ਐਸਜੀਪੀਸੀ : ਕਿਰਨਜੋਤ ਕੌਰ ਨੂੰ ਇਤਿਹਾਸਕਾਰ ਡਾ. ਕਿਰਪਾਲ ਸਿੰਘ ਬਾਰੇ ਨਾ ਬੋਲਣ ਦੇਣ 'ਤੇ ਲੌਂਗੋਵਾਲ ਦੀ ਸਫਾਈ

    • ਲੇਖਕ, ਰਵਿੰਦਰ ਸਿੰਘ ਰੌਬਿਨ
    • ਰੋਲ, ਬੀਬੀਸੀ ਪੰਜਾਬੀ ਲਈ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਜਨਰਲ ਸਕੱਤਰ ਕਿਰਨਜੋਤ ਕੌਰ ਨੇ ਸਿੱਖ ਮੁੱਦਿਆਂ ਬਾਰੇ ਬੋਲਣ ਉੱਤੇ ਆਵਾਜ਼ ਦਬਾਉਣ ਦਾ ਇਲਜ਼ਾਮ ਲਾਇਆ ਹੈ। ਉਨ੍ਹਾਂ ਨੇ ਨਿਸ਼ਾਨਾ ਸ਼੍ਰੋਮਣੀ ਕਮੇਟੀ ਦੇ ਮੁੜ ਮੁਖੀ ਚੁਣੇ ਗਏ ਗੋਬਿੰਦ ਸਿੰਘ ਲੌਂਗੋਵਾਲ 'ਤੇ ਵੀ ਲਾਇਆ ਹੈ।

13 ਨਵੰਬਰ ਨੂੰ ਅੰਮ੍ਰਿਤਸਰ ਵਿੱਚ ਸ਼੍ਰੋਮਣੀ ਕਮੇਟੀ ਮੁਖੀ ਦੀ ਚੋਣ ਮੌਕੇ ਕਿਰਨਜੋਤ ਕੌਰ ਨੇ 'ਸਿੱਖ ਸਰੋਤ ਇਤਿਹਾਸਿਕ ਗ੍ਰੰਥ ਸੰਪਾਦਨਾ ਪ੍ਰੋਜੈਕਟ' ਦੇ ਡਾਇਰੈਕਟਰ ਡਾ. ਕਿਰਪਾਲ ਸਿੰਘ ਨੂੰ ਹਟਾਉਣ ਉੱਤੇ ਸਵਾਲ ਚੁੱਕੇ।

ਉਨ੍ਹਾਂ ਨੇ ਜਿਵੇਂ ਹੀ ਬੋਲਣਾ ਸ਼ੁਰੂ ਕੀਤਾ ਤਾਂ ਉਨ੍ਹਾਂ ਤੋਂ ਮਾਈਕ ਖੋਹ ਲਿਆ ਗਿਆ ਅਤੇ ਪਾਠ ਸ਼ੁਰੂ ਕਰ ਦਿੱਤਾ ਗਿਆ।

ਇਸ ਮਗਰੋਂ ਕਿਰਨਜੋਤ ਕੌਰ ਹਾਲ ਵਿੱਚੋਂ ਬਾਹਰ ਚਲੇ ਗਏ ਤੇ ਕਿਹਾ, ''ਡਾ. ਕਿਰਪਾਲ ਸਿੰਘ ਨੂੰ ਅਕਾਲ ਤਖ਼ਤ ਸਾਹਿਬ ਨੇ ਵੀ ਉਨ੍ਹਾਂ ਦੀਆਂ ਸੇਵਾਵਾਂ ਨੂੰ ਦੇਖਦਿਆਂ ਸਨਮਾਨਿਤ ਕੀਤਾ ਸੀ। ਐਸਜੀਪੀਸੀ ਵੱਲੋਂ ਅਜਿਹਾ ਸ਼ਖਸ ਸਨਮਾਨ ਤੇ ਇੱਜ਼ਤ ਦਾ ਹੱਕਦਾਰ ਹੈ ਨਾ ਕਿ ਇਸ ਤਰ੍ਹਾਂ ਅਹੁਦੇ ਤੋਂ ਲਾਂਭੇ ਕੀਤੇ ਜਾਣ ਦਾ।ਜੇਕਰ ਕੋਈ ਮਤਭੇਦ ਹਨ ਤਾਂ ਗੱਲਬਾਤ ਨਾਲ ਸੁਲਝਾਏ ਜਾ ਸਕਦੇ ਸੀ।''

