ਕਾਂਗਰਸੀ ਸੱਜਣ ਕੁਮਾਰ ਨੂੰ ’84 ਕਤਲੇਆਮ ’ਚ ਉਮਰ ਕੈਦ, ਗਵਾਹ ਨਿਰਪ੍ਰੀਤ ਨੇ ਕਿਹਾ, ਸੱਜਣ ਕਹਿੰਦਾ ਸੀ ਇੱਕ ਸਿੱਖ ਨਹੀਂ ਛੱਡਣਾ

ਕਾਂਗਰਸੀ ਆਗੂ ਸੱਜਣ ਕੁਮਾਰ ਨੂੰ 1984 ਦੇ ਸਿੱਖ ਕਤਲੇਆਮ ਦੌਰਾਨ ਦਿੱਲੀ ਦੇ ਇੱਕ ਪਰਿਵਾਰ ਦੇ ਪੰਜ ਜੀਆਂ ਦੇ ਕਤਲ ਮਾਮਲੇ ਵਿੱਚ ਦੋਸ਼ੀ ਕਰਾਰ ਦਿੰਦਿਆਂ ਉਮਰ ਕੈਦ ਦੀ ਸਜ਼ਾ ਸੁਣਾਈ ਹੈ।

ਇਸ ਦੇ ਨਾਲ ਹੀ ਸੱਜਣ ਕੁਮਾਰ ’ਤੇ ਪੰਜ ਲੱਖ ਰੁਪਏ ਦਾ ਜੁਰਮਾਨਾ ਵੀ ਲਾਇਆ ਹੈ।

ਸੱਜਣ ਕੁਮਾਰ ਤੋਂ ਇਲਾਵਾ ਕੈਪਟਨ ਭਾਗਮਲ, ਗਿਰਧਾਰੀ ਲਾਲ ਅਤੇ ਸਾਬਕਾ ਕਾਂਗਰਸੀ ਕੌਂਸਲਰ ਬਲਵਾਨ ਖੋਖਰ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ।

ਕਿਸ਼ਨ ਖੋਖਰ ਅਤੇ ਸਾਬਕਾ ਵਿਧਾਇਕ ਮਹਿੰਦਰ ਯਾਦਵ ਨੂੰ 10-10 ਸਾਲ ਦੀ ਸਜ਼ਾ ਸੁਣਾਈ ਗਈ ਹੈ।

ਬੀਬੀਸੀ ਪੱਤਰਕਾਰ ਸੁਚਿਤਰਾ ਮੋਹੰਤੀ ਅਨੁਸਾਰ ਫੈਸਲਾ ਸੁਣਾਉਣ ਵੇਲੇ ਦਿੱਲੀ ਹਾਈ ਕੋਰਟ ਨੇ ਜੱਜ ਨੇ ਕਿਹਾ, "1947 ਵਿੱਚ ਭਾਰਤ - ਪਾਕਿਸਤਾਨ ਦੀ ਵੰਡ ਵੇਲੇ ਕਈ ਲੋਕਾਂ ਦਾ ਕਤਲੇਆਮ ਹੋਇਆ ਸੀ। 37 ਸਾਲਾਂ ਬਾਅਦ ਦਿੱਲੀ ਨੇ ਫਿਰ ਤੋਂ ਉਹੀ ਕਤਲੇਆਮ ਹੋਇਆ।''

''ਕਤਲੇਆਮ ਦੇ ਦੋਸ਼ੀਆਂ ਦਾ ਸਿਆਸੀ ਸ਼ਹਿ ਕਾਰਨ ਬਚਾਅ ਹੁੰਦਾ ਰਿਹਾ।''

ਇਸ ਦੇ ਨਾਲ ਹੀ ਸੱਜਣ ਕੁਮਾਰ ਦੇ ਬਰੀ ਹੋਣ ਬਾਰੇ ਪਟੀਸ਼ਨਰ ਜਗਦੀਸ਼ ਕੌਰ ਨੇ ਕਿਹਾ ਕਿ ਨਾ ਤਾਂ ਪਿਤਾ ਦੀ ਕੁਰਬਾਨੀ ਯਾਦ ਆਈ ਨਾ ਹੀ ਪਤੀ ਦੀ ਸੇਵਾ।

ਕਿਸ ਮਾਮਲੇ ਵਿੱਚ ਹੋਈ ਸਜ਼ਾ?

ਇੱਕ ਨਵੰਬਰ 1984 ਵਿੱਚ ਭੀੜ ਨੇ ਦਿੱਲੀ ਕੈਂਟ ਦੇ ਰਾਜ ਨਗਰ ਇਲਾਕੇ ਵਿੱਚ ਜਗਦੀਸ਼ ਕੌਰ ਦੇ ਘਰ ’ਤੇ ਹਮਲਾ ਕਰ ਦਿੱਤਾ ਸੀ। ਇਸ ਹਮਲੇ ਵਿੱਚ ਜਗਦੀਸ਼ ਕੌਰ ਦੇ ਵੱਡੇ ਪੁੱਤਰ ਤੇ ਪਤੀ ਸਣੇ 5 ਲੋਕਾਂ ਦੀ ਮੌਤ ਹੋਈ ਸੀ। ਸੱਜਣ ਕੁਮਾਰ ਉੱਤੇ ਇਲਜ਼ਾਮ ਹੈ ਕਿ ਉਹ ਵੀ ਭੀੜ ਵਿਚ ਸ਼ਾਮਿਲ ਸੀ।

30 ਅਪ੍ਰੈਲ 2013 ਨੂੰ ਦਿੱਲੀ ਦੀ ਕੜਕੜਡੂਮਾ ਅਦਾਲਤ ਨੇ ਇਸ ਕਤਲੇਆਮ ਲਈ 5 ਲੋਕਾਂ ਨੂੰ ਦੋਸ਼ੀ ਠਹਿਰਾਇਆ ਸੀ। ਜਿਸ ਵਿੱਚ ਸਾਬਕਾ ਕਾਂਗਰਸੀ ਵਿਧਾਇਕ ਮਹਿੰਦਰ ਯਾਦਵ ਨੂੰ ਉਮਰ ਕੈਦ ਅਤੇ ਕੌਂਸਲਰ ਬਲਵਾਨ ਖੋਕਰ ਅਤੇ 3 ਸਾਲ ਕੈਦ ਦੀ ਸਜ਼ਾ ਸੁਣਾਈ ਸੀ। ਸੱਜਣ ਕੁਮਾਰ ਨੂੰ ਅਦਾਲਤ ਨੇ ਬਰੀ ਕਰ ਦਿੱਤਾ ਸੀ।

ਕੀ ਹੈ ਮੁੱਖ ਗਵਾਹ ਨਿਰਪ੍ਰੀਤ ਦਾ ਕਹਿਣਾ?

