ਫੇਕ ਨਿਊਜ਼ ਤੋਂ ਭੜਕੀ ਭੀੜ ਨੇ ਜਦੋਂ ਮਾਂ ਸਾਹਮਣੇ ਲਈ ਮੁੰਡੇ ਦੀ ਜਾਨ

ਮੈਕਸੀਕੋ ਦੇ ਇੱਕ ਕਸਬੇ 'ਚ ਬੱਚੇ ਚੁੱਕਣ ਵਾਲਿਆਂ ਬਾਰੇ ਵੱਟਸਐਪ ਰਾਹੀਂ ਇੰਨੀਆਂ ਅਫਵਾਹਾਂ ਕਿ ਭੀੜ ਨੇ ਦੋ ਜਾਨਾਂ ਲੈ ਲਈਆਂ।

ਇਨ੍ਹਾਂ ਦੋਵਾਂ ਦਾ ਇਨ੍ਹਾਂ ਅਫਵਾਹਾਂ ਨਾਲ ਕੋਈ ਲੈਣਾ-ਦੇਣਾ ਨਹੀਂ ਸੀ ਪਰ ਇਸ ਤੋਂ ਪਹਿਲਾਂ ਕਿ ਕੋਈ ਇਹ ਵੇਖਦਾ, ਦੋ ਜ਼ਿੰਦਗੀਆਂ ਨੂੰ ਭੀੜ ਨੇ ਪਹਿਲਾਂ ਕੁੱਟਿਆ ਅਤੇ ਫਿਰ ਸਾੜ ਦਿੱਤਾ।

75 ਸਾਲਾ ਮਾਓਰਾ ਕੋਰਦੈਰੋ ਅਕੈਟਲੈਨ ਨਾਂ ਦੇ ਇਸ ਕਸਬੇ ਵਿੱਚ ਇੱਕ ਦੁਕਾਨਦਾਰ ਹਨ। 29 ਅਗਸਤ ਨੂੰ ਦੁਪਹਿਰੇ ਜਦੋਂ ਉਨ੍ਹਾਂ ਨੇ ਆਪਣੀ ਦੁਕਾਨ ਤੋਂ ਬਾਹਰ ਦੇਖਿਆ ਤਾਂ ਉਨ੍ਹਾਂ ਨੂੰ ਕਰਬਹ 100 ਲੋਕ, ਨਾਲ ਲੱਗਦੇ ਪੁਲਿਸ ਥਾਣੇ ਦੇ ਬਾਹਰ ਖੜ੍ਹੇ ਦਿਸੇ।

ਉਨ੍ਹਾਂ ਮੁਤਾਬਕ ਕਸਬੇ 'ਚ ਇੰਨੇ ਬੰਦੇ ਤਾਂ ਬਸ ਕਿਸੇ ਤਿਉਹਾਰ ਵੇਲੇ ਹੀ ਇਕੱਠੇ ਹੁੰਦੇ ਸਨ।

ਉਸੇ ਵੇਲੇ ਪੁਲਿਸ ਦੀ ਇੱਕ ਕਾਰ ਕੋਲੋਂ ਲੰਘੀ ਤੇ ਥਾਣੇ ਦੇ ਅੰਦਰ ਵੜ ਗਈ। ਉਸ ਵਿਚ ਸਨ ਦੋ ਲੋਕ — 21 ਸਾਲਾ ਰਿਕਾਰਡੋ ਫਲੌਰੈਂਸ ਅਤੇ 43 ਸਾਲ ਐਲਬਰਟੋ ਫਲੌਰੈਂਸ। ਭੀੜ ਇਨ੍ਹਾਂ ਦੋਹਾਂ ਨੂੰ ਬੱਚੇ ਅਗਵਾ ਕਰਨ ਵਾਲੇ ਮੰਨ ਰਹੀ ਸੀ।

ਪੁਲਿਸ ਵਾਲਿਆਂ ਨੇ ਥਾਣੇ ਦੇ ਦਰਵਾਜੇ ਅੰਦਰੋਂ ਭੀੜ ਨੂੰ ਬਹੁਤ ਵਾਰੀ ਆਖਿਆ ਕਿ ਇਨ੍ਹਾਂ ਆਦਮੀਆਂ ਦਾ ਬੱਚੇ ਅਗਵਾ ਕਰਨ ਨਾਲ ਕੋਈ ਸੰਬੰਧ ਨਹੀਂ ਸੀ।

