ਮੱਧ ਏਸ਼ੀਆ 'ਚ ਕਈ ਸਰਕਾਰਾਂ ਨੂੰ ਨੌਜਵਾਨਾਂ ਦੀ ਦਾੜ੍ਹੀ ਕਿਉਂ ਡਰਾ ਰਹੀ

    • ਲੇਖਕ, ਬੀਬੀਸੀ ਮੋਨਿਟਰਿੰਗ
    • ਰੋਲ, ਬੀਬੀਸੀ

ਜਦੋਂ ਨੌਜਵਾਨ ਮੁੰਡੇ ਦਾੜ੍ਹੀ ਰੱਖ ਲੈਣ ਤਾਂ ਉਨ੍ਹਾਂ ਨੂੰ ਕਿਹੜੀਆਂ ਗੱਲਾਂ ਦਾ ਖਿਆਲ ਰੱਖਣਾ ਚਾਹੀਦਾ ਹੈ?

ਮੱਧ ਏਸ਼ੀਆ ਵਿੱਚ ਹੁਣ ਇਨ੍ਹਾਂ ਨੌਜਵਾਨਾਂ ਨੂੰ ਸ਼ੱਕ ਦੀ ਨਿਗਾਹ ਨਾਲ ਵੇਖਿਆ ਜਾ ਰਿਹਾ ਹੈ ਕਿਉਂਕਿ ਕੱਟੜਪੰਥੀ ਇਸਲਾਮ ਨੇ ਦਾੜ੍ਹੀ ਨੂੰ ਆਪਣੇ ਨਾਲ ਜੋੜ ਕੇ ਬਦਨਾਮ ਕਰ ਛੱਡਿਆ ਹੈ।

ਸਥਾਨਕ ਮੀਡੀਆ ਅਤੇ ਮਨੁੱਖੀ ਹੱਕਾਂ ਦੇ ਅੰਤਰਰਾਸ਼ਟਰੀ ਅਦਾਰਿਆਂ ਮੁਤਾਬਕ ਦਾੜ੍ਹੀ ਵਾਲਿਆਂ ਨੂੰ ਇੱਥੋਂ ਦੇ ਦੇਸਾਂ ਦੀਆਂ ਸਰਕਾਰਾਂ ਵੱਲੋਂ ਅਕਸਰ ਪਰੇਸ਼ਾਨ ਕੀਤਾ ਜਾਂਦਾ ਹੈ।

ਤਾਜ਼ਾ ਉਦਾਹਰਣ ਤਜ਼ਾਕਿਸਤਾਨ 'ਚ ਹੈ, ਜਿੱਥੇ ਟੈਕਸੀ ਡਰਾਈਵਰਾਂ ਨੂੰ ਕਥਿਤ ਤੌਰ 'ਤੇ ਦਾੜ੍ਹੀ ਕੱਟਣ ਦੀ ਹਦਾਇਤ ਦਿੱਤੀ ਗਈ ਹੈ: 'ਸ਼ੇਵ ਕਰੋ ਜਾਂ ਨੌਕਰੀ ਗੁਆਓ!'

ਮੱਧ ਏਸ਼ੀਆ ਦੇ ਦੇਸ 'ਚ ਵੀ ਮੁਸਲਮਾਨਾਂ ਦੀ ਵੱਡੀ ਗਿਣਤੀ ਹੈ ਪਰ ਖਿੱਤੇ ਦੇ ਆਗੂਆਂ ਦਾ ਕਹਿਣਾ ਹੈ ਕਿ ਲੰਮੀਆਂ ਦਾੜ੍ਹੀਆਂ 'ਤੇ ਔਰਤਾਂ ਦੁਆਰਾ ਸਿਰ ਢੱਕਣ ਦੀ ਪ੍ਰਥਾ ਅਰਬ ਦੇਸਾਂ ਤੋਂ ਇੱਥੇ ਆਈ ਹੈ।

ਦਾੜ੍ਹੀ ਕੱਟੋ, ਨਹੀਂ ਤਾਂ...

