ਮੁਹੱਰਮ ਕੀ ਹੈ? ਇਸ ਦੀ ਇਸਲਾਮ ਵਿਚ ਕੀ ਮਹੱਤਤਾ ਹੈ, ਜਾਣੋ ਗ਼ਮ ਤੇ ਮਾਤਮ ਦਾ ਇਤਿਹਾਸ

    • ਲੇਖਕ, ਆਰਵੀ ਸਮਿਥ
    • ਰੋਲ, ਸੀਨੀਅਰ ਪੱਤਰਕਾਰ, ਬੀਬੀਸੀ ਦੇ ਲਈ

ਇਸਲਾਮੀ ਕੈਲੰਡਰ ਮੁਤਾਬਕ ਸਾਲ ਦਾ ਪਹਿਲਾ ਮਹੀਨਾ ਮੁਹੱਰਮ ਹੁੰਦਾ ਹੈ। ਇਸ ਨੂੰ 'ਮਾਤਮ ਦਾ ਮਹੀਨਾ' ਵੀ ਆਖਿਆ ਜਾਂਦਾ ਹੈ।

ਮੁਹੱਰਮ ਨੂੰ ਮੁਹੱਰਮ-ਅਲ- ਹਰਾਮ ਵੀ ਕਹਿੰਦੇ ਹਨ। ਇਸ ਮਹੀਨੇ ਨੂੰ ਰਮਜ਼ਾਨ ਤੋਂ ਬਾਅਦ ਦੂਜਾ ਸਭ ਤੋਂ ਪਵਿੱਤਰ ਮਹੀਨਾ ਮੰਨਿਆ ਜਾਂਦਾ ਹੈ।

ਇਹ ਹਿਜ਼ਰੀ ਜਾਂ ਇਸਲਾਮਿਕ ਕੈਲੰਡਰ ਦਾ ਪਹਿਲਾ ਮਹੀਨਾ ਹੁੰਦਾ ਹੈ ਪਰ ਇਹ ਚੰਦ ਦਿਖਣ ਉੱਤੇ ਨਿਰਭਰ ਕਰਦਾ ਹੈ।

ਧਾਰਮਿਕ ਆਗੂ ਚੰਦ ਦਿਖਣ ਮੁਤਾਬਕ ਬਕਾਇਦਾ ਇਸ ਦਾ ਐਲਾਨ ਕਰਦੇ ਹਨ ਅਤੇ ਇਸ ਦਾ 10 ਵਾਂ ਦਿਨ ਸਭ ਤੋਂ ਖਾਸ ਹੁੰਦਾ ਹੈ।

ਮੁਹੱਰਮ ਦੇ ਦਸਵੇਂ ਦਿਨ ਹੀ ਇਸਲਾਮ ਦੀ ਰੱਖਿਆ ਲਈ ਪੈਗੰਬਰ ਹਜ਼ਰਤ ਮੁਹੰਮਦ ਦੇ ਦੋਹਤੇ ਹਜ਼ਰਤ ਇਮਾਮ ਹੁਸੈਨ ਨੇ ਆਪਣੀ ਜਾਨ ਦਿੱਤੀ ਸੀ।

ਇਹ ਵੀ ਪੜ੍ਹੋ:

ਇਸਲਾਮ ਧਰਮ ਵਿਚ ਇਸਨੂੰ ਆਸ਼ੂਰਾ ਵੀ ਕਿਹਾ ਜਾਂਦਾ ਹੈ।

ਮਾਤਮ ਵਜੋਂ ਇਸ ਦਿਨ ਸ਼ੀਆ ਮੁਸਲਮਾਨ ਇਮਾਮਬਾੜੇ ਜਾਂਦੇ ਹਨ ਅਤੇ ਤਾਜ਼ੀਆ ਕੱਢਦੇ ਹਨ। ਭਾਰਤ ਵਿੱਚ ਕਈ ਥਾਵਾਂ 'ਤੇ ਮਾਤਮ ਦਾ ਪ੍ਰਦਰਸ਼ਨ ਕਰਦਿਆਂ ਯਾਤਰਾਵਾਂ ਨਿਕਲਦੀਆਂ ਹਨ ਅਤੇ ਲਖ਼ਨਊ ਇਸ ਦਾ ਮੁੱਖ ਕੇਂਦਰ ਹੈ।

ਇਮਾਮ ਹੁਸੈਨ ਦੀ 'ਸ਼ਹਾਦਤ'

ਹਜ਼ਰਤ ਇਮਾਮ ਹੁਸੈਨ ਨੂੰ ਉਨ੍ਹਾਂ ਦੇ ਪਰਿਵਾਰ ਤੇ ਦੋਸਤਾਂ ਸਮੇਤ 680 ਈਸਵੀ ਵਿੱਚ ਕਰਬਲਾ ਦੀ ਜੰਗ ਵਿੱਚ ''ਸ਼ਹੀਦ'' ਕਰ ਦਿੱਤਾ ਗਿਆ ਸੀ। ਇਹ ਜੰਗ ਇਮਾਮ ਹੁਸੈਨ ਅਤੇ ਬਾਦਸ਼ਾਹ ਯਜ਼ੀਦ ਦੀਆਂ ਫੌਜਾਂ ਵਿਚਕਾਰ ਹੋਈ ਸੀ।

