1984 ਸਿੱਖ ਕਤਲੇਆਮ ਦੇ ਇੱਕ ਮਾਮਲੇ 'ਚ ਦੋ ਲੋਕ ਦੋਸ਼ੀ ਕਰਾਰ - 'ਪਿੱਛਾ ਕਰ ਰਹੀ ਭੀੜ ਨੇ ਦੋਹਾਂ ਸਿੱਖ ਨੌਜਵਾਨਾਂ ਨੂੰ ਹੇਠਾਂ ਸੁੱਟ ਦਿੱਤਾ'

    • ਲੇਖਕ, ਇੰਦਰਜੀਤ ਕੌਰ
    • ਰੋਲ, ਪੱਤਰਕਾਰ, ਬੀਬੀਸੀ

ਮਹੀਨਾ ਨਵੰਬਰ ਦਾ ਸੀ ਅਤੇ ਸਾਲ ਸੀ 1984, ਜੋ ਕਿ ਸਿੱਖ ਇਤਿਹਾਸ ਵਿੱਚ ਸ਼ਾਇਦ ਹੀ ਭੁਲਾਇਆ ਜਾ ਸਕੇ। ਹੁਣ ਵੀ ਮਹੀਨਾ ਨਵੰਬਰ ਦਾ ਹੈ ਪਰ ਸਾਲ 2018। ਅੱਜ 34 ਸਾਲ ਬਾਅਦ ਦੋ ਪੀੜਤਾਂ ਨੂੰ ਇਨਸਾਫ਼ ਮਿਲਿਆ ਹੈ।

ਦਰਅਸਲ 1984 ਸਿੱਖ ਕਤਲੇਆਮ ਦੇ ਇੱਕ ਮਾਮਲੇ ਵਿੱਚ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਦੋ ਮੁਲਜ਼ਮਾਂ ਨੂੰ ਦੋਸ਼ੀ ਕਰਾਰ ਦਿੱਤਾ ਹੈ। ਇਨ੍ਹਾਂ ਉੱਤੇ ਕਤਲ ਦਾ ਇਲਜ਼ਾਮ ਲੱਗਿਆ ਸੀ।

ਦੋਸ਼ੀ ਕਰਾਰ ਦਿੱਤੇ ਗਏ ਇੱਕ ਸ਼ਖਸ਼ ਦਾ ਨਾਮ ਹੈ ਨਰੇਸ਼ ਸਹਿਰਾਵਤ ਅਤੇ ਦੂਜਾ ਹੈ ਯਸ਼ਪਾਲ ਸਿੰਘ। ਇਸ ਮਾਮਲੇ ਵਿੱਚ ਪੀੜਤਾਂ ਦੇ ਵਕੀਲ ਹਨ ਗੁਰਬਖਸ਼ ਸਿੰਘ।

ਇਹ ਵੀ ਪੜ੍ਹੋ:

ਕੀ ਹੋਇਆ ਸੀ ਘਟਨਾ ਵਾਲੇ ਦਿਨ?

ਵਕੀਲ ਗੁਰਬਖਸ਼ ਸਿੰਘ ਨੇ ਮਾਮਲੇ ਦਾ ਵੇਰਵਾ ਦਿੰਦਿਆਂ ਕਿਹਾ, "ਦਰਅਸਲ 1 ਨਵੰਬਰ, 1984 ਨੂੰ ਪੰਜ ਨੌਜਵਾਨ ਇੱਕ ਇਮਾਰਤ ਦੀ ਪਹਿਲੀ ਮੰਜ਼ਿਲ ਵਿੱਚ ਲੁਕਣ ਲਈ ਗਏ। ਭੀੜ ਨੇ ਉਨ੍ਹਾਂ ਦਾ ਪਿੱਛਾ ਕੀਤਾ ਅਤੇ ਉਨ੍ਹਾਂ ਨੂੰ ਉੱਥੋਂ ਹੇਠਾਂ ਸੁੱਟ ਦਿੱਤਾ।"

