You’re viewing a text-only version of this website that uses less data. View the main version of the website including all images and videos.
ਭਾਰਤ ਦੀ ਵੰਡ ਤੇ ਪਾਕਿਸਤਾਨ ਬਣਾਉਣ ਦਾ ਵਿਚਾਰ ਰੱਖਣ ਵਾਲੇ ਇਕਬਾਲ ਦੀ ਪ੍ਰੇਮ ਕਹਾਣੀ
- ਲੇਖਕ, ਜ਼ਫਰ ਸਈਦ
- ਰੋਲ, ਬੀਬੀਸੀ ਪੱਤਰਕਾਰ
"ਮੈਂ ਜ਼ਿਆਦਾ ਲਿਖ ਜਾਂ ਦੱਸ ਨਹੀਂ ਸਕਦਾ, ਤੁਸੀਂ ਕਲਪਨਾ ਕਰ ਸਕਦੇ ਹੋ ਕਿ ਮੇਰੇ ਦਿਲ ਵਿੱਚ ਕੀ ਹੈ..."
ਇਹ ਸਤਰਾਂ ਅੱਲਾਮਾ ਇਕਬਾਲ ਨੇ ਇਮਲੀ ਇਮਾ ਵਿਗੇਨਾਸਟ ਦੇ ਨਾਮ ਲਿਖੇ ਇੱਕ ਪੱਤਰ ਵਿੱਚੋਂ ਹਨ...
"ਮੇਰੀ ਬਹੁਤ ਇੱਛਾ ਹੈ ਕਿ ਮੈਂ ਤੁਹਾਡੇ ਨਾਲ ਫਿਰ ਗੱਲ ਕਰ ਸਕਾਂ ਅਤੇ ਤੁਹਾਨੂੰ ਦੇਖ ਸਕਾਂ ਪਰ ਮੈਨੂੰ ਨਹੀਂ ਪਤਾ ਕਿ ਮੈਂ ਕੀ ਕਰਾਂ। ਜੋ ਵਿਅਕਤੀ ਤੁਹਾਡੇ ਨਾਲ ਦੋਸਤੀ ਕਰ ਚੁੱਕਾ ਹੈ ਉਸ ਲਈ ਸੰਭਵ ਨਹੀਂ ਹੈ ਕਿ ਉਹ ਤੁਹਾਡੇ ਬਿਨਾਂ ਜਿਉਂ ਸਕੇ। ਮੈਂ ਜੋ ਕੁਝ ਲਿਖਿਆ ਹੈ ਕਿਰਪਾ ਕਰਕੇ ਉਸ ਲਈ ਮੈਨੂੰ ਮੁਆਫ ਕਰ ਦਿਉ।"
ਇਹ ਵੀ ਪੜ੍ਹੋ:
ਜਰਮਨ ਭਾਸ਼ਾ ਵਿੱਚ ਲਿਖੀਆਂ ਇਨ੍ਹਾਂ ਚਿੱਠੀਆਂ ਵਿੱਚ ਅੱਲਾਮਾ ਇਕਬਾਲ ਨੇ ਇਮਲੀ ਇਮਾ ਵਿਗੇਨਾਸਟ ਬਾਰੇ ਆਪਣੇ ਜਜ਼ਬਾਤ ਦਰਜ ਕੀਤੇ ਹਨ।
ਇਮਾ ਨਾਲ ਇਕਬਾਲ ਦੀ ਮੁਲਾਕਾਤ ਜਰਮਨੀ ਵਿੱਚ ਨੇਖ਼ਾਰ ਨਦੀ ਦੇ ਕੰਢੇ 'ਤੇ ਵਸੇ ਖੂਬਸੂਰਤ ਸ਼ਹਿਰ ਹਾਈਡਲਬਰਗ ਵਿੱਚ ਹੋਈ ਸੀ।
ਇੱਕ ਤਾਂ ਮੌਸਮ ਇਸ ਤਰ੍ਹਾਂ ਦਾ ਸੀ ਦੂਜਾ ਸਾਥ ਕੋਮਲ ਅਤੇ ਸੋਹਣੀ ਇਮਾ ਦਾ। ਇਸ ਵਿੱਚ ਕੋਈ ਹੈਰਾਨੀ ਵਾਲੀ ਗੱਲ ਨਹੀਂ ਹੈ ਕਿ ਸ਼ਾਇਰ, ਦਾ ਦਿਲ ਇਮਾ 'ਤੇ ਆ ਗਿਆ ਸੀ।
ਇਕਬਾਲ ਦੀ ਨਜ਼ਮ
ਇਕਬਾਲ ਦੀ ਨਜ਼ਮ, 'ਇੱਕ ਸ਼ਾਮ' (ਹਾਈਡਲਬਗਰ ਵਿੱਚ ਨੇਖ਼ਾਰ ਨਦੀ ਦੇ ਕੰਢੇ 'ਤੇ ਲਿਖੀ ਗਈ) ਤੋਂ ਉਨ੍ਹਾਂ ਦੇ ਅਹਿਸਾਸਾਂ ਬਾਰੇ ਪਤਾ ਲੱਗਦਾ ਹੈ।
"ਖਾਮੋਸ਼ ਹੈ ਚਾਂਦਨੀ ਕਮਰ (ਚੰਨ) ਕੀ
ਸ਼ਾਖੇਂ ਹੈਂ ਖਾਮੋਸ਼ ਹਰ ਸ਼ਜਰ (ਦਰਖ਼ਤ) ਕੀ...
....
ਐ ਦਿਲ! ਤੂ ਭੀ ਖ਼ਾਮੋਸ਼ ਹੋ ਜਾ
ਆਗ਼ੋਸ਼ ਮੇਂ ਆਗ਼ੋਸ਼ ਮੇਂ ਗ਼ਮ ਕੋ ਲੇ ਕੇ ਸੋ ਜਾ..."
