ਸੱਜਣ ਕੁਮਾਰ ਖ਼ਿਲਾਫ਼ ਜਗਦੀਸ਼ ਕੌਰ ਦੀ ਪਟੀਸ਼ਨ ’ਤੇ ਸੁਣਵਾਈ ਅੱਜ - 5 ਅਹਿਮ ਖਬਰਾਂ

ਕਾਂਗਰਸ ਦੇ ਆਗੂ ਸੱਜਣ ਕੁਮਾਰ ਖ਼ਿਲਾਫ਼ ਸਿੱਖ ਕਤਲੇਆਮ ਦੇ ਮਾਮਲੇ ਵਿਚ ਜਗਦੀਸ਼ ਕੌਰ ਦੀ ਪਟੀਸ਼ਨ ਉੱਤੇ ਅੱਜ ਸੁਣਵਾਈ ਹੋਣੀ ਹੈ। ਹਾਈ ਕੋਰਟ ਵਿੱਚ ਲਿਖਤੀ ਦਲੀਲਾਂ ਪੇਸ਼ ਕਰਨ ਦੀ ਅੱਜ ਆਖਰੀ ਤਰੀਕ ਹੈ।

ਦਿ ਟ੍ਰਿਬਿਊਨ ਮੁਤਾਬਕ ਮਹੀਪਾਲਪੁਰ 'ਚ ਸਿੱਖ ਕਤਲੇਆਮ ਦੇ ਦੋ ਦੋਸ਼ੀਆਂ 'ਚੋਂ ਇੱਕ ਨੂੰ ਫਾਂਸੀ ਅਤੇ ਦੂਜੇ ਨੂੰ ਉਮਰ ਕੈਦ ਦੀ ਸਜ਼ਾ ਸੁਣਾਏ ਜਾਣ ਤੋਂ ਬਾਅਦ ਹੁਣ ਸ਼ਿਕਾਇਤਕਰਤਾ ਜਗਦੀਸ਼ ਕੌਰ ਨੂੰ ਵੀ ਹਾਈ ਕੋਰਟ ਤੋਂ ਇਨਸਾਫ਼ ਦੀ ਆਸ ਬੱਝ ਗਈ ਹੈ।

ਸੀਬੀਆਈ ਵੱਲੋਂ ਦਾਖ਼ਲ ਅਪੀਲ 'ਤੇ ਹਾਈ ਕੋਰਟ 'ਚ ਅੱਜ ਲਿਖਤੀ ਤੌਰ 'ਤੇ ਦਲੀਲਾਂ ਪੇਸ਼ ਕਰਨ ਦੀ ਆਖਰੀ ਤਰੀਕ ਹੈ। ਇਸ ਤੋਂ ਬਾਅਦ ਸੱਜਣ ਕੁਮਾਰ ਖ਼ਿਲਾਫ਼ ਕਿਸੇ ਵੀ ਦਿਨ ਫ਼ੈਸਲਾ ਆ ਸਕਦਾ ਹੈ।

ਜ਼ਿਕਰਯੋਗ ਹੈ ਕਿ ਕੜਕੜਡੂਮਾ ਅਦਾਲਤ ਨੇ ਅਪ੍ਰੈਲ 2013 'ਚ ਸੱਜਣ ਕੁਮਾਰ ਨੂੰ ਬਰੀ ਕਰਦਿਆਂ ਤਿੰਨ ਵਿਅਕਤੀਆਂ ਨੂੰ ਸਜ਼ਾ ਸੁਣਾਈ ਸੀ।

ਇਹ ਵੀ ਪੜ੍ਹੋ:

ਜਗਦੀਸ਼ ਕੌਰ ਦੇ ਪਰਿਵਾਰ ਦੇ ਪੰਜ ਮੈਂਬਰ 34 ਸਾਲ ਪਹਿਲਾਂ ਕਤਲੇਆਮ 'ਚ ਮਾਰੇ ਗਏ ਸਨ। ਉਨ੍ਹਾਂ ਨੇ ਦੋਸ਼ ਲਾਇਆ ਸੀ ਕਿ ਸੱਜਣ ਕੁਮਾਰ ਨੇ ਭੀੜ ਨੂੰ ਭੜਕਾਇਆ ਸੀ, ਜਿਸ ਨੇ ਉਨ੍ਹਾਂ ਦੇ ਪਤੀ, ਵੱਡੇ ਪੁੱਤਰ ਤਿੰਨ ਚਚੇਰੇ ਭਰਾਵਾਂ ਨੂੰ ਮਾਰ ਮੁਕਾਇਆ ਸੀ।

