#BeyondFakeNews: ਭਾਰਤ ਵਿੱਚ ਵੱਟਸਐਪ ਉੱਤੇ ਕਿਵੇਂ ਫੈਲਦੀ ਹੈ ਫੇਕ ਨਿਊਜ਼?

ਤੁਹਾਡੇ ਫੋਨ ਦੇ ਵੱਟਸਐਪ ਗਰੁੱਪ ਵਿੱਚ ਅਕਸਰ ਅਜਿਹੇ ਮੈਸੇਜਸ ਆਉਂਦੇ ਹੋਣਗੇ, "ਸਾਰੇ ਭਾਰਤੀਆਂ ਨੂੰ ਵਧਾਈ! ਯੁਨੈਸਕੋ ਨੇ ਭਾਰਤੀ ਕਰੰਸੀ ਨੂੰ ਸਭ ਤੋਂ ਵਧੀਆ ਕਰੰਸੀ ਐਲਾਣਿਆ ਜੋ ਸਾਰੇ ਭਾਰਤੀਆਂ ਲਈ ਮਾਣ ਦੀ ਗੱਲ ਹੈ।"

ਇਹ ਮੈਸੇਜ ਅਤੇ ਇਸ ਤਰ੍ਹਾਂ ਦੇ ਕਈ ਦੂਜੇ ਮੈਸੇਜ ਫੇਕ ਹੁੰਦੇ ਹਨ ਪਰ ਉਨ੍ਹਾਂ ਨੂੰ ਫਾਰਵਰਡ ਕਰਨ ਵਾਲੇ ਲੋਕ ਸੋਚਦੇ ਹਨ ਕਿ ਉਹ 'ਰਾਸ਼ਟਰ ਨਿਰਮਾਣ' ਵਿੱਚ ਆਪਣੀ ਭੂਮੀਕਾ ਨਿਭਾ ਰਹੇ ਹਨ।

ਇਹ ਗੱਲ ਬੀਬੀਸੀ ਦੀ ਇੱਕ ਰਿਸਰਚ ਵਿੱਚ ਸਾਹਮਣੇ ਆਈ ਹੈ। ਰਿਸਰਚ ਤੋਂ ਪਤਾ ਚੱਲਿਆ ਹੈ ਕਿ ਲੋਕ ਅਜਿਹੇ ਮੈਸੇਜ ਬਿਨਾਂ ਜਾਂਚ ਕੀਤੇ ਅੱਗੇ ਭੇਜ ਦਿੰਦੇ ਹਨ ਜੋ ਕਿ ਉਨ੍ਹਾਂ ਦੀ ਸੋਚ ਨਾਲ ਮੇਲ ਖਾਂਦੇ ਹੋਣ।

ਇੰਨਾ ਹੀ ਨਹੀਂ, ਜੇ ਕੋਈ ਮੈਸੇਜ ਜਾਂਚ ਤੋਂ ਬਾਅਦ ਝੂਠੇ ਸਾਬਿਤ ਹੋ ਜਾਣ ਤਾਂ ਵੀ ਲੋਕ ਇਹ ਸੋਚ ਕੇ ਉਸ ਤੋਂ ਅੱਗੇ ਨਹੀਂ ਵੱਧਦੇ ਕਿ ਅਜਿਹਾ ਕਰਨਾ ਦੇਸ ਜਾਂ ਸੱਭਿਅਤਾ ਦੇ ਖਿਲਾਫ਼ ਹੋਵੇਗਾ।

ਇਹ ਵੀ ਪੜ੍ਹੋ:

ਬੀਬੀਸੀ ਨੇ ਫੇਕ ਨਿਊਜ਼ ਦੇ ਵੱਧਦੇ ਅਸਰ ਨੂੰ ਜਾਣਨ ਲਈ ਭਾਰਤ, ਕੀਨੀਆ ਅਤੇ ਨਾਈਜੀਰੀਆ ਵਿੱਚ ਰਿਸਰਚ ਕੀਤੀ। ਇਸ ਰਿਸਰਚ ਦੌਰਾਨ ਲੋਕਾਂ ਨੇ ਬੀਬੀਸੀ ਨਾਲ ਆਪਣੇ ਫੋਨ ਦੀ ਜਾਣਕਾਰੀ ਸਾਂਝੀ ਕੀਤੀ ਜਿਸ ਰਾਹੀਂ ਇਹ ਪਤਾ ਕੀਤਾ ਗਿਆ ਕਿ ਉਹ ਲੋਕ ਵੱਟਸਐਪ, ਟਵਿੱਟਰ ਅਤੇ ਫੇਸਬੁੱਕ ਦੀ ਵਰਤੋਂ ਕਿਸ ਤਰ੍ਹਾਂ ਕਰਦੇ ਹਨ।

ਫੇਕ ਨਿਊਜ਼ 'ਤੇ ਬੀਬੀਸੀ ਵੱਟਸਐਪ 'ਤੇ 'ਮਾੜੇ ਪ੍ਰਚਾਰ' ਬਾਰੇ ਪਹਿਲੀ ਵਾਰੀ ਭਾਰਤ ਦੇ ਬਾਰੇ ਜਾਣਕਾਰੀ ਸਾਹਮਣੇ ਲਿਆ ਰਹੀ ਹੈ। ਇਹ ਰਿਸਰਚ ਮਾੜੇ ਪ੍ਰਚਾਰ ਦੇ ਖਿਲਾਫ਼ ਬੀਬੀਸੀ ਦੀ ਮੁਹਿੰਮ 'ਬਿਓਂਡ ਫੇਕ ਨਿਊਜ਼' ਦਾ ਹਿੱਸਾ ਹੈ। ਇਹ ਮੁਹਿੰਮ ਅੱਜ ਤੋਂ ਸ਼ੁਰੂ ਹੋ ਰਹੀ ਹੈ।

ਵੱਟਸਐਪ 'ਤੇ ਫੈਲੀਆਂ ਅਫਵਾਹਾਂ ਦਾ ਅਸਰ

ਭਾਰਤ ਵਿੱਚ ਵੱਟਸਐਪ ਨਾਲ ਫੈਲੀਆਂ ਅਫਵਾਹਾਂ ਕਾਰਨ ਘੱਟੋ-ਘੱਟ 32 ਲੋਕ ਹਾਲੇ ਤੱਕ ਵੱਖ-ਵੱਖ ਘਟਨਾਵਾਂ ਵਿੱਚ ਮਾਰੇ ਗਏ ਹਨ। ਹਾਲਾਂਕਿ ਰਿਸਰਚ ਤੋਂ ਪਤਾ ਲੱਗਿਆ ਹੈ ਕਿ ਲੋਕ ਅਜਿਹੇ ਮੈਸੇਜ ਫਾਰਵਰਡ ਕਰਨ ਤੋਂ ਹਿਚਕਚਾਉਂਦੇ ਹਨ ਜਿਸ ਨਾਲ ਹਿੰਸਾ ਫੈਲਣ ਦਾ ਖਦਸ਼ਾ ਹੋਵੇ।

ਇਨ੍ਹਾਂ ਅਫਵਾਹਾਂ ਤੋਂ ਬਾਅਦ ਵੱਟਸਐਪ ਨੇ ਫਾਰਵਰਡ ਕੀਤੇ ਗਏ ਸੁਨੇਹਿਆਂ ਨੂੰ ਮਾਰਕ ਕਰਨਾ ਸ਼ੁਰੂ ਕੀਤਾ ਜਿਸ ਤੋਂ ਪਤਾ ਚੱਲ ਸਕੇ ਕਿ ਮੈਸੇਜ ਭੇਜਣ ਵਾਲੇ ਨੇ ਨਹੀਂ ਲਿਖਿਆ ਹੈ, ਉਸ ਨੇ ਸਿਰਫ਼ ਫਾਰਵਰਡ ਹੀ ਕੀਤਾ ਹੈ।