ਇਮਾ ਦੇ ਨਾਮ ਇਕਬਾਲ ਦਾ ਖ਼ਤ
ਇਕਬਾਲ ਦੇ ਦਿਲ ਵਿੱਚ ਇਮਾ ਦੀ ਥਾਂ ਅਤੇ ਇਮਾ ਨਾਲ ਉਨ੍ਹਾਂ ਦੇ ਸੰਬੰਧਾਂ ਦਾ ਅੰਦਾਜ਼ਾ ਇਸ ਚਿੱਠੀ ਤੋਂ ਲਾਇਆ ਜਾ ਸਕਦਾ ਹੈ।
"ਕਿਰਪਾ ਕਰਕੇ ਇਸ ਦੋਸਤ ਨੂੰ ਨਾ ਭੁੱਲੋ ਜਿਹੜਾ ਹਮੇਸ਼ਾ ਤੁਹਾਨੂੰ ਆਪਣੇ ਦਿਲ ਵਿੱਚ ਰੱਖਦਾ ਹੈ ਅਤੇ ਜੋ ਤੁਹਾਨੂੰ ਭੁੱਲ ਨਹੀਂ ਸਕਦਾ, ਹਾਈਡਲਬਰਗ ਵਿੱਚ ਮੇਰਾ ਰਹਿਣਾ ਇੱਕ ਸੋਹਣਾ ਸੁਪਨਾ ਲਗਦਾ ਹੈ ਅਤੇ ਮੈਂ ਇਸ ਸੁਪਨੇ ਨੂੰ ਦੁਹਰਾਉਣਾ ਚਾਹੁੰਦਾ ਹਾਂ। ਕੀ ਇਹ ਹੋਰ ਸੰਭਵ ਹੈ? ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ।"
ਇਨ੍ਹਾਂ ਚਿੱਠੀਆਂ ਤੋਂ ਇਕਬਾਲ ਦਾ ਅਕਸ ਉਹਨਾਂ ਰਵਾਇਤੀ ਧਾਰਨਾਵਾਂ ਤੋਂ ਪੂਰੀ ਤਰ੍ਹਾਂ ਵੱਖਰਾ ਹੈ ਜੋ ਅਸੀਂ ਸ਼ੁਰੂ ਤੋਂ ਹੀ ਪਾਠ-ਪੁਸਤਕਾਂ ਅਤੇ ਇਕਬਾਲ ਦੀ ਜਨਮ ਵਰ੍ਹੇਗੰਢ ਜਾਂ ਬਰਸੀ 'ਤੇ ਦਿੱਤੇ ਜਾਣ ਵਾਲੇ ਭਾਸ਼ਣਾਂ ਵਿੱਚ ਸੁਣਦੇ ਰਹੇ ਹਾਂ।
ਲੰਡਨ ਤੋਂ 21 ਜਨਵਰੀ 1908 ਨੂੰ ਇਮਾ ਨੂੰ ਇਕਬਾਲ ਨੇ ਖ਼ਤ ਵਿੱਚ ਲਿਖਿਆ, "ਮੈਨੂੰ ਲੱਗਿਆ ਕਿ ਤੁਸੀਂ ਮੇਰੇ ਨਾਲ ਗੱਲਬਾਤ ਨਹੀਂ ਕਰਨਾ ਚਾਹੁੰਦੇ ਜਿਸਦਾ ਮੈਨੂੰ ਕਾਫ਼ੀ ਅਫ਼ਸੋਸ ਹੋਇਆ। ਹੁਣ ਫੇਰ ਤੁਹਾਡੀ ਚਿੱਠੀ ਮਿਲੀ ਹੈ ਜਿਸ ਕਾਰਨ ਕਾਫ਼ੀ ਖੁਸ਼ੀ ਹੋਈ ਹੈ। ਮੈਂ ਹਮੇਸ਼ਾ ਤੁਹਾਡੇ ਬਾਰੇ ਸੋਚਦਾ ਰਹਿੰਦਾ ਹਾਂ ਅਤੇ ਮੇਰਾ ਦਿਲ ਹਮੇਸ਼ਾ ਸੋਹਣੇ ਵਿਚਾਰਾਂ ਨਾਲ ਭਰਿਆ ਰਹਿੰਦਾ ਹੈ। ਇੱਕ ਸ਼ੋਅਲੇ ਤੋਂ ਚੰਗਿਆੜੀ ਉਠਦੀ ਹੈ ਅਤੇ ਇੱਕ ਚੰਗਿਆੜੀ ਤੋਂ ਇੱਕ ਵੱਡਾ ਭਾਂਬੜ ਮਚ ਪੈਂਦਾ ਹੈ। ਤੁਹਾਡੇ ਕੋਲ ਤਰਸ-ਹਮਦਰਦੀ ਨਹੀਂ ਹੈ, ਤੁਸੀਂ ਨਾਸਮਝ ਹੋ। ਤੁਹਾਡਾ ਜੋ ਜੀਅ ਕਰਦਾ ਹੈ ਕਰੋ, ਮੈਂ ਕੁਝ ਨਹੀਂ ਕਹਾਂਗਾ, ਮੈਂ ਹਮੇਸ਼ਾ ਧੀਰਜ ਰੱਖਾਂਗਾ ਅਤੇ ਧੰਨਵਾਦੀ ਰਹਾਂਗਾ।"
'ਖੁਸ਼ ਰਹਿਣ ਦਾ ਹੱਕ'
ਇਕਬਾਲ ਉਸ ਵੇਲੇ ਵਿਆਹੇ ਸ਼ਾਦੀਸ਼ੁਦਾ ਸਨ ਅਤੇ ਦੋ ਬੱਚਿਆਂ ਦੇ ਪਿਤਾ ਸਨ।