ਤਜ਼ਾਕਿਸਤਾਨ ਦੀ ਰਾਜਧਾਨੀ ਦੁਸ਼ਾਂਬੇ ਦੇ ਪ੍ਰਸ਼ਾਸਨ ਵੱਲੋਂ ਜਾਰੀ ਇੱਕ ਆਦੇਸ਼ ਦਾ ਹਵਾਲਾ ਦਿੰਦਿਆਂ ਨਿਊਜ਼ ਵੈੱਬਸਾਈਟ 'ਅਖ਼ਬੋਰ' ਨੇ ਲਿਖਿਆ ਹੈ ਕਿ ਸਥਾਨਕ ਅਧਿਕਾਰੀਆਂ ਨੇ ਦਾੜ੍ਹੀ ਵਾਲੇ ਡਰਾਈਵਰਾਂ ਨੂੰ ਨੌਕਰਿਓਂ ਕੱਢਣ ਦੀ ਧਮਕੀ ਦਿੱਤੀ ਹੈ।

ਇਹ ਵੀ ਜ਼ਰੂਰ ਪੜ੍ਹੋ

ਸ਼ਹਿਰ ਦੇ ਇੱਕ ਪੁਲਿਸ ਅਫਸਰ ਨੇ ਹੁਕਮ ਨੂੰ ਸਹੀ ਮੰਨਿਆ ਅਤੇ ਆਖਿਆ ਕਿ "ਡਰਾਈਵਰ ਸਾਫ-ਸੁਥਰਾ ਹੋਵੇਗਾ ਤਾਂ ਸਵਾਰ ਸੁਰੱਖਿਅਤ ਮਹਿਸੂਸ ਕਰਨਗੇ"।

ਜਾਣਕਾਰਾਂ ਮੁਤਾਬਕ ਇਹ ਹੁਕਮ ਅਕਸਰ ਜ਼ੁਬਾਨੀ ਹੀ ਦਿੱਤੇ ਜਾਂਦੇ ਹਨ ਅਤੇ ਦੁਸ਼ਾਂਬੇ ਦੇ ਬੱਸ ਡਰਾਈਵਰਾਂ ਨੂੰ ਵੀ ਅਜਿਹੇ ਹੁਕਮ ਜਾਰੀ ਕੀਤੇ ਗਏ ਹਨ।

ਤਜ਼ਾਕਿਸਤਾਨ 'ਚ ਦਾੜ੍ਹੀਆਂ ਖਿਲਾਫ ਸਖਤ ਨਿਯਮ ਨਵੇਂ ਨਹੀਂ। ਗੈਰ-ਸਰਕਾਰੀ ਮੀਡੀਆ 'ਚ ਆਈਆਂ ਰਿਪੋਰਟਾਂ ਮੁਤਾਬਕ, ਜਨਵਰੀ 2016 'ਚ ਖ਼ਾਤਲੋਨ ਇਲਾਕੇ 'ਚ, ਪੁਲਿਸ ਨੇ "ਕੱਟੜਵਾਦ ਖਿਲਾਫ ਕਾਰਵਾਈ" ਤਹਿਤ 13,000 ਆਦਮੀਆਂ ਦੀ ਦਾੜ੍ਹੀ ਜ਼ਬਰਦਸਤੀ ਕਟਵਾਈ ਸੀ।

ਰਾਸ਼ਟਰਪਤੀ ਐਮੋਮਾਲੀ ਰਹਿਮੋਨ ਨੇ ਵੀ ਦਾੜ੍ਹੀ ਨੂੰ ਦੇਸ਼ ਦੇ ਸੱਭਿਆਚਾਰ ਦੇ ਖਿਲਾਫ ਮੰਨਿਆ ਹੈ।

ਇੱਥੇ ਜ਼ਿਆਦਾ ਹੀ ਮਾੜਾ ਹਾਲ

ਕਜ਼ਾਕਿਸਤਾਨ 'ਚ ਤਾਂ ਦਾੜ੍ਹੀ ਉੱਪਰ ਰਸਮੀ ਤੌਰ 'ਤੇ ਪਾਬੰਦੀ ਲਗਾਉਣ ਦੀਆਂ ਤਿਆਰੀਆਂ ਚਲ ਰਹੀਆਂ ਹਨ।

ਉੱਥੇ ਸੰਸਦ ਅਜਿਹਾ ਕਾਨੂੰਨ ਬਣਾ ਰਹੀ ਹੈ ਜਿਸ ਵਿੱਚ ਕੁਝ ਖਾਸ ਤਰ੍ਹਾਂ ਦੀਆਂ ਦਾੜ੍ਹੀਆਂ ਉੱਤੇ ਪਾਬੰਦੀ ਲੱਗੇਗੀ ਅਤੇ ਇਨ੍ਹਾਂ ਦਾੜ੍ਹੀਆਂ ਨੂੰ ਰੱਖਣ ਵਾਲਿਆਂ ਉੱਪਰ ਜੁਰਮਾਨਾ ਲੱਗੇਗਾ।

