ਡੌਨਲਡ ਟਰੰਪ ਨੇ ਦਿਵਾਲੀ ਵਧਾਈ ’ਚ ਕੀਤੀ ‘ਗਲਤੀ’, ਟਵਿੱਟਰ ’ਤੇ ਚੱਲੇ ਮਿਹਣੇ

ਭਾਰਤ ਤੇ ਹੋਰ ਥਾਵਾਂ ’ਚ ਦਿਵਾਲੀ ਤਿਉਹਾਰ ਆਉਣ ਤੋਂ ਇੱਕ ਹਫਤੇ ਬਾਅਦ ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਨੇ ਵੀ ਵ੍ਹਾਈਟ ਹਾਊਸ 'ਚ ਦਿਵਾਲੀ ਦੇ ਇੱਕ ਸਮਾਗਮ 'ਚ ਭਾਗ ਲਿਆ। ਇਸ ਬਾਰੇ ਉਨ੍ਹਾਂ ਟਵਿੱਟਰ ਉੱਪਰ ਵਧਾਈਆਂ ਵੀ ਭੇਜੀਆਂ।

ਇਸ ਇੱਕ ਹਫਤੇ ਦੀ ਦੇਰੀ ਦਾ ਤਾਂ ਪਤਾ ਨਹੀਂ ਕੀ ਕਾਰਣ ਸੀ, ਸਗੋਂ ਉਨ੍ਹਾਂ ਵੱਲੋਂ 17 ਮਿੰਟਾਂ ਦੀ ਇੱਕ ਹੋਰ ਦੇਰੀ ਕਰਨਾ ਚਰਚਾ ਦਾ ਵਿਸ਼ਾ ਬਣ ਗਿਆ ਹੈ।

ਅਮਰੀਕਾ 'ਚ 13 ਨਵੰਬਰ ਸ਼ਾਮ ਨੂੰ, ਭਾਰਤੀ ਸਮੇਂ ਮੁਤਾਬਕ 14 ਨਵੰਬਰ ਤੜਕੇ 2.33 'ਤੇ ਆਏ ਉਨ੍ਹਾਂ ਦੇ ਟਵੀਟ ਵਿੱਚ ਉਨ੍ਹਾਂ ਨੇ ਦਿਵਾਲੀ ਦੀਆਂ ਵਧਾਈਆਂ ਸਿੱਖਾਂ, ਬੋਧੀਆਂ ਤੇ ਜੈਨੀਆਂ ਨੂੰ ਤਾਂ ਦਿੱਤੀਆਂ ਪਰ, ਇੰਝ ਲੱਗਿਆ ਕਿ ਹਿੰਦੂਆਂ ਨੂੰ ਉਹ ਭੁੱਲ ਗਏ ਜਦਕਿ ਦਿਵਾਲੀ ਮਨਾਉਣ ਵਾਲਿਆਂ 'ਚ ਜ਼ਿਆਦਾ ਗਿਣਤੀ ਹਿੰਦੂਆਂ ਦੀ ਹੀ ਹੈ।

ਅਗਲਾ ਟਵੀਟ ਆਇਆ 17 ਮਿੰਟਾਂ ਬਾਅਦ, ਜਿਸ ਵਿੱਚ ਉਨ੍ਹਾਂ ਨੇ ਦਿਵਾਲੀ ਨੂੰ "ਹਿੰਦੂ ਤਿਉਹਾਰ" ਆਖ ਕੇ ਮੁੜ ਉਸੇ ਸਮਾਗਮ ਦੀ ਇੱਕ ਫੋਟੋ ਸ਼ੇਅਰ ਕੀਤੀ ਅਤੇ ਨਾਲ ਹੀ ਵ੍ਹਾਈਟ ਹਾਊਸ ਵੱਲੋਂ ਉਨ੍ਹਾਂ ਦੀ ਇਸ ਮੌਕੇ ਦੀ ਤਕਰੀਰ ਦੀ ਇੱਕ ਕਾਪੀ ਵੀ ਨੱਥੀ ਕੀਤੀ।