ਇਹ ਵੱਖਰੀ ਗੱਲ ਹੈ ਕਿ ਘੱਟ ਉਮਰ ਵਿੱਚ ਮਾਪਿਆਂ ਦੀ ਪਸੰਦ ਕੀਤੀ ਕਰੀਮ ਬੀਬੀ ਨਾਲ ਹੋਏ ਵਿਆਹ ਤੋਂ ਉਹ ਬਹੁਤ ਨਾਖੁਸ਼ ਸਨ।
ਇੱਕ ਚਿੱਠੀ ਵਿੱਚ ਉਨ੍ਹਾਂ ਨੇ ਲਿਖਿਆ, "ਮੈਂ ਆਪਣੇ ਪਿਤਾ ਜੀ ਨੂੰ ਚਿੱਠੀ ਲਿਖ ਦਿੱਤੀ ਹੈ ਕਿ ਉਨ੍ਹਾਂ ਨੂੰ ਮੇਰੇ ਵਿਆਹ ਦਾ ਫੈਸਲਾ ਕਰਨ ਦਾ ਕੋਈ ਹੱਕ ਨਹੀਂ ਸੀ, ਖ਼ਾਸ ਕਰਕੇ ਉਦੋਂ ਜਦੋਂ ਮੈਂ ਇਸ ਤਰ੍ਹਾਂ ਦੇ ਕਿਸੇ ਵੀ ਬੰਧਨ ਵਿੱਚ ਪੈਣ ਤੋਂ ਪਹਿਲਾਂ ਹੀ ਇਨਕਾਰ ਕਰ ਦਿੱਤਾ ਸੀ। ਮੈਂ ਉਸ ਨੂੰ ਖਰਚਾ ਦੇਣ ਲਈ ਤਿਆਰ ਹਾਂ ਪਰ ਉਸ ਨਾਲ ਆਪਣੀ ਜ਼ਿੰਦਗੀ ਨੂੰ ਬਰਬਾਦ ਕਰਨ ਲਈ ਤਿਆਰ ਨਹੀਂ ਹਾਂ। ਇੱਕ ਇਨਸਾਨ ਦੀ ਤਰ੍ਹਾਂ ਮੈਨੂੰ ਵੀ ਖੁਸ਼ ਰਹਿਣ ਦਾ ਹੱਕ ਹੈ। ਜੇ ਸਮਾਜ ਜਾਂ ਕੁਦਰਤ ਮੈਨੂੰ ਇਹ ਹੱਕ ਦੇਣ ਤੋਂ ਇਨਕਾਰ ਕਰਦੇ ਹਨ ਤਾਂ ਮੈਂ ਦੋਹਾਂ ਤੋਂ ਬਾਗ਼ੀ ਹਾਂ। ਹੁਣ ਸਿਰਫ਼ ਇੱਕ ਹੀ ਰਾਹ ਹੈ ਕਿ ਮੈਂ ਹਮੇਸ਼ਾ ਲਈ ਇਸ ਮੰਦਭਾਗੇ ਦੇਸ਼ ਤੋਂ ਚਲਾ ਜਾਵਾਂ ਜਾਂ ਫਿਰ ਸ਼ਰਾਬ ਦਾ ਸਹਾਰਾ ਲੈ ਲਵਾਂ ਜਿਸ ਨਾਲ ਖੁਦਕੁਸ਼ੀ ਸੌਖੀ ਹੋ ਜਾਂਦੀ ਹੈ।"
ਬਰਤਾਨੀਆ ਪਹੁੰਚ ਕੇ ਪੂਰਬ ਦੇ ਖੁੱਲ੍ਹੇ ਸਮਾਜ ਵਿੱਚ ਪਲੇ ਇਕਬਾਲ ਨੇ ਔਰਤਾਂ ਦਾ ਧਿਆਨ ਚੁੰਬਕ ਦੀ ਤਰ੍ਹਾਂ ਆਪਣੇ ਵੱਲ ਖਿੱਚ ਲਿਆ।
ਇਸ ਵੇਲੇ ਤੱਕ ਇਕਬਾਲ ਦੀਆਂ ਕਵਿਤਾਵਾਂ ਉੱਤਰ ਭਾਰਤ ਵਿੱਚ ਹਰ ਥਾਂ ਮਸ਼ਹੂਰ ਹੋ ਚੁੱਕੀਆਂ ਸਨ ਅਤੇ ਲੋਕ ਗਲੀਆਂ ਵਿੱਚ ਇਨ੍ਹਾਂ ਨੂੰ ਗਾਉਂਦੇ ਫਿਰਦੇ ਸਨ ਅਤੇ ਇਸ ਪ੍ਰਸਿੱਧੀ ਦੀ ਕੁਝ ਕੰਨਸੋਅ ਵਿਦੇਸ਼ ਵਿੱਚ ਵੀ ਪਹੁੰਚ ਚੁੱਕੀ ਸੀ।
ਇਕਬਾਲ ਦੀ ਸ਼ੋਹਰਤ
ਇਕਬਾਲ ਤੋਂ ਪ੍ਰਭਾਵਿਤ ਹੋਣ ਵਾਲੀਆਂ ਔਰਤਾਂ ਵਿੱਚ ਇੱਕ ਅਤਿਆ ਫੈਜ਼ੀ ਵੀ ਸਨ ਜਿਨ੍ਹਾਂ ਨੇ ਇੱਕ ਕਿਤਾਬ ਵਿੱਚ ਇਕਬਾਲ ਦੇ ਜੀਵਨ ਦੇ ਉਸ ਦੌਰ ਉੱਤੇ ਰੋਸ਼ਨੀ ਪਾਈ ਹੈ।
ਅਤਿਆ ਫੈਜ਼ੀ ਬੰਬਈ (ਮੁੰਬਈ) ਦੇ ਇੱਕ ਖੁਸ਼ਹਾਲ ਪਰਿਵਾਰ ਨਾਲ ਸੰਬੰਧਤ ਸੀ। ਉਨ੍ਹਾਂ ਦੇ ਪਿਤਾ ਹਸਨ ਆਫਨਦੀ ਇੱਕ ਵੱਡੇ ਵਪਾਰੀ ਸਨ ਜੋ ਅਕਸਰਦੂਜੇ ਦੇਸਾਂ ਦਾ ਸਫਰ ਕਰਦੇ ਰਹਿੰਦੇ ਸਨ।
