ਮਨਮੋਹਨ ਸਿੰਘ ਦਾ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੂੰ ਜਵਾਬ

ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਸਾਬਕਾ ਪੀਐਮ ਡਾ. ਮਨਮੋਹਨ ਸਿੰਘ ਤੇ ਗੁਜਰਾਤ ਵਿਧਾਨ ਸਭਾ ਚੋਣਾ ਬਾਰੇ ਪਾਕਿਸਤਾਨ ਦੇ ਅਫਸਰਾਂ ਨਾਲ ਬੈਠਕ ਕਰਨ ਦਾ ਇਲਜ਼ਾਮ ਲਾਇਆ। ਮਨਮੋਹਨ ਸਿੰਘ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਇਸ ਤਰ੍ਹਾਂ ਦੀ ਬਿਆਨਬਾਜ਼ੀ ਨਾਲ ਪ੍ਰਧਾਨਮੰਤਰੀ ਇੱਕ ਖ਼ਤਰਨਾਕ ਪਿਰਤ ਪਾ ਰਹੇ ਹਨ।

ਮਨਮੋਹਨ ਸਿੰਘ ਨੇ ਕਿਹਾ, ''ਪ੍ਰਧਾਨਮੰਤਰੀ ਨਰਿੰਦਰ ਮੋਦੀ ਨੂੰ ਆਪਣੇ ਬਿਆਨ 'ਤੇ ਮੁਆਫ਼ੀ ਮੰਗਣੀ ਚਾਹੀਦੀ ਹੈ। ਮੈਂ ਪੀਐੱਮ ਦੇ ਬਿਆਨ ਨੂੰ ਪੂਰੀ ਤਰ੍ਹਾਂ ਖ਼ਾਰਿਜ਼ ਕਰਦਾ ਹਾਂ। ਮੋਦੀ ਗੁਜਰਾਤ ਚੋਣਾਂ 'ਚ ਹੋ ਰਹੀ ਹਾਰ ਨੂੰ ਲੈ ਕੇ ਡਰੇ ਹੋਏ ਹਨ।''

ਮਨਮੋਹਨ ਸਿੰਘ ਨੇ ਕਿਹਾ ਕਿ ਮਣੀਸ਼ੰਕਰ ਅਈਅਰ ਵੱਲੋਂ ਦੇ ਡਿਨਰ ਵਿੱਚ ਗੁਜਰਾਤ ਚੋਣਾਂ ਦਾ ਜ਼ਿਕਰ ਵੀ ਨਹੀਂ ਹੋਇਆ। ਚਰਚਾ ਦਾ ਵਿਸ਼ਾ ਸਿਰਫ ਭਾਰਤ-ਪਾਕਿਸਤਾਨ ਦੇ ਰਿਸ਼ਤੇ ਹੀ ਸੀ।

'ਰਾਸ਼ਟਰਵਾਦ ਨਾ ਸਿਖਾਓ'

ਮਨਮੋਹਨ ਸਿੰਘ ਇੱਥੇ ਹੀ ਨਹੀਂ ਰੁਕੇ ਉਨ੍ਹਾਂ ਮੋਦੀ ਦੀ ਪਾਕਿਸਤਾਨ ਫੇਰੀ, ਭਾਰਤ 'ਚ ਅੱਤਵਾਦੀ ਹਮਲਿਆਂ ਦੀ ਜਾਂਚ ਅਤੇ ਰਾਸ਼ਟਰਵਾਦ ਦੇ ਮਸਲੇ 'ਤੇ ਵੀ ਘੇਰਿਆ।

ਉਨ੍ਹਾਂ ਕਿਹਾ, ''ਪੀਐੱਮ ਜਾਂ ਕਿਸੇ ਪਾਰਟੀ ਤੋਂ ਕਾਂਗਰਸ ਨੂੰ ਰਾਸ਼ਟਰਵਾਦ ਸਿੱਖਣ ਦੀ ਲੋੜ ਨਹੀਂ ਹੈ। ਮੋਦੀ ਉਧਮਪੁਰ ਅਤੇ ਗੁਰਦਾਸਪੁਰ ਅੱਤਵਾਦੀ ਹਮਲਿਆਂ ਤੋਂ ਬਾਅਦ ਬਿਨਾ ਸੱਦੇ ਦੇ ਪਾਕਿਸਤਾਨ ਗਏ ਸੀ। ਪ੍ਰਧਾਨਮੰਤਰੀ ਦੇਸ ਨੂੰ ਦੱਸਣ ਕਿ ਪਠਾਨਕੋਟ ਏਅਰਬੇਸ 'ਤੇ ਹਮਲੇ ਦੀ ਜਾਂਚ ਲਈ ਪਾਕਿਸਤਾਨ ਦੀ ਖੂਫ਼ਿਆ ਏਜੰਸੀ ਆਈਐੱਈ ਨੂੰ ਕਿਉਂ ਬੁਲਾਇਆ ਗਿਆ ਸੀ?''