ਇਸ ਮਾਮਲੇ ਵਿੱਚ ਮੁੱਖ ਗਵਾਹ ਨਿਰਪ੍ਰੀਤ ਕੌਰ ਨੇ ਫੈਸਲੇ ’ਤੇ ਸੰਤੁਸ਼ਟੀ ਜ਼ਾਹਿਰ ਕੀਤੀ ਹੈ। ਨਿਰਪ੍ਰੀਤ ਕੌਰ ਨੇ ਕਿਹਾ, "ਮੈਂ 2 ਨਵੰਬਰ 1984 ਨੂੰ ਸੱਜਣ ਕੁਮਾਰ ਨੂੰ ਭਾਸ਼ਣ ਦਿੰਦਿਆਂ ਸੁਣਿਆ ਸੀ ਜਿਸ ਵਿੱਚ ਉਹ ਲੋਕਾਂ ਨੂੰ ਕਹਿ ਰਿਹਾ ਸੀ ਕਿ ਇੱਕ ਵੀ ਸਿੱਖ ਨਹੀਂ ਬਚਣਾ ਚਾਹੀਦਾ ਹੈ।''

ਫੈਸਲੇ ਤੋਂ ਬਾਅਦ ਨਿਰਪ੍ਰੀਤ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੋੱਸਿਆ, "ਮੈਂ ਇਹ ਲੜਾਈ ਇਕੱਲੇ ਨਹੀਂ ਲੜ ਸਕਦੀ ਸੀ। ਮੇਰੀ ਲੜਾਈ ਵਿੱਚ ਸੀਬੀਆਈ ਦੇ ਅਫਸਰਾਂ ਸਣੇ ਕਈ ਲੋਕਾਂ ਨੇ ਸਾਥ ਦਿੱਤਾ ਹੈ।''

"ਸਾਡੀ ਮਦਦ ਵਿੱਚ ਸਾਬਕਾ ਐੱਸਜੀਪੀਸੀ ਪ੍ਰਧਾਨ ਅਵਤਾਰ ਸਿੰਘ ਮੱਕੜ ਵੀ ਆਏ। ਇਸ ਦੇ ਨਾਲ ਹੀ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਵੀ ਸਾਡੀ ਸੁਰੱਖਿਆ ਦਾ ਪ੍ਰਬੰਧ ਕੀਤਾ।''

"ਮੈਂ ਇਹ ਵੀ ਕਹਿਣਾ ਚਾਹੁੰਦੀ ਹਾਂ ਕਿ ਅਕਾਲੀਆਂ ਨੇ ਵੀ ਦੋਸ਼ੀਆਂ ਨੂੰ ਬਚਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ।''

ਨਿਰਪ੍ਰੀਤ ਕੌਰ ਨੇ ਕਿਹਾ ਕਿ ਜੇ ਸੱਜਣ ਕੁਮਾਰ ਨੂੰ ਮੌਤ ਦੀ ਸਜ਼ਾ ਹੁੰਦੀ ਤਾਂ ਉਸ ਨੇ ਇੱਕ ਪਲ ਵਿੱਚ ਮਰ ਜਾਣਾ ਸੀ ਪਰ ਹੁਣ ਉਸ ਨੂੰ ਲੰਬੇ ਵਕਤ ਤੱਕ ਸਹਿਣਾ ਪਵੇਗਾ।

ਭਾਰਤ ਦੀ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਨਵੰਬਰ 1984 ਦੌਰਾਨ ਦਿੱਲੀ ਸਣੇ ਮੁਲਕ ਦੇ ਕਈ ਸ਼ਹਿਰਾਂ ਵਿੱਚ ਹੋਏ ਸਿੱਖ ਕਤਲੇਆਮ ਵਿੱਚ ਕਾਂਗਰਸ ਦੇ ਕਈ ਵੱਡੇ ਆਗੂਆਂ ਦੇ ਨਾਂ ਸਾਹਮਣੇ ਆਏ ਸਨ।

ਸੱਜਣ ਕੁਮਾਰ ਸਣੇ ਕਾਂਗਰਸ ਦੇ ਉਹ ਪੰਜ ਵੱਡੇ ਆਗੂ ਜਿਨ੍ਹਾਂ ਦੇ ਨਾਂ 1984 ਸਿੱਖ ਕਤਲੇਆਮ ਵਿਚ ਆਏ, ਉਨ੍ਹਾਂ ਉੱਤੇ ਚੱਲ ਰਹੇ ਕੇਸਾਂ ਦਾ ਵੇਰਵਾ ਇਸ ਤਰ੍ਹਾਂ ਹੈ: -

ਸੱਜਣ ਕੁਮਾਰ

ਸੱਜਣ ਕੁਮਾਰ ਆਲ ਇੰਡੀਆ ਕਾਂਗਰਸ ਦੇ ਦਿੱਲੀ ਤੋਂ ਸੀਨੀਅਰ ਆਗੂ ਹਨ, ਜਿਹੜੇ 14ਵੀਂ ਲੋਕ ਸਭਾ ਦੇ ਮੈਂਬਰ ਰਹੇ ਹਨ। ਗੁਰੂ ਰਾਧਾ ਕ੍ਰਿਸ਼ਨਾ ਸੁਸਾਇਟੀ ਤੋਂ ਬਤੌਰ ਸਮਾਜਸੇਵੀ ਆਪਣਾ ਕਰੀਅਰ ਸ਼ੁਰੂ ਕਰਨ ਵਾਲੇ ਸੱਜਣ ਕੁਮਾਰ ਉੱਤੇ ਸਿੱਖ ਕਤਲੇਆਮ ਵਿੱਚ ਭੂਮਿਕਾ ਹੋਣ ਦਾ ਇਲਜ਼ਾਮ ਲਗਦਾ ਹੈ। ਇਸੇ ਕਾਰਨ ਉਨ੍ਹਾਂ ਦੀ ਆਪਣੀ ਹੀ ਪਾਰਟੀ ਨੇ ਉਨ੍ਹਾਂ ਨੂੰ ਅਲੱਗ-ਥਲੱਗ ਕਰ ਦਿੱਤਾ ਸੀ।

