ਬੇਨਜ਼ੀਰ ਭੁੱਟੋ ਦੇ ਪਿੰਡ ਦੀਆਂ ਕੁੜੀਆਂ ਦਾ ਆਪਣੇ ਦਿਲ ਅਤੇ ਸਰੀਰ 'ਤੇ ਕਿੰਨਾ ਅਧਿਕਾਰ #BBCShe

    • ਲੇਖਕ, ਸ਼ੁਮਾਇਲਾ ਜਾਫਰੀ
    • ਰੋਲ, ਪੱਤਰਕਾਰ, ਬੀਬੀਸੀ

ਬਲੂਚਿਸਤਾਨ ਦੇ ਸਰਦ ਪਹਾੜਾਂ ਵਿੱਚ 'ਬੀਬੀਸੀ ਸ਼ੀ' ਪ੍ਰੋਗਰਾਮ ਦੇ ਤਹਿਤ ਨੌਜਵਾਨ ਔਰਤਾਂ ਨਾਲ ਰੂਬਰੂ ਹੋਣ ਤੋਂ ਬਾਅਦ ਅਸੀਂ ਆਪਣੇ ਅਗਲੇ ਪੜਾਅ ਸਿੰਧ ਸੂਬੇ ਵੱਲ ਵਧੇ। ਉੱਥੇ ਅਸੀਂ ਲਾੜਕਾਨਾ ਦੀਆਂ ਔਰਤਾਂ ਨਾਲ ਗੱਲਬਾਤ ਕਰਨਾ ਚਾਹੁੰਦੇ ਸੀ।

ਕਰਾਚੀ ਤੋਂ ਤਕਰੀਬਨ ਸਾਢੇ ਚਾਰ ਸੌ ਕਿਲੋਮੀਟਰ ਦੂਰ ਸਥਿਤ ਲਾੜਕਾਨਾ ਨੂੰ ਪੰਜਾਬ ਦੇ ਸਿਆਸੀ ਪਟਲ ਉੱਤੇ ਸਭ ਤੋਂ ਤਾਕਤਵਰ ਸ਼ਹਿਰਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ ਕਿਉਂਕਿ ਇਹ ਭੁੱਟੋ ਪਰਿਵਾਰ ਦਾ ਜੱਦੀ ਪਿੰਡ ਹੈ।

ਸ਼ਹਿਰ ਤੋਂ ਲਗਭਗ ਡੇਢ ਘੰਟੇ ਦੀ ਦੂਰੀ 'ਤੇ ਸਥਿਤ ਪਿੰਡ ਗੜ੍ਹੀ ਖੁਦਾਬਖਸ਼ ਤੋਂ ਭੁੱਟੋ ਪਰਿਵਾਰ ਦੀ ਕਬਰ ਵਾਲੀ ਉੱਚੀ ਇਮਾਰਤ ਨਜ਼ਰ ਆਉਂਦੀ ਹੈ।

ਇਹ ਵੀ ਪੜ੍ਹੋ:

ਇਸ ਇਮਾਰਤ ਦੇ ਉੱਚੇ ਚਿੱਟੇ ਗੁਬੰਦ ਹਨੇਰੇ ਵਿੱਚ ਵੀ ਮੋਤੀਆਂ ਵਰਗੇ ਚਮਕਦੇ ਹਨ।

ਇਸ ਪਿੰਡ ਵਿੱਚ ਭੁੱਟੋ ਪਰਿਵਾਰ ਨੂੰ ਸੰਤਾਂ ਦੀ ਤਰ੍ਹਾਂ ਮੰਨਿਆ ਜਾਂਦਾ ਹੈ ਅਤੇ ਉਨ੍ਹਾਂ ਦੀ ਕਬਰ ਉੱਤੇ ਇੱਕ ਤੀਰਥ ਸਥਾਨ ਬਣ ਚੁੱਕਿਆ ਹੈ ਜਿੱਥੇ ਰੋਜ਼ਾਨਾ ਦਰਜਨਾਂ ਲੋਕ ਆਉਂਦੇ ਹਨ।

ਭੁੱਟੋ ਦੇ ਪਿੰਡ ਵਿੱਚ ਵਿਕਾਸ ਕਿੱਥੇ?