ਅਪਰੇਸ਼ਨ ਬਲੂ ਸਟਾਰ 'ਇਤਿਹਾਸਕ ਭੁੱਲ': ਜੇਤਲੀ

ਖ਼ਬਰ ਏਜੰਸੀ ਪੀਟੀਆਈ ਅਨੁਸਾਰ 1984 ਸਿੱਖ ਵਿਰੋਧੀ ਦੰਗਿਆਂ ਨਾਲ ਸਬੰਧਤ ਇਕ ਕੇਸ 'ਚ ਦੋਸ਼ੀ ਨੂੰ ਮੌਤ ਦੀ ਸਜ਼ਾ ਸੁਣਾਏ ਜਾਣ ਤੋਂ ਇੱਕ ਦਿਨ ਬਾਅਦ ਵਿੱਤ ਮੰਤਰੀ ਅਰੁਣ ਜੇਤਲੀ ਨੇ ਕਿਹਾ ਕਿ ਵਿਸ਼ੇਸ਼ ਜਾਂਚ ਟੀਮ (ਸਿੱਟ) ਸਿੱਖ ਨਸਲਕੁਸ਼ੀ ਨਾਲ ਸਬੰਧਤ ਹੋਰਨਾਂ ਕੇਸਾਂ ਦੀ ਜ਼ੋਰਦਾਰ ਤਰੀਕੇ ਨਾਲ ਪੈਰਵੀ ਕਰ ਰਹੀ ਹੈ।

ਉਨ੍ਹਾਂ ਕਿਹਾ ਕਿ ਅਦਾਲਤ ਵੱਲੋਂ ਸੁਣਾਈਆਂ ਸਜ਼ਾਵਾਂ ਪੀੜਤ ਪਰਿਵਾਰਾਂ ਲਈ ਮਹਿਜ਼ ਧਰਵਾਸ ਮਾਤਰ ਹਨ।

ਅਪਰੇਸ਼ਨ ਬਲੂ ਸਟਾਰ ਨੂੰ 'ਇਤਿਹਾਸਕ ਭੁੱਲ' ਕਰਾਰ ਦਿੰਦਿਆਂ ਜੇਤਲੀ ਨੇ ਕਿਹਾ ਕਿ 1984 ਤੋਂ 1998, ਉਹ ਅਰਸਾ ਸੀ ਜਦੋਂ '84 ਕਤਲੇਆਮ ਨਾਲ ਸਬੰਧਤ ਸਾਰੇ ਕੇਸਾਂ ਨੂੰ ਦਫ਼ਨਾ ਦਿੱਤਾ ਗਿਆ।

ਜੇਤਲੀ ਨੇ ਆਪਣੇ ਬਲਾਗ 'ਚ ਕਿਹਾ ਕਿ ਅਟਲ ਬਿਹਾਰੀ ਵਾਜਪਾਈ ਦੀ ਅਗਵਾਈ ਵਾਲੀ ਪਲੇਠੀ ਐਨਡੀਏ ਸਰਕਾਰ ਨੇ ਜਸਟਿਸ ਜੀ.ਟੀ.ਨਾਨਾਵਤੀ ਕਮਿਸ਼ਨ ਦਾ ਗਠਨ ਕਰਦਿਆਂ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਦੀ ਸਿਫ਼ਾਰਿਸ਼ ਕੀਤੀ ਸੀ।

ਬਾਅਦ ਵਿੱਚ ਨਰਿੰਦਰ ਮੋਦੀ ਸਰਕਾਰ ਨੇ 2015 ਵਿੱਚ ਸਾਬਕਾ ਜਸਟਿਸ ਜੀ.ਪੀ.ਮਾਥੁਰ ਦੀ ਅਗਵਾਈ 'ਚ ਸਿੱਟ ਗਠਿਤ ਕੀਤੀ, ਜਿਸ ਨੇ ਅਜਿਹੇ ਕਈ ਕੇਸਾਂ ਦਾ ਪਤਾ ਲਾਇਆ, ਜਿੱਥੇ ਮੁਲਜ਼ਮ ਦੇ ਪ੍ਰਤੱਖ ਤੌਰ 'ਤੇ ਦੋਸ਼ੀ ਹੋਣ ਦੇ ਬਾਵਜੂਦ ਉਸ ਖ਼ਿਲਾਫ਼ ਚਾਰਜਸ਼ੀਟ ਵੀ ਦਾਖ਼ਲ ਨਹੀਂ ਕੀਤੀ ਗਈ।