ਇਕਨੌਮਿਕ ਟਾਈਮਜ਼ ਦੀ ਖ਼ਬਰ ਮੁਤਾਬਕ ਸੱਜਣ ਕੁਮਾਰ ਦੀ ਕਾਂਗਰਸ ਵਿੱਚ ਹਾਲਤ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਮੋਦੀ ਸਰਕਾਰ ਖ਼ਿਲਾਫ਼ ਕਾਂਗਰਸ ਦੇ ਧਰਨੇ ਵਿੱਚ ਜਦੋਂ 9 ਅਪ੍ਰੈਲ 2018 ਨੂੰ ਸੱਜਣ ਕੁਮਾਰ ਪਹੁੰਚੇ ਤਾਂ ਉਨ੍ਹਾਂ ਨੂੰ ਪਾਰਟੀ ਆਗੂਆਂ ਵੱਲੋਂ ਰਾਜਘਾਟ ਤੋਂ ਹੀ ਵਾਪਿਸ ਭੇਜ ਦਿੱਤਾ ਗਿਆ।

ਇਹ ਵੀ ਪੜ੍ਹੋ:

1977 ਦੀ ਐਮਰਜੈਂਸੀ ਦੌਰਾਨ ਸੱਜਣ ਕੁਮਾਰ ਦਾ ਦਿੱਲੀ ਦੀ ਸਿਆਸਤ ਵਿੱਚ ਉਭਾਰ ਹੋਇਆ ਸੀ। ਉਹ ਉਨ੍ਹਾਂ ਕੁਝ ਕਾਂਗਰਸੀ ਆਗੂਆਂ ਵਿੱਚ ਸ਼ਾਮਲ ਹਨ ਜਿਹੜੇ ਉਦੋਂ ਦਿੱਲੀ ਦੀਆਂ ਐਮਸੀ ਚੋਣਾਂ ਜਿੱਤੇ ਸਨ।

ਉਨ੍ਹਾਂ ਨੂੰ ਕੁਝ ਦਿਨ ਪਹਿਲਾਂ ਹੀ ਅਦਾਲਤ ਵਿੱਚ ਚਾਮ ਕੌਰ ਨਾਮ ਦੀ ਗਵਾਹ ਨੇ ਪਛਾਣਿਆ ਅਤੇ ਦੋਸ਼ ਲਾਇਆ ਕਿ ਸੱਜਣ ਕੁਮਾਰ ਹੀ ਉਹ ਵਿਅਕਤੀ ਸਨ ਜੋ ਉਸ ਦੇ ਘਰ ਨੇੜੇ ਲੋਕਾਂ ਨੂੰ ਸਿੱਖਾਂ ਦਾ ਕਤਲੇਆਮ ਕਰਨ ਲਈ ਭੜਕਾ ਰਹੇ ਸਨ।

ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਸੱਜਣ ਕੁਮਾਰ ਦੇ ਖ਼ਿਲਾਫ਼ ਕੇਸ ਕਰਨ ਵਾਲੀ ਬੀਬੀ ਜਗਦੀਸ਼ ਕੌਰ ਦਾ ਕੇਸ ਵੀ ਆਖਰੀ ਮੋੜ 'ਤੇ ਪਹੁੰਚ ਚੁੱਕਾ ਹੈ। ਬੀਬੀ ਜਗਦੀਸ਼ ਕੌਰ ਨੇ ਸੱਜਣ ਕੁਮਾਰ ਉੱਤੇ ਇਲਜ਼ਾਮ ਲਾਇਆ ਸੀ ਕਿ ਉਸ ਨੇ ਲੋਕਾਂ ਨੂੰ ਭੜਕਾਉਂਦਿਆਂ ਕਿਹਾ ਸੀ, "ਉਨ੍ਹਾਂ ਦੀ ਮਾਂ (ਇੰਦਰਾ ਗਾਂਧੀ) ਨੂੰ ਸਿੱਖਾਂ ਨੇ ਮਾਰਿਆ ਹੈ ਇਸ ਲਈ ਉਹ ਉਨ੍ਹਾਂ ਦਾ ਕਤਲੇਆਮ ਕਰਨ।''

ਜਗਦੀਸ਼ ਕੌਰ ਦਾ ਕੇਸ 2005 ਵਿੱਚ ਨਾਨਾਵਤੀ ਕਮਿਸ਼ਨ ਵੱਲੋਂ ਮੁੜ ਖੋਲ੍ਹਿਆ ਗਿਆ ਸੀ। 2010 ਵਿੱਚ ਸੀਬੀਆਈ ਨੇ ਸੱਜਣ ਕੁਮਾਰ ਖਿਲਾਫ਼ ਚਾਰਜਸ਼ੀਟ ਪੇਸ਼ ਕੀਤੀ ਸੀ। ਇਸ ਕੇਸ ਵਿੱਚ ਪੰਜ ਮੁਲਜ਼ਮ ਸਨ, ਜਿਨ੍ਹਾਂ ਵਿੱਚੋਂ ਸੱਜਣ ਕੁਮਾਰ ਇੱਕ ਸਨ।

ਦਿੱਲੀ ਦੀ ਕੜਕੜਡੂਮਾ ਕੋਰਟ ਨੇ 30 ਅਪ੍ਰੈਲ 2013 ਨੂੰ ਕ੍ਰਿਸ਼ਨ ਖੋਖਰ ਅਤੇ ਮਹਿੰਦਰ ਯਾਦਵ ਨੂੰ ਤਿੰਨ-ਤਿੰਨ ਸਾਲ ਕੈਦ ਦੀ ਸਜ਼ਾ ਸੁਣਾਈ ਸੀ ਜਦਕਿ ਬਲਵਾਨ ਖੋਖਰ, ਕੈਪਟਨ ਭਾਗਮਲ ਅਤੇ ਗਿਰਧਾਰੀ ਲਾਲ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ।