ਕਿਹਾ ਜਾ ਰਿਹਾ ਹੈ ਕਿ ਇਹ ਕਾਨੂੰਨ ਚਿੱਤਰਾਂ ਰਾਹੀਂ ਦਿਖਾਏਗਾ ਕਿ ਕਿਹੋ-ਜਿਹੀਆਂ ਦਾੜ੍ਹੀਆਂ ਰੱਖਣ ਵਾਲਿਆਂ ਨੂੰ ਸ਼ੱਕ ਦੀ ਨਿਗਾਹ ਨਾਲ ਵੇਖਿਆ ਜਾਣਾ ਚਾਹੀਦਾ ਹੈ।

ਇਹ ਵੀ ਜ਼ਰੂਰ ਪੜ੍ਹੋ

ਕਾਨੂੰਨ ਉਦੋਂ ਬਣਨਾ ਸ਼ੁਰੂ ਹੋਇਆ ਜਦੋਂ ਦੇਸ ਦੇ ਰਾਸ਼ਟਰਪਤੀ ਨੂਰਸੁਲਤਾਨ ਨਜ਼ਰਬਾਇਵ ਨੇ ਦਾੜ੍ਹੀ ਰੱਖਣ ਵਾਲਿਆਂ ਤੇ ਹਿਜਾਬ ਜਾਂ ਬੁਰਕਾ ਪਹਿਨਣ ਵਾਲੀਆਂ ਦੀ ਖੁਲ੍ਹੇਆਮ ਨਿੰਦਿਆ ਕੀਤੀ।

ਹੋਰਨਾਂ ਇਲਾਕਿਆਂ 'ਚ ਵੀ ਚਲ ਰਹੀ ਹੈ ਹਵਾ

ਮੀਡੀਆ ਰਿਪੋਰਟਾਂ ਮੁਤਾਬਕ ਦਾੜ੍ਹੀ ਵਾਲੇ ਉਜ਼ਬੇਕਿਸਤਾਨ 'ਚ ਵੀ ਸਰਕਾਰ ਦੇ ਨਿਸ਼ਾਨੇ 'ਤੇ ਹਨ। ਇੱਕ ਰੇਡੀਓ ਚੈਨਲ ਨਾਲ ਗੱਲਬਾਤ ਕਰਦਿਆਂ ਉੱਥੇ ਦੀ ਸਰਕਾਰੀ ਟੀਵੀ ਚੈਨਲ ਦੇ ਇਕ ਮੁਲਾਜ਼ਮ ਪੱਤਰਕਾਰ ਨੇ ਨਾਮ ਨਾ ਛਾਪਣ ਦੀ ਸ਼ਰਤ 'ਤੇ ਦੱਸਿਆ ਕਿ ਟੀਵੀ ਉੱਪਰ ਦਾੜ੍ਹੀ ਵਾਲਿਆਂ ਨੂੰ ਦਿਖਾਉਣ ਉੱਪਰ "ਸਖਤ ਸੈਂਸਰਸ਼ਿਪ (ਪਾਬੰਦੀ)" ਹੈ।

ਜੂਨ 2016 'ਚ ਰੇਡੀਓ ਲਿਬਰਟੀ ਨਾਂ ਦੇ ਚੈਨਲ ਨੇ ਦੱਸਿਆ ਕਿ ਦੇਸ ਦੇ ਬੁਖ਼ਾਰਾ ਇਲਾਕੇ 'ਚ ਦਾੜ੍ਹੀ ਵਾਲੇ ਦਰਸ਼ਕਾਂ ਨੂੰ ਇੱਕ ਫੁਟਬਾਲ ਮੇਚ ਹੀ ਨਹੀਂ ਦੇਖਣ ਦਿੱਤਾ ਗਿਆ ਸੀ।