ਕਿਰਨਜੋਤ ਕੌਰ ਨੇ ਇਲਜ਼ਾਮ ਲਾਇਆ, "ਮੇਰੇ ਨਾਲ ਇਹ ਜਾਣਬੁੱਝ ਕੇ ਕੀਤਾ ਗਿਆ ਤਾਂ ਕਿ ਮੇਰੀ ਆਵਾਜ਼ ਦਬਾਈ ਜਾ ਸਕੇ। ਜੇ ਕੋਈ ਮੁੱਦਾ ਚੁੱਕਿਆ ਜਾਂਦਾ ਹੈ ਤਾਂ ਉਨ੍ਹਾਂ ਨੂੰ ਘੱਟੋ-ਘੱਟ ਸੁਣਨਾ ਚਾਹੀਦਾ ਹੈ।"

ਉਨ੍ਹਾਂ ਅੱਗੇ ਕਿਹਾ ਕਿ ਕਿਸੇ ਮੁੱਦੇ ਜਾਂ ਗੱਲ ਉੱਤੇ ਅਸਹਿਮਤੀ ਜਤਾਉਣ ਦਾ ਹੱਕ ਹੈ ਪਰ ਕਿਸੇ ਨੂੰ ਸੁਣਨ ਦਾ ਵਿਰੋਧ ਨਹੀਂ ਹੋਣਾ ਚਾਹੀਦਾ।

ਇੱਥੇ ਇਹ ਦੱਸ ਦਈਏ ਕਿ ਡਾ. ਕਿਰਪਾਲ ਸਿੰਘ ਉਹੀ ਐਸਜੀਪੀਸੀ ਮੈਂਬਰ ਹਨ ਜੋ ਸਕੂਲਾਂ ਵਿੱਚ ਲਗਾਈਆਂ ਗਈਆਂ ਸਿੱਖ ਗੁਰੂਆਂ ਦੇ ਇਤਿਹਾਸ ਦੀਆਂ ਕਿਤਾਬਾਂ ਦੀ ਸਮੀਖਿਆ ਕਰਨ ਵਾਲੀ ਕਮੇਟੀ ਦੇ ਮੈਂਬਰ ਸਨ।

ਇਹ ਕਿਤਾਬਾਂ ਉਹੀ ਹਨ ਜਿਨ੍ਹਾਂ ਵਿੱਚ ਅਕਾਲੀ ਦਲ ਦਾਅਵਾ ਕਰਦਾ ਹੈ ਕਿ ਸਿੱਖ ਗੁਰੂਆਂ ਬਾਰੇ ਅਤੇ ਸਿੱਖ ਇਤਿਹਾਸ ਦੇ ਤੱਥਾਂ ਨਾਲ ਛੇੜਖਾਨੀ ਕੀਤੀ ਗਈ ਹੈ।

ਇਹ ਵੀ ਪੜ੍ਹੋ:

ਲੌਂਗੋਵਾਲ ਦਾ ਜਵਾਬ

ਕਿਰਨਜੋਤ ਕੌਰ ਨੇ ਮਤੇ ਵਿੱਚ ਉਨ੍ਹਾਂ ਦੀ ਤਜਵੀਜ ਨੂੰ ਸ਼ਾਮਿਲ ਨਾ ਕਰਨ ਉੱਤੇ ਵੀ ਸਵਾਲ ਚੁੱਕਿਆ। ਉਨ੍ਹਾਂ ਕਿਹਾ, "ਜਦੋਂ ਐਸਜੀਪੀਸੀ ਦੇ ਮੁਖੀ ਗੋਬਿੰਦ ਸਿੰਘ ਲੌਂਗੋਵਾਲ ਮਤਾ ਪੜ੍ਹ ਰਹੇ ਸਨ ਤਾਂ ਮੈਂ ਉਨ੍ਹਾਂ ਨੂੰ ਆਪਣਾ ਵੀ ਇੱਕ ਮਤਾ ਸ਼ਾਮਿਲ ਕਰਨ ਲਈ ਕਿਹਾ। ਉਨ੍ਹਾਂ ਨੇ ਭਰੋਸਾ ਵੀ ਦਿੱਤਾ ਪਰ ਜਦੋਂ ਮੈਂ ਮੁੱਦਾ ਚੁੱਕਿਆ ਤਾਂ ਮੈਨੂੰ ਬੋਲਣ ਹੀ ਨਹੀਂ ਦਿੱਤਾ।"

