ਕੀ ਦੁਨੀਆਂ ਤੋਂ ਧਰਮ ਅਤੇ ਧਰਮ ਨੂੰ ਮੰਨਣ ਵਾਲੇ ਗਾਇਬ ਹੋ ਜਾਣਗੇ?

    • ਲੇਖਕ, ਰੇਸ਼ਲ ਨੁਵੇਰ
    • ਰੋਲ, ਵਿਗਿਆਨ ਪੱਤਰਕਾਰ

ਦੁਨੀਆਂ ਭਰ ਵਿੱਚ ਨਾਸਤਿਕਤਾ ਵਧ ਰਹੀ ਹੈ, ਤਾਂ ਕੀ ਧਾਰਮਿਕ ਹੋਣਾ ਅਤੀਤ ਦੀ ਗੱਲ ਹੋ ਜਾਵੇਗੀ? ਇਸ ਸਵਾਲ ਦਾ ਜਵਾਬ ਮੁਸ਼ਕਿਲ ਨਹੀਂ, ਬਹੁਤ-ਬਹੁਤ ਮੁਸ਼ਕਿਲ ਹੈ।

ਕੈਲੀਫੋਰਨੀਆ ਵਿੱਚ ਕਲੇਰਮੋਂਟ ਦੇ ਪਿਟਜ਼ਰ ਕਾਲਜ ਵਿੱਚ ਸਮਾਜਿਕ ਵਿਗਿਆਨ ਦੇ ਪ੍ਰੋਫ਼ੈਸਰ ਫਿਲ ਜ਼ਕਰਮੈਨ ਕਹਿੰਦੇ ਹਨ, "ਇਸ ਸਮੇਂ ਦੁਨੀਆਂ ਵਿੱਚ ਪਹਿਲਾਂ ਦੇ ਮੁਕਾਬਲੇ ਨਾਸਤਿਕਾਂ ਦੀ ਗਿਣਤੀ ਵਧੀ ਹੈ ਅਤੇ ਇਨਸਾਨਾਂ ਵਿੱਚ ਇਨ੍ਹਾਂ ਦਾ ਅੰਕੜਾ ਵੀ ਵਧ ਗਿਆ ਹੈ।"

ਇਹ ਵੀ ਪੜ੍ਹੋ:

ਇਹ ਤੱਥ ਗੈਲਪ ਇੰਟਰਨੈਸ਼ਨਲ ਦੇ ਸਰਵੇਖਣ ਵਿੱਚ ਸਾਹਮਣੇ ਆਇਆ ਹੈ। ਗੈਲਪ ਇੰਟਰਨੈਸ਼ਨਲ ਦੇ ਸਰਵੇਖਣ ਵਿੱਚ 57 ਦੇਸਾਂ 'ਚ 50,000 ਤੋਂ ਵੱਧ ਲੋਕਾਂ ਨੂੰ ਸ਼ਾਮਲ ਕੀਤਾ ਗਿਆ।

ਨਾਸਤਿਕਾਂ ਦੀ ਗਿਣਤੀ

ਸਰਵੇਖਣ ਮੁਤਾਬਕ 2005 ਤੋਂ 2011 ਦੌਰਾਨ ਧਰਮ ਨੂੰ ਮੰਨਣ ਵਾਲੇ ਲੋਕਾਂ ਦੀ ਤਾਦਾਦ 77 ਫ਼ੀਸਦ ਤੋਂ ਘਟ ਕੇ 68 ਫ਼ੀਸਦ ਰਹਿ ਗਈ ਹੈ, ਜਦਕਿ ਖ਼ੁਦ ਨੂੰ ਨਾਸਤਿਕ ਦੱਸਣ ਵਾਲਿਆਂ ਦੀ ਗਿਣਤੀ ਵਿੱਚ ਤਿੰਨ ਫ਼ੀਸਦ ਦਾ ਵਾਧਾ ਹੋਇਆ ਹੈ।

