ਪਾਕਿਸਤਾਨ : ਲਹਿੰਦੇ ਪੰਜਾਬ 'ਚ ਮੌਲਵੀ ਨੇ ਇਸ ਲਈ ਕਈ ਨਿਕਾਹ ਕੀਤੇ ਖਾਰਜ

    • ਲੇਖਕ, ਫਰਹਤ ਜਾਵੇਦ
    • ਰੋਲ, ਬੀਬੀਸੀ ਪੱਤਰਕਾਰ

ਪਾਕਿਸਤਾਨ ਦੇ ਪੰਜਾਬ ਦੇ ਜ਼ਿਲ੍ਹਾ ਚਿਨਿਓ ਦੇ ਇੱਕ ਪਿੰਡ ਦੇ ਨਿਵਾਸੀ ਇਸ ਮੁਸ਼ਕਿਲ 'ਚ ਹਨ ਕਿ ਉਨ੍ਹਾਂ ਦੇ ਨਿਕਾਹ ਬਰਕਰਾਰ ਹਨ ਜਾਂ ਖ਼ਤਮ ਹੋ ਗਏ।

ਇਸ ਦਾ ਕਾਰਨ ਹੈ ਪਿੰਡ ਦੇ ਮੌਲਵੀ ਦਾ ਉਹ ਫਤਵਾ ਜਿਸ ਵਿੱਚ ਉਸ ਨੇ ਇੱਕ ਸ਼ੀਆ ਔਰਤ ਦੇ ਜਨਾਜ਼ੇ 'ਚ ਸ਼ਿਰਕਤ ਕਰਨ ਵਾਲੇ ਲੋਕਾਂ ਦਾ ਨਿਕਾਹ ਖ਼ਤਮ ਹੋਣ ਦਾ ਐਲਾਨ ਕਰਨ ਦਿੱਤਾ ਸੀ।

ਉਨ੍ਹਾਂ ਨੇ ਨਾਲ ਹੀ ਫਤਵੇ ਵਿੱਚ ਇਹ ਵੀ ਕਿਹਾ ਸੀ ਕਿ ਹੁਣ ਉਹ ਲੋਕ ਮੁਸਲਮਾਨ ਵੀ ਨਹੀਂ ਰਹੇ ਹਨ।

ਇਹ ਵੀ ਪੜ੍ਹੋ:

ਮੌਲਵੀ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਗੈਰ-ਮਜ਼ਹਬ ਔਰਤ ਦੇ ਜਨਾਜ਼ੇ ਵਿੱਚ ਸ਼ਿਰਕਤ ਕੀਤੀ ਹੈ। ਪਾਕਿਸਤਾਨ ਵਿੱਚ ਕੱਟੜਪੰਥੀ ਮੁਸਲਮਾਨਾਂ ਦਾ ਇੱਕ ਤਬਕਾ ਸ਼ੀਆ ਲੋਕਾਂ ਨੂੰ ਮੁਸਲਮਾਨ ਨਹੀਂ ਸਮਝਦਾ ਹੈ।

ਪਾਕਿਸਤਾਨ ਵਿੱਚ ਧਰਮ ਤੇ ਅਕੀਦੇ ਨੂੰ ਕਿਸੇ ਖਿਲਾਫ਼ ਕਿੰਨਾ ਆਸਾਨੀ ਨਾਲ ਇਸਤੇਮਾਲ ਕੀਤਾ ਜਾ ਸਕਦਾ ਹੈ ਇਸ ਦੀ ਮਿਸਾਲ ਚਿਨਿਓਟ ਦਾ ਇਹ ਪਿੰਡ ਚੱਕ ਨੰਬਰ 136 ਹੈ।

ਇਲਾਕੇ ਦੇ ਲੋਕਾਂ ਦਾ ਕਹਿਣਾ ਹੈ ਕਿ ਸਥਾਨਕ ਮਸਜਿਦ ਦੇ ਇਮਾਮ ਮੀਆਂ ਖਾਲਿਦ ਬਸ਼ੀਰ ਨੇ 10 ਦਿਨਾਂ ਪਹਿਲਾਂ ਐਲਾਨ ਕੀਤਾ ਸੀ ਕਿ ਉਹ ਲੋਕ ਜਿਨ੍ਹਾਂ ਨੇ ਇੱਕ ਸ਼ੀਆ ਔਰਤ ਦੇ ਨਮਾਜ਼-ਏ-ਜਨਾਜ਼ਾ ਵਿੱਚ ਸ਼ਿਰਕਤ ਕੀਤੀ, ਉਹ ਹੁਣ ਮੁਸਲਮਾਨ ਨਹੀਂ ਰਹੇ ਹਨ।