ਕੁਝ ਲੋਕਾਂ ਦੀ ਰਾਇ ਹੈ ਕਿ ਸ਼ਾਇਦ ਇਕਬਾਲ ਅਤਿਆ ਦੀ ਮੁਹੱਬਤ ਵਿੱਚ ਗ੍ਰਿਫ਼ਤਾਰ ਸਨ ਪਰ ਇਸ ਨਾਲ ਇਤਫਾਕ ਨਾ ਰੱਖਣ ਵਾਲੇ ਲੋਕਾਂ ਮੁਤਾਬਿਕ ਅੱਲਾਮਾ ਦੀ ਅਤਿਆ ਨਾਲ ਦੋਸਤੀ ਸਿਰਫ਼ ਬੌਧਿਕ ਪੱਧਰ ਉੱਤੇ ਸੀ ਅਤੇ ਉਹ ਉਨ੍ਹਾਂ ਨਾਲ ਦਾਰਸ਼ਨਿਕ ਵਿਚਾਰ ਕਰਿਆ ਕਰਦੇ ਸੀ।
ਅਤਿਆ ਦੇ ਨਾਮ ਲਿਖੀਆਂ ਗਈਆਂ ਚਿੱਠੀਆਂ ਦੀ ਜੇ ਇਮਾ ਨੂੰ ਲਿਖੀਆਂ ਚਿੱਠੀਆਂ ਨਾਲ ਤੁਲਨਾ ਕੀਤੀ ਜਾਵੇ ਤਾਂ ਫਰਕ ਸਾਫ਼ ਨਜ਼ਰ ਆਉਂਦਾ ਹੈ।
ਇਕਬਾਲ ਵਿਦੇਸ਼ ਵਿੱਚ ਕਿਉਂ ਰਹਿੰਦੇ ਸੀ?
ਇਕਬਾਲ ਦੋ ਸਾਲ ਪਹਿਲਾਂ ਬਰਤਾਨੀਆ ਗਏ ਸਨ ਜਿੱਥੇ ਉਨ੍ਹਾਂ ਨੇ ਕੈਂਬ੍ਰਿਜ ਤੋਂ ਬੀਏ ਕੀਤੀ ਸੀ।
ਇਸ ਦੌਰਾਨ ਉਨ੍ਹਾਂ ਨੇ 'ਡਿਵੈਲਪਮੈਂਟ ਆਫ਼ ਮੈਟਾ-ਫਿਜ਼ਿਕਸ ਇਨ ਇਰਾਨ' ਦੇ ਨਾਂ 'ਤੇ ਇੱਕ ਲੇਖ ਲਿਖਿਆ ਸੀ ਅਤੇ ਆਪਣੇ ਉਸਤਾਦ ਪ੍ਰੋਫੈਸਰ ਓਰਨਾਲਡ ਦੀ ਸਲਾਹ ਨਾਲ ਉਸੇ ਲੇਖ 'ਤੇ ਜਰਮਨੀ ਦੀ ਮਿਊਨਿਖ ਯੂਨੀਵਰਸਿਟੀ ਤੋਂ ਪੀਐਚ.ਡੀ ਦੀ ਡਿਗਰੀ ਹਾਸਿਲ ਕਰਨਾ ਚਾਹੁੰਦੇ ਸਨ।
ਇਸ ਮੰਤਵ ਲਈ ਉਹ ਸਾਲ 1907 ਦੀ ਬਸੰਤ ਵਿੱਚ ਜਰਮਨੀ ਗਏ, ਜਿੱਥੇ ਉਨ੍ਹਾਂ ਦੀ ਮੁਲਾਕਾਤ ਇਮਾ ਨਾਲ ਹੋਈ।
ਇਮਾ ਦਾ ਜਨਮ 26 ਅਗਸਤ 1879 ਨੂੰ ਨੇਖ਼ਰ ਦਰਿਆ ਦੇ ਕੰਢੇ ਇੱਕ ਛੋਟੇ ਜਿਹੇ ਕਸਬੇ ਹਾਈਲਬਰੂਨ ਵਿੱਚ ਹੋਇਆ ਸੀ।
ਇਮਾ ਦੀਆਂ ਤਿੰਨ ਭੈਣਾਂ ਅਤੇ ਦੋ ਭਰਾ ਸਨ। ਇਮਾ 29 ਸਾਲ ਦੇ ਇਕਬਾਲ ਤੋਂ ਦੋ ਸਾਲ ਛੋਟੀ ਸੀ ਪਰ ਕੱਦ ਵਿੱਚ ਇੱਕ ਇੰਚ ਲੰਬੀ ਸੀ।
ਇਮਾ ਦੀ ਤਸਵੀਰ
ਇਮਾ ਦੀ ਸਿਰਫ਼ ਇੱਕ ਹੀ ਤਸਵੀਰ ਸਾਨੂੰ ਮਿਲੀ ਹੈ ਜਿਸ ਵਿੱਚ ਇਮਾ ਦੀ ਉਹੀ ਮੁਸਕਰਾਹਟ ਝਲਕ ਰਹੀ ਹੈ ਜਿਸ ਦਾ ਜ਼ਿਕਰ ਇਕਬਾਲ ਨੇ ਉਸ ਦੌਰ ਦੀ ਇੱਕ ਅਣਛਪੀ ਅਤੇ ਅਧੂਰੀ ਨਜ਼ਮ 'ਗੁੰਮਸ਼ੁਦਾ ਦਾਸਤਾਨ' ਵਿੱਚ ਕੀਤਾ ਹੈ।
ਇਮਾ ਦੀ ਮਾਂ ਬੋਲੀ ਜਰਮਨ ਸੀ ਪਰ ਉਹ ਯੂਨਾਨੀ (ਗ੍ਰੀਕ) ਅਤੇ ਫਰਾਂਸੀਸੀ ਭਾਸ਼ਾਵਾਂ ਵੀ ਜਾਣਦੀ ਸੀ।