ਇਸ ਤਰ੍ਹਾਂ ਦੁਨੀਆਂ ਵਿੱਚ ਨਾਸਤਿਕਾਂ ਦਾ ਅੰਕੜਾ ਵਧ ਕੇ 13 ਫ਼ੀਸਦ ਤੱਕ ਪਹੁੰਚ ਗਿਆ ਹੈ।

ਜੇਕਰ ਨਾਸਤਿਕਾਂ ਦੀ ਗਿਣਤੀ ਵਿੱਚ ਵਾਧੇ ਦਾ ਸਿਲਸਿਲਾ ਇਸੇ ਤਰ੍ਹਾਂ ਜਾਰੀ ਰਿਹਾ ਤਾਂ ਕੀ ਕਿਸੇ ਦਿਨ ਧਰਮ ਪੂਰੀ ਤਰ੍ਹਾਂ ਗਾਇਬ ਹੋ ਜਾਵੇਗਾ?

ਸੁਰੱਖਿਆ ਦਾ ਅਹਿਸਾਸ

ਧਰਮ ਦਾ ਮੁੱਖ ਆਕਰਸ਼ਣ ਹੈ ਕਿ ਇਹ ਭਟਕੀ ਦੁਨੀਆਂ ਵਿੱਚ ਸੁਰੱਖਿਆ ਦਾ ਅਹਿਸਾਸ ਦਿਵਾਉਂਦਾ ਹੈ।

ਇਸ ਲਈ ਹੈਰਾਨੀ ਨਹੀਂ ਹੋਣੀ ਚਾਹੀਦੀ ਕਿ ਨਾਸਤਿਕਾਂ ਦੀ ਗਿਣਤੀ ਵਿੱਚ ਸਭ ਤੋਂ ਵੱਧ ਵਾਧਾ ਉਨ੍ਹਾਂ ਦੇਸਾਂ ਵਿੱਚ ਹੋਇਆ ਹੈ ਜਿਹੜੇ ਆਪਣੇ ਨਾਗਰਿਕਾਂ ਨੂੰ ਆਰਥਿਕ, ਸਿਆਸੀ ਅਤੇ ਹੋਂਦ ਦੀ ਵਾਧੂ ਸੁਰੱਖਿਆ ਦਿੰਦੇ ਹਨ।

ਜਪਾਨ, ਕੈਨੇਡਾ, ਬ੍ਰਿਟੇਨ, ਦੱਖਣੀ ਕੋਰੀਆ, ਨੀਦਰਲੈਂਡਜ਼, ਚੈੱਕ ਗਣਰਾਜ, ਅਸਤੋਨੀਆ, ਜਰਮਨੀ, ਫਰਾਂਸ, ਉਰਗੂਵੇ ਅਜਿਹੇ ਦੇਸ ਹਨ ਜਿੱਥੇ 100 ਸਾਲ ਪਹਿਲਾਂ ਤੱਕ ਧਰਮ ਮਹੱਤਵਪੂਰਨ ਹੁੰਦਾ ਸੀ, ਪਰ ਹੁਣ ਇਨ੍ਹਾਂ ਦੇਸਾਂ ਵਿੱਚ ਰੱਬ ਨੂੰ ਮੰਨਣ ਵਾਲਿਆਂ ਦੀ ਗਿਣਤੀ ਸਭ ਤੋਂ ਘੱਟ ਹੈ।

ਇਨ੍ਹਾਂ ਦੇਸਾਂ ਵਿੱਚ ਸਿੱਖਿਆ ਅਤੇ ਸਮਾਜਿਕ ਸੁਰੱਖਿਆ ਪ੍ਰਬੰਧ ਕਾਫ਼ੀ ਮਜ਼ਬੂਤ ਹਨ। ਅਸਮਾਨਤਾ ਘੱਟ ਹੈ ਅਤੇ ਲੋਕ ਕਾਫ਼ੀ ਪੈਸੇ ਵਾਲੇ ਹਨ।

ਨਿਊਜ਼ੀਲੈਂਡ ਅਤੇ ਆਕਲੈਂਡ ਯੂਨੀਵਰਸਟੀ ਦੇ ਮਨੋਵਿਗਿਆਨੀ ਕਵੈਂਟਿਨ ਐਟਕਿਨਸਨ ਕਹਿੰਦੇ ਹਨ, "ਅਸਲ ਵਿੱਚ, ਲੋਕਾਂ ਵਿੱਚ ਇਸ ਗੱਲ ਦਾ ਡਰ ਘਟਿਆ ਹੈ ਕਿ ਉਨ੍ਹਾਂ 'ਤੇ ਕੀ ਬੀਤ ਸਕਦੀ ਹੈ।"