ਨਾਲ ਲੱਗਦੇ ਇੱਕ ਹੋਰ ਦੇਸ ਤੁਰਕਮੇਨਿਸਤਾਨ 'ਚ ਵੀ, ਇੱਕ ਸਰਕਾਰ ਵਿਰੋਧੀ ਵੈੱਬਸਾਈਟ ਮੁਤਾਬਕ, ਕੱਟੜਵਾਦ ਵਿਰੋਧੀ ਮੁਹਿੰਮ ਦਾ ਨਾਂ ਲੈ ਕੇ ਪੁਲਿਸ ਇੱਥੇ ਦਾੜ੍ਹੀ ਵਾਲਿਆਂ ਨੂੰ ਅਕਸਰ ਕੁੱਟਦੀ ਹੈ।

ਇੱਥੇ ਕੁਝ-ਕੁਝ ਠੀਕ

ਕਿਰਗਿਜ਼ਸਤਾਨ ਤੋਂ ਅਜਿਹੀਆਂ ਕੋਈ ਰਿਪੋਰਟਾਂ ਨਹੀਂ ਹਨ। ਕਿਰਗਿਜ਼ਸਤਾਨ ਨੂੰ ਆਮ ਤੌਰ 'ਤੇ ਮੱਧ ਏਸ਼ੀਆ ਦੇ ਦੇਸਾਂ ਵਿੱਚੋਂ ਸਭ ਤੋਂ ਉਦਾਰਵਾਦੀ ਵਜੋਂ ਵੇਖਿਆ ਜਾਂਦਾ ਹੈ।

ਪਰ ਇੱਥੇ ਵੀ ਜੇਲ੍ਹਾਂ 'ਚ ਬੰਦ ਆਦਮੀ ਦਾੜ੍ਹੀ ਨਹੀਂ ਰੱਖ ਸਕਦੇ। 2016 'ਚ ਜੇਲ੍ਹ ਪ੍ਰਸ਼ਾਸਨ ਦੀ ਇਸ ਪਾਬੰਦੀ ਨੂੰ ਲਗਾਉਂਦੇ ਵੇਲੇ ਦਲੀਲ ਸੀ ਕਿ ਕੈਦੀਆਂ ਨੂੰ ਕੱਟੜਵਾਦ ਵੱਲ ਆਕਰਸ਼ਿਤ ਹੋਣ ਤੋਂ ਰੋਕਿਆ ਜਾਵੇ।

ਇਹ ਦੇਸ ਤਾਂ ਮੁਸਲਮਾਨ ਨਹੀਂ?

ਇਨ੍ਹਾਂ ਪੰਜਾਂ ਮੱਧ ਏਸ਼ੀਆ ਦੇਸਾਂ 'ਚ ਮੁਸਲਮਾਨਾਂ ਦੀ ਬਹੁਗਿਣਤੀ ਹੈ ਪਰ ਸਰਕਾਰੀ ਵਿਵਸਥਾ ਧਰਮਨਿਰਪੱਖ ਹੈ। ਇਹ ਵਿਵਸਥਾ ਸਾਬਕਾ ਸੋਵੀਅਤ ਯੂਨੀਅਨ ਤੋਂ ਲਈ ਹੋਈ ਹੈ।

ਅਧਿਕਾਰੀਆਂ ਨੂੰ ਇਹ ਫਿਕਰ ਰਹਿੰਦਾ ਹੈ ਕਿ ਨਾਗਰਿਕ ਇਸਲਾਮੀ ਰਵਾਇਤਾਂ ਵੱਲ ਜਾਣਗੇ ਤਾਂ ਕੱਟੜਵਾਦ ਲਈ ਰਾਹ ਸੌਖਾ ਹੋ ਜਾਵੇਗਾ।

ਇਹ ਵੀ ਜ਼ਰੂਰ ਪੜ੍ਹੋ

ਉਂਝ ਇਤਿਹਾਸ ਵੱਲ ਝਾਤ ਮਾਰੋ ਤਾਂ ਪਤਾ ਲਗਦਾ ਹੈ ਹੈ ਕਿ ਦਾੜ੍ਹੀ ਤਾਂ ਮੱਧ ਏਸ਼ੀਆ 'ਚ ਆਮ ਰਿਵਾਜ਼ ਸੀ।

ਮਾਹੌਲ 1990 ਦੇ ਦਹਾਕੇ ਦੇ ਲਹਿੰਦੇ ਸਾਲਾਂ 'ਚ, ਸੋਵੀਅਤ ਯੂਨੀਅਨ ਦੇ ਟੁੱਟਣ ਤੋਂ ਬਾਅਦ ਬਦਲਣ ਲੱਗਾ ਜਦੋਂ ਕਈ ਉੱਗਰਵਾਦੀ ਸੰਪਰਦਾਵਾਂ ਨੇ ਇੱਥੇ ਪੈਰ ਪਸਾਰਨੇ ਸ਼ੁਰੂ ਕੀਤੇ।