"ਫਿਰ ਪੀੜਤਾਂ ਨੂੰ ਸਫਰਦਰਜੰਗ ਹਸਪਤਾਲ ਦਾਖਿਲ ਕਰਵਾਇਆ ਗਿਆ। ਭੀੜ ਨੇ ਸਮਝਿਆ ਸਭ ਦੀ ਮੌਤ ਹੋ ਗਈ ਹੈ। ਪਰ ਇਸ ਦੌਰਾਨ ਤਿੰਨ ਲੋਕ ਬਚ ਗਏ ਸਨ ਜਦਕਿ ਅਵਤਾਰ ਸਿੰਘ ਅਤੇ ਹਰਦੇਵ ਸਿੰਘ ਦੀ ਮੌਤ ਹੋ ਗਈ ਸੀ। ਇਸ ਦੌਰਾਨ ਮਹਿਪਾਲਪੁਰ ਦੇ ਰਹਿਣ ਵਾਲੇ ਸੁਰਜੀਤ ਸਿੰਘ, ਸੰਗਤ ਸਿੰਘ ਅਤੇ ਗੁਰਦੀਪ ਸਿੰਘ ਬੱਚ ਗਏ। ਜੋ ਕਿ ਬਾਅਦ ਵਿੱਚ ਇਸ ਮਾਮਲੇ ਵਿੱਚ ਗਵਾਹ ਵੀ ਬਣੇ।"

ਐਡਵੋਕੇਟ ਗੁਰਬਖਸ਼ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਕੁੱਲ 18 ਗਵਾਹ ਸਨ। ਦੋਸ਼ੀ ਕਰਾਰ ਦੇਣ ਤੋਂ ਬਾਅਦ ਨਰੇਸ਼ ਸਹਿਰਾਵਤ ਅਤੇ ਯਸ਼ਪਾਲ ਸਿੰਘ ਖਿਲਾਫ਼ ਅਦਾਲਤ 15 ਨਵੰਬਰ ਨੂੰ ਫੈਸਲਾ ਸੁਣਾਏਗੀ।

ਇਹ ਵੀ ਪੜ੍ਹੋ:

ਦਿੱਲੀ ਦਾ ਸਿੱਖ ਕਤਲੇਆਮ

  • 31 ਅਕਤੂਬਰ 1984 ਨੂੰ ਭਾਰਤ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਉਨ੍ਹਾਂ ਦੇ ਦੋ ਸਿੱਖ ਸੁਰੱਖਿਆ ਕਰਮੀਆਂ ਨੇ ਗੋਲੀਆਂ ਮਾਰ ਕੇ ਕਤਲ ਦਿੱਤਾ।
  • ਸ਼ਾਮ ਹੁੰਦੇ-ਹੁੰਦੇ ਪੂਰੀ ਦਿੱਲੀ ਸਮੇਤ ਉੱਤਰ ਭਾਰਤ ਵਿੱਚ ਸਿੱਖਾਂ ਖਿਲਾਫ਼ ਹਿੰਸਾ ਸ਼ੁਰੂ ਹੋ ਗਈ। ਦਿੱਲੀ ਦੇ ਤ੍ਰਿਲੋਕਪੁਰੀ ਇਲਾਕੇ ਵਿੱਚ ਸਿੱਖਾਂ ਖਿਲਾਫ ਭਿਆਨਕ ਹਿੰਸਾ ਹੋਈ।
  • ਸਿੱਖ ਵਿਰੋਧੀ ਦੰਗਿਆਂ ਵਿੱਚ ਸੈਂਕੜੇ ਸਿੱਖ ਔਰਤਾਂ, ਬੱਚਿਆਂ ਅਤੇ ਮਰਦਾਂ ਨੇ ਆਪਣੀ ਜਾਨ ਗੁਆਈ। ਸਰਕਾਰੀ ਅੰਕੜਿਆਂ ਮੁਤਾਬਕ 2,733 ਮੌਤਾਂ ਹੋਈਆਂ। ਦਾਅਵਾ ਇਹ ਵੀ ਕੀਤਾ ਜਾਂਦਾ ਹੈ ਕਿ ਇਹ ਅੰਕੜਾ ਕਿਤੇ ਵੱਧ ਹੈ।

ਇਹ ਵੀਡੀਓ ਵੀ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)