ਪਰ ਧਰਮ ਵਿੱਚ ਵਿਸ਼ਵਾਸ ਉਨ੍ਹਾਂ ਸਮਾਜਾਂ ਅਤੇ ਦੇਸਾਂ ਵਿੱਚ ਵੀ ਘੱਟ ਹੋਇਆ ਹੈ ਜਿਨ੍ਹਾਂ ਵਿੱਚ ਕਾਫ਼ੀ ਧਾਰਮਿਕ ਲੋਕ ਹਨ ਜਿਵੇਂ ਬ੍ਰਾਜ਼ੀਲ, ਜਮੈਕਾ ਅਤੇ ਆਇਰਲੈਂਡ।

ਪ੍ਰੋਫ਼ੈਸਰ ਫਿਲ ਜ਼ਕਰਮੈਨ ਕਹਿੰਦੇ ਹਨ, "ਦੁਨੀਆਂ ਵਿੱਚ ਬਹੁਤ ਘੱਟ ਸਮਾਜ ਹਨ ਜਿੱਥੇ ਪਿਛਲੇ 40-50 ਸਾਲ ਦੇ ਮੁਕਾਬਲੇ ਧਰਮ 'ਚ ਵਿਸ਼ਵਾਸ ਵਧਿਆ ਹੈ। ਇੱਕ ਅੰਦਾਜ਼ਾ ਹੋ ਸਕਦਾ ਹੈ ਪਰ ਸਹੀ ਪਤਾ ਲਗਾਉਣਾ ਮੁਸ਼ਕਿਲ ਹੈ ਕਿਉਂਕਿ ਧਰਮ ਨਿਰਪੱਖ ਲੋਕ ਆਪਣੇ ਵਿਚਾਰ ਲੁਕਾ ਵੀ ਰਹੇ ਹੋ ਸਕਦੇ ਹਨ।''

ਇਹ ਵੀ ਪੜ੍ਹੋ:

ਵੈਨਕੁਵਰ ਸਥਿਤ ਬ੍ਰਿਟਿਸ਼ ਕੋਲੰਬੀਆ ਯੂਨੀਵਰਸਟੀ ਦੇ ਸਮਾਜਿਕ ਮਨੋਵਿਗਿਆਨੀ ਅਰਾ ਨੋਰੇਨਜ਼ਾਇਨ ਕਹਿੰਦੇ ਹਨ, "ਧਰਮ ਪ੍ਰਤੀ ਵਿਸ਼ਵਾਸ ਵਿੱਚ ਕਮੀ ਦਾ ਮਤਲਬ ਇਸਦਾ ਗਾਇਬ ਹੋ ਜਾਣਾ ਨਹੀਂ ਹੈ।"

ਦੁਖ ਵਧੇਗਾ

ਆਉਣ ਵਾਲੇ ਸਾਲਾਂ ਵਿੱਚ ਜਿਵੇਂ-ਜਿਵੇਂ ਜਲਵਾਯੂ ਪਰਿਵਰਤਨ ਦਾ ਸੰਕਟ ਵਧੇਗਾ ਅਤੇ ਕੁਦਰਤੀ ਸਰੋਤਾਂ ਵਿੱਚ ਕਮੀ ਆਵੇਗੀ, ਪੀੜਤਾਂ ਦੀ ਗਿਣਤੀ ਵਧੇਗੀ ਅਤੇ ਧਾਰਮਿਕ ਭਾਵਨਾ ਵਿੱਚ ਇਜ਼ਾਫ਼ਾ ਹੋ ਸਕਦਾ ਹੈ।

ਨੋਰੇਨਜ਼ਾਇਨ ਕਹਿੰਦੇ ਹਨ, "ਲੋਕ ਦੁੱਖ ਤੋਂ ਬਚਣਾ ਚਾਹੁੰਦੇ ਹਨ, ਪਰ ਜੇਕਰ ਉਹ ਇਸ ਤੋਂ ਬਾਹਰ ਨਹੀਂ ਨਿਕਲ ਸਕਦੇ ਤਾਂ ਉਹ ਇਸਦਾ ਮਤਲਬ ਲੱਭਣਾ ਚਾਹੁੰਦੇ ਹਨ।"