ਇਸ ਪਿੰਡ ਵਿੱਚੋਂ ਨਿਕਲਣ ਵਾਲਾ ਭੁੱਟੋ ਪਰਿਵਾਰ ਇੱਕ ਲੰਬੇ ਸਮੇਂ ਤੱਕ ਪਾਕਿਸਤਾਨ ਦੀ ਸੱਤਾ 'ਤੇ ਕਾਬਿਜ਼ ਰਿਹਾ ਹੈ। ਪਰ ਇਸ ਦੇ ਬਾਵਜੂਦ ਇਸ ਖੇਤਰ ਵਿੱਚ ਮੁੱਢਲੀਆਂ ਸਹੂਲਤਾਂ ਦੀ ਕਮੀ ਅਤੇ ਗਰੀਬੀ ਸਾਫ਼ ਨਜ਼ਰ ਆਉਂਦੀ ਹੈ।

ਲਾੜਕਾਨਾ ਹੀ ਨਹੀਂ ਸਿੰਧ ਪ੍ਰਾਂਤ ਦੇ ਅੰਦਰੂਨੀ ਹਿੱਸਿਆਂ ਵਿੱਚ ਕਈ ਥਾਵਾਂ 'ਤੇ ਕੁਝ ਇਸ ਤਰ੍ਹਾਂ ਦੀ ਹੀ ਤਸਵੀਰ ਨਜ਼ਰ ਆਉਂਦੀ ਹੈ। ਇਸ ਇਲਾਕੇ ਨੇ ਮੁਸਲਮਾਨ ਦੁਨੀਆਂ ਅਤੇ ਪਾਕਿਸਤਾਨ ਨੂੰ ਉਸ ਦੀ ਪਹਿਲੀ ਔਰਤ ਪ੍ਰਧਾਨ ਮੰਤਰੀ ਦਿੱਤੀ ਸੀ।

ਅਜਿਹੇ ਵਿੱਚ ਸਾਡੀ ਦਿਲਚਸਪੀ ਇਹ ਜਾਣਨ ਵਿੱਚ ਸੀ ਕਿ ਇਸ ਖੇਤਰ ਦੀਆਂ ਕੁੜੀਆਂ ਕਿੰਨੀਆਂ ਜਾਗਰੂਕ ਹਨ।

ਅਸੀਂ ਸ਼ਹੀਦ ਜ਼ੁਲਫਿਕਾਰ ਅਲੀ ਭੁੱਟੋ ਇੰਸਟੀਟਿਊਟ ਆਫ਼ ਸਾਈਂਸ ਐਂਡ ਟੈਕਨਾਲਾਜੀ ਵਿੱਚ ਨੌਜਵਾਨ ਔਰਤਾਂ ਨਾਲ ਗੱਲਬਾਤ ਕਰਨ ਦੀ ਯੋਜਨਾ ਬਣਾਈ।

ਸਾਡੇ ਇਸ ਪ੍ਰੋਗਰਾਮ ਵਿੱਚ ਤਕਰੀਬਨ 50 ਨੌਜਵਾਨ ਔਰਤਾਂ ਨੇ ਹਿੱਸਾ ਲਿਆ। ਇਸ ਦੌਰਾਨ ਇਨ੍ਹਾਂ ਨੇ ਸਮਾਜ ਵਿੱਚ ਟੈਬੂ ਯਾਨੀ ਪਾਬੰਦ ਮੰਨੇ ਜਾਣ ਵਾਲੇ ਮੁੱਦੇ ਜਿਵੇਂ ਕਿ ਔਰਤਾਂ ਦੀ ਸਿਹਤ, ਗਰਭਵਤੀ ਹੋਣ ਦੇ ਅਧਿਕਾਰ ਅਤੇ ਮਾਨਸਿਕ ਸਿਹਤ ਵਰਗੇ ਮੁੱਦਿਆਂ ਉੱਤੇ ਗੱਲਬਾਤ ਕੀਤੀ।

