ਅੰਮ੍ਰਿਤਸਰ ਧਮਾਕਾ - ਕੌਣ ਹਨ ਨਿਰੰਕਾਰੀ ਜਿਨ੍ਹਾਂ ਦੇ ਭਵਨ 'ਤੇ ਅਜਨਾਲਾ ਵਿੱਚ ਹਮਲਾ ਹੋਇਆ

    • ਲੇਖਕ, ਖ਼ੁਸ਼ਹਾਲ ਲਾਲੀ
    • ਰੋਲ, ਬੀਬੀਸੀ ਪੱਤਰਕਾਰ

ਨਿਰੰਕਾਰੀ ਲਹਿਰ ਦੀ ਸ਼ੁਰੂਆਤ ਬਾਬਾ ਦਿਆਲ ਸਿੰਘ ਨੇ 19ਵੀਂ ਸਦੀ ਵਿਚ ਰਾਵਲਪਿੰਡੀ ਦੇ ਇੱਕ ਗੁਰਦੁਆਰੇ ਤੋਂ ਕੀਤੀ ਸੀ। ਬਾਬਾ ਦਿਆਲ ਸਿੰਘ ਸਹਿਜਧਾਰੀ ਸਿੱਖ ਸਨ ਅਤੇ ਉਨ੍ਹਾਂ ਦੇ ਪ੍ਰਚਾਰ ਦੇ ਕੇਂਦਰ ਆਦਿ ਗ੍ਰੰਥ ਸੀ।

ਇਸ ਨੂੰ ਸਿੱਖ ਧਰਮ ਦੀ ਇਕ ਸਮਾਜਕ ਸੁਧਾਰ ਲਹਿਰ ਕਿਹਾ ਜਾ ਸਕਦਾ ਹੈ। ਇਹ ਸਿੰਘ ਸਭਾ ਲਹਿਰ ਨਾਲ ਵੀ ਜੁੜੇ ਰਹੇ ਅਤੇ ਇਹ ਗੁਰੂ ਨਾਨਕ ਦੇਵ ਜੀ ਦੀਆਂ ਸਿਖਿਆਵਾਂ ਦੀ ਪਾਲਣਾ ਕਰਦੇ ਸਨ।

ਇਸੇ ਵਿੱਚੋਂ 1929 ਵਿੱਚ ਇੱਕ ਵੱਖਰੀ ਸੰਪਰਦਾ ਨਿਕਲੀ। ਬਾਬਾ ਬੂਟਾ ਸਿੰਘ ਦੀ ਅਗਵਾਈ ਵਿੱਚ ਇਸ ਨੂੰ ਸੰਤ ਨਿਰੰਕਾਰੀ ਮਿਸ਼ਨ ਕਿਹਾ ਗਿਆ, ਜਿਸ ਦਾ ਹੈੱਡ ਕੁਆਟਰ ਅੱਜ-ਕੱਲ ਦਿੱਲੀ ਵਿੱਚ ਹੈ।

ਨਿਰੰਕਾਰੀ ਮਿਸ਼ਨ ਦੀ ਦੇਹਧਾਰੀ ਗੁਰੂ ਦੀ ਪਰੰਪਰਾ ਅਤੇ ਸਿੱਖ ਫਲਸਫੇ ਦੀ ਆਪਣੇ ਤਰੀਕੇ ਦੀ ਵਿਆਖਿਆ ਕਾਰਨ ਇਨ੍ਹਾਂ ਦੇ ਸਿੱਖ ਕੌਮ ਨਾਲ ਤਿੱਖੇ ਮਤਭੇਦ ਪੈਦਾ ਹੋ ਗਏ।

ਇਹ ਵੀ ਪੜ੍ਹੋ:-

ਅਵਤਾਰ ਬਾਣੀ 'ਤੇ ਵਿਵਾਦ

ਅਸਲ ਵਿਚ ਇਸ ਨਵੀਂ ਨਿੰਰਕਾਰੀ ਸੰਪਰਦਾ ਨੇ ਖ਼ੁਦ ਨੂੰ ਅਸਲ ਨਿਰੰਕਾਰੀ ਲਹਿਰ ਤੋਂ ਵੱਖ ਕਰ ਲਿਆ ਅਤੇ ਸਿੱਖ ਧਰਮ ਨਾਲੋਂ ਵੀ ਨਾਤਾ ਤੋੜ ਲਿਆ।