ਇਸ ਤੋਂ ਇਲਾਵਾ ਉਸ ਨੂੰ ਫਲਸਫੇ ਅਤੇ ਕਵਿਤਾ ਵਿੱਚ ਵੀ ਦਿਲਚਸਪੀ ਸੀ ਅਤੇ ਇਹ ਇਮਾ ਅਤੇ ਇਕਬਾਲ ਵਿਚਲੀ ਸਾਂਝ ਦਾ ਕਾਰਨ ਸੀ।
ਇਕਬਾਲ ਦੀਆਂ ਚਿੱਠੀਆਂ ਤੋਂ ਪਤਾ ਲੱਗਦਾ ਹੈ ਕਿ ਉਨ੍ਹਾਂ ਇਮਾ ਨੂੰ ਮਿਲਣ ਮਗਰੋਂ ਹੀ ਮਸ਼ਹੂਰ ਜਰਮਨ ਕਵੀ ਗੇਟੇ ਨੂੰ ਪੂਰਾ ਪੜ੍ਹਿਆ ਸੀ।
ਇਹ ਵੀ ਪੜ੍ਹੋ:
ਯੂਨੀਵਰਸਿਟੀ ਤੋਂ ਡਿਗਰੀ ਲੈਣ ਤੋਂ ਬਾਅਦ ਇਮਾ ਨੇ 'ਪੇਨਸੀਨਿਊਨ ਸ਼ੀਰਰ' ਨਾਂ ਦੇ ਬੋਰਡਿੰਗ ਹਾਊਸ ਵਿੱਚ ਨੌਕਰੀ ਕਰ ਲਈ, ਜਿੱਥੇ ਉਹ ਵਿਦੇਸ਼ੀ ਵਿਦਿਆਰਥੀਆਂ ਨੂੰ ਜਰਮਨ ਸਿਖਾਉਂਦੀ ਸੀ ਅਤੇ ਇਸ ਦੇ ਬਦਲੇ ਵਿੱਚ ਉਨ੍ਹਾਂ ਨੂੰ ਮੁਫ਼ਤ ਰਿਹਾਇਸ਼ ਅਤੇ ਖਾਣਾ ਉਪਲਬਧ ਕਰਵਾਇਆ ਗਿਆ ਸੀ।
ਇੱਕ ਚਿੱਠੀ ਵਿੱਚ ਉਹ ਲਿਖਦੇ ਹਨ, "ਅੰਗਰੇਜ਼ ਔਰਤ ਵਿੱਚ ਉਹ ਮਹਿਲਾ ਭਾਵਨਾ ਅਤੇ ਬਿੰਦਾਸਪਨ ਨਹੀਂ ਹੈ ਜੋ ਜਰਮਨੀ ਦੀਆਂ ਔਰਤਾਂ ਵਿੱਚ ਹੁੰਦਾ ਹੈ। ਜਰਮਨੀ ਔਰਤ ਏਸ਼ੀਆਈ ਔਰਤ ਨਾਲ ਮਿਲਦੀ ਹੈ। ਇਸ ਵਿੱਚ ਮੁਹੱਬਤ ਦੀ ਗਰਮੀ ਹੈ। ਅੰਗਰੇਜ਼ ਔਰਤ ਵਿੱਚ ਇਹ ਗਰਮੀ ਨਹੀਂ ਹੈ। ਅੰਗਰੇਜ਼ ਔਰਤ ਨੂੰ ਘਰੇਲੂ ਜ਼ਿੰਦਗੀ ਅਤੇ ਉਸ ਦੇ ਬੰਧਨ ਪਸੰਦ ਨਹੀਂ ਜਿੰਨਾ ਜਰਮਨੀ ਦੀਆਂ ਔਰਤਾਂ ਨੂੰ ਹੈ।"
ਬਿਲਕੁਲ ਵੱਖਰੇ ਇਕਬਾਲ
ਅਤਿਆ ਫੈਜ਼ੀ ਨੇ ਹਾਈਡਲਬਰਗ ਵਿੱਚ ਜਿਸ ਇਕਬਾਲ ਨੂੰ ਦੇਖਿਆ ਉਸ ਤੋਂ ਹੈਰਾਨ ਰਹਿ ਗਈ।
ਉਹ ਆਪਣੀ ਕਿਤਾਬ 'ਇਕਬਾਲ' ਵਿੱਚ ਲਿਖਦੇ ਹਨ ਕਿ ਉਹ ਇਕਬਾਲ ਬਿਲਕੁਲ ਵੱਖਰੇ ਸਨ ਜਿਸ ਨੂੰ ਮੈਂ ਲੰਡਨ ਵਿੱਚ ਦੇਖਿਆ ਸੀ। ਅਜਿਹਾ ਲਗਦਾ ਹੈ ਕਿ ਜਿਵੇਂ ਦਰਮਨੀ ਉਨ੍ਹਾਂ ਦੇ ਵਜੂਦ ਵਿੱਚ ਸਮਾ ਗਿਆ ਹੈ।
ਅਤਿਆ ਅਨੁਸਾਰ ਇਕਬਾਲ ਜਰਮਨ ਸਿੱਖਣ ਤੋਂ ਇਲਾਵਾ ਨਾਚ, ਸੰਗੀਤ, ਕਿਸ਼ਤੀ ਚਲਾਉਣਾ ਅਤੇ ਹਾਈਕਿੰਗ ਵੀ ਸਿੱਖਦੇ ਸਨ।
ਅਤਿਆ ਨੇ ਇੱਕ ਦਿਲਚਸਪ ਘਟਨਾ ਲਿਖੀ ਜਿਸ ਤੋਂ ਪਤਾ ਲਗਦਾ ਹੈ ਕਿ ਇਮਾ ਵੀ ਇਕਬਾਲ ਤੋਂ ਪ੍ਰਭਾਵਿਤ ਸੀ।
