ਭਾਰਤ ਸ਼ਾਸਤ ਜੰਮੂ-ਕਸ਼ਮੀਰ: ਮਹਿਬੂਬਾ ਮੁਫਤੀ ਦੀ ਸਰਕਾਰ ਬਣਾਉਣ ਦੀ ਕੋਸ਼ਿਸ਼ ਦੇ ਵਿਚਕਾਰ ਰਾਜਪਾਲ ਨੇ ਵਿਧਾਨ ਸਭਾ ਕੀਤੀ ਭੰਗ

ਭਾਰਤ ਸ਼ਾਸਤ ਜੰਮੂ ਕਸ਼ਮੀਰ ਦੇ ਰਾਜਪਾਲ ਸਤਿਆ ਪਾਲ ਮਲਿਕ ਨੇ ਸੂਬੇ ਦੀ ਵਿਧਾਨ ਸਭਾ ਨੂੰ ਭੰਗ ਕਰ ਦਿੱਤਾ ਹੈ।

ਰਾਜਪਾਲ ਵੱਲੋਂ ਇਹ ਕਾਰਵਾਈ ਸੂਬੇ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫਤੀ ਵੱਲੋਂ ਬੁੱਧਵਾਰ ਨੂੰ ਸਰਕਾਰ ਬਣਾਉਣ ਦਾ ਦਾਅਵਾ ਕਰਨ ਮਗਰੋਂ ਕੀਤੀ ਗਈ।

ਮਹਿਬੂਬਾ ਮੁਫਤੀ ਪੀਡੀਪੀ-ਐਨਸੀ-ਕਾਂਗਰਸ ਦੇ ਗਠਜੋੜ ਦੀ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕਰ ਰਹੇ ਸਨ।

ਰਾਜਪਾਲ ਨੇ ਆਦੇਸ਼ ਜਾਰੀ ਕਰਦਿਆਂ ਕਿਹਾ, "ਮੈਂ ਕਾਨੂੰਨ ਦੇ ਤਹਿਤ ਮਿਲੇ ਅਧਿਕਾਰਾਂ ਦਾ ਇਸਤੇਮਾਲ ਕਰਦਿਆਂ ਹੋਏ ਵਿਧਾਨ ਸਭਾ ਨੂੰ ਭੰਗ ਕਰਦਾ ਹਾਂ।"

ਇਸ ਸਾਲ ਜੂਨ ਵਿੱਚ ਪੀਡੀਪੀ ਅਤੇ ਭਾਜਪਾ ਦੀ ਗਠਜੋੜ ਦੀ ਸਰਕਾਰ ਡਿੱਗ ਗਈ ਸੀ, ਪਰ ਅਸੈਂਬਲੀ ਨੂੰ ਭੰਗ ਨਹੀਂ ਕੀਤਾ ਗਿਆ ਸੀ।

ਇਹ ਵੀ ਪੜ੍ਹੋ:-

ਸਰਕਾਰ ਬਣਾਉਣ ਦੀ ਕੋਸ਼ਿਸ਼

ਮਹਿਬੂਬਾ ਮੁਫਤੀ ਨੇ ਟਵੀਟ ਵਿੱਚ ਕਿਹਾ ਕਿ ਉਹ ਰਾਜਪਾਲ ਨੂੰ ਸਰਕਾਰ ਬਣਾਉਣ ਦਾ ਦਾਅਵਾ ਕਰਨ ਲਈ ਚਿੱਠੀ ਭੇਜਣ ਦੀ ਕੋਸ਼ਿਸ਼ ਕਰ ਰਹੇ ਹਨ, ਪਰ ਅਜੀਬ ਗੱਲ ਹੈ ਕਿ ਫੈਕਸ ਨਹੀਂ ਪਹੁੰਚ ਰਹੀ। ਉਨ੍ਹਾਂ ਕਿਹਾ ਕਿ ਰਾਜਪਾਲ ਨਾਲ ਫੋਨ 'ਤੇ ਗੱਲ ਕਰਨ ਦੀ ਕੋਸ਼ਿਸ਼ ਨਾਕਾਮਯਾਬ ਰਹੀ।

ਚਿੱਠੀ ਵਿੱਚ ਮਹਿਬੂਬਾ ਮੁਫਤੀ ਨੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਕੋਲ ਕਾਂਗਰਸ ਅਤੇ ਨੈਸ਼ਨਲ ਕਾਨਫਰੰਸ ਦੇ ਵਿਧਾਨ ਸਭਾ ਮੈਂਬਰਾਂ ਦੀ ਹਮਾਇਤ ਹੈ।

ਉਨ੍ਹਾਂ ਲਿਖਿਆ ਸੀ ਕਿ ਪੀਡੀਪੀ ਕੋਲ 29, ਨੈਸ਼ਨਲ ਕਾਨਫਰੰਸ ਕੋਲ 15 ਅਤੇ ਕਾਂਗਰਸ ਕੋਲ 12 ਵਿਧਾਇਕ ਹਨ।

ਓਮਰ ਅਬਦੁਲਾਹਰ ਨੇ ਟਵੀਟ ਵਿੱਚ ਕਿਹਾ, "ਐਨਸੀ ਪਿਛਲੇ ਪੰਜ ਮਹੀਨਿਆਂ ਤੋਂ ਵਿਧਾਨ ਸਭਾ ਨੂੰ ਭੰਗ ਕਰਨ ਦੀ ਮੰਗ ਕਰ ਰਹੀ ਹੈ। ਇਹ ਸੰਜੋਗ ਦੀ ਗੱਲ ਨਹੀਂ ਹੋ ਸਕਦੀ ਕਿ ਮਹਿਬੂਬਾ ਮੁਫਤੀ ਦੁਆਰਾ ਸਰਕਾਰ ਬਣਾਉਣ ਦੀ ਚਿੱਠੀ ਪੇਸ਼ ਕਰਨ ਦੇ ਮਿੰਟਾਂ ਬਾਅਦ ਹੀ ਵਿਧਾਨ ਸਭਾ ਨੂੰ ਭੰਗ ਕਰਨ ਦਾ ਅਦੇਸ਼ ਜਾਰੀ ਕਰ ਦਿੱਤਾ ਗਿਆ।"

ਕਿਸ ਕੋਲ ਸੀ ਕਿੰਨੀਆਂ ਸੀਟਾਂ

ਪੀਡੀਪੀ - 29

ਨੈਸ਼ਨਲ ਕਾਨਫਰੰਸ - 15

ਕਾਂਗਰਸ - 12

ਭਾਜਪਾ - 25

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)