ਸਥਾਨਕ ਲੋਕਾਂ ਅਨੁਸਾਰ ਜਨਾਜ਼ੇ ਵਿੱਚ ਸ਼ਿਰਕਤ ਕਰਨ ਵਾਲੇ ਲੋਕਾਂ ਨੂੰ ਮੁੜ ਤੋਂ ਇਸਲਾਮ ਧਰਮ ਧਾਰਨ ਕਰਨਾ ਪਵੇਗਾ।

ਨਵੇਂ ਸਿਰੇ ਤੋਂ ਇਸਲਾਮ ਧਰਮ ਧਾਰਨ ਕਰਨ ਤੋਂ ਬਾਅਦ ਫਿਰ ਨਿਕਾਹ ਕਰਨਾ ਪਵੇਗਾ।

ਇਸ ਪਿੰਡ ਦੇ ਇੱਕ ਵਸਨੀਕ ਕਾਸਿਮ ਅਲੀ ਤਸੱਵਰ ਨੇ ਬੀਬੀਸੀ ਨੂੰ ਦੱਸਿਆ, "ਕੁਝ ਦਿਨ ਪਹਿਲਾਂ ਇਮਾਮ ਮੀਆਂ ਖਾਲਿਦ ਬਸ਼ੀਰ ਨੇ ਮੇਰੀ ਭਾਣਜੀ ਦਾ ਇਹ ਕਹਿ ਕੇ ਜਨਾਜ਼ੇ ਦੀ ਨਮਾਜ਼ ਪੜ੍ਹਨ ਤੋਂ ਇਨਕਾਰ ਕਰ ਦਿੱਤਾ ਕਿ ਉਹ ਸ਼ੀਆ ਭਾਈਚਾਰੇ ਨਾਲ ਸਬੰਧ ਰੱਖਦੀ ਹੈ।''

ਉਨ੍ਹਾਂ ਨੇ ਦੱਸਿਆ ਕਿ ਨਾਲ ਲਗਦੇ ਪਿੰਡ ਦੇ ਮੌਲਵੀ ਨੂੰ ਬੁਲਾਇਆ ਗਿਆ ਜਿਸ ਨੇ ਜਨਾਜ਼ੇ ਦੀ ਰਸਮ ਪੂਰੀ ਕੀਤੀ। ਇਸ ਤੋਂ ਬਾਅਦ ਖਾਲਿਦ ਰਸ਼ੀਦ ਨੇ ਇਹ ਫਤਵਾ ਦਿੱਤਾ ਕਿ ਜਿਨ੍ਹਾਂ ਨੇ ਜਨਾਜ਼ੇ ਵਿੱਚ ਸ਼ਿਰਕਤ ਕੀਤੀ ਹੈ ਉਹ ਹੁਣ ਮੁਸਲਮਾਨ ਨਹੀਂ ਰਹਿਣਗੇ।

ਕਾਸਿਮ ਅਲੀ ਤਸੱਵਰ ਨੇ ਦੱਸਿਆ, "ਜਦੋਂ ਅਸੀਂ ਮੀਆਂ ਖਾਲਿਦ ਨੂੰ ਪੁੱਛਿਆ ਕਿ ਨਵੇਂ ਨਿਕਾਹ ਦੀ ਰਜਿਸਟਰੇਸ਼ਨ ਕਿਵੇਂ ਹੋਵੇਗੀ ਤਾਂ ਇਮਾਮ ਨੇ ਕਿਹਾ ਕਿ ਇਸਦੀ ਕੋਈ ਜ਼ਰੂਰਤ ਨਹੀਂ ਹੈ।''