ਬਾਬਾ ਬੂਟਾ ਸਿੰਘ ਤੋਂ ਬਾਅਦ ਬਾਬਾ ਅਵਤਾਰ ਸਿੰਘ ਇਸ ਦੇ ਮੁਖੀ ਬਣੇ। ਨਿਰੰਕਾਰੀ ਮਿਸ਼ਨ ਨੇ ਆਪਣਾ ਵੱਖਰਾ ਗ੍ਰੰਥ ਬਣਾਇਆ, ਜਿਸ ਨੂੰ ਇਸ ਮਿਸ਼ਨ ਦੇ ਗੁਰੂ ਅਵਤਾਰ ਸਿੰਘ ਦੇ ਨਾਂ ਉੱਤੇ ਅਵਤਾਰ ਬਾਣੀ ਕਿਹਾ ਜਾਂਦਾ ਹੈ।

ਇਸ ਮਿਸ਼ਨ ਨੇ ਸਿੱਖ ਧਰਮ ਦੇ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਣ ਦੀ ਬਜਾਇ ਦੇਹਧਾਰੀ ਗੁਰੂ ਨੂੰ ਮਾਨਤਾ ਦਿੱਤੀ।

ਨਿਰੰਕਾਰੀਆਂ ਦੀ ਦੇਹਧਾਰੀ ਗੁਰੂ ਨੂੰ ਮੰਨਣ ਅਤੇ ਧਰਮ ਦੀ ਵਿਆਖਿਆ ਉੱਤੇ ਸਿੱਖਾਂ ਨੇ ਇਤਰਾਜ਼ ਕੀਤਾ ਅਤੇ ਇਹ ਵਿਚਾਰਧਾਰਕ ਮਤਭੇਦ ਕਾਫ਼ੀ ਤਿੱਖੇ ਹੋ ਗਏ।

1978 ਦਾ ਸਾਕਾ

ਅਪ੍ਰੈਲ 13, 1978 ਵਾਲੇ ਦਿਨ ਅੰਮ੍ਰਿਤਸਰ ਵਿਖੇ ਨਿਰੰਕਾਰੀ-ਸੰਮੇਲਨ ਰੱਖਿਆ ਗਿਆ ਸੀ ਜਿਸ ਨੂੰ ਤਤਕਾਲੀ ਨਿਰੰਕਾਰੀ ਮਿਸ਼ਨ ਦੇ ਮੁਖੀ ਗੁਰਬਚਨ ਸਿੰਘ ਨੇ ਸੰਬੋਧਨ ਕਰਨਾ ਸੀ।

ਵਿਸਾਖੀ ਖਾਲਸਾ ਪੰਥ ਦਾ ਜਨਮ ਦਿਹਾੜਾ ਹੁੰਦਾ ਹੈ। ਇਸ ਦਿਨ ਨਿਰੰਕਾਰੀ ਮੁਖੀ ਨੂੰ ਅੰਮ੍ਰਿਤਸਰ ਵਿਚ ਸਮਾਗਮ ਦੀ ਆਗਿਆ ਦਿੱਤੇ ਜਾਣ ਨੂੰ ਸਿੱਖ ਸੰਗਠਨਾਂ ਨੇ ਉਨ੍ਹਾਂ ਨੂੰ ਚਿੜ੍ਹਾਉਣ ਵਾਂਗ ਦੇਖਿਆ।

ਸਮਾਗਮ ਰੱਦ ਕਰਵਾਉਣ ਦੀ ਮੰਗ ਕੀਤੀ ਗਈ। ਭਾਵੇਂ ਪੰਜਾਬ ਵਿਚ ਅਕਾਲੀ ਦਲ ਦਾ ਰਾਜ ਸੀ ਅਤੇ ਦਮਦਮੀ ਟਕਸਾਲ ਤੇ ਅਖੰਡ ਕੀਰਤਨੀ ਜਥੇ ਸਣੇ ਕਈ ਸਿੱਖ ਸੰਗਠਨਾਂ ਵੱਲੋਂ ਵਿਰੋਧ ਕੀਤੇ ਜਾਣ ਦੇ ਬਾਵਜੂਦ ਜਦੋਂ ਸਮਾਗਮ ਰੱਦ ਨਹੀਂ ਹੋਇਆ ਤਾਂ ਇਸ ਦੇ ਵਿਰੋਧ ਦਾ ਐਲਾਨ ਕਰ ਦਿੱਤਾ ਗਿਆ।

ਵਿਸਾਖੀ ਵਾਲੇ ਦਿਨ ਨਿਰੰਕਾਰੀ ਸਮਾਗਮ ਨੂੰ ਰੋਕਣ ਲਈ ਅਕਾਲ ਤਖ਼ਤ ਉੱਤੇ ਇਕੱਠ ਹੋਇਆ ਅਤੇ ਵਿਰੋਧ ਵਜੋਂ ਸਮਾਗਮ ਵੱਲ ਜਥਾ ਭੇਜਿਆ ਗਿਆ।

