ਸੋਸ਼ਲ ਮੀਡੀਆ 'ਤੇ ‘ਮਜ਼ਾਕ’ ਕਾਰਨ ਜੇਲ੍ਹ ਜਾਣਾ ਪਿਆ

    • ਲੇਖਕ, ਸੌਤਿਕ ਬਿਸਵਾਸ
    • ਰੋਲ, ਬੀਬੀਸੀ ਪੱਤਰਕਾਰ

41 ਸਾਲ ਦਾ ਇੱਕ ਸ਼ਖ਼ਸ ਕਰੀਬ ਇੱਕ ਮਹੀਨੇ ਤੋਂ ਜੇਲ੍ਹ 'ਚ ਹੈ। ਇਸ ਦਾ ਕਾਰਨ ਹੈ ਉਸ ਸ਼ਖ਼ਸ ਵੱਲੋਂ ਕੀਤੇ ਗਏ ਪੰਜ ਵਿਅੰਗਾਤਮਕ ਟਵੀਟ।

ਸਤੰਬਰ 'ਚ ਅਭੀਜੀਤ ਅਈਅਰ-ਮਿਤਰਾ ਨੇ 13ਵੀਂ ਸਦੀ ਵਿੱਚ ਬਣੇ ਓਡੀਸ਼ਾ ਸਥਿਤ ਕੋਣਾਰਕ ਮੰਦਿਰ 'ਤੇ ਟਵੀਟ ਕੀਤਾ, ਜਿਸ ਨੂੰ 'ਇਤਰਾਜ਼ਯੋਗ' ਦੱਸਿਆ ਗਿਆ।

ਅਭੀਜੀਤ ਗਿੱਲੀ ਸਥਿਤ ਰੱਖਿਆ ਮਾਹਿਰ ਹਨ ਜਿਨ੍ਹਾਂ ਦੇ ਟਵਿੱਟਰ 'ਤੇ ਕਰੀਬ 20 ਹਜ਼ਾਰ ਫੌਲੋਅਰਜ਼ ਹਨ।

ਉਨ੍ਹਾਂ ਦੇ ਟਵੀਟਸ ਵਿੱਚ ਮੰਦਿਰ 'ਤੇ ਬਣੀ ਨਗਨ ਚਿੱਤਰਕਾਰੀ 'ਤੇ ਟਿੱਪਣੀਆਂ ਕੀਤੀਆਂ ਗਈਆਂ ਸਨ। ਉਨ੍ਹਾਂ ਨੇ ਚਿੱਤਰਕਾਰੀ ਨੂੰ 'ਅਸ਼ਲੀਲ' ਦੱਸਿਆ ਸੀ।

ਹਾਲਾਂਕਿ ਥੋੜ੍ਹੀ ਹੀ ਦੇਰ ਵਿੱਚ ਅਭੀਜੀਤ ਦੀ ਸਫਾਈ ਵੀ ਆ ਗਈ। ਉਨ੍ਹਾਂ ਨੇ ਕਿਹਾ ਕਿ ਉਹ ਇੱਕ ਮਜ਼ਾਕ ਸੀ ਅਤੇ ਫਿਰ ਅਭੀਜੀਤ ਨੇ ਉਸ ਚਿੱਤਰਕਾਰੀ ਨੂੰ ਸ਼ਾਨਦਾਰ ਦੱਸਿਆ।

ਇਸ ਤੋਂ ਪਹਿਲਾਂ ਅਭੀਜੀਤ ਨੇ ਟਵੀਟਸ ਰਾਹੀਂ ਓਡੀਸ਼ਾ ਦੇ ਲੋਕਾਂ 'ਤੇ ਵੀ ਟਿੱਪਣੀ ਕੀਤੀ ਸੀ, ਜਿਸ ਤੋਂ ਬਾਅਦ ਦੋ ਸਥਾਨਕ ਲੋਕਾਂ ਨੇ ਉਨ੍ਹਾਂ ਦੇ ਖ਼ਿਲਾਫ਼ ਪੁਲਿਸ ਕੋਲ ਸ਼ਿਕਾਇਤ ਕੀਤੀ।

