You’re viewing a text-only version of this website that uses less data. View the main version of the website including all images and videos.
ਚੌਟਾਲਾ ਪਰਿਵਾਰ ਦੇ ਸਿਆਸੀ ਬਟਵਾਰੇ 'ਤੇ ਪ੍ਰਕਾਸ਼ ਸਿੰਘ ਦਾ ਬੇਵਸੀ ਭਰਿਆ ਬਿਆਨ
'ਸਾਥੋਂ ਤਾਂ ਆਪਣਾ ਟੱਬਰ ਨੀਂ ਸੰਭਲਦਾ, ਚੌਟਾਲਿਆਂ ਦਾ ਕੀ ਕਰੀਏ', ਇਹ ਸ਼ਬਦ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਹਨ। ਪੱਤਰਕਾਰਾਂ ਨੇ ਜਦੋਂ ਉਨ੍ਹਾਂ ਦੇ ਦੋਸਤ ਚੌਟਾਲਾ ਪਰਿਵਾਰ ਦੇ ਸਿਆਸੀ ਬਟਵਾਰੇ ਬਾਰੇ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਇਸ ਬਾਰੇ ਤਾਂ ਚੌਟਾਲਿਆਂ ਨੂੰ ਹੀ ਪੁੱਛਿਆ ਜਾਵੇ।
ਪਿਛਲੇ ਕਈ ਦਿਨਾਂ ਤੋਂ ਇਹ ਆਸ ਕੀਤੀ ਜਾ ਰਹੀ ਸੀ ਕਿ ਪ੍ਰਕਾਸ਼ ਸਿੰਘ ਬਾਦਲ ਦੇ ਦਖਲ ਨਾਲ ਸ਼ਾਇਦ ਅਜੇ ਸਿੰਘ ਚੌਟਾਲਾ ਅਤੇ ਅਭੇ ਸਿੰਘ ਚੌਟਾਲਾ ਦਾ ਝਗੜਾ ਖਤਮ ਹੋ ਜਾਵੇ। ਪਰ ਅਜਿਹਾ ਨਹੀਂ ਸਕਿਆ।
ਚੌਟਾਲਾ ਭਰਾਵਾਂ ਦੇ ਵਿਚਕਾਰ ਝਗੜੇ ਤੋਂ ਬਾਅਦ ਸ਼ਨੀਵਾਰ ਨੂੰ ਅਜੇ ਚੌਟਾਲਾ ਨੇ ਇੰਡੀਅਨ ਨੈਸ਼ਨਲ ਲੋਕ ਦਲ ਤੋਂ ਵੱਖ ਆਪਣੀ ਨਵੀਂ ਪਾਰਟੀ ਬਣਾਉਣ ਦਾ ਐਲਾਨ ਕਰ ਦਿੱਤਾ ਸੀ।
ਬੀਬੀਸੀ ਪੰਜਾਬੀ ਦੇ ਸਹਿਯੋਗੀ ਸਤ ਸਿੰਘ ਮੁਤਾਬਕ ਇਹ ਐਲਾਨ ਉਨ੍ਹਾਂ ਨੇ ਹਰਿਆਣਾ ਦੇ ਜ਼ਿਲ੍ਹਾ ਜੀਂਦ ਵਿੱਚ ਕੀਤਾ।
