ਓਬਾਮਾ ਦੀ ਭਾਰਤ ਨੂੰ ਮੁਸਲਮਾਨਾਂ ਦੀ ਕਦਰ ਕਰਨ ਦੀ ਨਸੀਹਤ

ਆਪਣੀ ਦੋ ਦਿਨਾਂ ਦੀ ਭਾਰਤ ਫੇਰੀ ਦੌਰਾਨ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਭਾਰਤ ਨੂੰ ਇੱਕ ਚੰਗੀ ਸਲਾਹ ਦਿੰਦੇ ਹੋਏ ਕਿਹਾ ਕਿ ਭਾਰਤ ਨੂੰ ਮੁਸਲਿਮ ਅਬਾਦੀ ਦੀ "ਕਦਰ" ਕਰਨ ਦੀ ਲੋੜ ਹੈ।

ਉਨ੍ਹਾਂ ਕਿਹਾ ਕਿ ਭਾਰਤੀ ਮੁਸਲਮਾਨ ਆਪਣੇ ਆਪ ਨੂੰ ਭਾਰਤੀ ਮੰਨਦੇ ਹਨ ਅਤੇ ਭਾਰਤ ਨੂੰ ਵੀ ਉਨ੍ਹਾਂ ਨੂੰ "ਖਿਆਲ" ਰੱਖਣਾ ਚਾਹੀਦਾ ਹੈ।

ਉਨ੍ਹਾਂ ਇਹ ਵਿਚਾਰ ਭਾਰਤ ਦੇ ਇੱਕ ਅੰਗਰੇਜ਼ੀ ਅਖ਼ਬਾਰ ਦੇ ਕੌਮਾਂਤਰੀ ਸੰਮੇਲਨ ਦੌਰਾਨ ਦਿੱਲੀ ਚ ਪ੍ਰਗਟਾਏ।

ਇੱਕ ਸਵਾਲ ਦੇ ਜਵਾਬ 'ਚ ਓਬਾਮਾ ਨੇ ਕਿਹਾ, "ਮੈਂ ਉਨ੍ਹਾਂ (ਮੋਦੀ) ਨੂੰ ਪਸੰਦ ਕਰਦਾ ਹਾਂ ਤੇ ਮੈਨੂੰ ਲੱਗਦਾ ਹੈ ਉਨ੍ਹਾਂ ਕੋਲ ਦੇਸ ਲਈ ਇੱਕ ਸੁਪਨਾ ਹੈ। ਪਰ ਡਾ. ਮਨਮੋਹਨ ਸਿੰਘ ਮੇਰੇ ਖ਼ਾਸ ਮਿੱਤਰ ਹਨ।"

ਸੰਮੇਲਨ 'ਚ ਬੋਲਦੇ ਹੋਏ ਓਬਾਮਾ ਨੇ ਕਿਹਾ ਕਿ 2015 'ਚ ਆਪਣੀ ਪਿਛਲੀ ਭਾਰਤ ਫੇਰੀ ਦੌਰਾਨ ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਇੱਕ ਬੰਦ ਕਮਰਾ ਬੈਠਕ ਦੌਰਾਨ ਧਾਰਮਿਕ ਸਹਿਣਸ਼ੀਲਤਾ ਅਤੇ ਆਪਣੇ ਧਰਮ ਨੂੰ ਮੰਨਣ ਦੇ ਹੱਕ 'ਤੇ ਵੀ ਜ਼ੋਰ ਦਿੱਤਾ ਸੀ।