ਸਿੰਧ ਦੀਆਂ ਔਰਤਾਂ ਦਾ ਬਹਾਦਰ ਅੰਦਾਜ਼

ਔਰਤਾਂ ਲਈ ਪੀਰੀਅਡਜ਼ ਅਜਿਹਾ ਮੁੱਦਾ ਹੈ ਕਿ ਸ਼ਹਿਰਾਂ ਦੀਆਂ ਪੜ੍ਹੀਆਂ-ਲਿਖੀਆਂ ਔਰਤਾਂ ਵੀ ਇਹਨਾਂ ਮੁੱਦਿਆਂ 'ਤੇ ਚਰਚਾ ਕਰਨ ਤੋਂ ਘਬਰਾਉਂਦੀਆਂ ਹਨ। ਪਰ ਜਦੋਂ ਬੀਬੀਸੀ ਸ਼ੀ ਦੇ ਪ੍ਰੋਗਰਾਮ ਦੌਰਾਨ ਇਕ ਨੌਜਵਾਨ ਵਿਦਿਆਰਥਣ ਨੇ ਇਸ ਮੁੱਦੇ ਨੂੰ ਚੁੱਕਿਆ ਤਾਂ ਮੈਂ ਹੈਰਾਨ ਰਹਿ ਗਈ।

ਇੱਕ ਵਿਦਿਆਰਥਣ ਨੇ ਦੱਸਿਆ ਕਿ ਸਿੰਧ ਵਿੱਚ ਹਜ਼ਾਰਾਂ ਔਰਤਾਂ ਚੁੱਪਚਾਪ ਇਹ ਸਭ ਬਰਦਾਸ਼ ਕਰਦੀਆਂ ਰਹਿੰਦੀਆਂ ਹਨ। ਉਹ ਸਾਫ ਸੈਨੀਟਰੀ ਪੈਡ ਨਹੀਂ ਖਰੀਦ ਸਕਦੀਆਂ, ਕਿਸੇ ਤਰ੍ਹਾਂ ਦੀ ਸਮੱਸਿਆ ਪੈਦਾ ਹੋਣ 'ਤੇ ਉਹ ਡਾਕਟਰੀ ਮਦਦ ਨਹੀਂ ਲੈ ਸਕਦੀਆਂ। ਸਿੰਧ ਦੇ ਅੰਦਰੂਨੀ ਇਲਾਕਿਆਂ ਵਿੱਚ ਉਹ ਆਪਣੀ ਹਾਰਮੋਨਲ ਡਿਸਾਡਰ ਅਤੇ ਛਾਤੀ ਦੇ ਕੈਂਸਰ ਵਰਗੀਆਂ ਬਿਮਾਰੀਆਂ ਬਾਰੇ ਗੱਲ ਕਰਨ ਤੋਂ ਵੀ ਕਤਰਾਉਂਦੀਆਂ ਹਨ।

ਇਹੀ ਕੁੜੀ ਉਦਾਹਰਣ ਦੇ ਤੌਰ 'ਤੇ ਸਮਝਾਉਂਦੀ ਹੈ ਕਿ ਜੇਕਰ ਕੋਈ ਕੁਆਰੀ ਕੁੜੀ ਮਹਿਲਾ ਰੋਗ ਮਾਹਿਰ ਕੋਲ ਜਾਂਦੀ ਹੈ ਤਾਂ ਸਮਾਜ ਉਸ ਦਾ ਜਿਉਣਾ ਮੁਸ਼ਕਿਲ ਕਰ ਦਿੰਦਾ ਹੈ।

ਇੱਕ ਹੋਰ ਕੁੜੀ ਨੇ ਕਿਹਾ ਕਿ ਜੇ ਕੋਈ ਕੁੜੀ ਇਸ ਬਾਰੇ ਗੱਲ ਕਰੇ ਤਾਂ ਉਨ੍ਹਾਂ ਦੇ ਪਰਿਵਾਰ ਵਾਲੇ ਉਸ ਨੂੰ ਜ਼ਬਰਦਸਤੀ ਚੁੱਪ ਕਰਵਾ ਦਿੰਦੇ ਹਨ।

