ਸੁਖਬੀਰ ਬਾਦਲ ਲੌਂਗੋਵਾਲ ਨੂੰ ਮੁੜ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਬਣਾ ਕੇ ਖੁਸ਼ ਨਾ ਹੋਣ - ਨਜ਼ਰੀਆ

    • ਲੇਖਕ, ਜਗਤਾਰ ਸਿੰਘ
    • ਰੋਲ, ਸੀਨੀਅਰ ਪੱਤਰਕਾਰ

ਸਿੱਖਾਂ ਦੀ ਮਿੰਨੀ ਪਾਰਲੀਮੈਂਟ ਵਜੋਂ ਜਾਣੀ ਜਾਂਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਲਾਨਾ ਚੋਣ ਵਿੱਚ ਉਹੀ ਕਮੇਟੀ ਮੈਂਬਰ ਚੁਣੇ ਜਾਣਾ ਅਕਾਲੀ ਦਲ ਦੇ ਪ੍ਰਧਾਨ ਲਈ ਬਹੁਤੀ ਖੁਸ਼ੀ ਵਾਲੀ ਗੱਲ ਨਹੀਂ ਹੈ।

ਹਾਲ ਹੀ ਵਿੱਚ ਅੰਮ੍ਰਿਤਸਰ ਵਿਖੇ ਹੋਈ ਸ਼੍ਰੋਮਣੀ ਕਮੇਟੀ ਦੀ ਚੋਣ ਵਿੱਚ ਗੋਬਿੰਦ ਸਿੰਘ ਲੌਂਗੋਵਾਲ, ਰਘੂਜੀਤ ਸਿੰਘ ਵਿਰਕ ਅਤੇ ਗੁਰਬਚਨ ਸਿੰਘ ਕਰਮੂਵਾਲਾ ਮੁੜ ਪ੍ਰਧਾਨ, ਸੀਨੀਅਤ ਮੀਤ ਪ੍ਰਧਾਨ ਅਤੇ ਜਨਰਲ ਸਕੱਤਰ ਚੁਣੇ ਗਏ ਹਨ ਜਦਕਿ 11 ਮੈਂਬਰੀ ਕਾਰਜਕਾਰਨੀ ਕਮੇਟੀ ਦੇ ਮੈਂਬਰ ਵੱਖ-ਵੱਖ ਆਗੂ ਅਤੇ ਹੋਰ ਵਰਗਾਂ ਵਿੱਚੋਂ ਲਏ ਗਏ ਹਨ।

ਪੰਜਾਬ, ਹਰਿਆਣਾ, ਹਿਮਾਚਲ ਅਤੇ ਚੰਡੀਗੜ੍ਹ ਵਿੱਚ ਗੁਰਦੁਆਰਿਆਂ ਦੇ ਪ੍ਰਬੰਧਾਂ ਵਿੱਚ 11 ਮੈਂਬਰੀ ਕਮੇਟੀ ਦੇ ਮੈਂਬਰਾਂ ਦੀ ਸ਼ਮੂਲੀਅਤ ਜ਼ਿਆਦਾ ਮਾਅਨੇ ਨਹੀਂ ਰੱਖਦੀ ਪਰ ਧਾਰਮਿਕ ਸਿਆਸਤ ਵਿੱਚ ਇਨ੍ਹਾਂ ਦੀ ਭੂਮਿਕਾ ਅਹਿਮ ਹੁੰਦੀ ਹੈ। ਅਕਾਲੀ ਦਲ ਵਿੱਚ ਜਦੋਂ ਵੀ ਸਿਆਸੀ ਸੰਕਟ ਆਉਂਦਾ ਹੈ ਤਾਂ ਇਸਦਾ ਸਿੱਧਾ ਪ੍ਰਭਾਵ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਤੇ ਪੈਂਦਾ ਹੈ।

ਇਹ ਵੀ ਪੜ੍ਹੋ:

ਸਾਲ 2015 ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਸਬੰਧੀ ਬਣੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਵਿੱਚ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਉਨ੍ਹਾਂ ਦੇ ਪੁੱਤਰ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ 'ਤੇ ਇਸ ਮਸਲੇ ਨੂੰ ਗੰਭੀਰਤਾ ਨਾਲ ਨਾ ਲੈਣ ਦਾ ਇਲਜ਼ਾਮ ਲੱਗਿਆ।

ਬੇਅਦਬੀ ਦੀਆਂ ਲਗਾਤਾਰ ਵਾਪਰੀਆਂ ਘਟਨਾਵਾਂ ਦਾ ਖਮਿਆਜਾ ਅਕਾਲੀ ਦਲ ਨੂੰ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਭੁਗਤਣਾ ਪਿਆ ਜਿਸ ਵਿੱਚ ਪਾਰਟੀ 15 ਸੀਟਾਂ ਲੈ ਕੇ ਤੀਜੇ ਨੰਬਰ 'ਤੇ ਰਹਿ ਗਈ।

ਲੌਂਗੋਵਾਲ ਦਾ ਅਹੁਦਾ ਬਰਕਰਾਰ ਰੱਖਣ ਦੀ ਮਜਬੂਰੀ

ਕਮਿਸ਼ਨ ਦੀ ਰਿਪੋਰਟ ਮਗਰੋਂ ਪਾਰਟੀ ਵਿੱਚ ਉਭਰੇ ਸੰਕਟ ਦੇ ਨਤੀਜੇ ਵਜੋਂ ਪਾਰਟੀ ਦੇ ਵਫਾਦਾਰ ਆਗੂ ਅਤੇ ਲੰਬੇ ਸਮੇਂ ਤੋਂ ਸਕੱਤਰ ਜਨਰਲ ਦੀਆਂ ਸੇਵਾਵਾਂ ਨਿਭਾ ਰਹੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਅਕਾਲੀ ਦਲ ਦੇ ਸਾਰੇ ਅਹੁਦਿਆਂ ਤੋਂ ਅਸਤੀਫ਼ਾ ਦੇ ਦਿੱਤਾ।

ਨਵੇਂ ਚੁਣੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਹਲਕਾ ਸੰਗਰੂਰ ਨਾਲ ਸਬੰਧ ਰੱਖਦੇ ਹਨ ਤੇ ਢੀਂਡਸਾ ਦਾ ਜੱਦੀ ਜ਼ਿਲ੍ਹਾ ਵੀ ਇਹੀ ਹੈ। ਇਸੇ ਕਰਕੇ ਸੁਖਬੀਰ ਨੇ ਢੀਂਡਸਾ ਦਾ ਸਿਆਸੀ ਪ੍ਰਭਾਵ ਘਟਾਉਣ ਲਈ ਲੌਂਗੋਵਾਲ ਦਾ ਅਹੁਦਾ ਬਰਕਰਾਰ ਰੱਖਿਆ ਹੈ। ਭਾਵੇਂ ਲੌਂਗੋਵਾਲ ਕਦੇ ਵੀ ਮਜ਼ਬੂਤ ਆਗੂ ਵਜੋਂ ਨਹੀਂ ਉਭਰੇ ਪਰ ਸੰਕਟ ਵਿੱਚ ਹਮੇਸ਼ਾ ਬਾਦਲਾਂ ਦੀ ਵਫ਼ਾਦਾਰੀ ਨਿਭਾਉਂਦੇ ਰਹੇ।