ਅਤਿ-ਕੱਟੜਵਾਦੀ ਸੰਗਠਨਾਂ ਦੇ — ਖਾਸ ਤੌਰ ਤੇ ਸਲਾਫੀ ਫਿਰਕੇ ਨਾਲ ਸਬੰਧਤ — ਆਗੂ ਆਪਣੀਆਂ ਲੰਮੀਆਂ ਦਾੜ੍ਹੀਆਂ, ਉੱਚੇ ਪਜਾਮਿਆਂ ਜਾਂ ਬੁਰਕਿਆਂ ਲਈ ਜਾਣੇ ਜਾਣ ਲੱਗੇ।

ਤਜ਼ਾਕਿਸਤਾਨ ਦੀ ਪੁਲਿਸ ਦੇ ਮੁਖੀ, ਜਨਰਲ ਸ਼ਰੀਫ ਨਜ਼ਰ ਨੇ ਤਾਂ ਰੇਡੀਓ ਲਿਬਰਟੀ ਨਾਲ ਪਿਛਲੇ ਸਾਲ ਗੱਲਬਾਤ ਦੌਰਾਨ ਸਾਫ ਕਿਹਾ ਸੀ, "ਉੱਗਰਵਾਦੀ ਤੇ ਅੱਤਵਾਦੀ ਸੰਗਠਨਾਂ 'ਚ ਭਰਤੀ ਹੋਣ ਲਈ ਦਾੜ੍ਹੀ ਮੁੱਖ ਸ਼ਰਤ ਹੈ।"

ਸ਼ੁਰੂ ਕਿੱਥੋਂ ਹੋਈ ਗੱਲ?

ਉਜ਼ਬੇਕਿਸਤਾਨ ਦੀ ਰਾਜਧਾਨੀ ਤਾਸ਼ਕੰਤ (1999) ਤੇ ਕਜ਼ਾਖਿਸਤਾਨ ਦੇ ਇੱਕ ਸ਼ਹਿਰ ਆਕਤੋਬੇ (2016) 'ਚ ਹੋਏ ਹਮਲਿਆਂ ਤੋਂ ਬਾਅਦ ਦਾੜ੍ਹੀਆਂ ਉੱਪਰ ਸਰਕਾਰਾਂ ਟੁੱਟ ਕੇ ਪੈ ਗਈਆਂ।

ਤਜ਼ਾਕਿਸਤਾਨ 'ਚ ਇਹ ਦਾੜ੍ਹੀ-ਵਿਰੋਧੀ ਹਵਾ 2010 'ਚ ਸ਼ੁਰੂ ਹੋਈ ਜਦੋਂ ਸਰਕਾਰ ਨੇ ਇਸਲਾਮ ਨੂੰ ਮੰਨਣ ਵਾਲੇ ਵਿਰੋਧੀਆਂ ਉੱਪਰ ਕਾਰਵਾਈ ਤੇਜ਼ ਕਰ ਦਿੱਤੀ। ਹੁਣ ਇਹ ਮੁਹਿੰਮ ਕਦੀਂ-ਕਦਾਈਂ ਤੇਜ਼ੀ ਫੜ੍ਹ ਲੈਂਦੀ ਹੈ। ਇਸੇ ਸਾਲ ਅਪ੍ਰੈਲ 'ਚ ਮਸ਼ਹੂਰ ਫੁਟਬਾਲ ਖਿਡਾਰੀ ਪਰਵੀਜ਼ ਤੁਰਸੁਨੋਵ ਨੂੰ ਦਾੜ੍ਹੀ ਰੱਖਣ ਕਰਕੇ ਖੇਡਣ ਤੋਂ ਹੀ ਰੋਕ ਦਿੱਤਾ ਗਿਆ ਸੀ।