ਇਸ ਮੌਕੇ ਹੋਈ ਹਿੰਸਕ ਝੜਪ ਵਿੱਚ 16 ਜਣੇ ਮਾਰੇ ਗਏ, ਜਿਨ੍ਹਾਂ ਵਿਚੋਂ 3 ਨਿਰੰਕਾਰੀ ਸਨ ਅਤੇ 13 ਸਿੱਖ ਸੰਗਠਨਾਂ ਦੇ ਕਾਰਕੁਨ ਸਨ।

ਇਹ ਵੀ ਪੜ੍ਹੋ-

ਸਿੱਖ ਸੰਗਠਨਾਂ ਨੇ ਇਸ ਲਈ ਨਿਰੰਕਾਰੀ ਮੁਖੀ ਗੁਰਬਚਨ ਸਿੰਘ ਨੂੰ ਜ਼ਿੰਮੇਵਾਰ ਮੰਨਿਆ। ਇਸ ਘਟਨਾ ਤੋਂ ਬਾਅਦ ਨਿੰਰਕਾਰੀ ਮੁਖੀ ਗੁਰਬਚਨ ਸਿੰਘ ਦਾ ਰਣਜੀਤ ਸਿੰਘ ਨੇ ਆਪਣੇ ਕੁਝ ਸਾਥੀਆਂ ਨਾਲ ਮਿਲ ਕੇ 24 ਅਪ੍ਰੈਲ 1980 ਨੂੰ ਕਤਲ ਕਰ ਦਿੱਤਾ।

ਇਸ ਹਾਈਪ੍ਰੋਫਾਈਲ ਮਾਮਲੇ ਵਿੱਚ ਦਮਦਮੀ ਟਕਸਾਲ ਦੇ ਤਤਕਾਲੀ ਮੁਖੀ ਜਰਨੈਲ ਸਿੰਘ ਭਿੰਡਰਾਵਾਲੇ ਦੀ ਵੀ ਗ੍ਰਿਫ਼ਤਾਰੀ ਹੋਈ ਪਰ ਬਾਅਦ ਵਿੱਚ ਉਨ੍ਹਾਂ ਨੂੰ ਛੱਡ ਦਿੱਤਾ ਗਿਆ।

ਰਣਜੀਤ ਸਿੰਘ ਨੂੰ ਇਸ ਮਾਮਲੇ ਵਿਚ ਉਮਰ ਕੈਦ ਹੋਈ। ਉਨ੍ਹਾਂ ਨੂੰ ਖਾੜਕੂਵਾਦ ਦੇ ਦੌਰ ਵਿਚ 1990 ਵਿਚ ਅਕਾਲ ਤਖ਼ਤ ਦਾ ਜਥੇਦਾਰ ਨਿਯੁਕਤ ਕੀਤਾ ਗਿਆ ਸੀ।

ਅਕਾਲੀ ਦਲ ਦੀ ਪਹਿਲਕਦਮੀ ਉੱਤੇ ਸਜ਼ਾ ਮਾਫ਼ ਕੀਤੀ ਗਈ ਅਤੇ ਉਹ ਜੇਲ੍ਹ ਤੋਂ ਬਾਹਰ ਆਏ। 1978 ਦੇ ਸਾਕੇ ਤੋਂ ਬਾਅਦ ਪੰਜਾਬ ਵਿੱਚ ਹਿੰਸਾ ਦਾ ਅਜਿਹਾ ਦੌਰ ਚੱਲਿਆ ਜਿਸ ਨੇ ਹਜ਼ਾਰਾਂ ਲੋਕਾਂ ਦੀ ਜਾਨ ਲਈ ਅਤੇ ਇਹ ਲਗਭਗ ਡੇਢ ਦਹਾਕੇ ਚਲਦਾ ਰਿਹਾ।

ਮਤਭੇਦ ਅਜੇ ਵੀ ਜਾਰੀ

ਨਿਰੰਕਾਰੀ ਮਿਸ਼ਨ ਦਾ ਅਕਾਲ ਤਖ਼ਤ ਵੱਲੋਂ ਜਾਰੀ ਹੁਕਮਨਾਮੇ ਮੁਤਾਬਕ ਸਮਾਜਕ ਬਾਈਕਾਟ ਕੀਤਾ ਗਿਆ ਹੈ ਅਤੇ ਦੋਵਾਂ ਭਾਈਚਾਰਿਆਂ ਵਿੱਚ ਇਹ ਪਾੜਾ ਮੁੜ ਕੇ ਕਦੇ ਵੀ ਖ਼ਤਮ ਨਹੀਂ ਹੋ ਸਕਿਆ ਪਰ ਕਾਫ਼ੀ ਸਮੇਂ ਤੋਂ ਦੋਵਾਂ ਭਾਈਚਾਰਿਆਂ ਵੱਲੋਂ ਸੰਜਮ ਤੋਂ ਕੰਮ ਲਿਆ ਗਿਆ ਅਤੇ ਕਿਸੇ ਤਰ੍ਹਾਂ ਦਾ ਕੋਈ ਲੜਾਈ ਝਗੜਾ ਨਹੀਂ ਹੋਇਆ।