ਉਹ ਕਹਿੰਦੇ ਹਨ ਕਿ ਜੇਕਰ ਦੁਨੀਆਂ ਦੀਆਂ ਪ੍ਰੇਸ਼ਾਨੀਆਂ ਕਿਸੇ ਚਮਤਕਾਰ ਨਾਲ ਹੱਲ ਹੋ ਜਾਣ ਅਤੇ ਅਸੀਂ ਸਾਰੇ ਸ਼ਾਂਤੀਪੂਰਨ ਤਰੀਕੇ ਨਾਲ ਜ਼ਿੰਦਗੀ ਬਤੀਤ ਕਰਨ, ਤਾਂ ਵੀ ਧਰਮ ਸਾਡੇ ਆਲੇ-ਦੁਆਲੇ ਰਹੇਗਾ।

ਦੋਹਰਾ ਪ੍ਰਬੰਧ

ਇਸ ਨੂੰ ਜਾਨਣ ਲਈ ਦੋਹਰੀ ਪ੍ਰਕਿਰਿਆ ਸਿਧਾਂਤ ਨੂੰ ਸਮਝਣ ਦੀ ਲੋੜ ਹੈ। ਇਹ ਮਨੋਵਿਗਿਆਨੀ ਵਿਸ਼ਾ ਦੱਸਦਾ ਹੈ ਕਿ ਬੁਨਿਆਦੀ ਰੂਪ ਨਾਲ ਸਾਡੇ ਦੋ ਵਿਚਾਰ ਸਿਸਟਮ ਹਨ। ਸਿਸਟਮ ਇੱਕ ਅਤੇ ਸਿਸਟਮ ਦੋ।

ਸਿਸਟਮ ਦੋ ਹਾਲ ਹੀ ਵਿੱਚ ਵਿਕਸਿਤ ਹੋਇਆ ਹੈ। ਇਹ ਸਾਡੇ ਦਿਮਾਗ ਦੀ ਆਵਾਜ਼ ਹੈ-ਇਹ ਸਾਡੇ ਦਿਮਾਗ ਵਿੱਚ ਵਾਰ-ਵਾਰ ਗੂੰਜਦੀ ਹੈ ਅਤੇ ਕਦੇ ਚੁੱਪ ਹੁੰਦੀ ਹੈ-ਜਿਹੜੀ ਸਾਨੂੰ ਯੋਜਨਾ ਬਣਾਉਣ ਅਤੇ ਦਾਰਸ਼ਨਿਕ ਰੂਪ ਤੋਂ ਸੋਚਣ ਲਈ ਮਜਬੂਰ ਕਰਦਾ ਹੈ।

ਦੂਜੇ ਪਾਸੇ ਸਿਸਟਮ ਇੱਕ, ਸਹਿਜ, ਸੁਭਾਵਿਕ ਅਤੇ ਆਟੋਮੈਟਿਕ ਹੈ। ਇਹ ਚੀਜ਼ਾਂ ਇਨਸਾਨਾਂ ਵਿੱਚ ਨਿਯਮਿਤ ਰੂਪ ਨਾਲ ਵਿਕਸਿਤ ਹੁੰਦੀਆਂ ਰਹਿੰਦੀਆਂ ਹਨ, ਇਸ ਨਾਲ ਫਰਕ ਨਹੀਂ ਪੈਂਦਾ ਕਿ ਇਨਸਾਨ ਕਿੱਥੇ ਪੈਦਾ ਹੋਇਆ ਹੈ।

ਸਿਸਟਮ ਇੱਕ, ਬਿਨਾਂ ਸੋਚੇ ਸਾਨੂੰ ਵਾਧੂ ਕੋਸ਼ਿਸ਼ ਤੋਂ ਆਪਣੀ ਮੂਲ ਭਾਸ਼ਾ ਵਿੱਚ ਗੱਲ ਕਰਨ ਦਿੰਦਾ ਹੈ, ਬੱਚਿਆਂ ਨੂੰ ਮਾਤਾ-ਪਿਤਾ ਦੀ ਪਛਾਣ ਕਰਵਾਉਣ ਅਤੇ ਸੰਜੀਵ ਤੇ ਨਿਰਜੀਵ ਵਸਤੂਆਂ ਵਿਚਾਲੇ ਭੇਦ ਰੱਖਣ ਦੀ ਤਾਕਤ ਦਿੰਦਾ ਹੈ।