ਇਸ ਮਾਮਲੇ ਵਿੱਚ ਸੱਜਣ ਕੁਮਾਰ ਨੂੰ ਰਿਹਾਅ ਕਰ ਦਿੱਤਾ ਗਿਆ ਸੀ। ਹੁਣ ਇਸ ਮਾਮਲੇ ਨੂੰ ਸੀਬੀਆਈ ਨੇ ਹਾਈਕੋਰਟ ਵਿੱਚ ਚੁਣੌਤੀ ਦਿੱਤੀ ਹੋਈ ਹੈ, ਜਿਸ ਲਈ 22 ਨਵੰਬਰ ਆਖ਼ਰੀ ਬਹਿਸ ਦਾ ਦਿਨ ਸੀ। ਹੁਣ ਅਦਾਲਤ ਨੇ ਇਹ ਫੈਸਲਾ ਲੈਣਾ ਹੈ ਕਿ ਸੱਜਣ ਕੁਮਾਰ ਦੋਸ਼ੀ ਹੈ ਜਾਂ ਨਹੀਂ।

ਜਗਦੀਸ਼ ਟਾਈਟਲਰ

ਟਾਈਟਲਰ ਕਾਂਗਰਸ ਦੇ ਸੀਨੀਅਰ ਲੀਡਰ ਤੇ ਸਾਬਕਾ ਕੇਂਦਰੀ ਮੰਤਰੀ ਹਨ। ਉਨ੍ਹਾਂ ਨੂੰ ਨਾਨਾਵਤੀ ਕਮਿਸ਼ਨ ਦੀ ਰਿਪੋਰਟ ਵਿੱਚ ਨਾਮ ਆਉਣ ਤੋਂ ਬਾਅਦ ਆਪਣੇ ਅਹੁਦੇ ਤੋਂ ਅਸਤੀਫਾ਼ ਦੇਣਾ ਪਿਆ ਸੀ।

ਕੁਝ ਸਮਾਂ ਪਹਿਲਾਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਇੱਕ ਵੀਡੀਓ ਜਾਰੀ ਕੀਤੀ ਸੀ। ਇਸ ਵੀਡੀਓ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਟਾਈਟਲਰ 100 ਸਿੱਖਾਂ ਦੇ ਕਤਲ ਦੀ ਗੱਲ ਸਵੀਕਾਰ ਕਰ ਰਹੇ ਹਨ ਭਾਵੇਂ ਕਿ ਟਾਈਟਲਰ ਨੇ ਇਨ੍ਹਾਂ ਦੋਸ਼ਾਂ ਨੂੰ ਰੱਦ ਕੀਤਾ ਸੀ ਅਤੇ ਮਨਜੀਤ ਸਿੰਘ ਜੀਕੇ ਦੇ ਦਾਅਵੇ ਖਿਲਾਫ਼ ਮਾਣਹਾਨੀ ਦਾ ਮੁਕੱਦਮਾ ਵੀ ਦਾਇਰ ਕੀਤਾ ਗਿਆ ਸੀ।

ਆਊਟਲੁਕ ਨੇ ਆਪਣੀ ਇੱਕ ਰਿਪੋਰਟ ਵਿੱਚ ਲਿਖਿਆ ਹੈ ਕਿ 1 ਨਵੰਬਰ 1984 ਨੂੰ ਉੱਤਰੀ ਦਿੱਲੀ ਵਿੱਚ ਗੁਰਦੁਆਰਾ ਪੁਲਬੰਗਸ਼ ਉੱਤੇ ਹਮਲਾ ਹੋਇਆ। ਜਿਸ ਵਿੱਚ ਬਾਦਲ ਸਿੰਘ, ਗੁਰਚਰਨ ਸਿੰਘ ਅਤੇ ਠਾਕੁਰ ਸਿੰਘ ਦਾ ਕਤਲ ਕੀਤਾ ਗਿਆ। ਜਗਦੀਸ਼ ਟਾਈਟਲਰ ਉੱਤੇ ਇਸੇ ਘਟਨਾ ਵਿੱਚ ਸ਼ਾਮਿਲ ਹੋਣ ਦਾ ਇਲਜ਼ਾਮ ਹੈ।

8 ਫਰਵਰੀ 2005 ਨੂੰ ਨਿਯੁਕਤ ਕੀਤੇ ਗਏ ਜੀਟੀ ਨਾਨਾਵਤੀ ਕਮਿਸ਼ਨ ਨੇ ਆਪਣੀ ਰਿਪੋਰਟ ਵਿੱਚ ਕਿਹਾ ਸੀ, ''ਜਗਦੀਸ਼ ਟਾਈਟਲਰ ਖ਼ਿਲਾਫ਼ ਪੁਖ਼ਤਾ ਸਬੂਤ ਉਪਲੱਬਧ ਹਨ, ਜੋ ਸਾਬਿਤ ਕਰਦੇ ਹਨ ਕਿ ਸਿੱਖਾਂ ਦੇ ਕਤਲੇਆਮ ਵਿੱਚ ਟਾਇਟਲਰ ਦਾ ਹੱਥ ਹੋਣ ਦੀ ਸੰਭਾਵਨਾ ਹੈ।''

8 ਅਗਸਤ 2005 ਨੂੰ ਸੰਸਦ ਵਿੱਚ ਪੇਸ਼ ਕੀਤੀ ਗਈ ਜਸਟਿਸ ਨਾਨਾਵਤੀ ਰਿਪੋਰਟ ਵਿੱਚ ਰਾਜੀਵ ਗਾਂਧੀ ਅਤੇ ਸਾਬਕਾ ਪ੍ਰਧਾਨ ਮੰਤਰੀ ਨਰਸਿਮ੍ਹਾ ਰਾਓ ਨੂੰ ਕਲਿੱਨ ਚਿੱਟ ਦਿੱਤੀ ਗਈ ਪਰ ਟਾਈਟਲਰ, ਸੱਜਣ ਕੁਮਾਰ ਅਤੇ ਐਚ ਕੇ ਐਲ ਭਗਤ ਦਾ ਕਤਲੇਆਮ ਵਿੱਚ ਸ਼ਾਮਲ ਹੋਣ ਵੱਲ ਸਾਫ਼ ਇਸ਼ਾਰਾ ਕੀਤਾ ਗਿਆ।

ਉਸ ਸਮੇਂ ਕਾਂਗਰਸ ਦੀ ਯੂਪੀਏ ਸਰਕਾਰ ਸੀ, ਜਿਸ ਨੇ ਆਪਣੀ ਐਕਸ਼ਨ ਟੇਕਨ ਰਿਪੋਰਟ ਵਿੱਚ ਕਿਹਾ ਕਿ ਉਨ੍ਹਾਂ ਖ਼ਿਲਾਫ਼ ਕੇਸ ਚਲਾਉਣ ਲਈ ਸਬੂਤ ਮੌਜੂਦ ਹਨ।