ਬਾਬਾ ਗੁਰਬਚਨ ਸਿੰਘ ਤੋਂ ਬਾਅਦ ਉਨ੍ਹਾਂ ਦੇ ਪੁੱਤਰ ਬਾਬਾ ਹਰਦੇਵ ਸਿੰਘ ਨਿੰਰਕਾਰੀ ਮਿਸ਼ਨ ਦੇ ਮੁਖੀ ਬਣੇ ਜਿਨ੍ਹਾਂ ਦੀ 13 ਮਈ 2016 ਨੂੰ ਇੱਕ ਸੜਕ ਹਾਦਸੇ ਵਿੱਚ ਮੌਤ ਹੋ ਗਈ।

ਉਸ ਤੋਂ ਬਾਅਦ ਇਸ ਮਿਸ਼ਨ ਦੀ ਗੱਦੀ ਹਰਦੇਵ ਸਿੰਘ ਦੀ ਪਤਨੀ ਸ਼ਵਿੰਦਰ ਕੌਰ ਨੇ ਸੰਭਾਲੀ ਪਰ 16 ਜੁਲਾਈ 2018 ਨੂੰ ਹਰਦੇਵ ਸਿੰਘ ਅਤੇ ਸ਼ਵਿੰਦਰ ਕੌਰ ਦੀ ਧੀ ਸੁਦੀਕਸ਼ਾ ਸਿੰਘ ਨੂੰ ਇਸ ਮਿਸ਼ਨ ਦਾ ਮੁਖੀ ਥਾਪਿਆ ਗਿਆ।

ਕੀ ਕਹਿੰਦੇ ਹਨ ਮਾਹਿਰ?

ਪਟਿਆਲਾ ਵਿੱਚ ਵਰਲਡ ਪੰਜਾਬੀ ਸੈਂਟਰ ਦੇ ਡਾਇਰੈਕਟਰ ਡਾ. ਬਲਕਾਰ ਸਿੰਘ ਨੇ ਬੀਬੀਸੀ ਪੱਤਰਕਾਰ ਅਰਵਿੰਦ ਛਾਬੜਾ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜੇਕਰ ਸਾਧਾਰਨ ਲਫ਼ਜ਼ਾਂ 'ਚ ਕਿਹਾ ਜਾਵੇ ਤਾਂ "ਸਿੱਖ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਗੁਰੂ ਮੰਨਦੇ ਹਨ ਨਾ ਕਿ ਕਿਸੇ ਦੇਹਧਾਰੀ ਨੂੰ"।

ਪੰਜਾਬੀ ਯੂਨੀਵਰਸਿਟੀ ਤੋਂ ਰਿਟਾਇਰਡ ਪ੍ਰੋਫੈਸਰ ਨੇ ਕਿਹਾ, "ਸਿੱਖਾਂ ਵਾਂਗ ਹੀ ਨਿਰੰਕਾਰੀ ਵੀ ਗੁਰੂ ਗ੍ਰੰਥ ਸਾਹਿਬ ਦੀਆਂ ਸਿੱਖਿਆਵਾਂ ਦੀ ਪਾਲਣਾ ਕਰਦੇ ਹਨ ਪਰ ਉਨ੍ਹਾਂ ਦਾ ਮੰਨਣਾ ਹੈ ਕਿ ਕੋਈ ਦੇਹਧਾਰੀ ਗੁਰੂ ਹੋਣਾ ਚਾਹੀਦਾ ਹੈ ਜੋ ਇਨ੍ਹਾਂ ਸਿੱਖਿਆਵਾਂ ਬਾਰੇ ਦੱਸ ਸਕੇ।"

"ਨਿਰੰਕਾਰੀ ਅਕਾਲ ਤਖ਼ਤ ਨੂੰ ਨਹੀਂ ਮੰਨਦੇ ਹਨ ਅਤੇ ਨਾ ਹੀ ਉਨ੍ਹਾਂ ਦੇ ਸਿਧਾਂਤਾਂ ਦੀ ਪਾਲਣਾ ਕਰਦੇ ਹਨ ਜੋ ਸਿੱਖਾਂ ਨੂੰ ਪਸੰਦ ਨਹੀਂ। ਇਸੇ ਕਾਰਨ ਹੀ ਸਿੱਖਾਂ ਅਤੇ ਨਿਰੰਕਾਰੀਆਂ ਵਿੱਚ ਲੜਾਈ-ਝਗੜੇ ਹੁੰਦੇ ਹਨ।"

ਇਹ ਵੀ ਪੜ੍ਹੋ:-

ਇਹ ਵੀਡੀਓ ਵੀ ਜ਼ਰੂਰ ਦੇਖੋ-

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)