ਇਹ ਵੀ ਪੜ੍ਹੋ-

ਸ਼ਿਕਾਇਤਕਰਤਾ ਨੇ ਇਲਜ਼ਾਮ ਲਗਾਇਆ ਕਿ ਅਭੀਜੀਤ ਦੇ ਟਵੀਟਸ ਨਾਲ ਇਤਿਹਾਸਕ ਮੰਦਿਰਾਂ ਲਈ ਮਸ਼ਹੂਰ ਓਡੀਸ਼ਾ ਦੇ ਚਾਰ ਕਰੋੜ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ।

ਹਾਲਾਂਕਿ ਅਭੀਜੀਤ ਦੇ ਟਵੀਟਸ 'ਤੇ ਲੋਕਾਂ ਵੱਲੋਂ ਕੋਈ ਵਿਰੋਧ ਪ੍ਰਦਰਸ਼ਨ ਨਹੀਂ ਹੋਏ। ਉਨ੍ਹਾਂ ਦੇ 'ਇਤਰਾਜ਼ਯੋਗ' ਕਹੇ ਜਾ ਰਹੇ ਟਵੀਟਸ ਵਿਚੋਂ ਇੱਕ ਨੂੰ ਕੇਵਲ 7 ਲਾਈਕਜ਼ ਅਤੇ ਇੱਕ ਰਿਟਵੀਟ ਮਿਲਿਆ ਹੈ।

ਕਈ ਮੁਕਦਮੇ ਹੋਏ ਦਰਜ

ਬੇਸ਼ੱਕ ਅਭੀਜੀਤ ਦੇ ਟਵੀਵਸ 'ਤੇ ਬਹੁਤਾ ਰੌਲਾ ਨਾ ਪਿਆ ਹੋਵੇ ਪਰ ਪੁਲਿਸ ਨੇ ਉਨ੍ਹਾਂ ਦੇ ਖ਼ਿਲਾਫ਼ ਕਈ ਮਾਮਲੇ ਦਰਜ ਕਰ ਲਏ ਅਤੇ ਉਹ 23 ਅਕਤੂਬਰ ਤੋਂ ਜੇਲ੍ਹ ਵਿੱਚ ਹਨ।

  • ਉਨ੍ਹਾਂ 'ਤੇ ਧਰਮ ਅਤੇ ਜਾਤੀ ਦੇ ਨਾਮ 'ਤੇ ਦੋ ਵੱਖ-ਵੱਖ ਸਮੂਹਾਂ ਵਿਚਾਲੇ ਵੈਰ ਫੈਲਾਉਣ ਦਾ ਇਲਜ਼ਾਮ ਹੈ
  • ਧਾਰਮਿਕ ਭਾਵਨਾਵਾਂ ਨੂੰ ਠੇਸ ਅਤੇ ਫਿਰਕੂ ਹਿੰਸਾ ਭੜਕਾਉਣ ਲਈ ਮਾਹੌਲ ਤਿਆਰ ਕਰਨ ਦਾ ਇਲਜ਼ਾਮ ਹੈ
  • ਅਈਅਰ-ਮਿਤਰਾ 'ਤੇ ਜਨਤਕ ਥਾਵਾਂ 'ਤੇ ਅਸ਼ਲੀਲਤਾ ਫੈਲਾਉਣ ਦਾ ਇਲਜ਼ਾਲ ਹੈ
  • ਇਸ ਤੋਂ ਇਲਾਵਾ ਪ੍ਰਾਚੀਨ ਯਾਦਗਾਰ ਸੁਰੱਖਿਆ ਕਾਨੂੰਨ ਤਹਿਤ ਉਨ੍ਹਾਂ 'ਤੇ ਕੋਣਾਰਕ ਮੰਦਿਰ ਦਾ ਗ਼ਲਤ ਇਸਤੇਮਾਲ ਕਰਨ ਦੇ ਇਲਜ਼ਾਮ ਵੀ ਲਗਾਏ ਗਏ ਹਨ।
  • ਇਸ ਦੇ ਨਾਲ ਹੀ ਉਨ੍ਹਾਂ ਨੂੰ ਸੂਚਨਾ ਅਤੇ ਤਕਨੀਕੀ ਕਾਨੂੰਨ ਤਹਿਤ ਇਤਰਾਜ਼ਯੋਗ ਸੰਦੇਸ਼ ਭੇਜਣ ਦਾ ਦੋਸ਼ੀ ਵੀ ਠਹਿਰਾਇਆ ਗਿਆ ਹੈ।
  • ਅਭੀਜੀਤ 'ਤੇ ਅੰਗਰੇਜ਼ਾਂ ਦੇ ਜ਼ਮਾਨੇ ਦਾ ਵਿਵਾਦਿਤ ਮਾਣਹਾਨੀ ਕਾਨੂੰਨ ਦਾ ਵੀ ਇਸਤੇਮਾਲ ਕੀਤਾ ਗਿਆ ਹੈ।

