਹਜ਼ਾਰ ਡਾਲਰ ਦੇ ਭੁਗਤਾਨ ਲਈ ਵਚਨਬੱਧ ਹਨ।
ਵਿਗਿਆਨਕ ਖੋਜ ਨੂੰ ਝਟਕਾ
ਰਾਸ਼ਟਰੀ ਵਿਗਿਆਨ ਫਾਊਨਡੇਸ਼ਨ ਵਰਗੀਆਂ ਏਜੰਸੀਆਂ 'ਚ ਫੈਡਰਲ ਸਰਕਾਰ ਦੇ ਕਈ ਵਿਗਿਆਨੀਆਂ ਨੂੰ ਤਨਖ਼ਾਹ ਨਹੀਂ ਮਿਲ ਰਹੀ ਜਿਸ ਕਾਰਨ ਲੈਬਾਂ ਵਿੱਚ ਕੰਮ ਵੀ ਪ੍ਰਭਾਵਿਤ ਹੋ ਰਿਹਾ ਹੈ।
ਅਮਰੀਕਨ ਐਸੋਸੀਏਸ਼ਨ ਫਾਰ ਦਿ ਐਡਵਾਂਸਮੈਂਟ ਆਫ ਸਾਇੰਸ ਦੇ ਮੁਖੀ ਰਸ਼ ਹੋਲਟ ਨੇ ਇੱਕ ਬਿਆਨ ਵਿੱਚ ਇਸ ਦੇ ਅਸਰ 'ਤੇ ਜ਼ੋਰ ਦਿੱਤਾ ਹੈ।
ਉਨ੍ਹਾਂ ਮੁਤਾਬਕ ਸਰਕਾਰ ਦਾ ਸ਼ੱਟਡਾਊਨ ਖੋਜ ਆਧਾਰਿਤ ਪ੍ਰੋਜੈਕਟਾਂ 'ਚ ਦੇਰੀ ਜਾਂ ਰੁਕਵਾਟ ਪੈਦਾ ਕਰ ਸਕਦਾ ਹੈ।
ਅਜਾਇਬ-ਘਰ ਅਤੇ ਚਿੜੀਆਘਰ ਬੰਦ
ਵਾਸ਼ਿੰਗਟਨ ਡੀਸੀ ਵਿੱਚ ਸੈਲਾਨੀਆਂ ਵਿੱਚ ਪ੍ਰਸਿੱਧ ਮਿਊਜ਼ੀਅਮ ਜਿਵੇਂ, ਏਅਰ ਅਤੇ ਸਪੇਸ, ਅਫਰੀਕਨ-ਅਮਰੀਕਨ ਹਿਸਟਰੀ ਅਤੇ ਨੈਚੁਰਲ ਹਿਸਟਰੀ ਮਿਊਜ਼ੀਅਮ, ਸਾਰੇ ਬੰਦ ਹਨ।
ਸਾਰੇ ਚਿੜੀਆਘਰ ਅਤੇ ਜਾਨਵਰਾਂ ਦੇ ਸਿੱਧੇ ਪ੍ਰਸਾਰਣ ਵਾਲੇ ਪਾਂਡਾ ਕੈਮਰੇ ਬੰਦ ਹਨ ਪਰ ਜਾਨਵਰਾਂ ਸਮਿਥਸੋਨੀਆਨ ਮੁਤਾਬਕ ਜਾਨਵਰਾਂ ਦੀ ਦੇਖਭਾਲ ਕੀਤੀ ਜਾਵੇਗੀ।
ਲਿੰਡਾ ਸੈਂਟ ਥੋਮਸ ਦੀ ਸਪੋਕਸਪਰਸਨ ਸਮਿਥਸੋਨੀਆਨ ਨੇ ਬੀਬੀਸੀ ਨੂੰ ਦੱਸਿਆ ਕਿ ਜੇਕਰ ਜਨਵਰੀ ਵਿੱਚ ਵੀ ਇਹੀ ਹਾਲਾਤ ਬਰਕਰਾਰ ਰਹੇ ਤਾਂ ਤਕਰੀਬਨ ਵੱਡੀ ਗਿਣਤੀ ਵਿੱਚ ਸੈਲਾਨੀ ਆਪਣਾ ਰੁਖ਼ ਹੋਰ ਥਾਵਾਂ ਵੱਲ ਕਰਨਗੇ।