ਇਹ ਕੁੜੀ ਆਪਣਾ ਅਨੁਭਭ ਸਾਂਝਾ ਕਰਦੇ ਹੋਏ ਕਹਿੰਦੀ ਹੈ, "ਸਾਨੂੰ ਕਿਹਾ ਜਾਂਦਾ ਹੈ ਕਿ ਅਸੀਂ ਬੇਸ਼ਰਮ ਹਾਂ। ਅਜਿਹੀਆਂ ਗੱਲਾਂ ਉੱਤੇ ਚਰਚਾ ਕਰਨਾ ਸਾਡੇ ਧਰਮ ਅਤੇ ਤੌਰ-ਤਰੀਕਿਆਂ ਦੇ ਖਿਲਾਫ਼ ਹੈ।"

ਔਰਤਾਂ ਦੇ ਅਧਿਕਾਰ

ਸਿੰਧ ਪ੍ਰਾਂਤ ਦੇ ਕਾਂਡਕੋਟ ਇਲਾਕੇ ਤੋਂ ਆਉਣ ਵਾਲੀ ਇੱਕ ਕੁੜੀ ਨੇ ਕਿਹਾ ਕਿ ਔਰਤਾਂ ਦਾ ਉਨ੍ਹਾਂ ਦੇ ਮਨ ਅਤੇ ਸਰੀਰ ਉੱਤੇ ਕਿਸੇ ਤਰ੍ਹਾਂ ਦਾ ਅਧਿਕਾਰ ਨਹੀਂ ਹੈ। ਉਨ੍ਹਾਂ ਨੂੰ ਘੱਟ ਉਮਰ ਵਿੱਚ ਵਿਆਹ ਕਰਵਾ ਕੇ ਬੱਚੇ ਪੈਦਾ ਕਰਨ ਲਈ ਕਿਹਾ ਜਾਂਦਾ ਹੈ। ਇਸ ਤੋਂ ਬਾਅਦ ਜੇ ਮੁੰਡਾ ਪੈਦਾ ਨਹੀਂ ਹੁੰਦਾ ਤਾਂ ਫਿਰ ਉਨ੍ਹਾਂ ਦੇ ਪਤੀ ਉਨ੍ਹਾਂ ਨੂੰ ਛੱਡ ਕੇ ਦੂਜਾ ਵਿਆਹ ਕਰਾਵਾ ਲੈਂਦੇ ਹਨ।

ਕਾਂਡਕੋਟ ਦੀ ਇਸ ਕੁੜੀ ਨੇ ਦੱਸਿਆ, "ਗਰਭ ਧਾਰਨ ਦੌਰਾਨ ਜੇ ਪਤੀ ਨੂੰ ਇਹ ਪਤਾ ਲੱਗ ਜਾਵੇ ਤਾਂ ਕਿ ਉਹ ਇੱਕ ਕੁੜੀ ਨੂੰ ਜਨਮ ਦੇਣ ਵਾਲੀ ਹੈ ਤਾਂ ਉਸ ਦਾ ਪਤੀ ਉਸ ਨੂੰ ਛੱਡ ਦਿੰਦਾ ਹੈ, ਉਸ ਨੂੰ ਲੋੜ ਦੇ ਹਿਸਾਬ ਨਾਲ ਭੋਜਨ ਅਤੇ ਡਾਕਟਰੀ ਮਦਦ ਨਹੀਂ ਦਿੱਤੀ ਜਾਂਦੀ ਹੈ।"

ਸੰਯੁਕਤ ਰਾਸ਼ਟਰ ਦੇ ਇੱਕ ਰਿਪੋਰਟ 'ਟਰਨਿੰਗ ਪ੍ਰੋਮਿਸਜ਼ ਇਨਟੂ ਐਕਸ਼ਨ: ਜੈਂਡਰ ਈਕੁਐਲਟੀ ਇਨ ਦ 2030 ਐਜੰਡਾ' ਇਨ੍ਹਾਂ ਦਾਅਵਿਆਂ ਦੀ ਪੁਸ਼ਟੀ ਕਰਦੇ ਹੋਏ ਦੱਸਦੀ ਹੈ ਕਿ ਸਿੰਧ ਵਿੱਚ ਔਰਤਾਂ ਦੀ ਇੱਕ ਵੱਡੀ ਗਿਣਤੀ ਕੁਪੋਸ਼ਣ ਦੀ ਸ਼ਿਕਾਰ ਹੈ।