ਇਹ ਵੀ ਪੜ੍ਹੋ:

ਟਾਇਟਲਰ ਖ਼ਿਲਾਫ਼ ਸੀਬੀਆਈ ਨੇ ਨਵੰਬਰ 2005 ਵਿੱਚ ਕੇਸ ਦਰਜ ਕੀਤਾ ਪਰ 28 ਅਕਤੂਬਰ 2007 ਨੂੰ ਦਿੱਲੀ ਕੋਰਟ ਵਿੱਚ ਟਾਈਟਲਰ ਨੂੰ ਕਲੀਨ ਚਿੱਟ ਦੇਣ ਵਾਲੀ ਕਲੋਜ਼ਰ ਰਿਪੋਰਟ ਦਾਇਰ ਕਰ ਦਿੱਤੀ ਗਈ।

ਦਸੰਬਰ 2008 ਵਿੱਚ ਸੀਬੀਆਈ ਨੇ ਅਮਰੀਕਾ ਜਾ ਕੇ ਜਗਦੀਸ਼ ਟਾਈਟਲਰ ਖ਼ਿਲਾਫ਼ ਗਵਾਹ ਜਸਵੀਰ ਸਿੰਘ ਦੇ ਬਿਆਨ ਦਰਜ ਕੀਤੇ। ਅਪ੍ਰੈਲ 2009 ਨੂੰ ਸੀਬੀਆਈ ਨੇ ਟਾਈਟਲਰ ਖ਼ਿਲਾਫ਼ ਮੁੜ ਕੇਸ ਖੋਲ੍ਹ ਦਿੱਤਾ।

2009 'ਚ ਇੰਡੀਅਨ ਐਕਸਪ੍ਰੈੱਸ ਦੀ ਰੀਤੂ ਸਰੀਨ ਦੀ ਰਿਪੋਰਟ 'ਚ ਲਿਖਿਆ ਗਿਆ ਕਿ ਟਾਈਟਲਰ ਦੇ ਮਾਮਲੇ ਵਿੱਚ ਸੀਬੀਆਈ ਦੇ ਜੁਆਇੰਟ ਡਾਇਰੈਕਟਰ ਅਤੇ ਡੀਆਈਜੀ ਦੀ ਰਿਪੋਰਟ ਨੂੰ ਅਣਦੇਖਿਆ ਕੀਤਾ ਗਿਆ ਹੈ।

ਰਿਪੋਰਟ ਵਿੱਚ ਲਿਖਿਆ ਸੀ,''ਲਿਖਤ ਵਿੱਚ ਸਪੱਸ਼ਟ ਤੌਰ 'ਤੇ ਦੱਸਿਆ ਗਿਆ ਕਿ ਬੜਾ ਹਿੰਦੂ ਰਾਓ ਇਲਾਕੇ ਵਿੱਚ ਸਿੱਖ ਕਤਲੇਆਮ ਦੌਰਾਨ ਦੰਗੇ ਅਤੇ ਜਾਇਦਾਦ ਦਾ ਨੁਕਸਾਨ ਪਹੁੰਚਾਉਣ ਦਾ ਜਗਦੀਸ਼ ਟਾਈਟਲਰ ਖ਼ਿਲਾਫ਼ ਸਖ਼ਤ ਕੇਸ ਬਣਦਾ ਹੈ ਪਰ ਇਸਦੇ ਬਾਵਜੂਦ ਏਜੰਸੀ ਦੇ ਡਾਇਰੈਕਟਰ ਅਸ਼ਵਨੀ ਕੁਮਾਰ ਨੇ ਟਾਈਟਲਰ ਦੀ ਕਲੀਨ ਚਿੱਟ 'ਤੇ ਦਸਤਖ਼ਤ ਕੀਤੇ।''

ਉਨ੍ਹਾਂ ਨੂੰ ਅਜੇ ਤੱਕ ਅਦਾਲਤੀ ਕਾਰਵਾਈ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਐਚ ਕੇ ਐਲ ਭਗਤ

ਹਰੀ ਕ੍ਰਿਸ਼ਨ ਲਾਲ ਭਗਤ ਕਾਂਗਰਸ ਦੇ ਮਰਹੂਮ ਆਗੂ ਸਨ, ਜੋ ਦਿੱਲੀ ਮਿਊਂਸੀਪਲ ਕਾਰਪੋਰੇਸ਼ਨ ਦੇ ਮੇਅਰ ਅਤੇ ਦਿੱਲੀ ਪ੍ਰਦੇਸ਼ ਕਾਂਗਰਸ ਕਮੇਟੀ ਦੇ ਚੀਫ਼ ਵਿਪ ਵੀ ਰਹੇ।

1984 ਦੇ ਸਿੱਖ ਕਤਲੇਆਮ ਦੌਰਾਨ ਉਹ ਫਰਵਰੀ 1983 ਤੋਂ 1984 ਤੱਕ ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰੀ ਸਨ।

ਉਹ ਦੂਜੀ ਵਾਰ ਫਰਵਰੀ 1988 ਤੋਂ 1989 ਤੱਕ ਕੇਂਦਰੀ ਸੰਸਦੀ ਮਾਮਲਿਆਂ ਦੇ ਮੰਤਰੀ ਰਹੇ। ਗਾਂਧੀ ਪਰਿਵਾਰ ਦੇ ਨਜ਼ਦੀਕੀਆਂ ਵਿੱਚੋਂ ਇੱਕ ਐਚ ਕੇ ਐਲ ਭਗਤ ਉੱਤੇ '84 ਸਿੱਖ ਕਤਲੇਆਮ ਵਿੱਚ ਸ਼ਾਮਲ ਹੋਣ ਦੇ ਇਲਜ਼ਾਮ ਲੱਗੇ।

ਇੰਡੀਆ ਟੂਡੇ ਦੀ ਰਿਪੋਰਟ ਮੁਤਾਬਕ 1984 ਕਤਲੇਆਮ ਬਾਰੇ ਬਣੀਆਂ ਜਾਂਚ ਕਮੇਟੀਆਂ ਵਿੱਚ ਐਚ ਕੇ ਐਲ ਭਗਤ ਦਾ ਨਾਮ ਆਉਂਦਾ ਰਿਹਾ। ਘਟਨਾ ਦੇ ਪਹਿਲੇ 15 ਦਿਨਾਂ ਵਿੱਚ ਹੀ ਉਨ੍ਹਾਂ ਉੱਤੇ ਕਤਲੇਆਮ ਦੇ ਇਲਜ਼ਾਮ ਲੱਗੇ ਪਰ ਪੁਲਿਸ ਨੇ ਉਨ੍ਹਾਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ।