ਇਸੇ ਤਰ੍ਹਾਂ ਰਘੂਜੀਤ ਸਿੰਘ ਵਿਰਕ ਵੀ ਸੁਖਬੀਰ ਬਾਦਲ ਦੇ ਕਰੀਬੀ ਹੋਣ ਕਰਕੇ ਉਨ੍ਹਾਂ ਨੂੰ ਬੈਠਕਾਂ ਤੇ ਹੋਰ ਕਾਰਵਾਈ ਦੀਆਂ ਸੂਚਨਾਵਾਂ ਸਮੇਂ-ਸਮੇਂ ਦਿੰਦੇ ਰਹੇ। ਕਰਮੂਵਾਲਾ ਦਾ ਅਹੁਦਾ ਇਸ ਲਈ ਬਰਕਰਾਰ ਰੱਖਿਆ ਗਿਆ ਹੈ ਕਿਉਂਕਿ ਉਹ ਪਾਰਟੀ ਵਿੱਚੋਂ ਕੱਢੇ ਗਏ ਆਗੂ ਰਣਜੀਤ ਸਿੰਘ ਬ੍ਰਹਮਪੁਰਾ ਲਈ ਵਿਰੋਧੀਆਂ ਦਾ ਕੰਮ ਕਰੇਗਾ।

ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲੇ ਵਿੱਚ ਬਾਦਲ ਬੁਰੀ ਤਰ੍ਹਾਂ ਘਿਰੇ ਹੋਏ ਹਨ। ਸਿਆਸੀ ਪੱਧਰ 'ਤੇ ਸਾਬਕਾ ਸੰਸਦ ਮੈਂਬਰ ਅਤੇ ਅਕਾਲ ਤਖ਼ਤ ਦੇ ਮੁਤਵਾਜ਼ੀ ਕਾਰਜਕਾਰੀ ਜਥੇਦਾਰ ਤੇ 'ਬਰਗਾੜੀ ਇਨਸਾਫ਼ ਮੋਰਚਾ' ਦੇ ਮੁਖੀ ਧਿਆਨ ਸਿੰਘ ਮੰਡ ਦੀ ਅਗਵਾਈ ਹੇਠ ਵਿੱਢੇ ਸੰਘਰਸ਼ ਨੇ ਸੂਬੇ ਵਿੱਚ ਸਿਆਸਤ ਭਖਾ ਕੇ ਬਾਦਲਾਂ ਨੂੰ ਘੇਰਿਆ ਹੋਇਆ ਹੈ।

ਇਹ ਵੀ ਪੜ੍ਹੋ

ਇਹੀ ਕਾਰਨ ਹੈ ਕਿ ਸੁਖਬੀਰ ਬਾਦਲ ਬੇਹੱਦ ਨਿਰਾਸ਼ ਹਨ। 'ਇਨਸਾਫ਼ ਮੋਰਚਾ' ਪਹਿਲਾਂ ਹੀ ਦੋ ਵਾਰ ਵੱਡੇ ਪੱਧਰ 'ਤੇ ਪ੍ਰਦਰਸ਼ਨ ਕਰਕੇ ਸਿੱਖਾਂ ਦੀ ਹਮਾਇਤ ਹਾਸਲ ਕਰ ਚੁੱਕਿਆ ਹੈ। ਜਿਸਦਾ ਨੁਕਸਾਨ ਅਕਾਲੀ ਦਲ ਨੂੰ ਆਉਣ ਵਾਲੇ ਸਮੇਂ ਵਿੱਚ ਹੋਵੇਗਾ।

ਬਾਦਲਾਂ ਨੂੰ ਇਸ ਧਾਰਮਿਕ ਮਸਲੇ 'ਤੇ ਪਹਿਲਾਂ ਹੀ ਘੇਰਿਆ ਜਾ ਚੁੱਕਿਆ ਹੈ। ਅਕਾਲੀ ਦਲ ਦਾ ਗਠਨ ਪੰਥਕ ਮਸਲਿਆਂ ਲਈ ਕੀਤਾ ਗਿਆ ਸੀ ਜਦਕਿ ਅਕਾਲ ਤਖ਼ਤ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖ ਸਿਆਸਤ ਦੇ ਅਹਿਮ ਅਦਾਰੇ ਹਨ ਪਰ ਅਕਾਲੀ ਦਲ ਨੇ ਐਸਜੀਪੀਸੀ ਨੂੰ ਪੂਰੀ ਤਰ੍ਹਾਂ ਕਾਬੂ ਹੇਠ ਰੱਖਿਆ ਹੋਇਆ ਹੈ।