ਇਹ ਰਿਪੋਰਟ ਦੱਸਦੀ ਹੈ ਕਿ ਕੁਪੋਸ਼ਣ ਦੇ ਲਿਹਾਜ ਨਾਲ ਸਿੰਧ ਦੇ ਗਰੀਬ ਘਰਾਂ ਦੀਆਂ ਔਰਤਾਂ ਦੀ ਹਾਲਤ ਪੂਰੇ ਪਾਕਿਸਤਾਨ ਦੇ ਕਿਸੇ ਹੋਰ ਸਮਾਜ ਤੋਂ ਮਾੜੀ ਹੈ।

ਸਾਡੇ ਪ੍ਰੋਗਰਾਮ ਵਿੱਚ ਹਿੱਸਾ ਲੈਣ ਆਈ ਇੱਕ ਕੁੜੀ ਦੱਸਦੀ ਹੈ ਕਿ ਔਰਤਾਂ ਦੀ ਖਰਾਬ ਸਰੀਰਕ ਅਤੇ ਮਾਨਸਿਕ ਹਾਲਤ ਸਮਾਜ ਤੇ ਮਾੜਾ ਅਸਰ ਪਾ ਸਕਦੀ ਹੈ। ਜੇ ਤੁਸੀਂ ਗਰਭ ਦੌਰਾਨ ਔਰਤਾਂ ਅਤੇ ਨਵਜੰਮਿਆਂ ਨੂੰ ਮੌਤ ਦੇ ਅੰਕੜਿਆਂ ਉੱਤੇ ਨਜ਼ਰ ਮਾਰੋਗੇ ਤਾਂ ਤੁਸੀਂ ਹੈਰਾਨ ਰਹਿ ਜਾਓਗੇ।

ਘਰੇਲੂ ਹਿੰਸਾ ਦਾ ਮੁੱਦਾ

ਇਕ ਵਿਦਿਆਰਥਣ ਨੇ ਦੱਸਿਆ ਕਿ ਮਰਦ ਕੰਮ ਦੌਰਾਨ ਜਿਨ੍ਹਾਂ ਚੁਣੌਤੀਆਂ ਦਾ ਸਾਹਮਣਾ ਕਰਦੇ ਹਨ, ਉਸ ਦਾ ਗੁੱਸਾ ਔਰਤਾਂ ਉੱਤੇ ਕੱਢਦੇ ਹਨ।

ਪਾਕਿਸਤਾਨ ਵਿੱਚ ਘੱਟ ਗਿਣਤੀ ਹਿੰਦੂ ਸਮਾਜ ਤੋਂ ਆਉਣ ਵਾਲੀ ਇੱਕ ਕੁੜੀ ਕਹਿੰਦੀ ਹੈ ਕਿ ਸਿੰਧ ਵਿੱਚ ਮੁਸਲਮਾਨ ਮਰਦ ਹਿੰਦੂ ਔਰਤਾਂ ਨੂੰ ਜ਼ਬਰਦਸਤੀ ਧਰਮ ਬਦਲਣ ਲਈ ਮਜਬੂਰ ਕਰਦੇ ਹਨ।

