You’re viewing a text-only version of this website that uses less data. View the main version of the website including all images and videos.
ਮੋਦੀ ਦਾ ਸਵਾਲ- "ਕੀ ਕਾਂਗਰਸ ਮੁਸਲਮਾਨਾਂ ਦੀ ਪਾਰਟੀ ਹੈ?"
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤੀਹਰੇ ਤਲਾਕ ਦੇ ਮੁੱਦੇ ਉੱਤੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਉੱਪਰ ਸ਼ਬਦੀ ਹਮਲਾ ਕੀਤਾ ਹੈ।
ਆਜ਼ਮਗੜ੍ਹ, ਉੱਤਰ ਪ੍ਰਦੇਸ਼ ਦੀ ਇੱਕ ਰੈਲੀ ਵਿੱਚ ਰਾਹੁਲ ਦੇ ਇੱਕ ਬਿਆਨ ਬਾਰੇ ਉਨ੍ਹਾਂ ਨੇ ਸਵਾਲ ਖੜ੍ਹੇ ਕੀਤੇ। ਉਨ੍ਹਾਂ ਨੇ ਰਾਹੁਲ ਨੂੰ ਸ਼੍ਰੀਮਾਨ ਨਾਮਦਾਰ ਵਜੋਂ ਸੰਬੋਧਨ ਕੀਤਾ।
ਇਸੇ ਦੌਰਾਨ ਉਨ੍ਹਾਂ ਨੇ ਸਾਬਕਾ ਪ੍ਰਧਾਨ ਮੰਤਰੀ ਡਾ਼ ਮਨਮੋਹਨ ਸਿੰਘ ਦੇ ਵੀ ਇੱਕ ਬਿਆਨ ਦਾ ਜ਼ਿਕਰ ਕੀਤਾ।
ਇਹ ਵੀ ਪੜ੍ਹੋ꞉
ਉਨ੍ਹਾਂ ਨੇ ਕਿਹਾ, "ਮੈਂ ਅਖ਼ਬਾਰ ਵਿੱਚ ਪੜ੍ਹਿਆ ਕਿ ਕਾਂਗਰਸ ਪ੍ਰਧਾਨ ਸ਼੍ਰੀਮਾਨ ਨਾਮਦਾਰ ਨੇ ਕਿਹਾ ਹੈ ਕਿ ਕਾਂਗਰਸ ਮੁਸਲਮਾਨਾਂ ਦੀ ਪਾਰਟੀ ਹੈ। ਪਿਛਲੇ ਦੋ ਦਿਨਾਂ ਤੋਂ ਇਹ ਬਹਿਸ ਚੱਲ ਰਹੀ ਹੈ। ਮੈਨੂੰ ਹੈਰਾਨੀ ਨਹੀਂ ਹੋ ਰਹੀ। ਪਹਿਲਾਂ ਜਦੋਂ ਮਨਮੋਹਨ ਸਿੰਘ ਜੀ ਦੀ ਸਰਕਾਰ ਸੀ ਤਾਂ ਉਸ ਸਮੇਂ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਜੀ ਨੇ ਕਿਹਾ ਸੀ ਕਿ ਦੇਸ ਦੇ ਕੁਦਰਤੀ ਸਾਧਨਾਂ ਉੱਪਰ ਸਭ ਤੋਂ ਪਹਿਲਾ ਹੱਕ ਮੁਸਲਮਾਨਾਂ ਦਾ ਹੈ।"
ਵਿਰੋਧੀਆਂ ਉੱਪਰ ਹਮਲਾ
ਮੋਦੀ ਨੇ ਕਿਹਾ, "ਮੈਂ ਕਾਂਗਰਸ ਪਾਰਟੀ ਦੇ ਨਾਮਦਾਰ ਤੋਂ ਪੁੱਛਣਾ ਚਾਹੁੰਦਾ ਹਾਂ, ਕੀ ਕਾਂਗਰਸ ਮੁਸਲਮਾਨਾਂ ਦੀ ਪਾਰਟੀ ਹੈ, ਤੁਹਨੂੰ ਸਹੀ ਲੱਗੇ, ਤੁਹਾਨੂੰ ਮੁਬਾਰਕ ਪਰ ਇਹ ਤਾਂ ਦੱਸੋ ਕਿ ਮੁਸਲਮਾਨਾਂ ਦੀ ਪਾਰਟੀ ਸਿਰਫ਼ ਮਰਦਾਂ ਦੀ ਹੈ ਜਾਂ ਔਰਤਾਂ ਦੀ ਵੀ ਹੈ। ਕੀ ਮੁਸਲਿਮ ਔਰਤਾਂ ਨੂੰ ਇਜ਼ਤ ਲਈ ਸਨਮਾਨ ਲਈ ਗੌਰਵ ਲਈ ਉਨ੍ਹਾਂ ਦੇ ਹੱਕ ਲਈ ਕੋਈ ਥਾਂ ਨਹੀਂ?"