ਇਹ ਵੀ ਪੜ੍ਹੋ:

ਇਸ ਕਾਰਨ ਐਸਜੀਪੀਸੀ, ਅਕਾਲ ਤਖ਼ਤ ਦੇ ਜਥੇਦਾਰ ਵੱਲੋਂ ਮਰਿਆਦਾ ਅਨੁਸਾਰ ਲਏ ਗਏ ਫ਼ੈਸਲਿਆਂ ਨੂੰ ਪ੍ਰਭਾਵਿਤ ਕਰਦੀ ਹੈ।

ਬਾਦਲਾਂ 'ਤੇ ਇਲਜ਼ਾਮ ਹੈ ਕਿ ਉਨ੍ਹਾਂ ਅਕਾਲ ਤਖ਼ਤ ਦੀ ਮਰਿਆਦਾ ਦੀ ਉਲੰਘਣਾ ਕਰਕੇ 2015 ਵਿੱਚ ਡੇਰਾ ਸੱਚਾ ਸੌਦਾ ਦੇ ਮੁਖੀ ਰਾਮ ਰਹੀਮ ਦੀ ਸਜ਼ਾ ਮਾਫ਼ ਕਰਵਾ ਦਿੱਤੀ ਸੀ।

ਸਾਲ 2007 ਵਿੱਚ ਅਕਾਲ ਤਖ਼ਤ ਵੱਲੋਂ ਸਿੱਖ ਸੰਗਤ ਨੂੰ ਫ਼ੈਸਲਾ ਸੁਣਾਇਆ ਗਿਆ ਸੀ ਕਿ ਗੁਰੂ ਗੋਬਿੰਦ ਸਿੰਘ ਵਰਗੀ ਪੁਸ਼ਾਕ ਪਾ ਕੇ ਉਨ੍ਹਾਂ ਦਾ ਸਵਾਂਗ ਰਚਣ ਵਾਲੇ ਡੇਰਾ ਮੁਖੀ ਦਾ ਪੂਰੀ ਤਰ੍ਹਾਂ ਬਾਈਕਾਟ ਕੀਤਾ ਜਾਵੇ।

ਇਹ ਡੇਰਾ ਪੰਜਾਬ ਦੇ ਮਾਲਵਾ ਖੇਤਰ ਵਿੱਚ ਵੋਟ ਬੈਂਕ ਨੂੰ ਪ੍ਰਭਾਵਿਤ ਕਰਦਾ ਹੈ। ਬਠਿੰਡਾ ਤੇ ਮਾਨਸਾ ਖ਼ਾਸ ਕਰਕੇ ਬਠਿੰਡਾ ਲੋਕ ਸਭਾ ਹਲਕੇ ਦਾ ਹਿੱਸਾ ਹਨ ਜਿੱਥੋਂ ਸੁਖਬੀਰ ਸਿੰਘ ਬਾਦਲ ਦੀ ਪਤਨੀ ਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਚੋਣ ਜਿੱਤੇ ਸਨ।

ਵੱਡੀ ਗਿਣਤੀ ਵਿੱਚ ਸਿੱਖ ਸੰਗਤ ਨੇ ਰਾਮ ਰਹੀਮ ਦੀ ਸਜ਼ਾ ਮਾਫ਼ ਕਰਨ ਵਿਰੁੱਧ ਪ੍ਰਦਰਸ਼ਨ ਕੀਤੇ ਅਤੇ ਜਥੇਦਾਰ ਨੂੰ ਆਪਣਾ ਫ਼ੈਸਲਾ ਬਦਲਣ 'ਤੇ ਮਜਬੂਰ ਕੀਤਾ।