ਰਿਸਰਚ ਅਨਸਾਰ ਇਹ ਕੋਸ਼ਿਸ਼ ਕੰਮ ਨਹੀਂ ਕਰ ਰਹੀ ਹੈ ਕਿਉਂਕਿ ਜ਼ਿਆਦਾਤਰ ਲੋਕ ਜੇ ਮੈਸੇਜ ਦੀ ਮੂਲ ਭਾਵਨਾ ਤੋਂ ਸਹਿਮਤ ਹੁੰਦੇ ਹਨ, ਭਲੇ ਹੀ ਉਸ ਦੇ ਤੱਥ ਗਲਤ ਹੋਣ ਜਾਂ ਪੁਖਤਾ ਨਾ ਹੋਣ ਤਾਂ ਵੀ ਉਸ ਨੂੰ ਅੱਗੇ ਵਧਾਉਣ ਨੂੰ ਇੱਕ ਜ਼ਿੰਮੇਵਾਰੀ ਦੀ ਤਰ੍ਹਾਂ ਦੇਖਦੇ ਹਨ।

ਫੇਕ ਨਿਊਜ਼ ਜਾਂ ਬਿਨਾਂ ਜਾਂਚ ਦੇ ਖਬਰਾਂ ਨੂੰ ਅੱਗੇ ਭੇਜਣ ਵਾਲੇ ਲੋਕਾਂ ਦੀ ਨਜ਼ਰ ਵਿੱਚ ਮੈਸੇਜ ਜਾਂ ਖਬਰ ਦੇ ਸੋਰਸ ਤੋਂ ਵੱਧ ਅਹਿਮੀਅਤ ਇਸ ਗੱਲ ਦੀ ਹੈ ਕਿ ਉਸ ਨੂੰ ਉਨ੍ਹਾਂ ਤੱਕ ਕਿਸ ਨੇ ਫਾਰਵਰਡ ਕੀਤਾ ਹੈ। ਜੇ ਫਾਰਵਰਡ ਕਰਨ ਵਾਲਾ ਵਿਅਕਤੀ ਸਮਾਜ ਵਿੱਚ 'ਮੰਨਿਆ-ਪਰਮੰਨਿਆ' ਹੈ ਤਾਂ ਬਿਨਾਂ ਜਾਂਚ ਜਾਂ ਉਸ ਜਾਣਕਾਰੀ ਦੇ ਸਰੋਤ ਦਾ ਪਤਾ ਲਾਏ ਬਿਨਾਂ ਉਸ ਨੂੰ ਅੱਗੇ ਪਹੁੰਚਾਉਣਾ ਉਹ ਆਪਣੀ 'ਜ਼ਿੰਮੇਵਾਰੀ' ਸਮਝਦੇ ਹਨ।

ਇਹ ਵੀ ਪੜ੍ਹੋ:

ਜਿਸ ਤਰ੍ਹਾਂ ਦੀਆਂ ਗਲਤ ਖਬਰਾਂ ਸਭ ਤੋਂ ਵੱਧ ਫੈਲਦੀਆਂ ਹਨ ਉਨ੍ਹਾਂ ਵਿੱਚ ਇੱਕ ਗੱਲ ਆਮ ਹੈ-ਭਾਰਤ ਤੇਜ਼ੀ ਨਾਲ ਵਿਕਾਸ ਕਰ ਰਿਹਾ ਹੈ, ਹਿੰਦੂ ਧਰਮ ਮਹਾਨ ਸਨ ਅਤੇ ਹੁਣ ਉਸ ਨੂੰ ਦੁਬਾਰਾ ਮਹਾਨ ਬਣਾਇਆ ਜਾ ਰਿਹਾ ਹੈ ਜਾਂ ਭਾਰਤ ਦਾ ਪੁਰਾਤਨ ਗਿਆਨ ਹਰ ਖੇਤਰ ਵਿੱਚ ਹਾਲੇ ਵੀ ਸਭ ਤੋਂ ਵਧੀਆ ਹੈ ਜਾਂ ਗਾਂ ਆਕਸੀਜ਼ਨ ਲੈਂਦੀ ਹੈ ਅਤੇ ਆਕਸੀਜ਼ਨ ਹੀ ਛੱਡਦੀ ਹੈ ਵਗੈਰਾਹ।