ਹਰਸਿਮਰਤ ਦੇ 'ਵਧਾਈ ਬੋਰਡਾਂ' ਤੋਂ ਦੋਵੇਂ ਬਾਦਲ ਗ਼ਾਇਬ

ਪੰਜਾਬੀ ਟ੍ਰਿਬਿਊਨ ਮੁਤਾਬਕ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੇ ਗੁਰਪੁਰਬ ਅਤੇ ਨਵੇਂ ਸਾਲ ਵਾਲੇ 'ਵਧਾਈ ਬੋਰਡਾਂ' 'ਚੋਂ ਦੋਵੇਂ ਬਾਦਲ ਗਾਇਬ ਹਨ। ਬਾਦਲਾਂ ਦੀ ਤਸਵੀਰ 'ਵਧਾਈ ਬੋਰਡਾਂ' 'ਤੇ ਨਾ ਹੋਣ ਤੋਂ ਨਵੇਂ ਸਿਆਸੀ ਚਰਚੇ ਛਿੜੇ ਹੋਏ ਹਨ।

ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਦੀ ਤਸਵੀਰ ਹਰਸਿਮਰਤ ਬਾਦਲ ਵੱਲੋਂ ਲਗਾਏ ਬੋਰਡਾਂ ਉੱਤੇ ਨਹੀਂ ਹੈ।

ਬਠਿੰਡਾ ਲੋਕ ਸਭਾ ਹਲਕੇ ਦੇ ਸਾਰੇ ਸ਼ਹਿਰਾਂ 'ਚ 'ਵਧਾਈ ਬੋਰਡ' ਬੀਤੀ ਰਾਤ ਤੋਂ ਲੱਗੇ ਹਨ, ਜਿਨ੍ਹਾਂ 'ਤੇ ਬਤੌਰ ਕੈਬਨਿਟ ਮੰਤਰੀ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਸਭ ਨੂੰ ਗੁਰਪੁਰਬ ਅਤੇ ਨਵੇਂ ਸਾਲ ਦੀ ਵਧਾਈ ਦਿੱਤੀ ਹੈ। ਬੋਰਡ 'ਤੇ ਨੰਨ੍ਹੀ ਛਾਂ ਪ੍ਰਾਜੈਕਟ ਦਾ ਲੋਗੋ ਵੀ ਛਾਪਿਆ ਗਿਆ ਹੈ।

ਸਾਬਕਾ ਮੁੱਖ ਸੰਸਦੀ ਸਕੱਤਰ ਸਰੂਪ ਚੰਦ ਸਿੰਗਲਾ ਦਾ ਕਹਿਣਾ ਹੈ ਕਿ ਕੇਂਦਰੀ ਮੰਤਰੀ ਬਾਦਲ ਤਰਫ਼ੋਂ ਜਦੋਂ ਵੀ ਏਦਾਂ ਦੇ 'ਵਧਾਈ ਬੋਰਡ' ਲਾਏ ਗਏ ਹਨ, ਉਨ੍ਹਾਂ 'ਤੇ ਹਮੇਸ਼ਾ ਹੀ ਇਕੱਲੀ ਬੀਬਾ ਬਾਦਲ ਦੀ ਫ਼ੋਟੋ ਲੱਗਦੀ ਰਹੀ ਹੈ।

ਜ਼ਿਲ੍ਹਾ ਕਾਂਗਰਸ ਮਾਨਸਾ ਦੇ ਪ੍ਰਧਾਨ ਬਿਕਰਮ ਸਿੰਘ ਮੋਫਰ ਦਾ ਪ੍ਰਤੀਕਰਮ ਸੀ ਕਿ ਹਰਸਿਮਰਤ ਬਾਦਲ ਦੇ 'ਵਧਾਈ ਬੋਰਡਾਂ' ਤੋਂ ਬਾਦਲਾਂ ਦੀ ਤਸਵੀਰ ਗ਼ਾਇਬ ਹੋਣਾ ਸਹਿਜ ਨਹੀਂ ਹੈ ਅਤੇ ਇਸ ਪਿੱਛੇ ਜ਼ਰੂਰ ਕੋਈ ਵੱਡਾ ਸਿਆਸੀ ਕਾਰਨ ਹੋਵੇਗਾ।

'ਭਾਰਤੀ ਵਿਦਿਆਰਥੀ ਸਭ ਤੋਂ ਵੱਧ ਟਿਊਸ਼ਨ ਲੈਂਦੇ ਹਨ'

ਟਾਈਮਜ਼ ਆਫ਼ ਇੰਡੀਆ ਮੁਤਾਬਕ ਭਾਰਤ ਵਿੱਚ ਸਕੂਲੀ ਵਿਦਿਆਰਥੀ ਸਭ ਤੋਂ ਵੱਧ ਟਿਊਸ਼ਨ ਲੈਂਦੇ ਹਨ ਜਿਸ ਵਿੱਚ 74 % ਗਣਿਤ ਲਈ ਵਾਧੂ ਕਲਾਸਾਂ ਲਾਉਂਦੇ ਹਨ।