ਕਰਬਲਾ ਮੌਜੂਦਾ ਸਮੇਂ ਦੇ ਇਰਾਕ ਵਿੱਚ ਪੈਂਦਾ ਹੈ, ਜਿੱਥੇ ਉਨ੍ਹਾਂ ਦਾ ਮਕਬਰਾ ਉਸੇ ਥਾਂ 'ਤੇ ਹੈ ਜਿੱਥੇ ਉਨ੍ਹਾਂ ਦੀ ਮੌਤ ਹੋਈ ਸੀ। ਇਹ ਇਰਾਕ ਦੀ ਰਾਜਧਾਨੀ ਬਗਦਾਦ ਤੋਂ ਕਰੀਬ 120 ਕਿਲੋਮੀਟਰ ਦੂਰ ਹੈ।

ਮਰਸੀਆ ਕੀ ਕਹਿੰਦਾ ਹੈ

ਲਖਨਊ ਦੇ ਨਵਾਬਾਂ ਦੇ ਰਾਜ ਵਿੱਚ ਕਈ ਸ਼ਾਇਰਾਂ ਨੇ ਮੁਹੱਰਮ ਲਈ ਮਰਸੀਏ (ਕਿਸੇ ਦੀ ਸ਼ਹਾਦਤ ਦੀ ਯਾਦ ਵਿੱਚ ਕਵਿਤਾ) ਲਿਖੇ। ਇਨ੍ਹਾਂ ਵਿੱਚ ਸ਼ਾਮਲ ਸਨ ਮੀਰ ਅਨੀਸ, ਜਿਨ੍ਹਾਂ ਨੇ ਕਰਬਲਾ ਦੀ ਜੰਗ ਦਾ ਅਦਭੁਤ ਵੇਰਵਾ ਦਿੱਤਾ ਹੈ।

ਮੁਹੱਰਮ ਵੇਲੇ ਗਾਏ ਜਾਣ ਵਾਲੇ ਮਰਸੀਏ ਵਿੱਚ ਇਮਾਮ ਹੁਸੈਨ ਦੀ ਮੌਤ ਦਾ ਵੇਰਵਾ ਹੁੰਦਾ ਹੈ। ਲੋਕਾਂ ਦੀਆਂ ਅੱਖਾਂ ਵਿੱਚ ਹੰਝੂ ਹੁੰਦੇ ਹਨ। ਕਾਲੇ ਬੁਰਕੇ ਪਾ ਕੇ ਔਰਤਾਂ ਛਾਤੀ ਪਿੱਟ-ਪਿੱਟ ਕੇ ਰੋਂਦੀਆਂ ਹਨ ਅਤੇ ਮਰਦ ਖੁਦ ਨੂੰ ਕੁੱਟ-ਕੁੱਟ ਕੇ ਲਹੂ-ਲੁਹਾਣ ਹੋ ਜਾਂਦੇ ਹਨ।

ਇਹ ਵੀ ਪੜ੍ਹੋ:

ਤਾਜ਼ੀਏ ਦੌਰਾਨ ਇੱਕ ਆਵਾਜ਼ ਉੱਠਦੀ ਹੈ, "ਯਾ ਹੁਸੈਨ, ਹਮ ਨਾ ਹੁਏ।"

ਇਸਦਾ ਭਾਵ ਹੈ, "ਸਾਨੂੰ ਦੁੱਖ ਹੈ, ਇਮਾਮ ਹੁਸੈਨ, ਕਿ ਕਰਬਲਾ ਦੀ ਜੰਗ ਵਿੱਚ ਤੁਹਾਡੇ ਨਾਲ ਜਾਨ ਦੇਣ ਲਈ ਅਸੀਂ ਮੌਜੂਦ ਨਹੀਂ ਸੀ।"

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

ਖਾਣੇ ਦੀ ਮਹੱਤਤਾ

ਮੁਹੱਰਮ ਵਿੱਚ ਮੁੱਖ ਤੌਰ 'ਤੇ ਖਿਚੜਾ ਜਾਨ ਹਲੀਮ ਖਾਇਆ ਜਾਂਦਾ ਹੈ ਜੋ ਕਿ ਕਈ ਕਿਸਮਾਂ ਦੇ ਅਨਾਜ ਅਤੇ ਮਾਸ ਨੂੰ ਰਲਾ ਕੇ ਬਣਦਾ ਹੈ।

ਇਸ ਦੇ ਪਿੱਛੇ ਮਾਨਤਾ ਹੈ ਕਿ ਸਾਰਾ ਭੋਜਨ ਮੁੱਕਣ ਤੋਂ ਬਾਅਦ ਕਰਬਲਾ ਦੇ ਸ਼ਹੀਦਾਂ ਨੇ ਆਖ਼ਰੀ ਭੋਜਨ ਵਜੋਂ ਹਲੀਮ ਹੀ ਖਾਇਆ ਸੀ।