ਉਹ ਕਹਿੰਦੀ ਹੈ ਕਿ ਹਿੰਦੂ ਸਮਾਜ ਇਸ ਕਾਰਨ ਆਪਣੀਆਂ ਕੁੜੀਆਂ ਨੂੰ ਅੱਗੇ ਪੜ੍ਹਣ ਨਹੀਂ ਦਿੰਦੇ।

ਉਹ ਕਹਿੰਦੀ ਹੈ, "ਅਸੀਂ ਵੀ ਪਾਕਿਸਤਾਨੀ ਹਾਂ ਅਤੇ ਸਿੰਧੀ ਸਮਾਜ ਵਿੱਚ ਚੰਗੇ ਢੰਗ ਨਾਲ ਰਚੇ-ਵਸੇ ਹੋਏ ਹਾਂ। ਅਜਿਹੇ ਵਿੱਚ ਜ਼ਬਰਦਸਤੀ ਧਰਮ ਬਦਲਣਾ ਬੰਦ ਹੋਣਾ ਚਾਹੀਦਾ ਹੈ। ਸਾਨੂੰ ਇਸ ਮੁੱਦੇ ਕਾਰਨ ਆਪਣੇ ਸਮਾਜਿਕ ਤਾਣੇ-ਬਾਣੇ ਨੂੰ ਨੁਕਸਨਾ ਪਹੁੰਚਾਉਣ ਤੋਂ ਬਚਣਾ ਚਾਹੀਦਾ ਹੈ।"

ਇਸ ਪ੍ਰਗਰਾਮ ਵਿੱਚ ਸ਼ਾਮਿਲ ਹੋਈਆਂ ਕੁਝ ਕੁੜੀਆਂ ਨੇ ਮੁੱਖਧਾਰਾ ਦੀ ਮੀਡੀਆ ਤੋਂ ਬਾਲ ਸ਼ੋਸ਼ਣ ਬਾਰੇ ਗੱਲ ਕਰਨ ਦੀ ਉਮੀਦ ਜਤਾਈ। ਇਸ ਦੇ ਨਾਲ ਹੀ ਔਰਤਾਂ ਨੂੰ ਉਨ੍ਹਾਂ ਦੀ ਸਰੀਰਕ ਸੁਰੱਖਿਆ ਲਈ ਸਿੱਖਿਆ ਦੇਣੀ ਚਾਹੀਦੀ ਹੈ, ਸਰੀਰਕ ਸ਼ੋਸ਼ਣ ਨੂੰ ਪਾਠਕਰਮ ਦਾ ਹਿੱਸਾ ਬਣਾਉਣਾ ਚਾਹੀਦਾ ਹੈ ਕਿਉਂਕਿ ਇਸ ਨਾਲ ਬੱਚਿਆਂ ਦੇ ਸਰੀਰਕ ਸ਼ੋਸ਼ਣ ਤੇ ਲਗਾਮ ਲੱਗੇਗੀ।

ਇਹ ਕੁੜੀ ਕਹਿੰਦੀ ਹੈ, "ਮੀਡੀਆ ਨੂੰ ਬੱਚਿਆਂ ਨੂੰ ਗੁਡ ਅਤੇ ਬੈਡ ਟੱਚ ਬਾਰੇ ਸਿੱਖਿਆ ਦੇਣੀ ਚਾਹੀਦੀ ਹੈ।"

ਚੰਗੀ ਕੁੜੀ ਤੇ ਮਾੜੀ ਕੁੜੀ

ਕਈ ਕੁੜੀਆਂ ਨੇ ਦੱਸਿਆ ਕਿ ਮਰਦ ਕਿਸ ਤਰ੍ਹਾਂ ਦੀਆਂ ਔਰਤਾਂ ਨੂੰ ਪਸੰਦ ਅਤੇ ਨਾਪਸੰਦ ਦੇ ਆਧਾਰ ਤੇ ਉਨ੍ਹਾਂ ਨੂੰ ਚੰਗੀਆਂ ਅਤੇ ਮਾੜੀਆਂ ਔਰਤਾਂ ਵਿੱਚ ਫਿੱਟ ਕਰਦੇ ਹਨ।

ਇਨ੍ਹਾਂ ਵਿੱਚੋਂ ਕਈ ਕੁੜੀਆਂ ਇਸ ਗੱਲ 'ਤੇ ਵੀ ਇੱਕ ਰਾਏ ਸਨ ਕਿ ਸਮਾਜ ਹੀ ਔਰਤਾਂ ਦੇ ਖਿਲਾਫ਼ ਸੋਚ ਨੂੰ ਵਿਕਸਿਤ ਕਰਨ ਲਈ ਜ਼ਿੰਮੇਵਾਰ ਹੈ।