ਉਹ ਆਪਣੇ 'ਤੇ ਲ਼ੱਗੇ ਇਲਜ਼ਾਮਾਂ ਨੂੰ ਰੱਦ ਕਰਦੇ ਰਹੇ ਪਰ 15 ਜਨਵਰੀ 1996 ਨੂੰ ਸੈਸ਼ਨ ਜੱਜ ਐਸ ਐਨ ਢੀਂਗਰਾ ਨੇ ਸਤਨਾਮੀ ਬਾਈ ਮਾਮਲੇ ਵਿੱਚ ਐਚ ਕੇ ਐਲ ਭਗਤ ਖਿਲਾਫ਼ ਗ਼ੈਰ ਜ਼ਮਾਨਤੀ ਵਾਰੰਟ ਜਾਰੀ ਕੀਤੇ। ਭਗਤ ਉੱਤੇ ਇਸ ਕੇਸ ਵਿੱਚ ਸਤਨਾਮੀ ਦੇ ਪਤੀ ਨੂੰ ਭੀੜ ਤੋਂ ਮਰਵਾਉਣ ਦੇ ਇਲਜ਼ਾਮ ਸਨ।

ਜਸਟਿਸ ਢੀਂਗਰਾ ਦੇ ਹੁਕਮਾਂ ਉੱਤੇ ਦਿੱਲੀ ਹਾਈਕੋਰਟ ਨੇ ਰੋਕ ਲਾਈ ਸੀ। 24 ਜਨਵਰੀ 1996 ਨੂੰ ਭਗਤ ਦੀ ਗ੍ਰਿਫ਼ਤਾਰੀ ਹੋਈ ਸੀ ਅਤੇ ਉਹ 8 ਫਰਵਰੀ ਤੱਕ ਜੇਲ੍ਹ ਵਿੱਚ ਰਹੇ।

ਭਗਤ ਦੀ ਗ੍ਰਿਫ਼ਤਾਰੀ ਉੱਤੇ ਮਰਹੂਮ ਲੇਖਕ ਖੁਸ਼ਵੰਤ ਸਿੰਘ ਦਾ ਬਿਆਨ ਮੀਡੀਆ ਵਿੱਚ ਛਪਿਆ ਸੀ ਜਿਸ ਵਿੱਚ ਉਨ੍ਹਾਂ ਕਿਹਾ ਸੀ, ''ਮੈਨੂੰ ਖੁਸ਼ੀ ਹੈ ਕਿ ਭਗਤ ਨੂੰ ਜੇਲ੍ਹ ਦੀਆਂ ਸਲਾਖਾ ਪਿੱਛੇ ਡੱਕਿਆ ਗਿਆ ਹੈ। ਕਾਂਗਰਸ ਪਾਰਟੀ ਉਨ੍ਹਾਂ ਨੂੰ ਸੰਗਠਨ ਤੋਂ ਬਾਹਰ ਕਰੇ, ਇਸੇ ਤਰ੍ਹਾਂ ਦਾਗੀ ਸੱਜਣ ਕੁਮਾਰ ਤੇ ਟਾਈਟਲਰ ਨੂੰ ਵੀ ਕੱਢਿਆ ਜਾਣਾ ਚਾਹੀਦਾ ਹੈ।''

ਭਗਤ ਨੂੰ ਨਾਨਵਤੀ ਕਮਿਸ਼ਨ ਨੇ ਵੀ ਮੁਲਜ਼ਮ ਮੰਨਿਆ ਸੀ। ਆਪਣੇ ਕੇਸਾਂ ਦੀਆਂ ਕਾਰਵਾਈਆਂ ਦੌਰਾਨ ਹੀ ਐਚ ਕੇ ਐਲ ਭਗਤ ਦੀ 29 ਅਕਤੂਬਰ 2005 ਨੂੰ ਮੌਤ ਹੋ ਗਈ।

ਕਮਲਨਾਥ

ਕਮਲਨਾਥ ਨੂੰ ਕਾਂਗਰਸ ਮੱਧ ਪ੍ਰਦੇਸ਼ ਦਾ ਮੁੱਖ ਮੰਤਰੀ ਬਣਾਉਣ ਜਾ ਰਹੀ ਹੈ। ਦਿੱਲੀ 'ਚ ਸਾਲ 1984 ਦੇ ਸਿੱਖ ਕਤਲੇਆਮ 'ਚ ਇੱਕ ਕਾਤਲਾਨਾ ਭੀੜ ਨੂੰ ਭੜਕਾਉਣ ਦੇ ਇਲਜ਼ਾਮਾਂ ਬਾਰੇ ਮੁੜ ਸਿਆਸਤ ਭਖਣ ਕਰਕੇ ਜੂਨ 2016 'ਚ ਕਮਲ ਨਾਥ ਨੇ ਪੰਜਾਬ ਕਾਂਗਰਸ ਦੇ ਇੰਚਾਰਜ ਵਜੋਂ ਅਸਤੀਫਾ ਦੇ ਦਿੱਤਾ ਸੀ।

ਭਾਵੇਂ ਇਲਜ਼ਾਮਾਂ ਨੂੰ ਕਦੇ ਅਦਾਲਤ 'ਚ ਸਾਬਤ ਨਹੀਂ ਕੀਤਾ ਜਾ ਸਕਿਆ, ਫਿਰ ਵੀ ਕਮਲ ਨਾਥ ਦੇ ਸਿਆਸੀ ਜੀਵਨ 'ਤੇ ਪ੍ਰਭਾਵ ਜ਼ਰੂਰ ਰਿਹਾ ਹੈ।

ਕਮਲ ਨਾਥ ਨੇ 2016 'ਚ ਪੰਜਾਬ ਦੇ ਅਹੁਦੇ ਤੋਂ ਹਟਣ ਤੋਂ ਬਾਅਦ ਇੱਕ ਟੀਵੀ ਚੈਨਲ ਨੂੰ ਇੰਟਰਵਿਊ 'ਚ ਕਿਹਾ ਸੀ, "ਇਸ ਮਾਮਲੇ 'ਚ ਇੱਕ ਵਿਸ਼ੇਸ਼ ਜਾਂਚ ਟੀਮ, ਮਿਸ਼ਰਾ ਕਮਿਸ਼ਨ ਅਤੇ ਨਾਨਾਵਟੀ ਕਮਿਸ਼ਨ ਪੜਤਾਲ ਕਰ ਚੁੱਕੇ ਹਨ। ਮੈਂ ਹੁਣ ਵੀ ਜਾਂਚ ਲਈ ਤਿਆਰ ਹਾਂ, ਭਾਵੇਂ ਸੀਬੀਆਈ ਕਰ ਲਵੇ।"

