ਅਫ਼ਗਾਨਿਸਤਾਨ: ਜਲਾਵਤਨੀ ਤੋਂ ਬਾਅਦ ਪਹਿਲੀ ਵਾਰ ਸਾਹਮਣੇ ਆਏ ਅਸ਼ਰਫ਼ ਗਨੀ ਨੇ ਤਾਲਿਬਾਨ ਦੇ ਸੱਤਾ ਵਿੱਚ ਆਉਣ ਲਈ ਕਿਸ ਨੂੰ ਜ਼ਿੰਮੇਵਾਰ ਦੱਸਿਆ- ਪ੍ਰੈੱਸ ਰਿਵੀਊ

ਅਫ਼ਗਾਨਿਸਤਾਨ ਦੇ ਜਲਾਵਤਨ ਸਾਬਕਾ ਰਾਸ਼ਟਰਪਤੀ ਅਸ਼ਰਫ਼ ਗਨੀ ਦੇਸ਼ ਛੱਡਣ ਤੋਂ ਬਾਅਦ ਪਹਿਲੀ ਵਾਰ ਇੱਕ ਫ਼ੇਸਬੁੱਕ ਲਾਈਵ ਰਾਹੀਂ ਦੁਨੀਆਂ ਦੇ ਸਾਹਮਣੇ ਆਏ।

ਦਿ ਹਿੰਦੂ ਦੀ ਖ਼ਬਰ ਮੁਤਾਬਕ ਉਨ੍ਹਾਂ ਨੇ ਆਪਣੀ ਵੀਡੀਓ ਵਿੱਚ ਪੁਸ਼ਟੀ ਕੀਤੀ ਕਿ ਉਹ ਯੂਨਾਇਟਡ ਅਰਬ ਅਮੀਰਾਤ ਵਿੱਚ ਰਹਿ ਰਹੇ ਹਨ। ਵੀਡੀਓ ਵਿੱਚ ਗਨੀ ਨੇ ਆਪਣੇ ਗ੍ਰਹਿ ਦੇਸ਼ ਦੇ ਹਾਲਾਤ ਬਾਰੇ ਗੱਲਬਾਤ ਕੀਤੀ।

ਉਨ੍ਹਾਂ ਨੇ ਆਪਣੇ ਦੇਸ਼ ਦੇ ਤਜਾਕਿਸਤਾਨ ਵਿੱਚ ਸਫ਼ੀਰ ਦੇ ਉਨ੍ਹਾਂ ਇਲਜ਼ਾਮਾਂ ਦਾ ਵੀ ਖੰਡਨ ਕੀਤਾ ਕਿ ਉਨ੍ਹਾਂ ਨੇ (ਗਨੀ ਨੇ) ਸਰਕਾਰੀ ਖ਼ਜਾਨੇ ਵਿੱਚ ਲੱਖਾਂ ਡਾਲਰ ਦੀ ਚੋਰੀ ਕੀਤੀ ਹੈ।

ਉਨ੍ਹਾਂ ਨੇ ਅਫ਼ਗਾਨ ਫ਼ੌਜਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਅਮਨ-ਵਾਰਤਾ ਦੀ ਨਾਕਾਮੀ ਕਾਰਨ ਤਾਲਿਬਾਨ ਸੱਤਾ ਵਾਪਸ ਹਾਸਲ ਕਰ ਸਕੇ।

ਉਨ੍ਹਾਂ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਇੱਕ ਜੋੜੀ ਤਨ ਦੇ ਕੱਪੜਿਆਂ ਅਤੇ ਸੈਂਡਲਾਂ ਵਿੱਚ ਦੇਸ਼ ਛੱਡਣ ਲਈ ਮਜਬੂਰ ਕੀਤਾ ਗਿਆ।

ਇਹ ਵੀ ਪੜ੍ਹੋ:

ਕੋਵਿਡ-19: ਪੰਜਾਬ ਦੀ ਹੁਣ ਤੱਕ ਦੀ ਸਭ ਤੋਂ ਉੱਚੀ ਮੌਤ ਦਰ ਅਤੇ WHO ਦੀ ਚੇਤਾਵਨੀ

ਪੰਜਾਬ ਵਿੱਚ ਹਾਲਾਂਕਿ ਕੋਵਿਡ-19 ਦੇ ਰੋਜ਼ਾਨਾ ਸਾਹਮਣੇ ਆਉਣ ਵਾਲੇ ਅਤੇ ਸਰਗਰਮ ਮਾਮਲਿਆਂ ਵਿੱਚ ਕਮੀ ਆਈ ਹੈ ਪਰ ਸੂਬੇ ਵਿੱਚ ਕੋਵਿਡ-19 ਕਾਰਨ ਹੋਣ ਵਾਲੀਆਂ ਮੌਤਾਂ ਦੀ ਦਰ ਪਿਛਲੇ ਮਹੀਨੇ ਤੋਂ ਹੁਣ ਤੱਕ ਦੇ ਆਪਣੇ ਸਭ ਤੋਂ ਉੱਚੇ ਸਿਖਰ 'ਤੇ ਹੈ।