ਅਜਿਹੀਆਂ ਖਬਰਾਂ ਨੂੰ ਲੋਕ ਹਜ਼ਾਰਾਂ ਦੀ ਗਿਣਤੀ ਵਿੱਚ ਰੋਜ਼ ਸ਼ੇਅਰ ਕਰਦੇ ਹਨ ਅਤੇ ਇਸ ਵਿੱਚ ਕੋਈ ਬੁਰਾਈ ਨਹੀਂ ਦੇਖਦੇ ਕਿ ਉਹ ਆਪਣੇ ਮਨ ਦੀ ਗੱਲ ਨੂੰ ਸਹੀ ਸਾਬਿਤ ਕਰਨ ਲਈ ਤੱਥਾਂ ਦਾ ਨਹੀਂ ਸਗੋਂ ਮਿੱਥ ਦਾ ਸਹਾਰਾ ਲੈ ਰਹੇ ਹਨ।

ਫੇਕ ਨਿਊਜ਼ ਦੇ ਫੈਲਾਓ ਵਿੱਚ ਮੁੱਖ ਧਾਰਾ ਦੀ ਮੀਡੀਆ ਨੂੰ ਵੀ ਜ਼ਿੰਮੇਵਾਰ ਪਾਇਆ ਗਿਆ ਹੈ। ਰਿਸਰਚ ਮੁਤਾਬਕ ਇਸ ਸਮੱਸਿਆ ਨਾਲ ਨਜਿੱਠਣ ਵਿੱਚ ਮੀਡੀਆ ਇਸ ਲਈ ਬਹੁਤ ਸਫਲ ਨਹੀਂ ਹੋ ਪਾ ਰਿਹਾ ਹੈ ਕਿਉਂਕਿ ਉਸ ਦੀ ਆਪਣੀ ਹੀ ਸਾਖ ਕਾਫ਼ੀ ਮਜ਼ਬੂਤ ਨਹੀਂ ਹੈ। ਲੋਕ ਮੰਨਦੇ ਹਨ ਕਿ ਸਿਆਸੀ ਅਤੇ ਵਪਾਰਕ ਹਿੱਤਾਂ ਦੇ ਦਬਾਅ ਵਿੱਚ ਮੀਡੀਆ 'ਵਿੱਕ ਗਿਆ' ਹੈ।

ਬੀਬੀਸੀ ਨੇ ਫੇਕ ਨਿਊਜ਼ ਫੈਲਾਉਣ ਵਾਲਿਆਂ ਦੇ ਵਿਚਾਰਕ ਰੁਝਾਨ ਨੂੰ ਟਵਿੱਟਰ 'ਤੇ 16 ਹਜ਼ਾਰ ਅਕਾਊਂਟਸ ਦੇ ਜ਼ਰੀਏ ਜਾਂਚ ਕੀਤੀ ਤਾਂ ਇਹ ਗੱਲ ਸਾਹਮਣੇ ਆਈ ਕਿ ਮੋਦੀ ਸਮਰਥਕਾਂ ਦੇ ਤਾਰ ਆਪਸ ਵਿੱਚ ਬਿਹਤਰ ਢੰਗ ਨਾਲ ਜੁੜੇ ਹੋਏ ਹਨ ਅਤੇ ਉਹ ਇੱਕ ਤਰ੍ਹਾਂ ਨਾਲ ਮਿਲ ਜੁੱਲਕੇ ਇੱਕ ਮੁਹਿੰਮ ਦੀ ਤਰ੍ਹਾਂ ਕੰਮ ਕਰ ਰਹੇ ਹਨ।

ਹਿੰਦੁਤਵ, ਰਾਸ਼ਟਰਵਾਦ, ਮੋਦੀ, ਫੌਜ, ਦੇਸ਼ਭਗਤੀ, ਪਾਕਿਤਾਨ ਵਿਰੋਧੀ, ਘੱਟ-ਗਿਣਤੀਆਂ ਨੂੰ ਦੋਸ਼ੀ ਠਹਿਰਾਉਣ ਵਾਲੇ ਅਕਾਊਂਟ ਆਪਸ ਵਿੱਚ ਇੱਕ-ਦੂਜੇ ਨਾਲ ਜੁੜੇ ਹੋਏ ਹਨ। ਉਹ ਇੱਕ ਖਾਸ ਤਰ੍ਹਾਂ ਨਾਲ ਸਰਗਰਮ ਰਹਿੰਦੇ ਹਨ ਜਿਵੇਂ ਉਹ ਕੋਈ ਜ਼ਿੰਮੇਵਾਰੀ ਪੂਰੀ ਕਰ ਰਹੇ ਹੋਣ।