ਉਨ੍ਹਾਂ ਨੇ ਇਲਜ਼ਾਮ ਲਾਇਆ ਕਿ ਕਾਂਗਰਸ ਅਤੇ ਹੋਰ ਵਿਰੋਧੀ ਪਾਰਟੀਆਂ ਸੰਸਦ ਨੂੰ ਚੱਲਣ ਨਹੀਂ ਦਿੰਦੀਆਂ ਅਤੇ ਚਾਹੁੰਦੀਆਂ ਹਨ ਕਿ ਤਿੰਨ ਤਲਾਕ ਚਲਦਾ ਰਹੇ।
ਉਨ੍ਹਾਂ ਕਿਹਾ, "21ਵੀਂ ਸਦੀ ਵਿੱਚ ਅਜਿਹੇ ਸਿਆਸੀ ਦਲ ਜੋ 18ਵੀਂ ਸਦੀ ਵਿੱਚ ਗੁਜ਼ਾਰਾ ਕਰ ਰਹੇ ਹਨ ਉਹ ਮੋਦੀ ਨੂੰ ਹਟਾਉਣ ਦੇ ਨਾਅਰੇ ਦੇ ਰਹੇ ਹਨ। ਉਹ ਦੇਸ ਦਾ ਭਲਾ ਨਹੀਂ ਕਰ ਸਕਦੇ।"
ਸਿਰਫ਼ ਪਰਿਵਾਰ ਦਾ ਭਲਾ
ਪੂਰਵਆਂਚਲ ਐਕਸਪ੍ਰੈਸ ਵੇਅ ਦਾ ਨਿਰਮਾਣ ਸ਼ੁਰੂ ਕਰਨ ਪਹੁੰਚੇ ਮੋਦੀ ਨੇ ਬਿਨਾਂ ਨਾਂ ਲਏ ਸਮਾਜਵਾਦੀ ਪਾਰਟੀ ਅਤੇ ਬੀਐਸਪੀ ਵੱਲੇ ਸਿਸਤ ਬੰਨ੍ਹੀ।
ਉਨ੍ਹਾਂ ਕਿਹਾ, "ਆਪਣੇ ਸਵਾਰਥ ਲਈ ਇਹ ਸਾਰੇ ਜਿਹੜੇ ਜ਼ਮਾਨਤ ਉੱਪਰ ਹਨ, ਉਹ ਮਿਲ ਕੇ, ਸਾਰੀਆਂ ਪਰਿਵਾਰਵਾਦੀ ਪਾਰਟੀਆਂ ਦੇਖ ਲਓ, ਹੁਣ ਤੁਹਾਡੇ ਵਿਕਾਸ ਨੂੰ ਰੋਕਣ 'ਤੇ ਤੁਲੇ ਹੋਏ ਹਨ। ਤੁਹਾਨੂੰ ਤਕੜੇ ਹੋਣੋਂ ਰੋਕਣਾ ਚਾਹੁੰਦੇ ਹਨ।"