ਇਸ ਦੌਰਾਨ ਦਫ਼ਤਰਾਂ, ਸਿੱਖਿਅਕ ਅਦਾਰਿਆਂ ਅਤੇ ਗਲੀਆਂ ਵਿੱਚ ਸਰੀਰਕ ਸ਼ੋਸ਼ਣ, ਛੇੜਛਾੜ, ਸੋਸ਼ਲ ਮੀਡੀਆ ਤੇ ਆਵਾਰਗੀ, ਲਿੰਗ ਭੇਦਭਾਵ ਅਤੇ ਫੈਸਲੇ ਲੈਣ ਦੇ ਅਧਿਕਾਰ ਵਰਗੇ ਮੁੱਦੇ ਵੀ ਚੁੱਕੇ ਗਏ।

ਇਸ ਪ੍ਰੋਗਰਾਮ ਦੇ ਬਾਅਦ ਇੱਕ ਵਾਰੀ ਫਿਰ ਮੈਂ ਇਨ੍ਹਾਂ ਕੁੜੀਆਂ ਦੀ ਬਹਾਦਰੀ ਦੀ ਕਾਇਲ ਹੋ ਗਈ। ਇਨ੍ਹਾਂ ਵਿੱਚੋਂ ਕਈ ਕੁੜੀਆਂ ਪਹਿਲੀ ਵਾਰੀ ਕੈਮਰੇ ਦਾ ਸਾਹਮਣਾ ਕਰ ਰਹੀਆਂ ਹਨ ਪਰ ਇਹ ਔਰਤਾਂ ਬੇਹਿਚਕ ਹੋ ਕੇ ਆਪਣੇ ਵਿਚਾਰ ਰੱਖ ਰਹੀਆਂ ਸਨ।

ਮੈਂ ਉਨ੍ਹਾਂ ਦੀ ਆਵਾਜ਼ ਵਿੱਚ ਨਿਰਾਸ਼ਾ ਮਹਿਸੂਸ ਕੀਤੀ। ਮੈਨੂੰ ਲੱਗਦਾ ਹੈ ਕਿ ਇਹੀ ਗੁੱਸਾ ਲੋਕਾਂ ਨੂੰ ਬਹਾਦਰ ਬਣਾਉਂਦਾ ਹੈ। ਇਹ ਕੁੜੀਆਂ ਸਮਾਜ ਦੇ ਰਵੱਈਏ ਤੋਂ ਨਾਰਾਜ਼ ਸਨ।

ਇਹ ਵੀ ਪੜ੍ਹੋ:

ਮੈਂ ਸਿੰਧ ਦੀਆਂ ਔਰਤਾਂ ਬਾਰੇ ਜੋ ਸੋਚਦੀ ਸੀ ਉਹ ਪੂਰੀ ਤਰ੍ਹਾਂ ਬਦਲ ਗਈ। ਬੀਬੀਸੀ ਸ਼ੀ ਪ੍ਰੋਗਰਾਮ ਦੌਰਾਨ ਹੁਣ ਤੱਕ ਮੇਰੀ ਮੁਲਾਕਾਤ ਅਜਿਹੀਆਂ ਔਰਤਾਂ ਨਾਲ ਹੋਈ ਜਿਨ੍ਹਾਂ ਦੀ ਹਿੰਮਤ ਨੂੰ ਦੇਖ ਕੇ ਮੈਂ ਹੈਰਾਨ ਰਹਿ ਗਈ ਹਾਂ।

ਦੇਖਦੇ ਹਾਂ ਬੀਬੀਸੀ ਸ਼ੀ ਦੇ ਸਫ਼ਰ ਵਿੱਚ ਸਾਡੇ ਅਗਲੇ ਪੜਾਅ ਖੈਬਰ ਪਖਤੂਨਖਵਾ ਸੂਬੇ ਵਿੱਚ ਕੀ ਹੁੰਦਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)