ਇਸ ਦੇ ਉਲਟ ਵੰਡੇ ਹੋਏ ਸਮਾਜ ਵਿੱਚ ਇਨ੍ਹਾਂ ਦੇ ਵਿਰੋਧੀਆਂ ਦੀ ਵਿਚਾਰਧਾਰਾ ਵੱਖ-ਵੱਖ ਹੈ ਪਰ ਮੋਦੀ ਜਾਂ ਹਿੰਦੁਤਵ ਦੀ ਸਿਆਸਤ ਦਾ ਵਿਰੋਧ ਉਨ੍ਹਾਂ ਨੂੰ ਜੋੜਦਾ ਹੈ। ਵੱਖੋ-ਵੱਖਰੇ ਵਿਚਾਰਾਂ ਕਾਰਨ ਮੋਦੀ ਵਿਰੋਧੀਆਂ ਦੀ ਆਵਾਜ਼ ਮੋਦੀ ਸਮਰਥਕਾਂ ਦੀ ਤਰ੍ਹਾਂ ਇੱਕਜੁਟ ਨਹੀਂ ਹੈ।

ਰਾਸ਼ਟਰਵਾਦੀ ਰੁਝਾਨ ਦੇ ਤਿੰਨ ਵਰਗ

ਕਮੋਬੇਸ਼ ਇਹੀ ਤਸਵੀਰ ਵੱਟਸਐਪ 'ਤੇ ਵੀ ਉਭਰਦੀ ਹੈ। ਹਿੰਦੂ ਰਾਸ਼ਟਰਵਾਦ ਵੱਲ ਰੁਝਾਨ ਰੱਖਣ ਵਾਲੇ ਲੋਕਾਂ ਨੂੰ ਮੋਟੇ ਤੌਰ 'ਤੇ ਤਿੰਨ ਵਰਗਾਂ ਵਿੱਚ ਵੰਡਿਆ ਜਾ ਸਕਦਾ ਹੈ। ਪਹਿਲਾ, ਪੁਰਾਤਨਪੰਥੀ ਹਿੰਦੀ ਜੋ ਕਿਸੇ ਵੀ ਤਰ੍ਹਾਂ ਦੇ ਸਮਾਜਿਕ ਬਦਲਾਅ ਦੇ ਵਿਰੋਧੀ ਹਨ।

ਦੂਜਾ ਪ੍ਰਗਤੀਸ਼ੀਲ ਹਿੰਦੂ ਜੋ ਅੰਨ੍ਹਾਂ ਭਗਤ ਨਹੀਂ ਹੈ, ਆਪਣੇ ਧਰਮ ਉੱਤੇ ਉਸ ਨੂੰ ਮਾਣ ਹੈ ਅਤੇ ਉਸ ਨੂੰ ਧਰਮ ਦਾ ਝੰਡਾ ਉੱਚਾ ਰੱਖਣ ਦੀ ਫਿਕਰ ਰਹਿੰਦੀ ਹੈ। ਇਹ ਦੋਵੇਂ ਵਰਗ ਮੋਦੀ ਨੂੰ ਆਪਣਾ ਆਗੂ ਮੰਨਦੇ ਹਨ।

ਤੀਜਾ ਵਰਗ ਸਿੱਧੇ ਤੌਰ 'ਤੇ ਕੱਟੜਪੰਥੀ ਹੈ ਜੋ ਘੱਟ-ਗਿਣਤੀਆਂ ਪ੍ਰਤੀ ਤਿੱਖੇ ਅਤੇ ਹਿੰਸਕ ਵਿਚਾਰ ਰੱਖਦਾ ਹੈ।