ਧਰਮ ਤੋਂ ਛੁਟਕਾਰਾ

ਨਾਸਤਿਕਾਂ ਨੂੰ ਨਾਸਤਿਕ ਬਣਨ ਜਾਂ ਬਣੇ ਰਹਿਣ ਲਈ ਬਹੁਤ ਸਾਰੇ ਸੱਭਿਆਤਾਰਕ ਅਤੇ ਮਨੁੱਖੀ ਵਿਕਾਸ ਨਾਲ ਜੁੜੇ ਬੰਧਨਾਂ ਖ਼ਿਲਾਫ਼ ਲੜਨਾ ਪੈਂਦਾ ਹੈ। ਇਨਸਾਨ ਸੁਭਾਵਿਕ ਤੌਰ 'ਤੇ ਇਹ ਮੰਨਣਾ ਚਾਹੁੰਦੇ ਹਨ ਕਿ ਉਹ ਕਿਸੇ ਵੱਡੀ ਤਸਵੀਰ ਦਾ ਹਿੱਸਾ ਹਨ ਅਤੇ ਜੀਵਨ ਪੂਰੀ ਤਰ੍ਹਾਂ ਬੇਅਰਥ ਨਹੀਂ ਹੈ।

ਸਾਡਾ ਮਨ, ਉਦੇਸ਼ ਅਤੇ ਸਪੱਸ਼ਟੀਕਰਨ ਦੇ ਲਈ ਉਤਸੁਕ ਰਹਿੰਦਾ ਹੈ।

'ਬੌਰਨ ਬੀਲੀਵਰਸ' ਦੇ ਲੇਖਕ ਜਸਟਿਨ ਬੈਰੇਟ ਕਹਿੰਦੇ ਹਨ, "ਇਸ ਗੱਲ ਦੇ ਨਤੀਜੇ ਹਨ ਕਿ ਧਾਰਮਿਕ ਵਿਚਾਰਾਂ ਨੂੰ ਅਪਨਾਉਣਾ ਮਨੁੱਖ ਲਈ -ਪਾਥ ਆਫ਼ ਲੀਸਟ ਰਜ਼ਿਸਟੈਂਸ-ਯਾਨਿ ਸਭ ਤੋਂ ਘੱਟ ਬਚਾਅ ਦਾ ਰਸਤਾ ਹੁੰਦਾ ਹੈ। ਧਰਮ ਤੋਂ ਛੁਟਕਾਰਾ ਪਾਉਣ ਲਈ ਤੁਹਾਨੂੰ ਮਨੁੱਖਤਾ ਵਿੱਚ ਸ਼ਾਇਦ ਕੁਝ ਮੂਲਭੂਤ ਬਦਲਾਅ ਕਰਨੇ ਹੋਣਗੇ।"

ਈਸ਼ਵਰ ਪ੍ਰਤੀ ਆਸਥਾ ਦੀ ਗੱਲ ਕਰੀਏ ਤਾਂ ਹਾਲਾਂਕਿ 20 ਫ਼ੀਸਦ ਅਮਰੀਕੀ ਕਿਸੇ ਚਰਚ ਨਾਲ ਸਬੰਧਿਤ ਨਹੀਂ ਸਨ, ਪਰ ਉਨ੍ਹਾਂ ਵਿੱਚੋਂ 68 ਫ਼ੀਸਦ ਨੇ ਮੰਨਿਆ ਕਿ ਉਨ੍ਹਾਂ ਦਾ ਈਸ਼ਵਰ ਵਿੱਚ ਵਿਸ਼ਵਾਸ ਹੈ ਅਤੇ 37 ਫ਼ੀਸਦ ਨੇ ਖ਼ੁਦ ਨੂੰ ਧਾਰਮਿਕ ਦੱਸਿਆ।