ਹਾਲਾਂਕਿ ਪਹਿਲੇ ਟਵੀਟ ਨਾਲ ਲੱਗੇ ਯੂ-ਟਿਊਬ ਵੀਡੀਓ 'ਚ ਉਨ੍ਹਾਂ ਭਾਸ਼ਣ ਦੀ ਸ਼ੁਰੂਆਤ 'ਚ ਹੀ ਇਸ "ਹਿੰਦੂ ਤਿਉਹਾਰ" ਨੂੰ ਮਨਾਉਣ 'ਤੇ ਮਾਨ ਪ੍ਰਗਟਾਇਆ ਸੀ ਪਰ ਟਵੀਟ ਵਿੱਚ ਹੋਈ ਭੁੱਲ ਲੋਕਾਂ ਨੇ ਛੱਡੀ ਨਹੀਂ।

ਇਹ ਵੀ ਪੜ੍ਹੋ

ਸੋਸ਼ਲ ਮੀਡੀਆ 'ਤੇ ਰੌਲਾ ਪੈਣ ਲਈ ਇੰਨਾ ਹੀ ਬਹੁਤ ਸੀ।

ਭਾਰਤੀ ਅਦਾਕਾਰ ਅਸ਼ਵਿਨ ਮੁਸ਼ਰਾਨ ਨੇ ਟਰੰਪ ਦੇ ਪਹਿਲੇ ਟਵੀਟ ਉੱਪਰ ਵਿਅੰਗ ਕਰਦਿਆਂ 'ਹਿੰਦੂਜ਼ ਫਾਰ ਟਰੰਪ' ਨਾਂ ਦੇ ਸੰਗਠਨ ਦਾ ਜ਼ਿਕਰ ਕੀਤਾ ਜਿਸ ਨੇ 2016 ਦੀਆਂ ਅਮਰੀਕੀ ਚੋਣਾਂ 'ਚ ਟਰੰਪ ਦਾ ਸਮਰਥਨ ਕੀਤਾ ਸੀ। ਹਾਲਾਂਕਿ ਟਰੰਪ ਉੱਤੇ ਅਮਰੀਕਾ 'ਚ ਘੱਟ-ਗਿਣਤੀ ਵਿਰੋਧੀ ਹੋਣ ਦਾ ਇਲਜ਼ਾਮ ਲਗਦਾ ਹੈ।

ਮੁਸ਼ਰਾਨ ਨੇ ਲਿਖਿਆ, "ਹਿੰਦੂਜ਼ ਫਾਰ ਟਰੰਪ ਨੂੰ ਤਾਂ ਇਸ ਖ਼ਾਸ ਜ਼ਿਕਰ ਦਾ ਮਜ਼ਾ ਹੀ ਆ ਗਿਆ ਹੋਣਾ ਹੈ।"

ਜਦੋਂ ਕੁਝ ਟਵਿੱਟਰ ਯੂਜ਼ਰ ਨੇ ਮੁਸ਼ਰਾਨ ਦਾ ਧਿਆਨ ਹਿੰਦੂਆਂ ਦੇ ਜ਼ਿਕਰ ਵਾਲੇ ਵੀਡੀਓ ਵੱਲ ਦਿਵਾਇਆ ਤਾਂ ਉਨ੍ਹਾਂ ਨੇ ਆਖਿਆ, "ਫਿਰ ਠੀਕ ਕਰ ਕੇ (ਦੂਜਾ) ਟਵੀਟ ਪਾਉਣ ਦੀ ਵੀ ਕੋਈ ਲੋੜ ਨਹੀਂ ਸੀ!"