ਦਿ ਟ੍ਰਿਬਿਊਨ ਨੇ ਸੂਬੇ ਦੇ ਸਿਹਤ ਵਿਭਾਗ ਦੀ ਰਿਪੋਰਟ ਦੇ ਹਵਾਲੇ ਨਾਲ ਲਿਖਿਆ ਹੈ ਕਿ 18 ਜੁਲਾਈ ਤੋਂ ਬਾਅਦ 1674 ਨਵੇਂ ਕੇਸ ਰਿਪੋਰਟ ਹੋਏ ਜੋ ਕਿ ਪਿਛਲੇ ਸਾਲ ਮਾਰਚ ਵਿੱਚ ਬਿਮਾਰੀ ਫੁੱਟਣ ਤੋਂ ਬਾਅਦ ਕਿਸੇ 30 ਦਿਨਾਂ ਦੇ ਅਰਸੇ ਦੌਰਾਨ ਸਭ ਤੋਂ ਘੱਟ ਹਨ।

ਹਾਲਾਂਕਿ ਮੌਤਾਂ ਦੀ ਦਰ ਇਸ ਅਨੁਪਾਤ ਵਿੱਚ ਨਹੀਂ ਘਟੀ। ਇਸੇ ਅਰਸੇ ਦੌਰਾਨ ਸੂਬੇ ਵਿੱਚ 112 ਮੌਤਾਂ ਹੋਈਆਂ ਜਿਸ ਹਿਸਾਬ ਨਾਲ ਕੋਵਿਡ ਮੌਤ ਦਰ 6.69% ਬਣਦੀ ਹੈ ਜਦਕਿ ਕੌਮੀ ਪੱਧਰ 'ਤੇ ਇਹ ਅੰਕੜਾ 1.6% ਹੈ।

ਦਿ ਟ੍ਰਿਬਿਊਨ ਦੀ ਇੱਕ ਹੋਰ ਖ਼ਬਰ ਮੁਤਾਬਕ ਵਿਸ਼ਵ ਸਿਹਤ ਸੰਗਠ ਨੇ ਚੇਤਾਵਨੀ ਜਾਰੀ ਕੀਤੀ ਹੈ ਕਿ ਭਾਰਤ ਅਤੇ ਯੂਗਾਂਡਾ ਵਿੱਚ ਕੋਵੀਸ਼ੀਲਡ ਦੀਆਂ ਨਕਲੀ ਖ਼ੁਰਾਕਾਂ ਵਿਹਾਰ ਵਿੱਚ ਆਈਆਂ ਹਨ। ਸੰਗਠਨ ਨੇ ਦੋਵਾਂ ਦੇਸ਼ਾਂ ਨੂੰ ਕਾਰਵਾਈ ਕਰਨ ਲਈ ਕਿਹਾ ਹੈ।

ਇਸ ਦੇ ਨਾਲ ਹੀ ਸੰਗਠਨ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਦੇ ਨਕਲੀ ਖ਼ੁਰਾਕ ਲੱਗੀ ਹੋ ਸਕਦੀ ਹੈ। ਇਸ ਲਈ ਉਹ ਕਿਸੇ ਵੀ ਕਿਸਮ ਦੇ ਉਲਟ ਲੱਛਣਾਂ ਬਾਰੇ ਤੁਰੰਤ ਰਿਪੋਰਟ ਕਰਨ।

ਦਿੱਲੀ ਹਿੰਸਾ: ਜ਼ਖਮੀਆਂ ਤੋਂ ਕੌਮੀ ਗੀਤ ਗਵਾਉਣ ਦਾ ਮਾਮਲਾ

ਦਿੱਲੀ ਹਿੰਸਾ ਦੌਰਾਨ ਸੜਕ 'ਤੇ ਜ਼ਖਮੀ ਪਏ ਪੰਜ ਮੁੰਡਿਆਂ ਤੋਂ ਕੌਮੀ ਗੀਤ ਗਵਾਉਣ ਦੇ ਮਾਮਲੇ ਵਿੱਚ ਦਿੱਲੀ ਪੁਲਿਸ ਨੇ ਤਿੰਨ ਪੁਲਿਸ ਵਾਲਿਆਂ ਦੀ ਪਛਾਣ ਕਰ ਲਈ ਹੈ।

ਦਿ ਇੰਡੀਅਨ ਐਕਸਪ੍ਰੈਸ ਦੀ ਖ਼ਬਰ ਮੁਤਾਬਕ ਪਿਛਲੇ ਸਾਲ ਵਾਪਰੀ ਉਸ ਹਿੰਸਾ ਦੌਰਾਨ ਵਾਪਰੇ ਇਸ ਗੈਰ-ਮਨੁੱਖੀ ਘਟਨਾਕ੍ਰਮ ਦੀ ਵੀਡੀਓ ਵਾਇਰਲ ਹੋਈ ਸੀ। ਬਾਅਦ ਵਿੱਚ ਇਨ੍ਹਾਂ ਪੰਜਾਂ ਵਿੱਚੋਂ ਇੱਕ ਵਿਅਕਤੀ ਦੀ ਮੌਤ ਹੋ ਗਈ ਸੀ।

ਹੁਣ ਪਛਾਣੇ ਗਏ ਇਨ੍ਹਾਂ ਤਿੰਨਾਂ ਪੁਲਿਸ ਮੁਲਾਜ਼ਾਮਾਂ ਦਾ ਜੋ ਕਿ ਉਸ ਦਿੱਲੀ ਹਥਿਆਰਬੰਦ ਪੁਲਿਸ ਨਾਲ ਤੈਨਾਅਤ ਸਨ ਲਾਈ ਡਿਟੈਕਟਰ ਟੈਸਟ ਕੀਤਾ ਜਾਵੇਗਾ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)