ਮਨੋਹਰ ਲਾਲ ਖੱਟਰ : ਕੁੜੀਆਂ ਬੁਆਏ ਫਰੈਂਡ ਨਾਲ ਝਗੜੇ ਮਗਰੋਂ ਕਹਿ ਦਿੰਦੀਆਂ ਮੇਰਾ ਰੇਪ ਹੋ ਗਿਆ

ਹਰਿਆਣੇ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦਾ ਕੁੜੀਆਂ ਦੇ ਸਰੀਰਕ ਸ਼ੋਸ਼ਣ ਤੇ ਬਲਾਤਕਾਰਾਂ ਉੱਤੇ ਬਿਆਨ ਵਿਵਾਦ ਦਾ ਕਾਰਨ ਬਣ ਰਿਹਾ ਹੈ।

ਪੰਚਕੂਲਾ ਵਿੱਚ ਇੱਕ ਸਮਾਗਮ ਦੌਰਾਨ ਉਨ੍ਹਾਂ ਕਿਹਾ, "ਬਲਾਤਕਾਰ ਦੇ ਮਾਮਲੇ ਨਹੀਂ ਵਧੇ... ਰੇਪ ਤਾਂ ਪਹਿਲਾਂ ਵੀ ਹੁੰਦੇ ਸਨ ਤੇ ਹੁਣ ਵੀ ਹੁੰਦੇ ਹਨ। (ਸਿਰਫ) ਇਨ੍ਹਾਂ ਬਾਰੇ ਫਿਕਰ ਪਹਿਲਾਂ ਨਾਲੋਂ ਵਧ ਗਈ ਹੈ।"

ਵਿਰੋਧੀ ਧਿਰ ਕਾਂਗਰਸ ਨੇ ਇਸ ਟਿੱਪਣੀ ਨੂੰ ਸੂਬਾ ਸਰਕਾਰ ਦੀ ਔਰਤ ਵਿਰੋਧੀ ਸੋਚ ਦਾ ਪ੍ਰਗਟਾਵਾ ਦੱਸਿਆ ਹੈ।

ਖ਼ਬਰ ਏਜੰਸੀ ਪੀਟੀਆ ਮੁਤਾਬਕ ਖੱਟਰ ਨੇ ਕਿਹਾ, "ਸਭ ਤੋਂ ਵੱਡੀ ਚਿੰਤਾ ਦੀ ਗੱਲ ਤਾਂ ਇਹ ਹੈ ਕਿ ਛੇੜਛਾੜ ਦੇ 80 ਤੋਂ 90 ਫੀਸਦੀ ਮਾਮਲਿਆਂ ਵਿੱਚ, ਮੁਲਜ਼ਮ ਅਤੇ ਪੀੜਤ ਇੱਕ ਦੂਸਰੇ ਦੇ ਜਾਣਕਾਰ ਹੁੰਦੇ ਹਨ। ਕਈ ਕੇਸਾਂ ਵਿੱਚ ਤਾਂ ਉਨ੍ਹਾਂ ਦੀ ਜਾਣਪਛਾਣ ਕਾਫੀ ਪੁਰਾਣੀ ਹੁੰਦੀ ਹੈ ਪਰ ਜਦੋਂ ਕਿਸੇ ਦਿਨ ਬਹਿਸ ਹੋ ਜਾਂਦੀ ਹੈ ਤਾਂ ਐਫਆਈਆਰ ਦਰਜ ਕਰਾ ਦਿੱਤੀ ਜਾਂਦੀ ਹੈ ਕਿ 'ਉਸ ਨੇ ਮੇਰਾ ਰੇਪ ਕੀਤਾ' ਹੈ।"

ਕਾਂਗਰਸ ਆਗੂ ਰਣਦੀਪ ਸਿੰਘ ਸੂਰਜੇਵਾਲਾ ਨੇ ਉਨ੍ਹਾਂ ਦੇ ਬਿਆਨ ਨੂੰ ਅਫਸੋਸਨਾਕ ਦੱਸਿਆ ਹੈ।

ਇਹ ਵੀ ਪੜ੍ਹੋ:

ਇਸ ਬਾਰੇ ਉਨ੍ਹਾਂ ਨੇ ਟਵੀਟ ਕੀਤਾ, "ਖੱਟਰ ਸਰਕਾਰ ਦੀ ਔਰਤ ਵਿਰੋਧੀ ਸੋਚ ਉਜਾਗਰ ਹੋ ਗਈ ਹੈ! ਹਰਿਆਣਾ ਦੇ ਮੁੱਖ ਮੰਤਰੀ ਖੱਟਰ ਜੀ ਨੇ ਇੱਕ ਬੇਹੱਦ ਨਿੰਦਣਯੋਗ ਟਿੱਪਣੀ ਕੀਤੀ ਹੈ। (ਉਨ੍ਹਾਂ ਨੇ) ਬਲਾਤਕਾਰ ਦੀਆਂ ਘਟਨਾਵਾਂ ਨੂੰ ਕੰਟਰੋਲ ਕਰ ਸਕਣ ਵਿੱਚ ਆਪਣੀ ਨਾਕਾਮੀ ਦਾ ਇਲਜ਼ਾਮ ਔਰਤਾਂ 'ਤੇ ਲਾਇਆ ਹੈ। ਅਫਸੋਸਨਾਕ!"

ਟਵਿੱਟਰ ਤੇ ਹੀ ਫੈਜ਼ ਅਹਿਮਦ ਨੇ ਲਿਖਿਆ,"ਵਿਆਹੇ ਚਾਹੇ ਅਣਵਿਆਹੇ ਜੋੜਿਆਂ ਦੇ 15 ਸਾਲਾਂ ਦੇ ਸਰੀਰਕ ਸੰਬੰਧਾਂ ਤੋਂ ਬਾਅਦ ਵੀ ਔਰਤ ਦੀ ਸਹਿਮਤੀ ਨਾਲ ਤੋਂ ਬਿਨਾਂ ਇੱਕ ਵਾਰ ਦਾ ਸੰਬੰਧ ਵੀ ਰੇਪ ਹੁੰਦਾ ਹੈ। ਸੰਘੀ ਖੱਟਰ ਤੋਂ ਇਹ ਸਮਝਣ ਦੀ ਉਮੀਦ ਨਹੀਂ ਕਰ ਸਕਦਾ।

ਕੁਝ ਪਿਛੋਕੜ...

ਇਹ ਪਹਿਲੀ ਵਾਰ ਨਹੀਂ ਹੈ ਕਿ ਖੱਟਰ ਨੇ ਅਜਿਹੀ ਟਿੱਪਣੀ ਕੀਤੀ ਹੋਵੇ। ਇਸ ਤੋਂ ਪਹਿਲਾਂ 2014 ਵਿੱਚ ਹਰਿਆਣਾ ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਵਿੱਚ ਉਨ੍ਹਾਂ ਨੇ ਕਿਹਾ ਸੀ ਕਿ "ਸ਼ਾਲੀਨ ਪਹਿਰਾਵੇ ਵਾਲੀਆਂ ਔਰਤਾਂ ਦੇ ਰੇਪ ਨਹੀਂ ਹੁੰਦੇ।"

2014 ਵਿੱਚ ਹਰਿਆਣਾ ਦੀਆਂ ਵਿਧਾਨਸਭਾ ਚੋਣਾਂ ਦੌਰਾਨਉਨ੍ਹਾਂ ਅੱਗੇ ਕਿਹਾ ਸੀ, "ਜੇ ਔਰਤਾਂ ਵਾਕਈ ਆਜ਼ਾਦੀ ਮਾਨਣੀ ਚਾਹੁੰਦੀਆਂ ਹਨ ਤਾਂ ਉਹ ਨੰਗੀਆਂ ਕਿਉਂ ਨਹੀਂ ਘੁੰਮਦੀਆਂ। ਆਜ਼ਾਦੀ ਸੀਮਤ ਹੋਣੀ ਚਾਹੀਦੀ ਹੈ। ਛੋਟੇ ਕੱਪੜੇ ਪੱਛਮੀ ਅਸਰ ਹੈ। ਸਾਡੇ ਦੇਸ ਦੀ ਸਭਿਅਤਾ ਔਰਤਾਂ ਤੋਂ ਸਭਿਅਕ ਪਹਿਰਾਵੇ ਦੀ ਮੰਗ ਕਰਦੀ ਹੈ।"