ਰਿਸ਼ਤੇਦਾਰਾਂ ਮੁਤਾਬਕ ਇਹ ਦੋਵੇਂ ਬਾਜ਼ਾਰ ਤੋਂ ਉਸਾਰੀ ਦਾ ਕੁਝ ਸਾਮਾਨ ਖਰੀਦਣ ਗਏ ਸਨ ਜਦੋਂ ਭੀੜ ਇਨ੍ਹਾਂ ਦੇ ਪਿੱਛੇ ਪੈ ਗਈ ਅਤੇ ਪੁਲਿਸ ਨੇ ਇਨ੍ਹਾਂ ਨੂੰ ਹਿਰਾਸਤ 'ਚ ਲੈ ਲਿਆ ਤਾਂ ਜੋ ਇਨ੍ਹਾਂ ਨੂੰ ਕੋਈ ਮਾਰ ਨਾ ਦੇਵੇ।

(ਭਾਰਤ ਵਿੱਚ ਵੀ ਪਿਛਲੇ ਸਮਿਆਂ ਵਿੱਚ ਸੋਸ਼ਲ ਮੀਡੀਆ ਐਪਸ ਖਾਸਕਰ ਵੱਟਸਐਪ 'ਤੇ ਝੂਠੀਆਂ ਖ਼ਬਰਾਂ ਦੇ ਪਸਾਰ ਕਾਰਨ ਕਈ ਨਿਰਦੋਸ਼ ਲੋਕ ਭੀੜ ਦਾ ਸ਼ਿਕਾਰ ਬਣੇ ਹਨ। ਭਾਵੇਂ ਉਹ ਖ਼ਬਰ ਆਸਾਮ ਵਿੱਚ ਦੋ ਨੌਜਵਾਨਾਂ ਨੂੰ ਬੱਚੇ ਚੁੱਕਣ ਵਾਲੇ ਦੱਸ ਕੇ ਭੀੜ ਵੱਲੋਂ ਕੀਤੇ ਕਤਲ ਹੋ ਜਾਂ ਰਾਜਸਥਾਨ ਦੇ ਵਾਡੀ ਭਾਈਚਾਰੇ ਦੀ ਇੱਕ ਮਹਿਲਾ ਨੂੰ ਮੌਤ ਦੇ ਘਾਟ ਉਤਾਰਨ ਦੀ ਘਟਨਾ ਹੋਵੇ। ਸੋਸ਼ਲ ਮੀਡੀਆ ਉੱਤੇ ਝੂਠੀਆਂ ਖ਼ਬਰਾਂ ਦੇ ਪਸਾਰ ਨੂੰ ਦੇਖਦਿਆਂ ਬੀਬੀਸੀ ਨੇ ਗੂਗਲ ਅਤੇ ਟਵਿੱਟਰ ਨਾਲ ਮਿਲ ਕੇ ਗੁਮਰਾਹਕੁਨ ਜਾਣਕਾਰੀ ਦੇ ਫੈਲਾਅ ਖ਼ਿਲਾਫ਼ ਕੌਮਾਂਤਰੀ ਪੱਧਰ ਦੇ ਉੱਦਮ 'ਬਿਓਂਡ ਫ਼ੇਕ ਨਿਊਜ਼ ਤਹਿਤ ਭਾਰਤ, ਕੀਨੀਆ ਅਤੇ ਨਾਈਜੀਰੀਆ ਵਿੱਚ ਡੂੰਘੀ ਰਿਸਰਚ ਕੀਤੀ ਹੈ। ਇਸ ਰਿਸਰਚ ਨੂੰ ਤਫਸੀਲ ਵਿੱਚ ਪੜ੍ਹਨ ਲਈ ਇੱਥੇ ਕਲਿੱਕ ਕਰੋ )

ਇਹ ਵੀ ਪੜ੍ਹੋ:

ਭੀੜ ਨੇ ਇਨ੍ਹਾਂ ਦੋਵਾਂ ਨੂੰ ਇੱਕ ਵੱਟਸਐਪ ਮੈਸੇਜ ਨਾਲ ਜੋੜ ਲਿਆ ਸੀ।

ਮੈਸੇਜ ਸੀ: "ਸਾਵਧਾਨ, ਬੱਚੇ ਅਗਵਾ ਕਰਨ ਵਾਲੇ ਕੁਝ ਲੋਕ ਦੇਸ਼ 'ਚ ਵੜ ਆਏ ਹਨ। ਇਹ ਇਨਸਾਨੀ ਅੰਗਾਂ ਦੀ ਤਸਕਰੀ ਕਰਦੇ ਹਨ... ਪਿਛਲੇ ਕੁਝ ਦਿਨਾਂ 'ਚ ਕੁਝ ਬੱਚੇ ਅਗਵਾ ਹੋਏ ਹਨ ਜਿਨ੍ਹਾਂ ਦੀਆਂ ਬਾਅਦ 'ਚ ਮਿਲੀਆਂ ਲਾਸ਼ਾਂ ਤੋਂ ਲੱਗਦਾ ਹੈ ਕਿ ਇਨ੍ਹਾਂ ਦੇ ਅੰਗ ਕੱਢੇ ਗਏ ਸਨ। ਇਨ੍ਹਾਂ ਬੱਚਿਆਂ ਦੇ ਢਿੱਡ ਚੀਰੇ ਹੋਏ ਸਨ ਅਤੇ ਅੰਦਰ ਕੁਝ ਵੀ ਨਹੀਂ ਸੀ।"

ਥਾਣੇ ਪਹੁੰਚੀ ਭੀੜ ਨੂੰ ਉਕਸਾਉਣ 'ਚ ਫਰਾਂਸਿਸਕੋ ਮਾਰਟੀਨੇਜ਼ ਨਾਮ ਦੇ ਇੱਕ ਆਦਮੀ ਦੀ ਵੱਡੀ ਭੂਮਿਕਾ ਸੀ।

ਮਾਰਟੀਨੇਜ਼ ਨੇ ਫੇਸਬੁੱਕ ਲਾਈਵ ਰਾਹੀਂ ਲੋਕਾਂ ਨੂੰ ਜੋੜਨ ਦਾ ਕੰਮ ਸ਼ੁਰੂ ਕੀਤਾ, ਇਸ ਦੇ ਨਾਲ ਹੀ ਦੂਜੇ ਪਾਸੇ ਭੀੜ 'ਚ ਸ਼ਾਮਲ ਇੱਕ ਹੋਰ ਬੰਦੇ ਨੇ ਲਾਊਡਸਪੀਕਰ 'ਤੇ ਲੋਕਾਂ ਨੂੰ ਪੈਟਰੋਲ ਲਈ ਪੈਸੇ ਦੇਣ ਦੀ ਅਪੀਲ ਕਰਨੀ ਸ਼ੁਰੂ ਕਰ ਦਿੱਤੀ।

ਭੀੜ 'ਚ ਤੁਰ-ਫਿਰ ਕੇ ਉਸ ਨੇ ਪੈਸੇ ਇਕੱਠੇ ਕਰਨੇ ਵੀ ਸ਼ੁਰੂ ਕਰ ਦਿੱਤੇ।

ਆਪਣੀ ਦੁਕਾਨ 'ਚੋਂ ਦੇਖਦੀ ਮਾਓਰਾ ਕੋਰਦੈਰੋ ਨੇ ਸੋਚਿਆ, "ਰੱਬਾ! ਇਹ ਤਾਂ ਨਹੀਂ ਹੋ ਸਕਦਾ!"

...ਪਰ ਇਹ ਹੋਇਆ

ਭੀੜ ਦਾ ਗੁੱਸਾ ਵਧਦਾ ਗਿਆ, ਪੁਲਿਸ ਸਟੇਸ਼ਨ ਦਾ ਛੋਟਾ ਜਿਹਾ ਬੂਹਾ ਟੁੱਟ ਗਿਆ, ਅੰਦਰੋਂ ਦੋਵੇਂ ਬੰਦੇ ਬਾਹਰ ਕੱਢੇ ਗਏ।