ਇਹ ਵੀ ਜ਼ਰੂਰ ਪੜ੍ਹੋ

ਤੁਰਕਮੇਨਿਸਤਾਨ 'ਚ 2005 'ਚ ਉਸ ਵੇਲੇ ਦੇ ਲੀਡਰ ਸਪਰਮੁਰਾਤ ਨਿਯਾਜ਼ੋਵ ਨੇ ਲੰਮੇ ਵਾਲਾਂ ਅਤੇ ਦਾੜ੍ਹੀਆਂ ਉੱਪਰ ਪਾਬੰਦੀ ਲਗਾਈ ਸੀ। ਇਸ ਪਾਬੰਦੀ ਨੂੰ ਵੀ ਕੱਟੜਪੰਥੀ ਫਿਰਕਿਆਂ ਨੂੰ ਦਬਾਉਣ ਵਾਲਾ ਕਦਮ ਮੰਨਿਆ ਗਿਆ ਸੀ।

ਮਨੁੱਖੀ ਅਧਿਕਾਰਾਂ ਦਾ ਕੀ?

ਮਨੁੱਖੀ ਹਕੂਕਾਂ ਦੇ ਕਾਰਕੁਨ ਕਹਿੰਦੇ ਹਨ ਕਿ ਦਾੜ੍ਹੀਆਂ ਉੱਪਰ ਇਨ੍ਹਾਂ ਪਾਬੰਦੀਆਂ ਦਾ ਪੁੱਠਾ ਅਸਰ ਹੋ ਸਕਦਾ ਹੈ।

ਕਜ਼ਾਖਿਸਤਾਨੀ ਕਾਰਕੁਨ ਯੈਵਜਿਨੀ ਜ਼ੋਵਤੀਸ ਨੇ 2 ਫਰਵਰੀ ਨੂੰ ਇੱਕ ਨਿਊਜ਼ ਏਜੰਸੀ ਵੈੱਬਸਾਈਟ ਨਾਲ ਗੱਲ ਕਰਦਿਆਂ ਕਿਹਾ, "ਇਸ 'ਚ ਤਾਂ ਕੋਈ ਸ਼ੱਕ ਨਹੀਂ ਕਿ ਫਿਰਕਾਪੰਥੀ ਨਾਲ ਲੜਨਾ ਜ਼ਰੂਰੀ ਹੈ। ਪਰ ਸਾਨੂੰ ਲੜਨਾ ਚਾਹੀਦਾ ਹੈ ਵਿਚਾਰਧਾਰਾਵਾਂ ਨਾਲ, ਨਾ ਕਿ ਪਜਾਮਿਆਂ ਤੇ ਦਾੜ੍ਹੀਆਂ ਖਿਲਾਫ।"

ਅਜਿਹੇ ਹੀ ਵਿਚਾਰ 'ਹਿਊਮਨ ਰਾਈਟਸ ਵਾਚ' ਨਾਂ ਦੀ ਸੰਸਥਾ ਦੇ ਸਟੀਵ ਸੁਵਰਡਲੋ ਨੇ 12 ਅਕਤੂਬਰ ਨੂੰ ਸੰਸਥਾ ਦੀ ਵੈੱਬਸਾਈਟ ਨੂੰ ਦਿੱਤਾ ਬਿਆਨ 'ਚ ਪ੍ਰਗਟਾਏ। ਉਨ੍ਹਾਂ ਕਿਹਾ, "ਤਜ਼ਾਕਿਸਤਾਨ 'ਚ ਲੰਬੇ ਸਮੇਂ ਤੋਂ ਚਲ ਰਹੀ ਮੁਹਿੰਮ ਅਜੀਬੋ-ਗਰੀਬ ਹੁੰਦੀ ਜਾ ਰਹੀ ਹੈ — ਜਿਵੇਂ ਕਿ ਦਾੜ੍ਹੀ ਰੱਖਣ ਵਾਲਿਆਂ ਨੂੰ ਕੱਟੜਵਾਦੀ ਮੰਨ ਲੈਣਾ!"

ਕੁਝ ਜਾਣਕਾਰ ਕਹਿੰਦੇ ਹਨ ਕਿ ਇਹ ਮੁਹਿੰਮਾਂ ਅਸਲ ਵਿੱਚ ਹੋਰ ਗੰਭੀਰ ਮੁੱਦਿਆਂ ਵੱਲੋਂ ਧਿਆਨ ਭਟਕਾਉਣ ਦਾ ਇੱਕ ਬਹਾਨਾ ਹਨ।

ਇਹ ਵੀਡੀਓ ਵੀ ਜ਼ਰੂਰ ਦੇਖੋ

ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER,YouTube 'ਤੇ ਜੁੜੋ