ਅਮਰੀਕਾ ਦੇ ਇੱਕ ਟਵਿੱਟਰ ਯੂਜ਼ਰ ਵੇਅਨ ਨੈਕਰ ਨੇ ਟਰੰਪ ਨੂੰ ਲਿਖਿਆ, "ਜਦੋਂ ਕਿਸੇ ਵਿਸ਼ੇ ਨੂੰ ਗੂਗਲ ਕਰ ਕੇ ਆਏ ਨਤੀਜਿਆਂ ਨੂੰ ਧਿਆਨ ਨਾਲ ਨਾ ਪੜ੍ਹੋ ਤਾਂ ਇਹੀ ਹੁੰਦਾ ਹੈ।"

ਵਿਕਾਸ ਵਰਮਾ ਨਾਂ ਦੇ ਇੱਕ ਟਵਿੱਟਰ ਯੂਜ਼ਰ ਨੇ ਭਾਰਤੀ ਸੱਭਿਆਚਾਰ ਨੂੰ ਅਮਰੀਕਾ ਵਿੱਚ ਮਿਲਦੀ ਤਰਜੀਹ ਦੀ ਸ਼ਲਾਘਾ ਕੀਤੀ ਪਰ ਨਾਲ ਹੀ ਸਲਾਹ ਦਿੱਤੀ ਕਿ ਕਿਸੇ ਵੀ ਜਾਤ-ਧਰਮ ਦਾ ਜ਼ਿਕਰ ਨਹੀਂ ਕਰਨਾ ਚਾਹੀਦਾ ਸੀ।

ਅੱਗੇ ਲਿਖਿਆ, "ਹੁਣ ਜਦੋਂ ਤੁਸੀਂ ਜ਼ਿਕਰ ਕਰ ਹੀ ਦਿੱਤਾ ਹੈ ਤਾਂ ਮੈਂ ਦੱਸ ਦਿਆਂ, ਤੁਸੀਂ ਹਿੰਦੂਆਂ ਨੂੰ ਭੁੱਲ ਗਏ ਜਿਨ੍ਹਾਂ ਲਈ ਇਹ ਸਭ ਤੋਂ ਵੱਡਾ ਤਿਉਹਾਰ ਹੈ।"

ਸੁਵਪਨੀਲ ਪਾਂਡੇ ਨੇ ਵੀ ਟਵੀਟ ਕਰ ਕੇ ਵਿਅੰਗ ਕੀਤਾ, "ਟਰੰਪ ਦੀ ਜਿੱਤ ਲਈ ਭਾਰਤ 'ਚ ਹਿੰਦੂਆਂ ਵੱਲੋਂ ਕੀਤੇ ਹਵਨਾਂ ਅਤੇ ਪਾਏ ਰੌਲੇ ਤੋਂ ਬਾਅਦ ਸਾਡਾ ਦਿਵਾਲੀ ਦੀ ਵਧਾਈ ਦੀ ਲਿਸਟ 'ਚ ਵੀ ਨਾਂ ਨਹੀਂ???? ਘੋਰ ਕਲਯੁਗ!"

ਹੋਰਾਂ ਨੇ ਵੀ ਟਰੰਪ ਦੀ ਨਿਖੇਧੀ ਕਰਨ ਦਾ ਮੌਕੇ ਨਹੀਂ ਛੱਡਿਆ ਅਤੇ ਕੁਝ ਨੇ ਤਾਂ ਟਰੰਪ ਦੀ ਤੁਲਨਾ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਕਰਦਿਆਂ ਵੀ ਵਿਅੰਗ ਕੀਤਾ।