ਕੁਝ ਨੇ ਇਸ ਦਾ ਵੀਡੀਓ ਬਣਾਉਣ ਲਈ ਫੋਨ ਕੱਢ ਲਏ, ਬਾਕੀਆਂ ਨੇ ਦੋਵਾਂ ਨੂੰ ਕੁੱਟਿਆ।

ਪੈਟਰੋਲ ਪਾ ਦਿੱਤਾ ਗਿਆ, ਅੱਗ ਲਗਾ ਦਿੱਤੀ ਗਈ।

ਕੁਝ ਚਸ਼ਮਦੀਦਾਂ ਮੁਤਾਬਕ ਰਿਕਾਰਡੋ ਤਾਂ ਕੁੱਟ ਪੈਣ ਕਾਰਨ ਹੀ ਮਰ ਗਿਆ ਸੀ, ਐਲਬਰਟੋ ਦੀਆਂ ਲੱਤਾਂ ਅੱਗ ਲੱਗਣ ਤੋਂ ਬਾਅਦ ਕੁਝ-ਕੁਝ ਹਿਲ ਰਹੀਆਂ ਸਨ।

ਕਾਲੀਆਂ ਹੋ ਗਈਆਂ ਲਾਸ਼ਾਂ ਦੋ ਘੰਟੇ ਉੱਥੇ ਹੀ ਪਈਆਂ ਸਨ, ਜਦੋਂ ਤਕ ਰਿਕਾਰਡੋ ਦੀ ਦਾਦੀ, ਪੈਤ੍ਰਾ ਈਲਿਆ ਗਾਰਸੀਆ, ਨੂੰ ਪਛਾਣ ਕਰਨ ਲਈ ਬੁਲਾਇਆ ਗਿਆ।

ਦਾਦੀ ਮੁਤਾਬਕ ਐਲਬਰਟੋ ਦੇ ਸੁੱਕੇ ਹੰਝੂ ਅਜੇ ਵੀ ਨਜ਼ਰ ਆ ਰਹੇ ਸਨ। ਉਸ ਨੇ ਬਾਕੀ ਬਚੀ ਭੀੜ ਵੱਲ ਚੀਕਾਂ ਮਾਰ ਆਖਿਆ, "ਵੇਖੋ, ਇਹ ਕੀ ਕਰ ਦਿੱਤਾ ਤੁਸੀਂ ਇਨ੍ਹਾਂ ਨਾਲ!"

ਇਹ ਵੀ ਪੜ੍ਹੋ

ਕਸਬੇ ਦੇ ਇੱਕ ਟੈਕਸੀ ਡਰਾਈਵਰ ਕਾਰਲੋਸ ਫੂਐਨਤੈਸ ਦਾ ਕਹਿਣਾ ਸੀ, "ਇਹ ਸਾਡੇ ਇਲਾਕੇ 'ਚ ਹੋਈ ਸਭ ਤੋਂ ਭਿਆਨਕ ਘਟਨਾ ਸੀ। ਹਰ ਕੋਨੇ ਤੋਂ ਧੂੰਆਂ ਨਜ਼ਰ ਆ ਰਿਹਾ ਸੀ।"

ਇਸ ਕਿਸਾਨੀ ਕਸਬੇ ਦੇ ਜ਼ਿਆਦਾਤਰ ਘਰਾਂ 'ਚੋਂ ਕੋਈ ਨਾ ਕੋਈ ਅਮਰੀਕਾ ਜਾ ਕੇ ਕੰਮ ਕਰਦਾ ਹੈ ਅਤੇ ਉਨ੍ਹਾਂ ਦੇ ਭੇਜੇ ਪੈਸੇ ਨਾਲ ਹੀ ਘਰ ਚਲਦੇ ਹਨ।

ਰਿਕਾਰਡੋ ਤਿੰਨ ਸਾਲਾਂ ਦਾ ਸੀ ਤੇ ਉਸ ਦਾ ਵੱਡਾ ਭਰਾ, ਜੋਸ ਗੁਆਦਾਲੂਪੇ ਜੂਨੀਅਰ, ਸੱਤ ਸਾਲਾਂ ਦਾ ਸੀ ਜਦੋਂ ਮਾਪੇ ਉਨ੍ਹਾਂ ਨੂੰ ਦਾਦੀ ਕੋਲ ਛੱਡ ਕੇ ਅਮਰੀਕਾ ਚਲੇ ਗਏ — ਇੱਕ ਬਿਹਤਰ ਜ਼ਿੰਦਗੀ ਦੀ ਤਲਾਸ਼ 'ਚ।