44ਵੇਂ ਅਮਰੀਕੀ ਰਾਸ਼ਟਰਪਤੀ ਨੇ ਆਪਣੀ 2015 ਦੀ ਭਾਰਤ ਫੇਰੀ ਦੇ ਆਖ਼ਰੀ ਦਿਨ ਲੋਕਾਂ ਨਾਲ ਗੱਲਬਾਤ ਦੌਰਾਨ ਵੀ ਇਸੇ ਤਰ੍ਹਾਂ ਦੇ ਵਿਚਾਰ ਪ੍ਰਗਟ ਕੀਤੇ ਸਨ, ਜੋ ਕਿ ਉਸ ਸਮੇਂ ਭਾਰਤ ਵਿੱਚ ਚੱਲ ਰਹੇ ਧਰਮ ਪਰਿਵਰਤਨ ਦੇ ਵਿਵਾਦ ਵੱਲ ਇਸ਼ਾਰਾ ਮੰਨਿਆ ਗਿਆ ਸੀ।

ਸਵਾਲ-ਜਵਾਬ ਸੈਸ਼ਨ ਵੇਲੇ ਇੱਕ ਸਵਾਲ ਦੇ ਜਵਾਬ ਵਿਚ ਓਬਾਮਾ ਨੇ ਕਿਹਾ ਕਿ ਉਨ੍ਹਾਂ ਦੀ ਉਸ ਵੇਲੇ ਦੀ ਟਿੱਪਣੀ ਆਮ ਹੀ ਸੀ ਤੇ ਮਿਲਦੇ ਜੁਲਦੇ ਵਿਚਾਰ ਉਨ੍ਹਾਂ ਅਮਰੀਕਾ ਤੇ ਯੂਰਪ ਵਿਚ ਪ੍ਰਗਟ ਕੀਤੇ ਸਨ।

ਪਰ ਜਦੋ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਧਰਮ ਪਰਿਵਰਤਨ ਦੇ ਵਿਵਾਦ ਵਾਲੀ ਗੱਲ 'ਤੇ ਮੋਦੀ ਦਾ ਕੀ ਉੱਤਰ ਸੀ ਤਾਂ ਉਨ੍ਹਾਂ ਕਿਹਾ ਕਿ ਉਹ ਇਸ 'ਤੇ ਵਿਸਥਾਰ ਨਾਲ ਗੱਲ ਨਹੀਂ ਕਰਨਾ ਚਾਹੁੰਦੇ।

ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਸਾਬਕਾ ਪ੍ਰਧਾਨ ਮੰਤਰੀ ਡਾ. ਮੰਨਮੋਹਨ ਸਿੰਘ ਨਾਲ ਆਪਣੇ ਸੰਬੰਧਾਂ ਬਾਰੇ ਵੀ ਗੱਲ ਕੀਤੀ।

ਇਸ ਤੋਂ ਇਲਾਵਾ ਉਹ ਅੱਤਵਾਦ, ਪਾਕਿਸਤਾਨ, ਅਮਰੀਕਾ ਵੱਲੋਂ ਓਸਾਮਾ ਬਿਨ ਲਾਦੇਨ ਨੂੰ ਲੱਭਣਾ ਤੇ ਆਪਣੀ ਮਨਪਸੰਦ 'ਦਾਲ' ਬਾਰੇ ਵੀ ਬੋਲੇ।

ਰਾਹੁਲ ਗਾਂਧੀ ਦੀ ਓਬਾਮਾ ਨਾਲ ਮੁਲਾਕਾਤ

ਕਾਂਗਰਸ ਆਗੂ ਰਾਹੁਲ ਗਾਂਧੀ ਵੀ ਓਬਾਮਾ ਨਾਲ ਮਿਲੇ. ਇੱਕ ਟਵੀਟ ਵਿਚ ਉਨ੍ਹਾਂ ਕਿਹਾ, "ਸਾਬਕਾ ਰਾਸ਼ਟਰਪਤੀ ਨਾਲ ਸਫ਼ਲ ਗੱਲਬਾਤ ਹੋਈ।"

ਇਸ ਤੋਂ ਪਹਿਲਾਂ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਹੈਦਰਾਬਾਦ ਹਾਊਸ ਵਿੱਚ ਮਿਲੇ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)