ਸੁੰਨੀ ਸੁਲਤਾਨ, ਸ਼ੀਆ ਤਾਜ਼ੀਆ

ਬਾਰ੍ਹਵੀਂ ਸਦੀ ਵਿੱਚ ਗੁਲਾਮ ਵੰਸ਼ ਦੇ ਪਹਿਲੇ ਸ਼ਾਸਕ ਕੁਤੁਬਉੱਦੀਨ ਐਬਕ ਦੇ ਸਮੇਂ ਤੋਂ ਹੀ ਦਿੱਲੀ ਵਿੱਚ ਵੀ ਤਾਜ਼ੀਏ ਕੱਢੇ ਜਾਂਦੇ ਰਹੇ ਹਨ।

ਉਸ ਤੋਂ ਬਾਅਦ ਜਿਹੜੇ ਵੀ ਸੁਲਤਾਨ ਨੇ ਭਾਰਤ 'ਤੇ ਹਕੂਮਤ ਕੀਤੀ ਉਸ ਨੇ ਇਸ ਰਿਵਾਜ਼ ਨੂੰ ਚੱਲਣ ਦਿੱਤਾ, ਹਾਲਾਂਕਿ ਜ਼ਿਆਦਾਤਰ ਉਹ ਸੁੰਨੀ ਮੁਸਲਮਾਨ ਸਨ, ਨਾ ਕਿ ਸ਼ੀਆ।

ਮੁਗ਼ਲਾਂ ਵਿੱਚੋਂ ਬਾਦਸ਼ਾਹ ਜਹਾਂਗੀਰ ਦੀ ਪਤਨੀ ਨੂਰਜਹਾਂ ਸ਼ੀਆ ਸਨ, ਜਿਨ੍ਹਾਂ ਨੇ ਇਰਾਨ-ਇਰਾਕ ਦੀ ਸੀਮਾ ਉੱਪਰ ਸ਼ੁਸਤਰ ਨਾ ਦੀ ਥਾਂ 'ਤੇ ਵਸਦੇ ਕਾਜ਼ੀ ਨੂਰਉੱਲਾਹ ਸ਼ੁਸਤਰੀ ਨੂੰ ਮੁਗ਼ਲ ਦਰਬਾਰ ਵਿੱਚ ਸ਼ਾਮਲ ਹੋਣ ਦਾ ਨਿਉਂਦਾ ਦਿੱਤਾ ਸੀ।

ਕਾਜ਼ੀ ਸ਼ੁਸਤਰੀ ਨੇ ਸ਼ੀਆ ਮੁਸਲਮਾਨਾਂ ਵਿੱਚ ਮੁਗ਼ਲਾਂ ਦਾ ਪ੍ਰਚਾਰ ਵੀ ਕੀਤਾ ਪਰ ਬਾਅਦ ਵਿੱਚ ਉਨ੍ਹਾਂ ਨੂੰ ਜਹਾਂਗੀਰ ਨੇ ਹੀ ਮਰਵਾਇਆ।

ਕਾਜ਼ੀ ਉੱਤੇ ਇਲਜ਼ਾਮ ਸੀ ਕਿ ਉਨ੍ਹਾਂ ਨੇ ਸ਼ੇਖ ਸਲੀਮ ਚਿਸ਼ਤੀ ਦਾ ਅਪਮਾਨ ਕੀਤਾ ਸੀ।

ਸ਼ੇਖ ਚਿਸ਼ਤੀ ਦਾ ਮੁਗ਼ਲਾਂ ਵਿੱਚ ਖਾਸ ਸਨਮਾਨ ਸੀ ਕਿਉਂਕਿ ਉਹ ਮੰਨਦੇ ਸਨ ਕਿ ਉਨ੍ਹਾਂ ਦੀਆਂ ਦੁਆਵਾਂ ਤੋਂ ਬਾਅਦ ਹੀ ਅਕਬਰ ਦੇ ਘਰ ਜਹਾਂਗੀਰ ਦਾ ਜਨਮ ਹੋਇਆ ਸੀ।

ਜਹਾਂਗੀਰ ਦੇ ਦਰਬਾਰ ਵਿੱਚ ਇੱਕ ਹੋਰ ਮਸ਼ਹੂਰ ਸ਼ੀਆ ਸਨ ਮਹਾਬਤ ਖ਼ਾਨ, ਜਿਨ੍ਹਾਂ ਦਾ ਘਰ ਉਸ ਵੇਲੇ ਦਿੱਲੀ ਵਿੱਚ ਸੀ। ਹੁਣ ਇਹ ਦਿੱਲੀ ਦੇ ਆਈ.ਟੀ.ਓ. ਇਲਾਕੇ ਵਿੱਚ ਸਥਿਤ ਹੈ ਅਤੇ ਇਹੀ ਦਿੱਲੀ 'ਚ ਮੁਹੱਰਮ ਦੇ ਮਾਤਮ ਦੀ ਮੁੱਖ ਥਾਂ ਹੈ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)