ਮੋਦੀ ਵਿਰੋਧੀਆਂ ਦੇ 4 ਵਰਗ

ਮੋਦੀ ਵਿਰੋਧੀ ਚਾਰ ਵਰਗਾਂ ਵਿੱਚ ਵੰਡੇ ਹੋਏ ਹਨ। ਨੋਟਬੰਦੀ, ਜੀਐਸਟੀ ਵਰਗੀਆਂ ਨੀਤੀਆਂ ਦਾ ਵਿਰੋਧ ਕਰਨ ਵਾਲਾ ਵਰਗ ਹੈ।

ਦੂਜਾ ਵਰਗ ਘੱਟ-ਗਿਣਤੀਆਂ ਦਾ ਹੈ ਜਿਸ ਦੇ ਵਿਰੋਧ ਦਾ ਕਾਰਨ ਤਿੱਖੇ ਹਿੰਦੁਤਵ ਦੀ ਸਿਆਸਤ ਹੈ।

ਤੀਜਾ ਵਰਗ ਉਨ੍ਹਾਂ ਲੋਕਾਂ ਦਾ ਹੈ ਜਿਨ੍ਹਾਂ ਨੇ ਮੋਦੀ ਨੂੰ ਵੋਟ ਪਾਈ ਪਰ ਹੁਣ ਨਿਰਾਸ਼ ਹਨ।

ਚੌਥਾ ਵਰਗ ਕਾਂਗਰਸ ਵਰਗੇ ਸਿਆਸੀ ਵਿਰੋਧੀਆਂ ਦਾ ਹੈ। ਮੋਦੀ ਵਿਰੋਧੀ ਸੋਸ਼ਲ ਮੀਡੀਆ 'ਤੇ ਵੀ ਉਸੇ ਤਰ੍ਹਾਂ ਹੀ ਖਿੱਲਰੇ ਹੋਏ ਨਜ਼ਰ ਆਉਂਦੇ ਹਨ ਜਿਵੇਂ ਦੇਸ ਦੀ ਸਿਆਸਤ ਵਿੱਚ।

ਟਵਿੱਟਰ ਦੇ ਅੰਕੜਿਆਂ ਉੱਤੇ ਨਜ਼ਰ ਮਾਰੀਏ ਤਾਂ ਬੀਬੀਸੀ ਦੀ ਰਿਸਰਚ ਟੀਮ ਨੇ ਇਹ ਪਾਇਆ ਕਿ ਟਵਿੱਟਰ ਉੱਤੇ ਮੋਦੀ ਸਮਰਥਕ ਕਾਰਵਾਈਆਂ ਵਿੱਚ ਲੱਗੇ ਲੋਕ ਅਤੇ ਫੇਕ ਨਿਊਜ਼ ਫੈਲਾਉਣ ਵਾਲੇ ਕੁਝ ਅਕਾਊਂਟਸ ਦੇ ਤਾਰ ਜੁੜੇ ਹੋਏ ਹਨ। ਉਹ ਇੱਕ ਸੰਗਠਨ ਦੀ ਤਰ੍ਹਾਂ ਕੰਮ ਕਰਦੇ ਹਨ।

ਦੂਜੇ ਪਾਸੇ ਮੋਦੀ ਵਿਰੋਧੀ ਸੰਗਠਨ ਵੀ ਫੇਕ ਨਿਊਜ਼ ਫੈਲਾਉਂਦੇ ਹਨ ਪਰ ਉਸ ਦੀ ਗਿਣਤੀ ਅਤੇ ਉਨ੍ਹਾਂ ਦੀ ਸਰਗਰਮੀ ਤੁਲਨਾ ਵਿੱਚ ਘੱਟ ਹੈ ਅਤੇ ਉਹ ਵਿਰੋਧੀ ਸਿਆਸੀ ਅਗਵਾਈ ਤੋਂ ਉਸ ਤਰ੍ਹਾਂ ਜੁੜੇ ਹੋਏ ਨਹੀਂ ਹਨ ਜਿਸ ਤਰ੍ਹਾਂ ਹਿੰਦੁਤਵ ਵਾਲੇ ਲੋਕ ਹਨ।