1 ਨਵੰਬਰ, 1984 ਨੂੰ ਗੁਰਦੁਆਰਾ ਰਕਾਬਗੰਜ ਦੇ ਬਾਹਰ ਮੌਜੂਦ ਹੋਣ ਬਾਰੇ ਕਮਲ ਨਾਥ ਨੇ ਉਦੋਂ ਵੀ ਸਫਾਈ ਦਿੱਤੀ ਕਿ ਉਹ ਤਾਂ ਭੀੜ ਨੂੰ ਹਮਲਾ ਕਰਨ ਤੋਂ ਰੋਕਣ ਗਏ ਸਨ। ਹਮਲੇ 'ਚ ਦੋ ਸਿੱਖਾਂ ਦੀ ਮੌਤ ਹੋਈ ਸੀ।

ਨਾਨਾਵਟੀ ਕਮਿਸ਼ਨ ਭਾਜਪਾ ਦੀ ਅਗਵਾਈ ਵਾਲੀ ਐੱਨਡੀਏ ਸਰਕਾਰ ਨੇ ਸਾਲ 2000 'ਚ ਬਣਾਇਆ ਸੀ। ਇਸ ਨੇ ਕਮਲ ਨਾਥ ਦੀ ਕਥਿਤ ਭੂਮਿਕਾ ਨੂੰ ਨਹੀਂ ਮੰਨਿਆ ਸੀ। ਕਮਿਸ਼ਨ ਨੇ ਆਖਿਆ ਸੀ ਕਿ ਪੱਤਰਕਾਰ "ਸੰਜੇ ਸੂਰੀ ਦੇ ਬਿਆਨ ਮੁਤਾਬਕ ਕਮਲ ਨਾਥ ਨੇ ਭੀੜ ਨੂੰ ਰੋਕਿਆ ਸੀ" ਅਤੇ ਕਮਿਸ਼ਨ ਮੁਤਾਬਕ ਸਾਬਤ ਨਹੀਂ ਹੁੰਦਾ ਕਿ ਕਮਲ ਨਾਥ ਨੇ ਭੀੜ ਨੂੰ ਉਕਸਾਇਆ ਵੀ ਸੀ।

ਪੱਤਰਕਾਰ ਸੰਜੇ ਸੂਰੀ, ਜਿਨ੍ਹਾਂ ਨੇ ਚਸ਼ਮਦੀਦ ਵਜੋਂ ਇੱਕ ਕਿਤਾਬ ਵੀ ਲਿਖੀ ਹੈ, ਨੇ 2015 'ਚ ਦਿੱਤੇ ਇੱਕ ਇੰਟਰਵਿਊ ਵਿੱਚ ਮੁੜ ਸਵਾਲ ਚੁੱਕਿਆ ਸੀ ਕਿ ਕਮਲ ਨਾਥ ਦੇ ਕਹਿਣ ਉੱਪਰ ਭੀੜ ਦੇ ਰੁਕਣ ਤੋਂ ਇਹ ਸਵਾਲ ਉੱਠਦਾ ਹੈ ਕਿ ਕਮਲ ਨਾਥ ਤੇ ਭੀੜ ਦਾ ਕੀ ਰਿਸ਼ਤਾ ਸੀ ਅਤੇ ਕਮਲ ਨਾਥ ਦਾ ਭੀੜ ਉੱਪਰ "ਕੰਟਰੋਲ" ਸੀ।

ਆਪ ਵਿਧਾਇਕ ਅਤੇ ਸੀਨੀਅਰ ਵਕੀਲ ਐਚ ਐਸ ਫੂਲਕਾ ਨੇ ਵੀ ਸਾਲ 2006 ਵਿੱਚ ਇੱਕ ਗਵਾਹ ਅਦਾਲਤ ਸਾਹਮਣੇ ਪੇਸ਼ ਕੀਤਾ, ਜਿਸਦਾ ਨਾਮ ਮੁਖਤਿਆਰ ਸਿੰਘ ਦੱਸਿਆ ਜਾਂਦਾ ਹੈ।

ਇਸ ਗਵਾਹ ਦੇ ਬਿਆਨ ਦੇ ਆਧਾਰ 'ਤੇ ਕਮਲਨਾਥ ਦਾ ਨਾਮ ਸਿੱਖ ਵਿਰੋਧੀ ਕਤਲੇਆਮ ਨਾਲ ਜੁੜੇ ਮਾਮਲੇ ਵਿੱਚ ਸ਼ਾਮਲ ਕੀਤਾ ਗਿਆ ਸੀ।

ਇਹ ਵੀ ਪੜ੍ਹੋ:

ਧਰਮਦਾਸ ਸ਼ਾਸਤਰੀ

ਟਾਈਮਜ਼ ਆਫ਼ ਇੰਡੀਆ ਦੀ ਖ਼ਬਰ ਮੁਤਾਬਕ ਦਿੱਲੀ ਦੇ ਕਰੋਲ ਬਾਗ ਹਲਕੇ ਤੋਂ ਤਤਕਾਲੀ ਸੰਸਦ ਮੈਂਬਰ ਤੇ ਮਰਹੂਮ ਕਾਂਗਰਸ ਆਗੂ ਧਰਮਦਾਸ ਸ਼ਾਸਤਰੀ ਉੱਤੇ ਵੀ ਸਿੱਖ ਵਿਰੋਧੀ ਕਤਲੇਆਮ ਵਿੱਚ ਲੋਕਾਂ ਨੂੰ ਭੜਕਾਉਣ ਦੇ ਦੋਸ਼ ਲੱਗੇ ਸਨ।