ਇਸੇ ਤਰ੍ਹਾਂ ਪ੍ਰੀ ਮੈਰੀਟਲ ਸੈਕਸ ਤੇ ਮਨੋਹਰ ਲਾਲ ਖੱਟਰ ਨੇ ਬਿਆਨ ਦਿੱਤਾ ਸੀ ਕਿ ਇਹ ਇੱਕ ਧੱਬਾ ਹੈ। ਵਿਆਹ ਤੋਂ ਬਾਅਦ ਸੈਕਸ ਸਹੀ ਹੈ ਪਰ ਪਹਿਲਾਂ ਨਹੀਂ। ਸੈਕਸ ਵਿਆਹ ਤੋਂ ਪਹਿਲਾਂ ਓਦੋਂ ਹੁੰਦਾ ਹੈ ਜਦੋਂ ਮੁੰਡਾ ਕੁੜੀ ਗਲਤ ਰਾਹ 'ਤੇ ਪੈ ਜਾਂਦੇ ਹਨ।

ਖਾਪ ਪੰਚਾਇਤ ਬਾਰੇ ਮਨੋਹਰ ਲਾਲ ਖੱਟਰ ਨੇ ਕਿਹਾ ਸੀ ਕਿ ਖਾਪ ਸਮਾਜਿਕ ਰਿਵਾਜ਼ਾਂ ਦੀ ਰੱਖਿਆ ਕਰਦੇ ਹਨ। ਉਹ ਕੋਸ਼ਿਸ਼ ਕਰ ਰਹੇ ਹਨ ਕਿ ਮੁੰਡਾ ਕੁੜੀ ਭੈਣ ਭਰਾ ਬਣ ਕੇ ਰਹਿਣ, ਇਸ ਨਾਲ ਰੇਪ ਵੀ ਘਟਨਗੇ।

ਇਹ ਵੀ ਨਹੀਂ ਹੈ ਕਿ ਖੱਟਰ ਅਜਿਹੇ ਬਿਆਨ ਦੇਣ ਵਾਲੇ ਇਕੱਲੇ ਹਨ। ਸਾਲ 2014 ਵਿੱਚ ਹੀ ਸਮਾਜਵਾਦੀ ਪਾਰਟੀ ਦੇ ਆਗੂ ਮੁਲਾਇਮ ਸਿੰਘ ਯਾਦਵ ਨੇ ਕਿਹਾ ਸੀ ਕਿ ਬਲਾਤਕਾਰੀਆਂ ਨੂੰ ਸਜ਼ਾ-ਏ-ਮੌਤ ਨਹੀਂ ਦੇਣੀ ਚਾਹੀਦੀ ਕਿਉਂਕਿ " ਮੁੰਡੇ ਤਾਂ ਮੁੰਡੇ ਹੀ ਰਹਿਣਗੇ ਤੇ ਗਲਤੀਆਂ ਵੀ ਕਰਨਗੇ।"

ਸਾਲ 2012 ਵਿੱਚ ਜੀਂਦ ਦੇ ਇੱਕ ਖਾਪ ਆਗੂ ਨੇ ਕਿਹਾ ਸੀ ਕਿ ਚਾਊਮਿਨ ਵਰਗੇ ਫਾਸਟਫੂਡ ਖਾਣ ਕਰਕੇ ਬਲਾਤਕਾਰ ਦੇ ਮਾਮਲੇ ਵਧ ਰਹੇ ਹਨ।

ਇਹ ਵੀ ਪੜ੍ਹੋ:

ਤੁਹਾਨੂੰ ਇਹ ਵੀਡੀਓ ਵੀ ਪਸੰਦ ਆ ਸਕਦੇ ਹਨ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)