ਇਸੇ ਤਰ੍ਹਾਂ, ਦੁਨੀਆਂ ਭਰ ਵਿੱਚ ਜਿਨ੍ਹਾਂ ਲੋਕਾਂ ਨੇ ਸਪੱਸ਼ਟ ਕਿਹਾ ਕਿ ਉਨ੍ਹਾਂ ਦਾ ਈਸ਼ਵਰ ਵਿੱਚ ਭਰੋਸਾ ਨਹੀਂ ਹੈ, ਉਨ੍ਹਾਂ ਵਿੱਚ ਵੀ ਭੂਤਾਂ, ਜੋਤਿਸ਼, ਕਰਮ, ਟੈਲੀਪੈਥੀ, ਪੁਨਰ ਜਨਮ ਵਰਗਾ ਅੰਧਵਿਸ਼ਵਾਸ ਪਾਇਆ ਗਿਆ।

ਧਰਮ, ਸਮੂਹ ਅਤੇ ਸਹਿਯੋਗ ਨੂੰ ਵਧਾਵਾ ਦਿੰਦਾ ਹੈ। ਕਥਿਤ ਲਕਸ਼ਮਣ ਰੇਖਾ ਨੂੰ ਪਾਰ ਕਰਨ ਵਾਲਿਆਂ 'ਤੇ ਸਰਵਸ਼ਕਤੀਮਾਨ ਈਸ਼ਵਰ ਦੀ ਨਜ਼ਰ ਪੁਰਾਣੇ ਸਮਾਜ ਨੂੰ ਸੰਗਠਿਤ ਕਰਨ ਵਿੱਚ ਮਦਦ ਕਰਦੀ ਸੀ।

ਅਟੁੱਟ ਵਿਸ਼ਵਾਸ

ਆਖ਼ਰ ਵਿੱਚ, ਧਰਮ ਦੀ ਆਦਤ ਪਿੱਛੇ ਕੁਝ ਗਣਿਤ ਵੀ ਹੈ। ਤਮਾਮ ਸੱਭਿਆਚਾਰਾਂ ਵਿੱਚ ਜਿਹੜੇ ਲੋਕ ਵੱਧ ਧਾਰਮਿਕ ਹਨ ਉਹ ਉਨ੍ਹਾਂ ਲੋਕਾਂ ਦੇ ਮੁਕਾਬਲੇ ਵੱਧ ਬੱਚੇ ਪੈਦਾ ਕਰਦੇ ਹਨ ਜਿਨ੍ਹਾਂ ਦੀ ਧਰਮ ਪ੍ਰਤੀ ਆਸਥਾ ਨਹੀਂ ਹੈ।

ਮਾਹਿਰਾਂ ਦਾ ਮੰਨਣਾ ਹੈ ਕਿ ਮਨੋਵਿਗਿਆਨਕ, ਤਾਂਤਰਿਕਾਂ, ਵਿਗਿਆਨ, ਇਤਿਹਾਸ, ਸੱਭਿਆਚਾਰ, ਤਰਕ, ਇਨ੍ਹਾਂ ਸਾਰੇ ਕਾਰਨਾਂ ਨੂੰ ਦੇਖਦੇ ਹੋਏ ਧਰਮ ਸ਼ਾਇਦ ਕਦੇ ਇਨਸਾਨਾਂ ਤੋਂ ਦੂਰ ਨਹੀਂ ਜਾ ਸਕੇਗਾ।

ਇਹ ਵੀ ਪੜ੍ਹੋ:

ਧਰਮ, ਚਾਹੇ ਇਸ ਨੂੰ ਡਰ ਜਾਂ ਪਿਆਰ ਨਾਲ ਬਣਾ ਕੇ ਰੱਖਿਆ ਗਿਆ ਹੋਵੇ-ਖ਼ੁਦ ਨੂੰ ਬਣਾਈ ਰੱਖਣ ਵਿੱਚ ਸਫ਼ਲ ਰਿਹਾ ਹੈ। ਜੇਕਰ ਅਜਿਹਾ ਨਹੀਂ ਹੁੰਦਾ ਤਾਂ ਸ਼ਾਇਦ ਇਹ ਸਾਡੇ ਨਾਲ ਨਾ ਹੁੰਦਾ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)