ਡੂੰਘੇਰੇ ਹੋਏ ਇਨ੍ਹਾਂ ਸੰਕਟਾਂ ਦਾ ਸ਼੍ਰੋਮਣੀ ਕਮੇਟੀ ਅਤੇ ਅਕਾਲ ਤਖ਼ਤ 'ਤੇ ਵੀ ਅਸਰ ਪਿਆ ਹੈ।

ਸ਼੍ਰੋਮਣੀ ਕਮੇਟੀ ਆਪਣੀ ਭੂਮਿਕਾ ਭੁੱਲੀ

ਸ਼੍ਰੋਮਣੀ ਕਮੇਟੀ ਨੂੰ ਗੁਰੂ ਗ੍ਰੰਥ ਸਾਹਿਬ ਅਤੇ ਸਿੱਖ ਸੰਸਥਾਵਾਂ ਦੀ ਮਰਿਆਦਾ ਬਰਕਰਾਰ ਰੱਖਣ ਲਈ ਜੱਦੋਜਹਿਦ ਕਰਨੀ ਚਾਹੀਦੀ ਸੀ।

ਅਕਾਲੀ ਦਲ, ਸ਼੍ਰੋਮਣੀ ਕਮੇਟੀ ਅਤੇ ਅਕਾਲ ਤਖ਼ਤ ਆਪਣੀ ਅਸਲ ਭੂਮਿਕਾ ਤੇ ਜ਼ਿੰਮੇਵਾਰੀ ਭੁਲਾ ਚੁੱਕੇ ਹਨ।

ਇਹੀ ਕਾਰਨ ਹੈ ਕਿ ਇਸ ਸੰਕਟ ਦੀ ਘੜੀ ਵਿੱਚ ਸੁਖਬੀਰ ਬਾਦਲ ਨੇ ਸ਼੍ਰੋਮਣੀ ਕਮੇਟੀ ਦੇ ਸਾਰੇ ਅਹੁਦੇਦਾਰਾਂ ਨੂੰ ਮੁੜ ਚੁਣਨ ਨੂੰ ਤਰਜੀਹ ਦਿੱਤੀ ਹੈ।

ਜਿਵੇਂ ਮੁੱਖ ਮੰਤਰੀ ਵਾਂਗ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦਾ ਫ਼ੈਸਲਾ ਵੀ ਪਾਰਟੀ ਕਰਦੀ ਹੈ।

ਤਾਕਤਵਰ ਸ਼੍ਰੋਮਣੀ ਕਮੇਟੀ ਪ੍ਰਧਾਨ ਪਾਰਟੀ ਲਈ ਢਾਲ ਬਣਦਾ ਹੈ

ਸ਼੍ਰੋਮਣੀ ਕਮੇਟੀ ਵਿੱਚ ਅਕਾਲੀ ਦਲ (ਬਾਦਲ) ਦੇ ਮੈਂਬਰ ਪਾਰਟੀ ਪ੍ਰਧਾਨ ਨੂੰ, ਸ਼੍ਰੋਮਣੀ ਕਮੇਟੀ ਪ੍ਰਧਾਨ ਤੇ ਕਾਰਜਕਾਰਨੀ ਦੇ ਹੋਰ ਮੈਂਬਰਾਂ ਦੇ ਨਾਂ ਦਾ ਐਲਾਨ ਕਰਨ ਦਾ ਅਧਿਕਾਰ ਦੇ ਦਿੰਦੇ ਹਨ।