ਇੰਟਰਨੈਸ਼ਨਲ ਗਲੋਬਲ ਐਜੁਕੇਸ਼ਨ ਸੈਨਸਸ ਰਿਪੋਰਟ ਵਿੱਚ ਇਹ ਦਾਅਵਾ ਕੀਤਾ ਗਿਆ ਹੈ 72 ਫੀਸਦੀ ਸਕੂਲੀ-ਵਿਦਿਆਰਥੀ ਐਕਸਟਰਾ-ਕਰੀਕੂਲਰ ਕਾਰਵਾਈਆਂ ਵਿੱਚ ਹਿੱਸਾ ਲੈਂਦੇ ਹਨ ਪਰ ਖੇਡਾਂ ਵਿੱਚ ਉਨ੍ਹਾਂ ਦੀ ਸ਼ਮੂਲੀਅਤ ਘੱਟ ਹੈ।

ਇਹ ਸਰਵੇਖਣ ਭਾਰਤ, ਪਾਕਿਸਤਾਨ, ਅਮਰੀਕਾ, ਮਲੇਸ਼ੀਆ, ਦੱਖਮੀ ਅਫਰੀਕਾ ਸਣੇ 10 ਦੇਸਾਂ ਵਿੱਚ ਕੀਤਾ ਗਿਆ ਸੀ। ਰਿਪੋਰਟ ਮੁਤਾਬਕ ਭਾਰਤ ਵਿੱਚ ਮਾਪੇ ਸਿੱਖਿਆ ਉੱਤੇ ਵਧੇਰੇ ਜ਼ੋਰ ਦਿੰਦੇ ਹਨ।

ਅਮਰੀਕਾ ਨੇ ਪਾਕਿਸਾਨ ਦੀ 1.66 ਬਿਲੀਅਨ ਡਾਲਰ ਮਦਦ ਰੋਕੀ

ਦਿ ਇੰਡੀਅਨ ਐਕਸਪ੍ਰੈਸ ਮੁਤਾਬਕ ਅਮਰੀਕਾ ਨੇ ਪਾਕਿਸਤਾਨ ਨੂੰ ਸੁਰੱਖਿਆ ਲਈ ਦਿੱਤੀ ਜਾਣ ਵਾਲੀ 1.66 ਬਿਲੀਅਨ ਡਾਲਰ ਦੀ ਮਦਦ ਰੱਦ ਕਰ ਦਿੱਤੀ ਹੈ। ਪੈਂਟਾਗਨ ਦਾ ਕਹਿਣਾ ਹੈ ਕਿ ਰਾਸ਼ਟਰਪਤੀ ਡੋਨਲਡ ਟਰੰਪ ਦੇ ਨਿਰਦੇਸ਼ ਉੱਤੇ ਇਹ ਫੈਸਲਾ ਲਿਆ ਗਿਆ ਹੈ।

ਰੱਖਿਆ ਮਹਿਕਮੇ ਦੇ ਬੁਲਾਰੇ ਕਰਨਲ ਰੌਬ ਮੈਨਿੰਗ ਨੇ ਪੱਤਰਕਾਰਾਂ ਨੂੰ ਇੱਕ ਸਵਾਲ ਦੇ ਜਵਾਬ ਵਿੱਚ ਈ-ਮੇਲ ਰਾਹੀਂ ਕਿਹਾ, "ਪਾਕਿਸਤਾਨ ਨੂੰ ਦਿੱਤੀ ਜਾਣ ਵਾਲੀ 1.66 ਬਿਲੀਅਨ ਡਾਲਰ ਦੀ ਸੁਰੱਖਿਆ ਮਦਦ ਰੱਦ ਕਰ ਦਿੱਤੀ ਗਈ ਹੈ।"

ਪੈਂਟਾਗਨ ਦਾ ਇਹ ਬਿਆਨ ਰਾਸ਼ਟਰਪਤੀ ਡੌਨਲਡ ਟਰੰਪ ਦੇ ਪਾਕਿਸਤਾਨ ਉੱਤੇ ਇਲਜ਼ਾਮ ਤੋਂ ਬਾਅਦ ਸਾਹਮਣੇ ਆਇਆ ਹੈ। ਟਰੰਪ ਨੇ ਇਲਜ਼ਾਮ ਲਾਇਆ ਸੀ ਕਿ ਪਾਕਿਸਤਾਨ ਸਰਕਾਰ ਨੇ ਅਲਕਾਇਦਾ ਮੁਖੀ ਓਸਾਮਾ ਬਿਨ ਲਾਦੇਨ ਦੀ ਲੁਕਣ ਵਿੱਚ ਮਦਦ ਕੀਤੀ ਸੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)