ਆਪਣੇ ਦੋ ਬੇਟਿਆਂ ਦੁਸ਼ਯੰਤ ਅਤੇ ਦਿਗਵਿਜੇ ਨੂੰ ਪਾਰਟੀ ਤੋਂ ਬਾਹਰ ਕੱਢਣ ਕਾਰਨ ਅਭੇ ਨੂੰ 'ਦੁਰਯੋਧਨ' ਕਹਿੰਦਿਆਂ, ਅਜੇ ਨੇ ਕਿਹਾ ਕਿ ਨਵੀਂ ਪਾਰਟੀ ਦੇ ਨਾਂ ਦਾ ਐਲਾਨ 9 ਦਸੰਬਰ ਨੂੰ ਕੀਤਾ ਜਾਵੇਗਾ।
ਜੀਂਦ ਵਿੱਚ ਲੋਕਾਂ ਨੂੰ ਸੰਬੋਧਿਤ ਕਰਦਿਆਂ ਅਜੇ ਨੇ ਕਿਹਾ ਸੀ, "ਇਨੈਲੋ ਬਿੱਲੂ (ਅਭੇ ਚੌਟਾਲਾ) ਨੂੰ ਮੁਬਾਰਕ ਹੋਵੇ। ਉਹ ਮੇਰਾ ਅਜ਼ੀਜ ਹੈ।"
ਇਹ ਵੀ ਪੜ੍ਹੋ-
ਅਜੇ ਟੀਚਰ ਭਰਤੀ ਘੋਟਾਲਾ ਮਾਮਲੇ ਵਿੱਚ ਤਿਹਾੜ ਜੇਲ੍ਹ 'ਚ 10 ਸਾਲ ਦੀ ਸਜ਼ਾ ਭੁਗਤ ਰਹੇ ਹਨ।
ਇਨੈਲੋ ਦੇ ਕੌਮੀ ਪ੍ਰਧਾਨ ਓਮ ਪ੍ਰਕਾਸ਼ ਚੌਟਾਲਾ ਨੇ ਕੁਝ ਦਿਨ ਪਹਿਲਾਂ ਅਭੇ ਤੇ ਉਨ੍ਹਾਂ ਦੇ ਬੇਟਿਆਂ ਨੂੰ ਪਾਰਟੀ ਦੇ ਹਿੱਤ ਦੇ ਖ਼ਿਲਾਫ਼ ਕੰਮ ਕਰਨ ਕਾਰਨ ਪਾਰਟੀ 'ਚੋਂ ਕੱਢ ਦਿੱਤਾ ਸੀ।
ਇਸ ਤੋਂ ਬਾਅਦ ਅਜੇ ਨੇ ਜੀਂਦ ਵਿੱਚ ਅੱਜ ਮੀਟਿੰਗ ਬੁਲਾਈ, ਪਰ ਇਸ ਵਿੱਚ ਪਾਰਟੀ ਦੇ 18 'ਚੋਂ 3 ਹੀ ਵਿਧਾਇਕ ਆਏ। ਬਾਕੀ ਸਾਰੇ ਅਭੇ ਚੌਟਾਲਾ ਵੱਲੋਂ ਚੰਡੀਗੜ੍ਹ ਵਿੱਚ ਬੁਲਾਈ ਗਈ ਮੀਟਿੰਗ 'ਚ ਮੌਜੂਦ ਸਨ।
ਅਭੇ ਨੇ ਚੰਡੀਗੜ੍ਹ ਵਿੱਚ ਕਿਹਾ ਕਿ 3 ਤੋਂ ਇਲਾਵਾ, ਪਾਰਟੀ ਦੇ ਸਾਰੇ ਵਿਧਾਇਕ ਉਨ੍ਹਾਂ ਨਾਲ ਹਨ।
ਅਭੇ ਨੇ ਕਿਹਾ, "ਪਾਰਟੀ ਇਸ ਸਮੇਂ ਮਜ਼ਬੂਤ ਹੈ, ਪਰ ਅਭੇ ਦੇ ਜਾਣ ਨਾਲ ਫਰਕ ਜ਼ਰੂਰ ਪਵੇਗਾ।"
ਆਉਣ ਵਾਲੀਆਂ ਚੋਣਾਂ 'ਤੇ ਕੀ ਹੋਵੇਗਾ ਅਸਰ?