ਕਈ ਸ਼ਹਿਰਾਂ 'ਚ ਧੱਕੇ ਖਾਣ ਤੋਂ ਬਾਅਦ ਬਾਲਟੀਮੋਰ (ਅਮਰੀਕਾ) ਪਹੁੰਚ ਕੇ ਮਾਂ ਮਾਰੀਆ ਡੈਲ-ਰੋਸਾਰਿਓ ਘਰਾਂ ਦਾ ਕੰਮਕਾਜ ਕਰਨ ਲੱਗੀ ਅਤੇ ਪਿਤਾ ਜੋਸ ਗੁਆਦਾਲੂਪੇ ਫਲੌਰੈਸ ਨੇ ਉਸਾਰੀ ਦਾ ਕੰਮ ਫੜ੍ਹ ਲਿਆ।

ਉਹ ਦੋਵੇਂ ਅਕਸਰ ਫੇਸਬੁੱਕ ਤੇ ਫੇਸਟਾਈਮ (ਵੀਡੀਓ ਕਾਲਿੰਗ ਸੇਵਾ) ਰਾਹੀਂ ਆਪਣੇ ਦੋਵੇਂ ਪੁੱਤਰਾਂ ਨਾਲ ਗੱਲਬਾਤ ਕਰਦੇ ਰਹਿੰਦੇ ਸਨ।

ਲਾਈਵ ਦੇਖੀ ਮੌਤ

ਉਸ ਦਿਨ, 29 ਅਗਸਤ ਨੂੰ, ਮਾਂ ਮਾਰੀਆ ਨੂੰ ਫੇਸਬੁੱਕ ਉੱਪਰ ਕਈ ਮੈਸੇਜ ਆਏ। ਉਸ ਨੂੰ ਲੱਗਿਆ ਕਿ ਇਹ ਇੱਕ ਬੁਰਾ ਸੁਪਨਾ ਹੀ ਹੈ।

ਮੈਸੇਜ ਵਿੱਚ ਉਸ ਦੇ ਜੱਦੀ ਕਸਬੇ ਦੀ ਇੱਕ ਦੋਸਤ ਉਸ ਨੂੰ ਦੱਸ ਰਹੀ ਸੀ ਕਿ ਉਸ ਦੇ ਲੜਕੇ ਰਿਕਾਰਡੋ ਨੂੰ ਪੁਲਿਸ ਨੇ ਬੱਚੇ ਅਗਵਾ ਕਰਨ ਦੇ ਇਲਜ਼ਾਮ 'ਚ ਗ੍ਰਿਫਤਾਰ ਕੀਤਾ ਹੈ।

ਮਾਰੀਆ ਨੇ ਸੋਚਿਆ ਪੁਲਿਸ ਤੋਂਕੋਈ ਗ਼ਲਤੀ ਹੋ ਗਈ ਹੋਣੀ ਹੈ ਪਰ ਮੈਸੇਜ ਆਉਂਦੇ ਰਹੇ।

ਫਿਰ ਆਇਆ ਇੱਕ ਲਿੰਕ ਜਿਸ 'ਤੇ ਕਲਿੱਕ ਕਰ ਕੇ ਫੇਸਬੁੱਕ ਦਾ ਇੱਕ ਲਾਈਵ ਵੀਡੀਓ ਖੁੱਲ੍ਹ ਗਿਆ। ਪਹਿਲਾਂ ਉਸ ਨੂੰ ਆਪਣਾ ਮੁੰਡਾ ਨਜ਼ਰ ਆਇਆ, ਫਿਰ ਮੁੰਡੇ ਦਾ ਸਾਲਾ, ਫਿਰ ਭੀੜ, ਜਿਸ ਨੇ ਦੋਵਾਂ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ।

ਉਸ ਨੇ ਕਮੈਂਟ ਪਾਇਆ, "ਪਲੀਜ਼, ਇਨ੍ਹਾਂ ਨੂੰ ਨਾ ਕੁੱਟੋ, ਨਾ ਮਾਰੋ, ਇਹ ਬੱਚੇ ਅਗਵਾ ਕਰਨ ਵਾਲੇ ਨਹੀਂ।"