ਇਮਾਮ ਦੇ ਫਤਵੇ ਤੋਂ ਬਾਅਦ ਕੁਝ ਲੋਕਾਂ ਨੇ ਤੁਰੰਤ ਵਿਆਹ ਕਰਵਾ ਲਿਆ ਸੀ ਪਰ ਇਸਲਾਮ ਵਿੱਚ ਇੱਦਤ ਦੀ ਰਸਮ ਹੁੰਦੀ ਹੈ। ਇਸ ਰਸਮ ਅਨੁਸਾਰ ਪਤੀ-ਪਤਨੀ ਮੁੜ ਤੋਂ ਵਿਆਹ 6 ਮਹੀਨਿਆਂ ਬਾਅਦ ਹੀ ਕਰ ਸਕਦੇ ਹਨ।

ਇਸ ਲਈ ਇਮਾਮ ਨੇ ਕਿਹਾ ਕਿ ਜਿਨ੍ਹਾਂ ਨੇ ਮੁੜ ਤੋਂ ਨਿਕਾਹ ਕਰਵਾ ਲਿਆ ਹੈ ਉਨ੍ਹਾਂ ਨੂੰ 6 ਮਹੀਨੇ ਬਾਅਦ ਫੇਰ ਨਿਕਾਹ ਕਰਵਾਉਣਾ ਪਵੇਗਾ।

ਇਹ ਖ਼ਬਰ ਮੀਡੀਆ ਵਿੱਚ ਆਉਣ ਤੋਂ ਬਾਅਦ ਇਮਾਮ ਮੀਆਂ ਖਾਲਿਦ ਪਿੰਡ ਤੋਂ ਗਾਇਬ ਹੋ ਗਏ ਹਨ ਅਤੇ ਉਨ੍ਹਾਂ ਨਾਲ ਕੋਈ ਰਾਬਤਾ ਕਾਇਮ ਨਹੀਂ ਹੋ ਸਕਿਆ ਹੈ।

ਇਹ ਵੀ ਪੜ੍ਹੋ:

ਦੂਜੇ ਪਾਸੇ ਕਾਸਿਮ ਅਲੀ ਦੀ ਭਾਣਜੀ ਦੇ ਜਨਾਜ਼ੇ ਦੀ ਰਸਮ ਪੂਰੀ ਕਰਨ ਵਾਲੇ ਇਮਾਮ ਸਈਦ ਕਾਸ਼ਿਫ ਇਮਰਾਨ ਸ਼ਾਹ ਨੇ ਦੱਸਿਆ, "ਮੈਂ ਇਹ ਨਮਾਜ਼-ਏ-ਜਨਾਜ਼ਾ ਦੀ ਰਸਮ ਕੀਤੀ ਹੈ ਅਤੇ ਇਸ ਵਿੱਚ ਕੋਈ ਮਸਲਾ ਨਹੀਂ ਹੈ।''

ਉਨ੍ਹਾਂ ਦਾ ਕਹਿਣਾ ਹੈ ਕਿ ਇਮਾਮ ਮੀਆਂ ਖਾਲਿਦ ਬਸ਼ੀਰ ਦਾ ਇਹ ਕਹਿਣਾ ਕਿ ਉਨ੍ਹਾਂ ਲੋਕਾਂ ਦਾ ਨਿਕਾਹ ਟੁੱਟ ਗਿਆ ਹੈ, ਇਹ ਬਿਲਕੁਲ ਗਲਤ ਹੈ।

ਪਾਕਿਸਤਾਨ ਵਿੱਚ ਕੁਝ ਸਾਲ ਪਹਿਲਾਂ ਨੈਸ਼ਨਲ ਐਕਸ਼ਨ ਪਲਾਨ ਲਾਗੂ ਕੀਤਾ ਸੀ। ਇਸ ਦੇ ਤਹਿਤ ਲੋਕਾਂ ਨੂੰ ਭੜਕਾਉਣ, ਮਸਜਿਦ ਵਿੱਚ ਲਾਊਡ ਸਪੀਕਰ ਦਾ ਗਲਤ ਇਸਤੇਮਾਲ ਕਰਨ ਅਤੇ ਨਫ਼ਰਤ ਫੈਲਾਉਣ ਵਾਲੇ ਖਿਲਾਫ਼ ਕਾਰਵਾਈ ਹੋਣੀ ਚਾਹੀਦੀ ਹੈ।