ਇਨ੍ਹਾਂ ਸਾਰੇ ਇਲਜ਼ਾਮਾਂ ਵਿੱਚ ਘੱਟੋ-ਘੱਟ ਦੋ ਗ਼ੈਰ-ਜ਼ਮਾਨਤੀ ਹਨ ਅਤੇ ਜੇਕਰ ਅਈਅਰ ਮਿਤਰਾ ਦੋਸ਼ੀ ਕਰਾਰ ਦਿੱਤੇ ਜਾਂਦੇ ਹਨ ਤਾਂ ਉਨ੍ਹਾਂ ਪੰਜ ਸਾਲ ਦੀ ਜੇਲ੍ਹ ਹੋ ਸਕਦੀ ਹੈ।

ਅਈਅਰ ਦੀ ਮੁਆਫ਼ੀ

ਅਈਅਰ ਮਿਤਰਾ ਨੇ ਵੈਸੇ ਆਪਣੇ ਟਵੀਟ ਵਿੱਚ ਪਹਿਲਾਂ ਹੀ ਮੁਆਫ਼ੀ ਮੰਗ ਲਈ ਹੈ।

ਉਨ੍ਹਾਂ ਨੇ ਓਡੀਸ਼ਾ ਵਿੱਚ ਅਦਾਲਤ ਦੇ ਸਾਹਮਣੇ ਕਿਹਾ ਹੈ, "ਮੈਂ ਆਪਣੀ ਬੇਵਕੂਫ਼ੀ ਲਈ ਮੁਆਫ਼ੀ ਮੰਗਦਾ ਹਾਂ।"

ਹਾਲਾਂਕਿ ਇਸ ਮੁਆਫ਼ੀਨਾਮੇ ਤੋਂ ਬਾਅਦ ਵੀ ਜ਼ਮਾਨਤ ਨਹੀਂ ਮਿਲੀ। ਹੇਠਲੀ ਅਦਾਲਤ ਪੈਰਵੀਕਾਰ ਦੀ ਇਸ ਦਲੀਲ ਤੋਂ ਸਹਿਮਤ ਦਿੱਖੀ ਕਿ ਜ਼ਮਾਨਤ 'ਤੇ ਅਭੀਜੀਤ ਗਵਾਹਾਂ ਨੂੰ ਪਰੇਸ਼ਾਨ ਕਰ ਸਕਦੇ ਹਨ ਜਾਂ ਸਬੂਤਾਂ ਨਾਲ ਛੇੜਛਾੜ ਕਰ ਸਕਦੇ ਹਨ।

ਹੇਠਲੀ ਅਦਾਲਤ ਨੇ ਅਭੀਜੀਤ ਦੀ ਜ਼ਮਾਨਤ ਅਰਜ਼ੀ ਦੋ ਵਾਰ ਨਾਮਨਜ਼ੂਰ ਕਰ ਦਿੱਤੀ ਅਤੇ ਇੱਥੋਂ ਤੱਕ ਕਿ ਸੁਪਰੀਮ ਕੋਰਟ ਨੇ ਵੀ ਉਨ੍ਹਾਂ ਦੀ ਜ਼ਮਾਨਤ ਅਰਜ਼ੀ ਨੂੰ ਖਾਰਜ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ।

ਇਸ ਮਾਮਲੇ ਵਿੱਚ ਅਭੀਜੀਤ ਲਈ ਹਾਲਾਤ ਉਦੋਂ ਹੋਰ ਜ਼ਿਆਦਾ ਖ਼ਰਾਬ ਹੋ ਗਏ ਜਦੋਂ ਓਡੀਸ਼ਾ 'ਚ ਵਕੀਲਾਂ ਦੀ 78 ਦਿਨ ਲੰਬੀ ਹੜਤਾਲ ਹੋ ਗਈ।