ਉਸ ਦੇ ਕਮੈਂਟ ਦਾ ਕੋਈ ਅਸਰ ਨਹੀਂ ਹੋਇਆ। ਇਸ ਦੀਆਂ ਅੱਖਾਂ ਸਾਹਮਣੇ ਦੋਵਾਂ ਉੱਪਰ ਪੈਟਰੋਲ ਪਾ ਕੇ ਅੱਗ ਲਗਾ ਦਿੱਤੀ ਗਈ।

ਜਿਸ ਤਕਨੀਕ, ਜਿਸ ਸੋਸ਼ਲ ਮੀਡੀਆ ਰਾਹੀਂ ਉਹ ਆਪਣੇ ਮੁੰਡੇ ਨਾਲ ਗੱਲ ਕਰਦੀ ਸੀ — ਜਿਸ ਨਾਲ ਇੱਕ ਆਦਮੀ ਨੇ ਭੀੜ ਬੁਲਾਈ ਤੇ ਉਕਸਾਈ — ਉਸੇ ਸੋਸ਼ਲ ਮੀਡੀਆ ਨੇ ਉਸ ਨੂੰ ਆਪਣੇ ਪੁੱਤਰ ਨੂੰ ਜ਼ਿੰਦਾ ਸੜਦੇ ਵੀ ਦਿਖਾਇਆ। ਜਾਂ ਸ਼ਾਇਦ ਉਹ ਪਹਿਲਾਂ ਹੀ ਮਰ ਚੁੱਕਾ ਸੀ।

ਉਸੇ ਦਿਨ ਮਾਰੀਆ ਤੇ ਉਨ੍ਹਾਂ ਦੇ ਪਤੀ ਇੱਕ ਦਹਾਕੇ ਬਾਅਦ ਆਪਣੇ ਕਸਬੇ ਵਾਪਸ ਆਏ।

ਆ ਕੇ ਐਲਬਰਟੋ ਦੀ ਵਿਧਵਾ ਜਾਜ਼ਮੀਨ ਨੂੰ ਮਿਲੇ। ਉਸ ਨੇ ਵੀ ਫੇਸਬੁੱਕ ਉੱਪਰ ਆਪਣੇ ਪਤੀ ਤੇ ਰਿਕਾਰਡੋ ਦੇ ਕਤਲ ਨੂੰ ਲਾਈਵ ਦੇਖਿਆ ਸੀ।

ਐਲਬਰਟੋ ਇੱਕ ਕਿਸਾਨ ਸੀ। ਹੁਣ ਉਸ ਪਿੱਛੇ ਕੁਝ ਜ਼ਮੀਨ ਛੱਡ ਗਿਆ ਹੈ, ਨਾਲ ਹੀ ਉਹ ਮਕਾਨ ਜਿਸ ਦੀ ਅਜੇ ਉਸਾਰੀ ਚੱਲ ਰਹੀ ਹੈ। ਪਤਨੀ ਅਤੇ ਤਿੰਨ ਬੇਟੀਆਂ ਵੀ।

ਜਾਜ਼ਮੀਨ ਕਹਿੰਦੀ ਹੈ ਐਲਬਰਟੋ ਚੰਗਾ ਆਦਮੀ ਸੀ।

ਹੁਣ ਉਸ ਕੋਲ ਐਲਬਰਟੋ ਦੀ ਇੱਕ ਟੋਪੀ, ਇੱਕ ਬੈਲਟ ਤੇ ਉਸ ਦਾ ਬਟੂਆ ਰਹਿ ਗਏ ਹਨ।

ਰਿਕਾਰਡੋ ਦੇ ਮਾਪੇ, ਮਾਰੀਆ ਤੇ ਜੋਸ, ਆਪਣੇ ਛੋਟੇ ਜਿਹੇ ਉਸ ਘਰ 'ਚ ਵੀ ਪਰਤੇ ਜਿਸ ਵਿੱਚ ਉਹ ਆਪਣੇ ਮੁੰਡਿਆਂ ਨੂੰ ਛੱਡ ਕੇ ਗਏ ਸਨ।