ਮੂਲ ਨਿਵਾਸੀਆਂ ਦੀਆ ਦਿਕਤਾਂ
ਇੱਕ ਸਮਝੌਤੇ ਨਾਲ ਅਮਰੀਕਾ ਦੇ ਮੂਲ ਨਿਵਾਸੀਆਂ ਤੋਂ ਸਰਕਾਰ ਨੇ ਜ਼ਮੀਨਾਂ ਹਾਸਲ ਕੀਤੀਆਂ ਸਨ। ਉਸੇ ਸਮਝੌਤੇ ਤਹਿਤ ਹੁਣ ਸਰਕਾਰ ਉਨ੍ਹਾਂ ਨੂੰ ਹੈਲਥਕੇਅਰ, ਖ਼ੁਰਾਕ ਆਦਿ ਜ਼ਰੂਰਤਾਂ ਲਈ ਫੰਡ ਦਿੰਦੀ ਹੈ।
ਨਿਊ ਯਾਰਕ ਟਾਈਮਜ਼ ਦੀ ਇੱਕ ਖ਼ਬਰ ਮੁਤਾਬਕ ਮਿਸ਼ੀਗਨ ਸੂਬੇ ਦੇ ਚਿਪੇਵਾ ਕਬੀਲੇ ਦੇ ਲੋਕਾਂ ਨੂੰ ਕਲੀਨਿਕ ਅਤੇ ਪੈਂਟਰੀਆਂ ਖੁੱਲ੍ਹੀਆਂ ਰੱਖਣ ਲਈ ਆਪਣੇ ਫੰਡ ਵਰਤਣ ਲਈ ਕਹਿ ਦਿੱਤਾ ਗਿਆ ਹੈ।
ਅਜਿਹੇ ਮਾਮਲੇ ਸਾਰੇ ਦੇਸ ਵਿੱਚੋਂ ਸਾਹਮਣੇ ਆ ਰਹੇ ਹਨ। ਬਹੁਤ ਸਾਰੀਆਂ ਥਾਵਾਂ ਤੇ ਕਬੀਲਿਆਂ ਦੇ ਲੋਕ ਆਪਣੇ ਪਰਿਵਾਰਾਂ ਸਮੇਤ ਬਿਨਾਂ ਰਾਸ਼ਨ ਅਤੇ ਦਵਾਈਆਂ ਦੇ ਘਰਾਂ ਵਿੱਚ ਬੰਦ ਹੋ ਕੇ ਰਹਿ ਗਏ ਹਨ।
ਇਸ ਦਾ ਕਾਰਨ ਇੱਕ ਇਹ ਵੀ ਹੈ ਕਿ ਸੜਕਾਂ ਦੀ ਸੰਭਾਲ ਕਰਨ ਵਾਲੇ ਵਿਭਾਗ ਦਾ ਕੰਮ ਬੰਦ ਹੈ ਜਿਸ ਕਾਰਨ ਸੜਕਾਂ ਤੋਂ ਬਰਫ਼ ਨਹੀਂ ਹਟਾਈ ਗਈ।
ਜਨਗਣਨਾ ਰੁਕੀ
ਅਜਿਹਾ ਨਹੀਂ ਹੈ ਕਿ ਇਸ ਸ਼ੱਟਡਾਊਨ ਦਾ ਅਸਰ ਸਿਰਫ ਰਾਜਧਾਨੀ ਵਿੱਚ ਹੀ ਨਜ਼ਰ ਆ ਰਿਹਾ ਹੈ। ਇੱਕ ਖ਼ਬਰ ਮੁਤਾਬਕ ਇੰਡਿਆਨਾ ਸੂਬੇ ਵਿੱਚ ਇਸ ਕਾਰਨ ਜਨਗਣਨਾ ਦਾ ਕੰਮ ਵੀ ਪ੍ਰਭਾਵਿਤ ਹੋਇਆ ਹੈ।