ਮਾਮਲੇ ਦਾ ਸਿਆਸੀਕਰਨ

ਹੌਲੀ-ਹੌਲੀ ਇਸ ਪੂਰੇ ਮਾਮਲੇ 'ਤੇ ਸਿਆਸਤ ਵੀ ਸ਼ੁਰੂ ਹੋ ਗਈ ਹੈ। ਦਰਅਸਲ ਅਭੀਜੀਤ ਨੇ ਜਦੋਂ ਕੋਣਾਰਕ ਮੰਦਿਰ ਦਾ ਵੀਡੀਓ ਬਣਾਇਆ ਸੀ ਤਾਂ ਉਹ ਇੱਕ ਸਾਬਕਾ ਸੰਸਦ ਮੈਂਬਰ ਬੈਜਨਾਥ 'ਜੈ' ਪਾਂਡਾ ਦੇ ਘਰ ਮਹਿਮਾਨ ਸਨ।

ਪਾਂਡਾ ਨੂੰ ਓਡੀਸ਼ਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਦੀ ਪਾਰਟੀ ਤੋਂ ਬਾਹਰ ਕੱਢਿਆ ਗਿਆ ਸੀ। ਅਜਿਹਾ ਮੰਨਿਆ ਜਾਂਦਾ ਹੈ ਕਿ ਹੁਣ ਨਵੀਨ ਪਟਨਾਇਕ ਇਸ ਮਾਮਲਾ ਰਾਹੀਂ ਪਾਂਡਾ ਦੀ ਪਰੇਸ਼ਾਨੀ ਵਧਾ ਸਕਦੇ ਹਨ।

ਇਹ ਵੀ ਪੜ੍ਹੋ:-

ਪਹਿਲਾਂ ਵੀ ਕਰ ਚੁੱਕੇ ਹਨ ਭੜਕਾਊ ਟਵੀਟ

ਅਭੀਜੀਤ ਇੰਸਟੀਟਿਊਟ ਆਫ ਪੀਸ ਐਂਡ ਕਨਫਲਿਕਟ ਸਟੱਡੀਜ਼ 'ਚ ਕੰਮ ਕਰਦੇ ਹਨ। ਉਹ ਸੋਸ਼ਲ ਮੀਡੀਆ 'ਤੇ ਠੀਕ-ਠਾਕ ਸਰਗਰਮ ਰਹਿੰਦੇ ਹਨ।

ਉਨ੍ਹਾਂ ਨੂੰ ਨੇੜੇਓਂ ਜਾਨਣ ਵਾਲੇ ਇੱਕ ਖੋਜਕਾਰੀ ਨੇ ਦੱਸਿਆ ਕਿ ਉਹ ਅਕਸਰ ਭੜਕਾਊ ਗੱਲਾਂ ਕਰਦੇ ਰਹਿੰਦੇ ਹਨ ਅਤੇ ਇਸ ਨੂੰ ਕਦੇ ਲੁਕਾਉਂਦੇ ਵੀ ਨਹੀਂ ਹਨ, ਹਲਾਂਕਿ ਉਨ੍ਹਾਂ ਦੀਆਂ ਗੱਲਾਂ ਕਈ ਵਾਰ ਸਹੀ ਤੇ ਕਈ ਵਾਰ ਗ਼ਲਤ ਵੀ ਹੁੰਦੀਆਂ ਹਨ।

ਬੇਸ਼ੱਕ ਅਭੀਜੀਤ ਇਸ ਵੇਲੇ ਆਪਣੇ ਟਵੀਟ ਕਾਰਨ ਜੇਲ੍ਹ 'ਚ ਹਨ ਪਰ ਇਸੇ ਸਾਲ ਦੀ ਸ਼ੁਰੂਆਤ ਵਿੱਚ ਉਨ੍ਹਾਂ ਨੇ ਟਵੀਟ ਕੀਤਾ ਸੀ, ਜਿਸ ਵਿੱਚ ਉਨ੍ਹਾਂ ਨੇ ਲਿਖਿਆ ਸੀ ਕਿ ਅਮਰੀਕੀ ਇਤਿਹਾਸਕਾਰ ਆਡਰੀ ਟਰੁਸ਼ਕੀ 'ਤੇ ਅਪਰਾਧਿਕ ਮਾਮਲਾ ਦਰਜ ਹੋਣਾ ਚਾਹੀਦਾ ਹੈ ਕਿਉਂਕਿ ਉਨ੍ਹਾਂ ਨੇ ਹਿੰਦੂ ਦੇਵੀ-ਦੇਵਤਾਵਾਂ ਦਾ ਅਪਮਾਨ ਕੀਤਾ ਹੈ ਅਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ।