ਪਾਕਿਸਤਾਨ ਪੀਨਲ ਕੋਡ ਮੁਤਾਬਕ ਜੇ ਕੋਈ ਸ਼ਖਸ ਆਪਣੇ ਕਿਸੇ ਬਿਆਨ ਜਾਂ ਕਿਸੇ ਅਜਿਹੀ ਹਰਕਤ ਨਾਲ ਮਜ਼੍ਹਬਾਂ ਜਾਂ ਨਸਲਾਂ ਵਿੱਚ ਨਫਰਤ ਫੈਲਾਉਣ ਦੀ ਕੋਸ਼ਿਸ਼ ਕਰੇ ਤਾਂ ਉਹ ਜੁਰਮ ਹੈ।

ਸਥਾਨਕ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਨੇ ਪੁਲਿਸ ਵਿੱਚ ਰਿਪੋਰਟ ਵੀ ਕੀਤੀ ਹੈ। ਬੀਬੀਸੀ ਕੋਲ ਮੌਜੂਦ ਕੁਝ ਦਸਤਾਵੇਜ਼ਾਂ ਅਨੁਸਾਰ ਪੁਲਿਸ ਵਾਲਿਆਂ ਨੇ ਮੌਲਵੀ ਸਣੇ ਕੁਝ ਲੋਕਾਂ ਨੂੰ ਗ੍ਰਿਫ਼ਤਾਰ ਵੀ ਕੀਤਾ ਸੀ।

ਪੁਲਿਸ ਦੀ ਮੌਜੂਦਗੀ ਵਿੱਚ ਕੁਝ ਲੋਕਾਂ ਵਿਚਾਲੇ ਹੱਥੋਪਾਈ ਹੋ ਗਈ ਜਿਸ ਕਾਰਨ ਪੁਲਿਸ ਨੇ ਮੁੜ ਨਿਕਾਹ ਕਰਵਾਉਣ ਦਾ ਮਾਮਲਾ ਛੱਡ ਕੇ ਕਾਨੂੰਨ ਦੀ ਵਿਵਸਥਾ ਵਿਗਾੜਨ ਦਾ ਮਾਮਲਾ ਦਰਜ ਕਰ ਲਿਆ। ਬਾਅਦ ਵਿੱਚ ਜ਼ਿਲ੍ਹਾ ਮੈਜਿਸਟ੍ਰੇਟ ਨੇ ਮੁਕੱਦਮੇ ਨੂੰ ਖਾਰਜ ਕਰਨ ਦਾ ਹੁਕਮ ਦੇ ਦਿੱਤਾ।

ਇਹ ਵੀ ਪੜ੍ਹੋ:

ਜ਼ਿਲ੍ਹਾ ਪੁਲਿਸ ਅਫਸਰ ਚਿਨਿਓਟ ਨੇ ਬੀਬੀਸੀ ਨੂੰ ਦੱਸਿਆ ਕਿ ਉਨ੍ਹਾਂ ਕੋਲ ਅਜਿਹੀ ਕੋਈ ਅਰਜ਼ੀ ਨਹੀਂ ਆਈ ਜਿਸ ਵਿੱਚ ਦੁਬਾਰਾ ਨਿਕਾਹ ਦੀ ਗੱਲ ਹੋਵੇ।

ਉਨ੍ਹਾਂ ਨੇ ਬੀਬੀਸੀ ਨੂੰ ਸਵਾਲ ਕੀਤਾ, "ਜੇ ਕਿਸੇ ਪਿੰਡ ਵਿੱਚ 30-40 ਲੋਕਾਂ ਨੇ ਦੁਬਾਰਾ ਨਿਕਾਹ ਕਰ ਲਿਆ ਤਾਂ ਕੀ ਇਹ ਜੁਰਮ ਹੈ। ਸਾਡੇ ਨੋਟਿਸ ਵਿੱਚ ਇਹ ਮਾਮਲਾ ਨਹੀਂ ਹੈ ਜਦੋਂ ਹੋਵੇਗਾ ਤਾਂ ਕਾਰਵਾਈ ਕਰਾਂਗੇ।''

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)