ਉਹ ਵੀ ਸਿੱਖ ਕਤਲੇਆਮ ਦੀ ਜਾਂਚ ਕਰ ਰਹੇ ਜੀਟੀ ਨਾਨਾਵਤੀ ਕਮਿਸ਼ਨ ਅੱਗੇ ਪੇਸ਼ ਹੋਏ ਸਨ। ਉਨ੍ਹਾਂ ਨੇ ਕਮਿਸ਼ਨ ਨੂੰ ਬੇਨਤੀ ਕੀਤੀ ਸੀ ਕਿ ਗਵਾਹਾਂ ਤੋਂ ਮੁੜ ਪੁੱਛਗਿੱਛ ਕੀਤੀ ਜਾਵੇ।

ਸੀਨੀਅਰ ਪੱਤਰਕਾਰ ਸੰਜੇ ਸੂਰੀ ਨੇ ਆਪਣੀ ਕਿਤਾਬ '1984 - ਸਿੱਖ ਵਿਰੋਧੀ ਦੰਗੇ ਅਤੇ ਉਨ੍ਹਾਂ ਤੋਂ ਬਾਅਦ' ਵਿੱਚ ਧਰਮਦਾਸ ਸ਼ਾਸਤਰੀ ਦਾ ਜਿਕਰ ਕੀਤਾ ਹੈ।

ਇੱਕ ਨਿੱਜੀ ਟੀਵੀ ਚੈਨਲ ਨੂੰ ਦਿੱਤੀ ਇੰਟਰਵਿਊ ਵਿਚ ਵੀ ਸੰਜੇ ਸੂਰੀ ਨੇ ਕਿਹਾ ਸੀ ਕਿ 1984 ਦੇ ਸਿੱਖ ਕਤਲੇਆਮ ਦੌਰਾਨ ਉਨ੍ਹਾਂ ਨੂੰ ਕਰੋਲ ਬਾਗ ਇਲਾਕੇ ਵਿਚ ਹਿੰਸਾ ਹੋਣ ਦੀ ਖ਼ਬਰ ਮਿਲੀ, ਜਿਸ ਦੀ ਪੁਸ਼ਟੀ ਕਰਨ ਲਈ ਜਦੋਂ ਉਹ ਕਰੋਲ ਬਾਗ ਥਾਣੇ ਵਿਚ ਪਹੁੰਚੇ ਤਾਂ ਤਤਕਾਲੀ ਕਾਂਗਰਸ ਆਗੂ ਧਰਮ ਦਾਸ ਸਾਸ਼ਤਰੀ ਗ੍ਰਿਫ਼ਤਾਰ ਹਿੰਸਾਕਾਰੀਆਂ ਨੂੰ ਛੁਡਾਉਣ ਲਈ ਪੁਲਿਸ ਉੱਤੇ ਦਬਾਅ ਪਾ ਰਹੇ ਸਨ।

ਸੂਰੀ ਮੁਤਾਬਕ ਸਾਸ਼ਤਰੀ ਪੁਲਿਸ ਥਾਣੇਦਾਰ ਕਹਿ ਰਹੇ ਸਨ ਕਿ ਗ੍ਰਿਫ਼ਤਾਰ ਕੀਤੇ ਗਏ ਉਸ ਤੇ ਬੰਦੇ ਹਨ, ਜਿੰਨ੍ਹਾਂ ਨੂੰ ਤੁਰੰਤ ਛੱਡਿਆ ਜਾਵੇ।

ਸਿਆਸੀ ਪ੍ਰਤੀਕਰਮ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਨਰਿੰਦਰ ਸਿੰਘ ਨੇ ਟਵੀਟ ਕਰਦਿਆਂ ਸੱਜਣ ਕੁਮਾਰ ਖਿਲਾਫ ਹਾਈ ਕੋਰਟ ਦੇ ਫੈਸਲੇ ਦਾ ਸੁਆਗਤ ਕੀਤਾ। ਉਨ੍ਹਾਂ ਕਿਹਾ ਕਿ ਜਿਨ੍ਹਾਂ ਪੀੜ੍ਹਤਾਂ ਨੂੰ ਉਹ ਸ਼ਰਨਾਰਥੀ ਕੈਂਪ ਵਿੱਚ ਮਿਲੇ ਸਨ ਉਨ੍ਹਾਂ ਨੇ ਸੱਜਣ ਕਮਾਰ ਦਾ ਨਾਮ ਲਿਆ ਸੀ ਅਤੇ ਉਹ ਹਮੇਸ਼ਾਂ ਤੋਂ ਕਹਿੰਦੇ ਆ ਰਹੇ ਹਨ ਕਿ ਉਸ ਨੂੰ ਸਜ਼ਾ ਮਿਲਣੀ ਚਾਹੀਦੀ ਹੈ।

ਸ਼ੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਬਰਨਾਲਾ ਵਿੱਚ ਕਿਹਾ ਕਿ ਸਿੱਖਾਂ ਦੇ ਕਤਲੇਆਮ ਪਿੱਛੇ ਕਾਂਗਰਸ ਦਾ ਹੱਥ ਹੋਣ ਦੀ ਗੱਲ ਸਾਬਤ ਹੋਈ ਹੈ।

ਬੀਬੀਸੀ ਲਈ ਸੁਖਚਰਨਪ੍ਰੀਤ ਨੇ ਦੱਸਿਆ ਕਿ ਬਾਦਲ ਨੇ ਕਿਹਾ, "ਦਿੱਲੀ ਹਾਈ ਕੋਰਟ ਦੀ ਜੱਜਮੈਂਟ ਵਿੱਚ ਸੱਜਣ ਕੁਮਾਰ ਦੇ ਹੁਣ ਤੱਕ ਬਚੇ ਹੋਣ ਦਾ ਕਾਰਨ ਰਾਜਨੀਤਕ ਸਮਰਥਨ ਹੋਣ ਦਾ ਜਿਕਰ ਆਉਣਾ ਇਹ ਗੱਲ ਸਾਬਤ ਕਰਦਾ ਹੈ। ਜੇ ਰਿਜੀਵ ਗਾਂਧੀ ਜਿੳਂਦਾ ਹੁੰਦਾ ਤਾਂ ਮੇਰੇ ਮੁਤਾਬਿਕ ਸਿੱਖਾਂ ਦੇ ਕਤਲਾਂ ਦੀ ਸਾਜਿਸ਼ ਲਈ ਉਹ ਪਹਿਲਾ ਬੰਦਾ ਹੋਣਾ ਸੀ ਜਿਸਨੂੰ ਸਜ਼ਾ ਦਿੱਤੀ ਜਾਣੀ ਚਾਹੀਦੀ ਸੀ।"

ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣਗੇ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)