ਲਗਪਗ 40 ਫੀਸਦੀ ਜਨਗਣਨਾ ਮੁਲਾਜ਼ਮਾਂ ਨੂੰ ਕ੍ਰਿਸਮਸ ਤੋਂ ਬਆਦ ਹੀ ਛੁੱਟੀ ’ਤੇ ਭੇਜ ਦਿੱਤਾ ਗਿਆ ਸੀ, ਉਹ ਵੀ ਬਿਨਾਂ ਤਨਖ਼ਾਹ ਦੇ।
ਗਾਹਕਾਂ ਨੂੰ ਖ਼ਾਸ ਰਿਆਇਤਾਂ
ਵਾਸ਼ਿੰਗਟਨ ਡੀਸੀ ਦੀ ਸਥਾਨਕ ਸਰਕਾਰ ਅਜੇ ਕੰਮ ਕਰ ਰਹੀ ਹੈ ਅਤੇ ਸੈਲਾਨੀਆਂ ਨੂੰ ਵੀ ਦੱਸ ਰਹੀ ਹੈ ਕਿ ਰੈਸਟੋਰੈਂਟ ਆਦਿ ਚੱਲ ਰਹੇ ਹਨ।
ਕਈ ਸਥਾਨਕ ਰੈਸਟੋਰੈਂਟ ਤੇ ਦੁਕਾਨਾਂ ਗਾਹਕਾਂ ਨੂੰ ਖ਼ਾਸ ਰਿਆਇਤਾਂ ਦੇ ਰਹੇ ਹਨ।
ਸਰਕਾਰੀ ਮੁਲਾਜ਼ਮਾਂ ਨੂੰ ਤਨਖ਼ਾਹ ਨਹੀਂ ਮਿਲ ਰਹੀ। ਉਨ੍ਹਾਂ ਉੱਪਰ ਸ਼ੱਟਡਾਊਨ ਦਾ ਤਣਾਅ ਘਟਾਉਣ ਲਈ ਕਈ ਰੈਸਟੋਰੈਂਟ ਉਨ੍ਹਾਂ ਨੂੰ ਖ਼ਾਸ ਰਿਆਇਤਾਂ ਦੇ ਰਹੇ ਹਨ।
ਵਿਆਹ ਰਜਿਸਟਰ ਨਹੀਂ ਹੋ ਰਹੇ
ਵਾਸ਼ਿੰਗਟਨ ਡੀਸੀ ਵਿੱਚ ਦਸੰਬਰ ਦੇ ਅਖ਼ੀਰ ਵਿੱਚ ਹੋਣ ਵਾਲੇ ਵਿਆਹ ਵੀ ਇਸ ਸ਼ੱਟਡਾਊਨ ਕਰਕੇ ਰਜਿਸਟਰਡ ਨਹੀਂ ਹੋ ਰਹੇ।
ਇੱਕ ਜੋੜੇ ਨੇ ਟਵੀਟ ਕੀਤਾ ਕਿ ਉਨ੍ਹਾਂ ਦਾ ਵਿਆਹ ਅਜੇ ਵੀ ਗ਼ੈਰ-ਅਧਿਕਾਰਤ ਹੈ ਕਿਉਂਕਿ ਉਨ੍ਹਾਂ ਦੇ ਵਿਆਹ ਦੌਰਾਨ ਸਾਰੇ ਮੁਲਾਜ਼ਮ ਛੁੱਟੀ 'ਤੇ ਸਨ।
ਪਰ ਬਜ਼ਫੀਡ ਨਿਊਜ਼ ਦੀ ਰਿਪੋਰਟ ਮੁਤਾਬਕ ਤਲਾਕ ਲਈ ਅਰਜ਼ੀ ਪਾਈ ਜਾ ਸਕਦੀ ਹੈ ਕਿਉਂਕਿ ਸੈਂਟਰ ਖੁੱਲ੍ਹੇ ਹੋਏ ਹਨ।