ਹੋਇਆ ਇਸ ਤਰ੍ਹਾਂ ਕਿ ਇਮਾ ਨੇ ਇੱਕ ਦਿਨ ਓਪੇਰਾ ਗਾਉਣਾ ਸ਼ੁਰੂ ਕਰ ਦਿੱਤਾ। ਇਕਬਾਲ ਨੇ ਉਸ ਦਾ ਸਾਥ ਦੇਣਾ ਚਾਹਿਆ ਪਰ ਪੱਛਮੀ ਸੰਗੀਤ ਦੀ ਜਾਣਕਾਰੀ ਨਾ ਹੋਣ ਕਾਰਨ ਇਕਬਾਲ ਬੇਸੁਰੇ ਹੋ ਗਏ।
ਤੁਹਾਨੂੰ ਦੱਸ ਦੇਈਏ ਕਿ ਇਕਬਾਲ ਦਾ ਗਲਾ ਬਹੁਤ ਸੁਰੀਲਾ ਸੀ ਅਤੇ ਭਾਰਤ ਵਿੱਚ ਲੈਅ ਨਾਲ ਮੁਸ਼ਾਇਰੇ ਵਿੱਚ ਸ਼ਿਅਰ ਪੜ੍ਹਨ ਦੀ ਸ਼ੁਰੂਆਤ ਉਨ੍ਹਾਂ ਨੇ ਹੀ ਕੀਤੀ ਸੀ ਅਤੇ ਜਦੋਂ ਉਹ ਆਪਣੇ ਕਲਾਮ ਨੂੰ ਆਪਣੀ ਸੁਰੀਲੀ ਆਵਾਜ਼ ਵਿੱਚ ਪੜ੍ਹਦੇ ਸਨ ਤਾਂ ਉਸ ਦਾ ਅਸਰ ਦੁੱਗਣਾ, ਚੌਗੁਣਾ ਹੋ ਜਾਂਦਾ ਕੇ ਇਕਬਾਲ ਵੱਡੀ ਤੋਂ ਵੱਡੀ ਮਹਿਫ਼ਲ ਲੁੱਟ ਲੈਂਦੇ ਸੀ।
ਓਪੇਰਾ ਵਿੱਚ ਇਮਾ ਦਾ ਸਾਥ ਨਹੀਂ ਦੇ ਸਕਣ ਕਾਰਨ ਉਹ ਕਾਫ਼ੀ ਸ਼ਰਮਿੰਦਾ ਹੋਏ ਅਤੇ ਪਿੱਛੇ ਹਟ ਗਏ।
ਸ਼ਾਇਦ ਇਮਾ ਨੂੰ ਵੀ ਇਸ ਦਾ ਅਹਿਸਾਸ ਹੋਇਆ ਅਤੇ ਉਸੇ ਰਾਤ ਉਨ੍ਹਾਂ ਨੇ ਅਤਿਆ ਨੂੰ ਬੇਨਤੀ ਕੀਤੀ ਕਿ ਉਹ ਉਨ੍ਹਾਂ ਨੂੰ ਕੋਈ ਭਾਰਤੀ ਗੀਤ ਸਿਖਾ ਦੇਵੇ।
ਅਗਲੇ ਦਿਨ ਜਦੋਂ ਸਾਰੇ ਨੇਖ਼ਰ ਨਦੀ ਦੇ ਕੰਢੇ 'ਤੇ ਪਿਕਨਿਕ ਮਨਾਉਣ ਨਿਕਲੇ ਤਾਂ ਅਚਾਨਕ ਇਮਾ ਨੇ ਗਾਣਾ ਸ਼ੁਰੂ ਕਰ ਦਿੱਤਾ, "ਗਜਰਾ ਵੇਚਣ ਵਾਲੀ ਨਾਦਾਨ... ਇਹ ਤੇਰਾ ਨਖ਼ਰਾ..."
ਵਿਆਹ ਕਰਨਾ ਚਾਹੁੰਦੇ ਸੀ ਇਕਬਾਲ
ਸੰਗੀਤ ਤੋਂ ਇਲਾਵਾ ਪੱਛਮੀ ਨਾਚ ਵੀ ਇਕਬਾਲ ਦੀ ਪਹੁੰਚ ਤੋਂ ਬਾਹਰ ਸੀ।
ਅਤਿਆ ਨੇ ਲਿਖਿਆ ਇਕਬਾਲ ਇਮਾ ਨਾਲ ਅਨਾੜੀਆਂ ਵਾਂਗ ਨੱਚਦੇ ਸਨ।
ਇਕਬਾਲ ਦੀ ਸ਼ਾਇਰੀ ਦੇ ਮਾਹਿਰਾਂ ਅਨੁਸਾਰ ਮਾਮਲਾ ਸਿਰਫ ਗੱਲਬਾਤ ਤੱਕ ਹੀ ਸੀਮਿਤ ਨਹੀਂ ਸੀ ਸਗੋਂ ਇਕਬਾਲ ਇਮਾ ਨਾਲ ਵਿਆਹ ਰਚਾਉਣਾ ਚਾਹੁੰਦੇ ਸਨ।
ਖੁਦ ਇਮਾ ਦੇ ਚਚੇਰੇ ਭਰਾ ਦੀ ਧੀ ਹੀਲਾਕ੍ਰਲ਼ ਹੋਫ ਨੇ ਸਈਦ ਅਖਤਰ ਦੁਰਾਨੀ ਨੂੰ ਦੱਸਿਆ ਸੀ ਕਿ ਇਮਾ ਲਗਭਗ 1908 ਵਿੱਚ ਭਾਰਤ ਜਾਣਾ ਚਾਹੁੰਦੀ ਸੀ ਪਰ ਉਨ੍ਹਾਂ ਦੇ ਵੱਡੇ ਭਰਾ ਅਤੇ ਪਰਿਵਾਰ ਦੇ ਮੁਖੀ ਕਾਰਲ ਨੇ ਉਨ੍ਹਾਂ ਨੂੰ ਦੂਰ-ਦੁਰਾਡੇ ਦੇਸ ਵਿੱਚ ਇਕੱਲੇ ਜਾਣ ਤੋਂ ਮਨ੍ਹਾ ਕਰ ਦਿੱਤਾ ਸੀ।