ਕੁਝ ਸਿਆਸੀ ਪਾਰਟੀਆਂ ਨੇ ਬਾਬਾ ਸਾਹਿਬ ਅਤੇ ਰਾਮ ਮਨੋਹਰ ਲੋਹੀਆ ਜੀ ਦਾ ਨਾਂ ਸਿਰਫ਼ ਸਿਆਸਤ ਕਰਨ ਲਈ ਵਰਤਿਆ ਹੈ। ਸੱਚਾਈ ਇਹ ਹੈ ਕਿ ਇਨ੍ਹਾਂ ਪਾਰਟੀਆਂ ਨੇ ਜਨਤਾ ਅਤੇ ਗਰੀਬ ਦਾ ਭਲਾ ਨਹੀਂ ਸਿਰਫ਼ ਆਪਣਾ ਅਤੇ ਆਪਣੇ ਪਰਿਵਾਰਿਕ ਮੈਂਬਰਾਂ ਦਾ ਭਲਾ ਕੀਤਾ ਹੈ। ਅੱਜਕੱਲ ਤਾਂ ਤੁਸੀਂ ਆਪ ਦੇਖ ਰਹੇ ਹੋ ਕਿ ਜੋ ਕਦੇ ਇੱਕ ਦੂਜੇ ਨੂੰ ਦੇਖਣਾ ਨਹੀਂ ਸਨ ਚਾਹੁੰਦੇ,ਪਸੰਦ ਨਹੀਂ ਕਰਦੇ ਸਨ ਉਹ ਹੁਣ ਇੱਕਜੁੱਟ ਹਨ।"
ਵਿਰੋਧੀਆਂ ਉੱਪਰ ਪਰਿਵਾਰਵਾਦੀ ਹੋਣ ਦਾ ਇਲਜ਼ਾਮ ਲਾਉਂਦਿਆ ਉਨ੍ਹਾਂ ਕਿਹਾ, "ਮੋਦੀ ਹੋਵੇ ਤੇ ਭਾਵੇਂ ਯੋਗੀ, ਤੁਸੀਂ ਹੀ ਸਾਡਾ ਪਰਿਵਾਰ ਹੋ, ਤੁਹਾਡੇ ਸਾਰਿਆਂ ਦੇ ਸੁਪਨੇ ਹੀ ਸਾਡੇ ਸੁਪਨੇ ਹਨ।"
ਕਾਂਗਰਸ ਨੇ ਮੋਦੀ ਨੂੰ ਜਵਾਬ ਦਿੰਦਿਆਂ ਉਨ੍ਹਾਂ ਉੱਪਰ ਦੇਸ ਦੀ ਜਨਤਾ ਨਾਲ ਝੂਠ ਬੋਲਣ ਦਾ ਇਲਜ਼ਾਮ ਲਾਇਆ ਹੈ।
ਕਾਂਗਰਸ ਪਾਰਟੀ ਦੇ ਅਧਿਕਾਰਿਕ ਟਵਿੱਟਰ ਹੈਂਡਲ ਉੱਪਰ ਲਿਖਿਆ ਗਿਆ, "ਪ੍ਰਧਾਨ ਮੰਤਰੀ ਨੇ ਦੇਸ ਦੇ ਲੋਕਾਂ ਨਾਲ ਝੂਠ ਬੋਲਣਾ ਜਾਰੀ ਰੱਖਿਆ ਹੋਇਆ ਹੈ। ਉਨ੍ਹਾਂ ਦੀ ਅਸੁਰੱਖਿਆ ਉਨ੍ਹਾਂ ਦਾ ਬਿਹਤਰ ਪਹਿਲੂ ਸਾਹਮਣੇ ਲਿਆ ਰਹੀ ਹੈ। ਤੁਸੀਂ ਕਿਹੜੀ ਗੱਲੋਂ ਡਰੇ ਹੋਏ ਹੋ ਮੋਦੀ ਜੀ?"
ਇਹ ਵੀ ਪੜ੍ਹੋ꞉