ਰਿਸਰਚ ਤੋਂ ਪਤਾ ਲੱਗਿਆ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਟਵਿੱਟਰ ਅਕਾਊਂਟ ਕੁਝ ਅਜਿਹੇ ਲੋਕਾਂ ਨੂੰ ਫਾਲੋ ਕਰਦਾ ਹੈ ਜੋ ਫੇਕ ਨਿਊਜ਼ ਨੂੰ ਫੈਲਾਉਂਦੇ ਹਨ। ਪ੍ਰਧਾਨ ਮੰਤਰੀ ਮੋਦੀ ਦਾ

ਟਵਿੱਟਰ ਹੈਂਡਲ @narendramodi ਜਿੰਨੇ ਅਕਾਊਂਟ ਤੋਂ ਫਾਲੋ ਕਰਦਾ ਹੈ ਉਨ੍ਹਾਂ ਵਿੱਚੋਂ 56.2% ਵੈਰੀਫਾਈਡ ਨਹੀਂ ਹਨ, ਯਾਨਿ ਕਿ ਇਹ ਉਹ ਲੋਕ ਹਨ ਜਿਨ੍ਹਾਂ ਦੀ ਭਰੋਸੇਯੋਗਤਾ 'ਤੇ ਟਵਿੱਟਰ ਨੇ ਨੀਲੇ ਨਿਸ਼ਾਨ ਦੇ ਨਾਲ ਮੁਹਰ ਨਹੀਂ ਲਾਈ ਹੈ। ਇਹ ਲੋਕ ਕੋਈ ਵੀ ਹੋ ਸਕਦੇ ਹਨ।

ਇਨ੍ਹਾਂ ਬਿਨਾਂ ਵੈਰੀਫਿਕੇਸ਼ਨ ਅਕਾਊਂਟਸ ਵਿੱਚੋਂ 61% ਭਾਜਪਾ ਦਾ ਪ੍ਰਚਾਰ ਕਰਦੇ ਹਨ। ਇਹ ਅਕਾਊਂਟ ਟਵਿੱਟਰ 'ਤੇ ਭਾਜਪਾ ਦਾ ਨਜ਼ਰੀਆ ਰੱਖਦੇ ਹਨ। ਭਾਜਪਾ ਦਾ ਦਾਅਵਾ ਹੈ ਕਿ ਟਵਿੱਟਰ 'ਤੇ ਇਨ੍ਹਾਂ ਅਕਾਊਂਟ ਨੂੰ ਫੋਲੋ ਕਰਕੇ ਪ੍ਰਧਾਨ ਮੰਤਰੀ ਆਮ ਆਦਮੀ ਨਾਲ ਜੁੜਦੇ ਹਨ। ਹਾਲਾਂਕਿ ਇਹ ਅਕਾਊਂਟ ਮਾਮੁਲੀ ਨਹੀਂ ਹਨ। ਇਨ੍ਹਾਂ ਅਕਾਊਂਟਸ ਦੇ ਔਸਤ ਫਾਲੋਅਰ 25,370 ਹਨ ਅਤੇ ਉਨ੍ਹਾਂ ਨੇ 48,388 ਟਵੀਟ ਕੀਤੇ ਹਨ।

ਪ੍ਰਧਾਨ ਮੰਤਰੀ ਇਨ੍ਹਾਂ ਅਕਾਊਂਟ ਨੂੰ ਫਾਲੋ ਕਰਕੇ ਉਨ੍ਹਾਂ ਨੂੰ ਇੱਕ ਤਰ੍ਹਾਂ ਦੀ ਮਾਨਤਾ ਦਿੰਦੇ ਹਨ। ਇਨ੍ਹਾਂ ਵਿੱਚੋਂ ਜ਼ਿਆਦਾਤਰ ਲੋਕ ਜਿਨ੍ਹਾਂ ਨੂੰ ਟਵਿੱਟਰ ਨੇ ਮਾਨਤਾ ਨਹੀਂ ਦਿੱਤੀ ਹੈ। ਉਹ ਆਪਣੀ ਪਛਾਣ ਵਿੱਚ ਲਿਖਦੇ ਹਨ ਕਿ ਦੇਸ ਦੇ ਪ੍ਰਧਾਨ ਮੰਤਰੀ ਉਨ੍ਹਾਂ ਨੂੰ ਫੋਲੋ ਕਰਦੇ ਹਨ।

