ਸੱਜਣ ਕੁਮਾਰ ਦੀ 1984 ਸਿੱਖ ਕਤਲੇਆਮ ਮਾਮਲੇ 'ਤੇ ਅਰਜ਼ੀ ਬਾਰੇ ਗੁਲ ਪਨਾਗ ਨੇ ਕਿਹਾ 'ਬੇਸ਼ਰਮੀ ਦੀ ਵੱਡੀ ਉਦਾਹਰਣ'

1984 ਸਿੱਖ ਕਤਲੇਆਮ ਮਾਮਲੇ ਵਿੱਚ ਕਾਂਗਰਸੀ ਆਗੂ ਸੱਜਣ ਕੁਮਾਰ ਵੱਲੋਂ ਦਿੱਲੀ ਹਾਈ ਕੋਰਟ ਵਿੱਚ ਪਾਈ ਅਰਜ਼ੀ ਰੱਦ ਹੋ ਗਈ ਹੈ। ਸੱਜਣ ਕੁਮਾਰ ਨੇ ਸਰੰਡਰ ਕਰਨ ਲਈ ਦਿੱਲੀ ਹਾਈ ਕੋਰਟ ਤੋਂ 31 ਜਨਵਰੀ ਤੱਕ ਦਾ ਸਮਾਂ ਮੰਗਿਆ ਸੀ।

ਇਸ ਸਬੰਧੀ ਸੀਨੀਅਰ ਵਕੀਲ ਐਚਐਸ ਫੂਲਕਾ ਨੇ ਟਵੀਟ ਕਰਕੇ ਜਾਣਕਾਰੀ ਸਾਂਝੀ ਕੀਤੀ।

ਦਿੱਲੀ ਹਾਈ ਕੋਰਟ ਨੇ ਪੰਜ ਲੋਕਾਂ ਦੇ ਕਤਲ ਦੇ ਕੇਸ ਵਿੱਚ ਸਜਣ ਕੁਮਾਰ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਸੀ। ਉਸ ਨੂੰ 31 ਦਸੰਬਰ ਤਕ ਸਰੰਡਰ ਕਰਨ ਲਈ ਕਿਹਾ ਗਿਆ ਸੀ।

ਸੱਜਣ ਕੁਮਾਰ ਨੇ ਸਰੰਡਰ ਕਰਨ ਲਈ ਹੋਰ ਸਮਾਂ ਮੰਗਦਿਆਂ ਕਿਹਾ ਸੀ ਕਿ ਉਨ੍ਹਾਂ ਦੇ ਤਿੰਨ ਬੱਚੇ ਅਤੇ ਅੱਠ ਪੋਤੇ ਹਨ ਇਸ ਲਈ ਥੋੜ੍ਹਾ ਹੋਰ ਸਮਾਂ ਚਾਹੀਦਾ ਹੈ।

ਇਹ ਵੀ ਪੜ੍ਹੋ:

ਪਰ ਸੱਜਣ ਕੁਮਾਰ ਵੱਲੋਂ ਸਰੰਡਰ ਕਰਨ ਲਈ ਹੋਰ ਸਮਾਂ ਮੰਗਣ ਦੇ ਕਾਫੀ ਲੋਕਾਂ ਨੇ ਇਤਰਾਜ਼ ਜਤਾਇਆ।

ਅਦਾਕਾਰਾ ਗੁਲ ਪਨਾਗ ਨੇ ਟਵੀਟ ਕਰਕੇ ਕਿਹਾ, "ਜਿਸ ਭੀੜ ਦੀ ਅਗਵਾਈ ਤੁਸੀਂ ਤੇ ਤੁਹਾਡੇ ਦੋਸਤਾਂ ਨੇ ਕੀਤੀ ਸੀ, ਉਨ੍ਹਾਂ ਨੇ ਤਾਂ ਲੋਕਾਂ ਨੂੰ ਜ਼ਿਦਗੀ ਬਚਾਉਣ ਲਈ ਭੱਜਣ ਦਾ ਸਮਾਂ ਵੀ ਨਹੀਂ ਦਿੱਤਾ। ਤੁਸੀਂ ਬੇਸ਼ਰਮੀ ਦੀ ਉਦਾਹਰਣ ਹੋ ਸੱਜਣ ਕੁਮਾਰ।"

ਇਸ ਤੋਂ ਬਾਅਦ ਕਈ ਲੋਕਾਂ ਨੇ ਸੋਸ਼ਲ ਮੀਡੀਆ ਉੱਤੇ ਆਪਣੀ ਨਰਾਜ਼ਗੀ ਜਤਾਈ।

ਇਹ ਵੀ ਪੜ੍ਹੋ:

ਰਿੰਪਲ ਜੌਹਲ ਨਾਮ ਦੇ ਟਵਿੱਟਰ ਅਕਾਉਂਟ ਤੋਂ ਲਿਖਿਆ ਗਿਆ, "ਸੱਜਣ ਕੁਮਾਰ ਨੇ ਸਿੱਖਾਂ ਨੂੰ ਕਤਲ ਕਰਨ ਲਈ ਭੀੜ ਨੂੰ ਭੜਕਾਇਆ ਅਤੇ ਪਰਿਵਾਰਾਂ ਨੂੰ ਆਪਣੇ ਕਰੀਬੀਆਂ ਨਾਲ ਮਿਲਣ ਦਾ ਮੌਕਾ ਵੀ ਨਹੀਂ ਦਿੱਤਾ। ਤੁਹਾਡੀ ਭੜਕਾਈ ਭੀੜ ਨੇ ਲੋਕਾਂ ਨੂੰ ਮਾਰਿਆ ਜੋ ਕਦੇ ਵਾਪਸ ਨਹੀਂ ਮੁੜਨਗੇ। ਅੱਜ ਉਹ ਆਪਣੇ ਪਰਿਵਾਰ ਨੂੰ ਮਿਲਣ ਲਈ ਸਮਾਂ ਮੰਗ ਰਿਹਾ ਹੈ। ਕਰਮਾਂ ਦੀ ਖੇਡ ਹੈ।"

ਅਦਾਲਤ ਵੱਲੋਂ ਸੱਜਣ ਕੁਮਾਰੀ ਦੀ ਪਟੀਸ਼ਨ ਰੱਦ ਕਰਨ ਤੋਂ ਬਾਅਦ ਪੀਐਸ ਨਾਮ ਦੇ ਟਵਿੱਟਰ ਅਕਾਊਂਟ ਤੋਂ ਟਵੀਟ ਕੀਤਾ ਗਿਆ, "ਸੱਜਣ ਕੁਮਾਰ ਨੂੰ ਨਵੇਂ ਸਾਲ ਦੀ ਵਧਾਈ ਅਤੇ ਬਾਕੀ ਦੀ ਜ਼ਿੰਦਗੀ ਲਈ ਵੀ ਮੁਬਾਰਕਾਂ।"

ਇਹ ਵੀਡੀਓ ਵੀ ਤੁਹਾਨੂੰ ਪਸੰਦ ਆ ਸਕਦੇ ਹਨ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)