ਭਰਾ ਬਣੇ ਰੋੜਾ
ਦੂਜੇ ਪਾਸੇ ਇਕਬਾਲ ਭਾਰਤ ਪਰਤਣ ਤੋਂ ਬਾਅਦ ਯੂਰਪ ਵਾਪਸ ਜਾਣਾ ਚਾਹੁੰਦੇ ਸੀ ਜਿਸ ਦੀ ਇੱਛਾ ਨਾ ਸਿਰਫ ਉਨ੍ਹਾਂ ਨੇ ਇਮਾ ਨੂੰ ਦੱਸੀ ਸਗੋਂ ਚਿੱਠੀਆਂ ਰਾਹੀਂ ਅਤਿਆ ਨੂੰ ਦੱਸੀ।
ਪਰ ਜਿਸ ਤਰ੍ਹਾਂ ਇਮਾ ਦੇ ਵੱਡੇ ਭਰਾ ਉਨ੍ਹਾਂ ਦੇ ਹਿੰਦੁਸਤਾਨ ਜਾਣ ਦੀ ਰਾਹ ਵਿੱਚ ਆ ਗਏ ਉਸੇ ਤਰ੍ਹਾਂ ਹੀ ਇਕਬਾਲ ਦੇ ਵੱਡੇ ਭਰਾ ਉਨ੍ਹਾਂ ਦੇ ਵਾਪਸ ਵਿਦੇਸ਼ ਜਾਣ ਦੇ ਰਾਹ ਵਿੱਚ ਅੜਿੱਕਾ ਬਣ ਗਏ।
9 ਅਪ੍ਰੈਲ, 1909 ਨੂੰ ਲਿਖੇ ਇੱਕ ਪੱਤਰ ਵਿੱਚ ਇਕਬਾਲ ਲਿਖਦੇ ਹਨ, "ਮੈਂ ਕੋਈ ਨੌਕਰੀ ਕਰਨਾ ਨਹੀਂ ਚਾਹੁੰਦਾ, ਮੇਰਾ ਇਰਾਦਾ ਤਾਂ ਛੇਤੀ ਤੋਂ ਛੇਤੀ ਇਸ ਦੇਸ ਤੋਂ ਦੂਰ ਹੋਣ ਦਾ ਹੈ ਪਰ ਤੁਹਾਨੂੰ ਪਤਾ ਹੈ ਮੇਰੇ ਆਪਣੇ ਵੱਡੇ ਭਰਾ ਦੇ ਨੈਤਿਕ ਕਰਜ਼ੇ ਨੇ ਮੈਨੂੰ ਰੋਕਿਆ ਹੋਇਆ ਹੈ।"
ਨੈਤਿਕ ਕਰਜ਼ਾ ਇਹ ਸੀ ਕਿ ਇਕਬਾਲ ਦੀ ਸਿੱਖਿਆ ਦਾ ਖਰਚਾ ਉਨ੍ਹਾਂ ਦੇ ਵੱਡੇ ਭਰਾ ਨੇ ਚੁੱਕਿਆ ਸੀ ਅਤੇ ਉਹ ਯੂਰਪ ਤੋਂ ਆਉਣ ਤੋਂ ਬਾਅਦ ਉਹ ਰਕਮ ਮੋੜਨੀ ਚਾਹੁੰਦੇ ਸੀ।
ਉਹ ਇਮਾ ਨੂੰ ਲਿਖਦੇ ਹਨ, "ਕੁਝ ਸਮੇਂ ਬਾਅਦ, ਜਦੋਂ ਮੇਰੇ ਕੋਲ ਪੈਸੇ ਜਮ੍ਹਾਂ ਹੋ ਜਾਣਗੇ ਤਾਂ ਮੈਂ ਯੂਰਪ ਨੂੰ ਆਪਣਾ ਘਰ ਬਣਾਵਾਂਗਾ। ਇਹ ਮੇਰੀ ਕਲਪਨਾ ਹੈ ਅਤੇ ਮੇਰੀ ਇੱਛਾ ਹੈ ਕਿ ਇਹ ਸਭ ਕੁਝ ਪੂਰਾ ਹੋਵੇ।"
ਪਰ ਇਹ ਇੱਛਾਵਾਂ ਨਾਕਾਮ ਹਸਰਤਾਂ ਬਣ ਗਈਆਂ। ਇਕਬਾਲ ਦੀ ਜ਼ਿੰਦਗੀ ਦਾ ਅਗਲਾ ਹਿੱਸਾ ਗੰਭੀਰ ਵਿੱਤੀ ਹਾਲਾਤ ਵਿੱਚੋਂ ਲੰਘਿਆ ਪਰ ਇਸ ਦੌਰਾਨ ਵੀ ਉਹ ਇਮਾ ਨੂੰ ਨਹੀਂ ਭੁੱਲੇ।
ਉਹ ਬਹੁਤ ਦਿਲਚਸਪੀ ਨਾਲ ਲਿਖਦੇ ਹਨ, "ਮੈਨੂੰ ਉਹ ਜ਼ਮਾਨਾ ਯਾਦ ਹੈ ਇਕੱਠੇ ਗੇਟੇ ਦੀਆਂ ਕਵਿਤਾਵਾਂ ਪੜ੍ਹਦੇ ਸੀ। ਮੈਂ ਉਮੀਦ ਕਰਦਾ ਹਾਂ ਕਿ ਤੁਹਾਨੂੰ ਵੀ ਉਹ ਖੁਸ਼ੀਆਂ ਭਰੇ ਦਿਨ ਯਾਦ ਹੋਣਗੇ ਜਦੋਂ ਅਸੀਂ ਇੰਨੇ ਕਰੀਬ ਸੀ। ਮੇਰੀ ਬਹੁਤ ਇੱਛਾ ਹੈ ਕਿ ਮੈਂ ਤੁਹਾਨੂੰ ਮੁੜ ਮਿਲਾਂ।"
ਭਾਰਤ ਆਉਣ ਤੋਂ ਬਾਅਦ...