ਇਸ ਦੇ ਉਲਟ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ 11% ਬਿਨਾਂ ਵੈਰੀਫਿਕੇਸ਼ਨ ਫਾਲੋ ਕਰਦੇ ਹਨ, ਉੱਥੇ ਹੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਮਾਮਲੇ ਵਿੱਚ ਇਹ ਅੰਕੜਾ 37.7% ਹੈ।

ਬੀਬੀਸੀ ਵਰਲਡ ਸਰਵਿਸ ਦੇ ਆਡੀਅੰਸ ਰਿਸਰਚ ਦੇ ਹੈੱਡ ਡਾ. ਸ਼ਾਂਤਨੂ ਚਕਰਵਰਤੀ ਦਾ ਕਹਿਣਾ ਹੈ ਕਿ ਰਿਸਰਚ ਦਾ ਮਕਸਦ ਇਹ ਪਤਾ ਲਾਉਣਾ ਸੀ ਕਿ "ਆਮ ਆਦਮੀ ਫੇਕ ਨਿਊਜ਼ ਦੇ ਫੈਲਣ ਨੂੰ ਲੈ ਕੇ ਫਿਕਰਮੰਦ ਹੈ ਤਾਂ ਫਿਰ ਉਸ ਨੂੰ ਸ਼ੇਅਰ ਕਿਉਂ ਕਰ ਰਹੇ ਹਨ। "

ਇਹ ਵੀ ਪੜ੍ਹੋ:

ਬੀਬੀਸੀ ਵਰਲਡ ਸਰਵਿਸ ਦੇ ਡਾਇਰੈਕਟਰ ਜੇਮੀ ਐਂਗਸ ਦਾ ਕਹਿਣਾ ਹੈ, "ਪੱਛਮ ਦੇ ਦੇਸਾਂ ਦੇ ਮੀਡੀਆ ਵਿੱਚ ਫੇਕ ਨਿਊਜ਼ ਨੂੰ ਲੈ ਕੇ ਚਰਚਾ ਤਾਂ ਹੋ ਰਹੀ ਹੈ। ਇਹ ਰਿਸਰਚ ਬਾਕੀ ਦੁਨੀਆ ਵਿੱਚ ਫੇਕ ਨਿਊਜ਼ ਤੋਂ ਉਭਰ ਰਹੀ ਗੰਭੀਰ ਸਮੱਸਿਆ ਵੱਲ ਧਿਆਨ ਖਿੱਚਦੀ ਹੈ। 'ਬੀਬੀਸੀ ਬਿਓਂਡ ਫੇਕ ਨਿਊਜ਼' ਪ੍ਰੋਜੈਕਟ ਮਾੜੇ ਪ੍ਰਚਾਰ ਦੇ ਖਿਲਾਫ ਸਾਡੀ ਵਚਨਬੱਧਤਾ ਦਾ ਪ੍ਰਤੀਕ ਹੈ। ਇਹ ਰਿਸਰਚ ਇਸ ਲੜਾਈ ਵਿੱਚ ਮਦਦ ਕਰੇਗਾ।"

ਫੇਸਬੁੱਕ, ਗੂਗਲ ਅਤੇ ਟਵਿੱਟਰ ਅੱਜ ਆਪਣੇ-ਆਪਣੇ ਪਲੈਟਫਾਰਮ 'ਤੇ ਫੇਕ ਨਿਊਜ਼ ਬਾਰੇ ਚਰਚਾ ਕਰਨਗੇ। ਇਸ ਰਿਸਰਚ ਰਿਪੋਰਟ 'ਤੇ ਅੱਜ ਹੀ ਬੀਬੀਸੀ ਦਿੱਲੀ ਸਣੇ ਦੇਸ ਦੇ 7 ਸ਼ਹਿਰਾਂ ਵਿੱਚ ਵੱਖ-ਵੱਖ ਭਾਸ਼ਾਵਾਂ ਵਿੱਚ ਚਰਚਾ ਦਾ ਪ੍ਰਬੰਧ ਕਰ ਰਿਹਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)