ਕੁਰਕਸ਼ੇਤਰ ਯੂਨੀਵਰਸਿਟੀ ਦੇ ਹਰਿਆਣਾ ਸਟਡੀਜ਼ ਕੇਂਦਰ ਦੇ ਸਾਬਕਾ ਡਾਇਰੈਕਟਰ ਡਾ. ਐਸ ਐਸ ਚਾਹਰ ਨੇ ਕਿਹਾ ਕਿ ਹਰਿਆਣਾ ਵਿੱਚ ਲੋਕ ਨਵੀਂ ਰਾਜਨੀਤਿਕ ਪਾਰਟੀ 'ਤੇ ਭਰੋਸਾ ਨਹੀਂ ਕਰਦੇ।
ਇਹ ਵੀ ਪੜ੍ਹੋ-
ਉਨ੍ਹਾਂ ਕਿਹਾ, "ਸਾਬਕਾ ਮੁੱਖ ਮੰਤਰੀ ਬੰਸੀ ਲਾਲ ਵੱਲੋਂ ਬਣਾਈ ਹਰਿਆਣਾ ਵਿਕਾਸ ਪਾਰਟੀ ਜਾਂ ਭਜਨ ਲਾਲ ਦੇ ਬੇਟਿਆਂ ਵੱਲੋਂ ਬਣਾਈ ਗਈ ਹਰਿਆਣਾ ਜਨਹਿਤ ਕਾਂਗਰਸ ਨੂੰ ਹੀ ਦੇਖ ਲਵੋ। ਦੋਵਾਂ ਨੂੰ ਵੋਟਰਾਂ ਵੱਲੋਂ ਕੋਈ ਖ਼ਾਸ ਹੁੰਗਾਰਾ ਨਹੀਂ ਮਿਲਿਆ।"
ਡਾ. ਚਾਹਰ ਨੇ ਕਿਹਾ ਕਿ ਇਹ ਅਜੇ ਚੌਟਾਲਾ ਅਤੇ ਉਨ੍ਹਾਂ ਦੇ ਬੇਟਿਆਂ ਲਈ ਸਖ਼ਤ ਚੁਣੌਤੀ ਹੈ। ਉਨ੍ਹਾਂ ਨੇ ਕਿਹਾ ਕਿ ਇਹ ਵੀ ਹੋ ਸਕਦਾ ਹੈ ਕਿ ਇਨੈਲੋ ਦੇ ਵਫ਼ਾਦਾਰ ਵਰਕਰ ਕਾਂਗਰਸ ਵੱਲ ਰੁਖ ਕਰ ਲੈਣ।
ਉਨ੍ਹਾਂ ਨੇ ਅੱਗੇ ਕਿਹਾ, "ਇਨੈਲੋ ਜਾਟ ਪ੍ਰਧਾਨ ਪਾਰਟੀ ਹੈ। ਚੌਟਾਲਾ ਭਰਾਵਾਂ ਦੀ ਲੜਾਈ ਵਿੱਚ ਹੋ ਸਕਦਾ ਹੈ ਵੋਟਰ ਜਾਟ ਨੇਤਾਵਾਂ ਭੁਪਿੰਦਰ ਸਿੰਘ ਹੁੱਡਾ ਜਾਂ ਰਣਦੀਪ ਸਿੰਘ ਸੁਰਜੇਵਾਲਾ ਵੱਲ ਰੁਖ਼ ਕਰ ਲੈਣ।"
ਸਿਆਸੀ ਮਾਹਰ ਸਤੀਸ਼ ਤਿਆਗੀ ਦਾ ਕਹਿਣਾ ਹੈ ਕਿ ਜਾਟ ਵੋਟਰਾਂ ਵਿੱਚ ਹਫੜਾ ਦਫੜੀ ਕਾਰਨ ਭਾਜਪਾ ਨੂੰ ਫਾਇਦਾ ਹੋ ਸਕਦਾ ਹੈ।
ਤਿਆਗੀ ਨੇ ਕਿਹਾ, "ਜਾਟ ਕਿਸੇ ਇੱਕ ਨੇਤਾ ਦੇ ਨਾਲ ਨਹੀਂ ਹੁੰਦੇ, ਸਗੋਂ ਸਭ ਤੋਂ ਤਾਕਤਵਰ ਨੇਤਾ ਦਾ ਸਾਥ ਦਿੰਦੇ ਹਨ। ਇਨੈਲੋ ਦੇ ਕਮਜ਼ੋਰ ਹੋਣ ਨਾਲ ਭਾਜਪਾ ਲਈ ਗ਼ੈਰ-ਜਾਟ ਵੋਟ ਆਪਣੇ ਵੱਲ ਕਰਨਾ ਸੌਖਾ ਹੋ ਜਾਵੇਗਾ।"
ਇਸ ਸਮੇਂ ਹਰਿਆਣਾ ਵਿਧਾਨ ਸਭਾ ਵਿੱਚ ਭਾਜਪਾ ਕੋਲ 47 ਸੀਟਾਂ ਹਨ, ਇਨੈਲੋ ਕੋਲ 19 ਅਤੇ ਕਾਂਗਰਸ ਕੋਲ 17 ਹਨ।