ਦਾਨਿਸ਼ ਆਜ਼ਮ ਰਿਜ਼ਵੀ ਨੇ ਲਿਖਿਆ, "ਤੁਹਾਡੇ (ਅਮਰੀਕਾ ਦੇ) ਰਾਸ਼ਟਰਪਤੀ ਤੇ ਸਾਡੇ ਪ੍ਰਧਾਨ ਮੰਤਰੀ ਵਿਛੜੇ ਭਰਾ ਜਾਪਦੇ ਹਨ... 1) ਆਪਣੇ ਦੇਸ਼ ਦੇ ਮੁੱਦਿਆਂ 'ਤੇ ਚੁੱਪ... ਚੀਨ ਜਾਂ ਸਰਬੀਆ ਵਰਗੀਆਂ ਹੋਰ ਥਾਵਾਂ ਦੇ ਲੋਕਾਂ ਨੂੰ ਵਧਾਈ ਦੇਣ ਨੂੰ ਬਹੁਤ ਤੇਜ਼, 2) ਤੱਥਾਂ ਨੂੰ ਤੋੜ-ਮਰੋੜ ਕੇ ਪੇਸ਼ ਕਰਨਾ, ਜਿਵੇਂ ਕਿ ਦਿਵਾਲੀ 'ਚੋਂ ਹਿੰਦੂ ਹੀ ਬਾਹਰ ਕੱਢ ਦੇਣਾ।”

ਐਂਥਨੀ ਬੇਲੀ ਨੇ ਲਿਖਿਆ ਕਿ ਉਹ ਖੁਦ ਨੂੰ ਹੀ ਪੁੱਛਦੇ ਰਹੇ ਕਿ ਟਰੰਪ ਕਿਸੇ ਨੂੰ ਇੱਜ਼ਤ ਦੇਣ ਦਾ ਕੰਮ ਕਿਵੇਂ ਕਰ ਸਕਦੇ ਹਨ, "ਰਿਸਰਚ ਕਰ ਕੇ ਪਤਾ ਲੱਗਿਆ ਕਿ ਦਿਵਾਲੀ ਲਕਸ਼ਮੀ ਦੇ ਸਨਮਾਨ 'ਚ ਮਨਾਇਆ ਜਾਣ ਵਾਲਾ ਤਿਉਹਾਰ ਹੈ... ਧਨ ਦੀ ਦੇਵੀ!"

ਸ਼ਵੇਤਾ ਚੌਹਾਨ ਨੇ ਟਰੰਪ ਨੂੰ ਪੁੱਛਿਆ, "ਤੁਸੀਂ ਕਿਹੜੀ ਮਠਿਆਈ ਵਟਾਈ? ਸੋਨ ਪਾਪੜੀ ਜਾਂ ਕਾਜੂ ਕਤਲੀ?"

ਪਰ "ਹਿੰਦੂ" ਦੇ ਜ਼ਿਕਰ ਵਾਲੇ ਦੂਜੇ ਟਵੀਟ ਦੇ ਜਵਾਬ 'ਚ ਤਰੁਣ ਸ਼ੁਕਲਾ ਨੇ ਵੀਡੀਓ ਦੇ ਇੱਕ ਹੋਰ ਹਿੱਸੇ ਬਾਰੇ ਲਿਖਿਆ, "ਰੱਬ ਦਾ ਸ਼ੁਕਰ ਹੈ ਗ਼ਲਤੀ ਸੁਧਾਰ ਲਈ। ਪਿੱਛੇ ਖੜ੍ਹੇ ਭਾਰਤੀ-ਅਮਰੀਕੀਆਂ ਦੀਆਂ ਸ਼ਕਲਾਂ ਦੇਖੋ!"

ਕੁਝ ਲੋਕਾਂ ਨੇ ਟਰੰਪ ਤੇ ਮੋਦੀ, ਦੋਵਾਂ ਨੂੰ ਹੀ ਇਸਲਾਮੀ ਤਿਉਹਾਰਾਂ ਨੂੰ ਵੀ ਇੰਝ ਮਨਾਉਣ ਦੀ ਸਲਾਹ ਦਿੱਤੀ ਤਾਂ ਜੋ ਬਰਾਬਰਤਾ ਨਜ਼ਰ ਆਵੇ।

ਕਈਆਂ ਨੇ ਟਰੰਪ ਦਾ ਧੰਨਵਾਦ ਕੀਤਾ।

ਇਹ ਵੀਡੀਓ ਵੀ ਜ਼ਰੂਰ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)