ਮਾਰੀਆ ਨੂੰ ਯਾਦ ਹੈ ਕਿ ਰਿਕਾਰਡੋ ਨੂੰ ਤਿਤਲੀਆਂ ਬਹੁਤ ਪਸੰਦ ਸਨ। ਉਹ ਹੁਣ ਕਾਨੂੰਨ ਦੀ ਪੜ੍ਹਾਈ ਕਰ ਰਿਹਾ ਸੀ ਤਾਂ ਜੋ ਲੋਕਾਂ ਨੂੰ ਨਿਆਂ ਦੁਆ ਸਕੇ।

"ਭੀੜ ਉਸ ਨੂੰ ਲੈ ਗਈ। ਕੋਈ ਬੱਚਾ ਤਾਂ ਛੱਡ ਜਾਂਦੀ ਜਿਸ ਦਾ ਅਸੀਂ ਖਿਆਲ ਕਰ ਸਕਦੇ।"

ਕਸਬਾ ਕੀ ਕਹਿੰਦਾ ਹੈ?

ਕਸਬਾ ਚੁੱਪ ਹੈ। ਜ਼ਿਆਦਾਤਰ ਦੁਕਾਨਦਾਰ ਕਹਿੰਦੇ ਹਨ ਕਿ ਉਨ੍ਹਾਂ ਨੇ ਉਸ ਦਿਨ ਦੁਕਾਨ ਨਹੀਂ ਖੋਲ੍ਹੀ ਜਾਂ ਉਹ ਉਸ ਦਿਨ ਬਾਹਰ ਹੀ ਗਏ ਹੋਏ ਸਨ।

ਪੁਲਿਸ ਨੇ 9 ਬੰਦੇ ਮੁਲਜ਼ਿਮ ਬਣਾਏ ਹਨ ਜਿਨ੍ਹਾਂ ਵਿੱਚੋਂ ਤਿੰਨ ਹੀ ਗ੍ਰਿਫਤਾਰ ਕੀਤੇ ਗਏ ਹਨ।

ਕਤਲ ਦੇ ਅਗਲੇ ਦਿਨ ਹੀ ਦੋਵਾਂ ਦਾ ਅੰਤਿਮ ਸਸਕਾਰ ਕੀਤਾ ਗਿਆ। ਮਾਰੀਆ ਦਾ ਮੰਨਣਾ ਹੈ ਕਿ ਕਾਤਲ ਸ਼ਰਧਾਂਜਲੀ ਦਿੰਦੀ ਭੀੜ ਵਿੱਚ ਵੀ ਸ਼ਾਮਲ ਸਨ।

ਟੀਵੀ ਚੈਨਲਾਂ ਦੇ ਕੈਮਰਿਆਂ ਨਾਲ ਘਿਰੀ ਮਾਰੀਆ ਨੇ ਉੱਥੇ ਹੀ ਚੀਕਣਾ ਸ਼ੁਰੂ ਕਰ ਦਿੱਤਾ: "ਦੇਖੋ ਕਿਵੇਂ ਮਾਰ ਦਿੱਤਾ! ਤੁਹਾਡੇ ਵੀ ਤਾਂ ਬੱਚੇ ਹਨ! ਮੈਨੂੰ ਇਨਸਾਫ ਚਾਹੀਦਾ ਹੈ।"

ਇਸ ਸਭ ਵਿੱਚ ਮਾਰੀਆ ਨੂੰ ਸਮਝ ਹੀ ਨਹੀਂ ਆ ਰਿਹਾ ਕਿ ਭੀੜ ਨੇ ਉਸ ਵੱਟਸਐਪ ਮੈਸੇਜ ਦੀ ਸੱਚਾਈ ਕਿਉਂ ਨਹੀਂ ਜਾਂਚੀ। "ਨਾ ਕੋਈ ਬੱਚਾ ਅਗਵਾ ਹੋਇਆ ਸੀ, ਨਾ ਕੋਈ ਸ਼ਿਕਾਇਤ ਦਰਜ ਹੋਈ ਸੀ, ਇਹ ਝੂਠੀ ਖ਼ਬਰ ਸੀ, ਫੇਕ ਨਿਊਜ਼ ਸੀ।"

ਇਹ ਵੀ ਪੜ੍ਹੋ:

ਤੁਹਾਨੂੰ ਇਹ ਵੀ ਪਸੰਦ ਆ ਸਕਦਾ ਹੈ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, YouTube 'ਤੇ ਜੁੜੋ।)