ਇਮਾ ਨਾਲ ਮੁਲਾਕਾਤ ਤੋਂ 24 ਸਾਲ ਬਾਅਦ ਜਦੋਂ ਜਦੋਂ ਇਕਬਾਲ 1931 ਵਿੱਚ ਇੱਕ ਕਾਨਫਰੰਸ ਵਿੱਚ ਗਏ ਤਾਂ ਉਸ ਵੇਲੇ ਵੀ ਉਨ੍ਹਾਂ ਨੇ ਜਰਮਨੀ ਜਾ ਕੇ ਇਮਾ ਨਾਲ ਮਿਲਣ ਦੀ ਕੋਸ਼ਿਸ਼ ਕੀਤੀ ਸੀ। ਉਸ ਵੇਲੇ ਤੱਕ ਪੁਲਾਂ ਦੇ ਹੇਠਾਂ ਬਹੁਤ ਸਾਰਾ ਪਾਣੀ ਵਹਿ ਚੁੱਕਿਆ ਸੀ। ਇਕਬਾਲ ਨੇ ਦੋ ਹੋਰ ਵਿਆਹ ਕਰ ਲਏ ਸੀ ਅਤੇ ਉਨ੍ਹਾਂ ਦੇ ਬੱਚੇ ਜਵਾਨ ਹੋ ਗਏ ਸੀ, ਇਸ ਲਈ ਮੁਲਾਕਾਤ ਹੋ ਨਹੀਂ ਸਕੀ।
ਇਕਬਾਲ ਨੇ ਬਹੁਤ ਪਹਿਲਾਂ ਲਿਖਿਆ ਸੀ, "ਤੇਰੇ ਇਸ਼ਕ ਕੀ ਇੰਤੇਹਾ ਚਾਹਤਾ ਹੂੰ... ਮੇਰੀ ਸਾਦਗੀ ਦੇਖ ਕਿਆ ਚਾਹਤਾ ਹੂੰ"
ਸ਼ਾਇਦ ਇਹੀ ਉਨ੍ਹਾਂ ਦੀ ਸਾਦਗੀ ਸੀ ਕਿ ਉਹ ਭਾਰਤ ਪਰਤਣ ਤੋਂ ਬਾਅਦ ਵੀ ਇਮਾ ਨੂੰ ਮਿਲਣ ਦੇ ਸੁਪਨੇ ਦੇਖਦੇ ਰਹੇ।
ਇਹ ਵੀ ਪੜ੍ਹੋ:
ਹਾਲਾਂਕਿ ਇਹ ਉਹ ਜ਼ਮਾਨਾ ਸੀ ਜਦੋਂ ਹਾਲੇ ਹਵਾਈ ਸਫਰ ਸ਼ੁਰੂ ਨਹੀਂ ਸੀ ਹੋਇਆ ਅਤੇ ਸਮੁੰਦਰ ਦੇ ਰਾਹੀਂ ਭਾਰਤ ਤੋਂ ਯੂਰਪ ਜਾਣ ਵਿੱਚ ਕਈ ਮਹੀਨੇ ਲੱਗ ਜਾਂਦੇ ਸਨ।
ਇਕਬਾਲ ਅਤੇ ਇਮਾ ਵਿਚਾਲਾ ਅਸਲ ਫਾਸਲਾ ਤਾਂ ਸੱਤ ਸਮੁੰਦਰਾਂ ਦਾ ਸੀ।
ਇਮਾ ਨਾਲ ਇਕਬਾਲ ਦਾ ਰਿਸ਼ਤਾ ਪਰਵਾਨ ਨਹੀਂ ਚੜ੍ਹ ਸਕਿਆ ਪਰ ਇਮਾ ਨੇ ਇਕਬਾਲ ਦੀ ਪ੍ਰੇਰਣਾ ਬਣ ਕੇ ਉਨ੍ਹਾਂ ਦੀ ਸ਼ਾਇਰੀ ਵਿੱਚ ਉਹ ਦਰਦ ਦਾ ਪੈਦਾ ਕੀਤਾ ਜਿਸ ਨਾਲ ਉਨ੍ਹਾਂ ਦੀ ਸ਼ਾਇਰੀ ਵਿੱਚ ਪਛਾਣ ਬਣੀ।
ਅੱਲਾਮਾ ਇਕਬਾਲ ਉਹ ਵਿਅਕਤੀ ਹਨ ਜਿਨ੍ਹਾਂ ਨੇ 1930 ਵਿੱਚ ਇੰਡੀਅਨ ਮੁਸਲਿਮ ਲੀਗ ਦੇ ਇਲਾਹਾਬਾਦ ਵਿੱਚ ਹੋਏ ਸੈਸ਼ਨ ਦੌਰਾਨ ਭਾਰਤ ਦੀ ਵੰਡ ਅਤੇ ਪਾਕਿਸਤਾਨ ਬਣਾਉਣ ਦੀ ਮੰਗ ਚੁੱਕੀ ਸੀ।
ਅੱਲਾਮਾ ਇਕਬਾਲ ਨੂੰ ਪਾਕਿਸਤਾਨ ਦਾ ਰਾਸ਼ਟਰੀ ਕਵੀ ਵੀ ਕਿਹਾ ਜਾਂਦਾ ਹੈ।