ਉੱਧਰ ਸ਼੍ਰੋਮਣੀ ਕਮੇਟੀ ਮੁਖੀ ਗੋਬਿੰਦ ਸਿੰਘ ਲੌਂਗੋਵਾਲ ਨੇ ਫੋਨ ਉੱਤੇ ਗੱਲਬਾਤ ਕਰਦਿਆਂ ਕਿਹਾ, "ਅਸੀਂ ਕਦੇ ਵੀ ਕਿਸੇ ਦੀ ਆਵਾਜ਼ ਬੰਦ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। ਅਸੀਂ ਕਿਰਨਜੋਤ ਕੌਰ ਨੂੰ ਦੱਸ ਦਿੱਤਾ ਸੀ ਕਿ ਡਾ. ਕਿਰਪਾਲ ਸਿੰਘ ਨੇ ਐਸਜੀਪੀਸੀ ਨੂੰ ਇੱਕ ਪੱਤਰ ਭੇਜਿਆ ਹੈ ਅਤੇ ਇਸ ਉੱਤੇ ਵਿਚਾਰ ਕੀਤਾ ਜਾਵੇਗਾ।"

ਬੈਂਸ ਵੀ ਸ਼੍ਰੋਮਣੀ ਕਮੇਟੀ ਦੀ ਬੈਠਕ 'ਚੋਂ ਨਿਕਲ ਗਏ

ਇਸ ਦੌਰਾਨ ਐਸਜੀਪੀਸੀ ਮੈਂਬਰ ਅਤੇ ਲੁਧਿਆਣਾ ਤੋਂ ਵਿਧਾਇਕ ਬਲਵਿੰਦਰ ਸਿੰਘ ਬੈਂਸ ਨੇ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨਾਲ ਜੁੜੇ ਬਰਗਾੜੀ ਅਤੇ ਕੋਟਕਪੂਰਾ ਦੇ ਮਾਮਲਿਆਂ ਉੱਤੇ ਵੀ ਚਰਚਾ ਕਰਨ ਦੀ ਗੱਲ ਕਹੀ। ਪਰ ਉਨ੍ਹਾਂ ਦੇ ਮੁੱਦਿਆਂ ਨੂੰ ਮਤੇ ਵਿੱਚ ਸ਼ਾਮਿਲ ਨਾ ਕਰਨ ਦਾ ਇਲਜ਼ਾਮ ਲਾਇਆ ਅਤੇ ਵਿਰੋਧ ਵੱਜੋਂ ਬਾਹਰ ਚਲੇ ਗਏ।

ਉਨ੍ਹਾਂ ਕਿਹਾ, "ਮੈਂ ਬੇਅਦਬੀ ਦੇ ਮੁੱਦੇ ਬਾਰੇ ਚਰਚਾ ਕਰਨਾ ਚਾਹੁੰਦਾ ਸੀ ਅਤੇ ਐਸਜੀਪੀਸੀ ਦੀ ਜਨਰਲ ਹਾਊਸ ਦੀ ਬੈਠਕ ਵਿੱਚ ਦੋ ਮਤੇ ਵੀ ਪੇਸ਼ ਕਰਨਾ ਚਾਹੁੰਦਾ ਸੀ। ਐਸਜੀਪੀਸੀ ਦੇ ਪੁਰਾਣੇ ਮੈਂਬਰ ਹੋਣ ਕਾਰਨ ਮੈਨੂੰ ਕਮੇਟੀ ਦੀ ਮੈਨੇਜਮੈਂਟ ਦੇ ਸਾਰੇ ਨਿਯਮਾਂ ਬਾਰੇ ਜਾਣਕਾਰੀ ਹੈ। ਸ਼੍ਰੋਮਣੀ ਕਮੇਟੀ ਦਾ ਅਹਿਮ ਮੰਤਵ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਨਮਾਨ ਨੂੰ ਬਣਾਈ ਰੱਖਣਾ ਅਤੇ ਜੇ ਕੋਈ ਮੁੱਦਾ ਹੋਵੇ ਤਾਂ ਉਸ ਦਾ ਹੱਲ ਕਰਨਾ।"

ਇਸ ਮੁੱਦੇ ਬਾਰੇ ਸ਼੍ਰੋਮਣੀ ਕਮੇਟੀ ਦੇ ਮੁਖੀ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਬੈਂਸ ਸਿਰਫ਼ ਮੀਡੀਆ ਦਾ ਧਿਆਨ ਖਿੱਚਣਾ ਚਾਹੁੰਦੇ ਹਨ। ਸ਼੍ਰੋਮਣੀ ਕਮੇਟੀ ਪਹਿਲਾਂ ਹੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲੇ ਵਿੱਚ ਮਤਾ ਪਾਸ ਕਰ ਚੁੱਕੀ ਹੈ ਅਤੇ ਦੋਸ਼ੀਆਂ ਲਈ ਸਖਤ ਸਜ਼ਾ ਦੀ ਮੰਗ ਕੀਤੀ ਹੈ।

ਇਹ ਵੀ ਪੜ੍ਹੋ:

ਇਹ ਵੀਡੀਓ ਵੀ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)