ਮੋਦੀ ਨੂੰ ਜਵਾਬ ਦਿੰਦਿਆਂ ਮਨਮੋਹਨ ਨੇ ਕਿਹਾ ਕਿ ਮੇਰੇ ਵੱਲੋਂ ਪਿਛਲੇ ਪੰਜ ਦਹਾਕਿਆਂ ਤੋਂ ਦੇਸ਼ ਲਈ ਕੀਤੇ ਕੰਮਾਂ ਬਾਰੇ ਹਰ ਸ਼ਖਸ ਜਾਣਦਾ ਹੈ।

ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਕੀ ਕਿਹਾ ਸੀ?

ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਕਾਂਗਰਸ ਦੇ ਖ਼ਿਲਾਫ਼ ਇੱਕ ਵੱਡਾ ਬਿਆਨ ਦਿੱਤਾ ਸੀ।ਉਨ੍ਹਾਂ ਨੇ ਗੁਜਰਾਤ ਚੋਣਾਂ 'ਚ ਪਾਕਿਸਤਾਨ ਦੇ ਦਖਲ ਦੀ ਗੱਲ ਕਹੀ ਸੀ।

ਐਤਵਾਰ ਨੂੰ ਗੁਜਰਾਤ ਦੇ ਪਾਲਨਪੁਰ ਵਿੱਚ ਇੱਕ ਚੋਣ ਰੈਲੀ ਨੂੰ ਸੰਬੋਧਿਤ ਕਰਦੇ ਹੋਏ ਮੋਦੀ ਨੇ ਇਲਜ਼ਾਮ ਲਾਇਆ ਕਿ ਗੁਜਰਾਤ ਵਿਧਾਨਸਭਾ ਚੋਣਾਂ ਵਿੱਚ ਕਾਂਗਰਸ ਦੇ ਸੀਨੀਅਰ ਨੇਤਾ ਸਰਹੱਦ ਪਾਰ ਤੋਂ ਮਦਦ ਲੈ ਰਹੇ ਹਨ।

ਖ਼ਬਰ ਏਜੰਸੀ ਪੀਟੀਆਈ ਮੁਤਾਬਕ, ਮੋਦੀ ਨੇ ਕਿਹਾ ਕਿ ਪਾਕਿਸਤਾਨੀ ਫੌਜ ਦੇ ਸਾਬਕਾ ਡਾਇਰੈਕਟਰ ਜਨਰਲ ਸਰਦਾਰ ਅਰਸ਼ਦ ਰਫ਼ੀਕ਼ ਕਾਂਗਰਸ ਦੇ ਸੀਨੀਅਰ ਨੇਤਾ ਅਹਿਮਦ ਪਟੇਲ ਨੂੰ ਗੁਜਰਾਤ ਦਾ ਮੁੱਖ ਮੰਤਰੀ ਬਣਦੇ ਦੇਖਣਾ ਚਾਹੁੰਦੇ ਹਨ।

ਮੋਦੀ ਨੇ ਕਿਹਾ ਸੀ, ''ਮੀਡੀਆ ਵਿੱਚ ਅਜਿਹਿਆਂ ਖ਼ਬਰਾਂ ਸਨ ਕਿ ਮਣੀਸ਼ੰਕਰ ਅੱਯਰ ਦੇ ਘਰ ਇੱਕ ਗੁਪਤ ਬੈਠਕ ਸੱਦੀ ਗਈ ਜਿਸ ਵਿੱਚ ਪਾਕਿਸਤਾਨ ਦੇ ਹਾਈ ਕਮਿਸ਼ਨਰ ਸਮੇਤ ਪਾਕਿਸਤਾਨ ਦੇ ਸਾਬਕਾ ਵਿਦੇਸ਼ ਮੰਤਰੀ, ਭਾਰਤ ਦੇ ਸਾਬਕਾ ਉਪ ਰਾਸ਼ਟਰਪਤੀ ਅਤੇ ਸਾਬਕਾ ਪ੍ਰਧਾਨਮੰਤਰੀ ਮਨਮੋਹਨ ਸਿੰਘ ਸ਼ਾਮਿਲ ਹੋਏ।''

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)