ਅਕਾਲੀ ਦਲ ਅਤੇ ਉਸਦੇ ਪ੍ਰਧਾਨ ਦੀ ਇਹੀ ਸਭ ਤੋਂ ਵੱਡੀ ਗਲਤੀ ਹੈ। ਇਸ ਤਰ੍ਹਾਂ ਇੱਕ ਕਮਜ਼ੋਰ ਸ਼੍ਰੋਮਣੀ ਕਮੇਟੀ ਮੁਖੀ ਕਿਸੇ ਵੀ ਸੰਕਟ ਨਾਲ ਸਿੱਝਣ ਲਈ ਅਸਮਰਥ ਹੋ ਜਾਂਦਾ ਹੈ ਅਤੇ ਪਾਰਟੀ ਪ੍ਰਧਾਨ ਉੱਤੇ ਨਿਰਭਰ ਹੋ ਜਾਂਦਾ ਹੈ।

ਉਹ ਵੱਧ ਤੋਂ ਵੱਧ ਆਪਣੀ ਡਿਊਟੀ ਨਿਭਾਉਂਦਿਆ ਵਫ਼ਾਦਾਰੀ ਨਾਲ ਸੁਖਬੀਰ ਦੇ ਹੁਕਮ ਦੀ ਤਾਮੀਲ ਕਰ ਸਕਦਾ ਹੈ, ਜਿਵੇਂ ਉਹ ਕੁਝ ਮਹੀਨਿਆਂ ਤੋਂ ਕਰ ਰਿਹਾ ਹੈ ।

ਇਹ ਵੀ ਪੜ੍ਹੋ:

ਇਸ ਸਿੱਖ ਸੰਸਥਾ ਦੇ ਮੁਖੀ ਰਹਿੰਦਿਆ ਮਰਹੂਮ ਗੁਰਚਰਨ ਸਿੰਘ ਟੌਹੜਾ ਨੇ ਵੀ ਸਿੱਖ ਸਿਆਸਤ ਤੇ ਸੰਕਟ ਸਮੇਂ ਅਹਿਮ ਭੂਮਿਕਾ ਨਿਭਾਈ ਸੀ।

ਇੱਕ ਉਹ ਸਮਾਂ ਸੀ ਜਦੋਂ ਇਸ ਸੰਸਥਾ ਦੇ ਸਿੱਖ ਸਿਆਸਤ ਵਿੱਚ ਵੱਡੇ ਆਗੂ ਵਜੋਂ ਜਾਣੇ ਜਾਂਦੇ ਬਾਬਾ ਖੜਕ ਸਿੰਘ ਤੇ ਮਾਸਟਰ ਤਾਰਾ ਸਿੰਘ ਵੀ ਸ਼੍ਰੋਮਣੀ ਕਮੇਟੀ ਪ੍ਰਧਾਨ ਰਹੇ। ਇਹ ਆਗੂ ਪੰਥ ਪ੍ਰਤੀ ਸ਼ਿੱਦਤ ਨਾਲ ਜੁੜੇ ਹੋਏ ਸਨ।

ਪਰ ਸੁਖਬੀਰ ਬਾਦਲ ਨੇ ਪੰਥਕ ਸਫ਼ਾਂ ਵਿੱਚੋਂ ਸਭ ਕੁਝ ਦੂਰ ਕਰ ਦਿੱਤਾ ਹੈ। ਇਹ ਆਮ ਮੁਹਾਵਰਾ ਹੈ ਕਿ ਪੰਥਕ ਮਸਲਿਆਂ ਵਿੱਚ ਘਿਰੇ ਅਕਾਲੀ ਦਲ ਦੇ ਪ੍ਰਧਾਨ ਨੂੰ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਹੀ ਬਚਾ ਸਕਦਾ ਹੈ।

ਪਰ ਅੱਜ ਦੇ ਦੌਰ 'ਚ ਇਹ ਹੋਣਾ ਮੁਮਕਿਨ ਨਹੀਂ ਲਗਦਾ।

(ਬੀਬੀਸੀ ਪੰਜਾਬੀ ਨਾਲFACEBOOK, INSTAGRAM, TWITTERਅਤੇ YouTube'ਤੇ ਜੁੜੋ।)