ਉੱਥੇ ਹੀ ਅਭੀਜੀਤ ਮਨੁਖੀ ਅਧਿਕਾਰ ਵਰਕਰ ਅਤੇ ਵੱਖਵਾਦੀਆਂ ਨੂੰ ਜੇਲ੍ਹ ਵਿੱਚ ਪਾਉਣ ਸਬੰਧੀ ਟਵੀਟ ਵੀ ਕਰਦੇ ਰਹੇ ਹਨ।

ਖ਼ੈਰ ਅਈਅਰ ਮਿਤਰਾ ਦੀ ਗ੍ਰਿਫ਼ਤਾਰੀ 'ਤੇ ਕਈ ਲੋਕਾਂ ਦਾ ਮਤ ਹੈ ਕਿ ਟਵਿੱਟਰ 'ਤੇ ਮਜ਼ਾਕੀਆ ਅੰਦਾਜ਼ ਵਿੱਚ ਕੁਝ ਲਿਖਣ 'ਤੇ ਜੇਕਰ ਜੇਲ੍ਹ ਭੇਜਿਆ ਜਾਵੇ ਤਾਂ ਇਹ ਬੋਲਣ ਦੀ ਆਜ਼ਾਦੀ 'ਤੇ ਪਹਿਰਾ ਹੈ।

ਐਮਨੈਸਟੀ ਇੰਡੀਆ ਨੇ ਟਵੀਟ ਕੀਤਾ ਹੈ ਕਿ ਸਰਕਾਰ ਨੂੰ ਅਭੀਜੀਤ ਨੂੰ ਜ਼ਮਾਨਤ ਦੇ ਦੇਣੀ ਚਾਹੀਦੀ ਹੈ।

ਉੱਥੇ ਹੀ ਪੱਤਰਕਾਰ ਕੰਚਨ ਗੁਪਤਾ ਨੇ ਟਵੀਟ ਕੀਤਾ ਹੈ ਕਿ ਅਭੀਜੀਤ ਦੀ ਗ੍ਰਿਫ਼ਤਾਰੀ ਸਾਬਿਤ ਕਰਦੀ ਹੈ ਕਿ ਭਾਰਤ ਵਿੱਤ ਆਜ਼ਾਦੀ ਖ਼ਤਰੇ ਵਿੱਚ ਹੈ।

ਅਭੀਜੀਤ ਦੀ ਉਨ੍ਹਾਂ ਦੇ ਮਜ਼ਾਕੀਆ ਟਵੀਟ ਕਰਕੇ ਹੋਈ ਗ੍ਰਿਫ਼ਤਾਰੀ ਸੰਕੇਤ ਹੈ ਕਿ ਭਾਰਤ 'ਚ ਬੋਲਣ ਦੀ ਆਜ਼ਾਦੀ 'ਤੇ ਖ਼ਤਰਾ ਵਧਣ ਲੱਗਾ ਹੈ।

ਇਸ ਤੋਂ ਪਹਿਲਾਂ ਵੀ ਕੁਝ ਪੱਤਰਕਾਰਾਂ ਦੀਆਂ ਗ੍ਰਿਫ਼ਤਾਰੀਆਂ ਹੋਈਆਂ ਹਨ। ਆਜ਼ਾਦ ਮੀਡੀਆ 'ਤੇ ਹਮਲੇ ਹੋਏ ਹਨ, ਕਈ ਮੌਕਿਆਂ 'ਤੇ ਇੰਟਰਨੈੱਟ ਬੰਦ ਕਰ ਦਿੱਤੇ ਜਾਂਦੇ ਹਨ।

ਇਹ ਸਾਲ 1950 ਦੇ ਸੋਵੀਅਤ ਯੂਨੀਅਨ ਵਰਗੇ ਹਾਲਾਤ ਦਰਸਾਉਂਦੇ ਹਨ ਜਦੋਂ ਉੱਥੇ ਇੱਕ ਅਧਿਆਪਕ ਨੂੰ ਚੁਟਕਲਾ ਸੁਣਾਉਣ ਕਰਕੇ ਜੇਲ੍ਹ ਭੇਜ ਦਿੱਤਾ ਗਿਆ ਸੀ।

ਇਹ ਵੀ ਪੜ੍ਹੋ-

ਇਹ ਵੀਡੀਓ ਵੀ ਜ਼ਰੂਰ ਦੇਖੋ-

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)