You’re viewing a text-only version of this website that uses less data. View the main version of the website including all images and videos.
ਪਾਕਿਸਤਾਨ 'ਚ ਪਾਣੀ ਦੀਆਂ ਤੋਪਾਂ ਕਿੰਨੀਆਂ ਸਮਝਦਾਰ?
- ਲੇਖਕ, ਮੁਹੰਮਦ ਹਨੀਫ਼
- ਰੋਲ, ਉੱਘੇ ਪੱਤਰਕਾਰ ਤੇ ਲੇਖਕ, ਇਸਲਾਮਾਬਾਦ ਤੋਂ
ਉਮਰ ਦਾ ਇੱਕ ਹਿੱਸਾ ਕਰਾਚੀ ਵਿੱਚ ਗੁਜ਼ਰਿਆ, ਅੱਜਕੱਲ੍ਹ ਕਦੇ-ਕਦੇ ਸ਼ਾਮ ਨੂੰ ਛੋਟੇ ਧਮਾਕਿਆਂ ਦੀਆਂ ਆਵਾਜ਼ਾਂ ਸੁਣਦਾ ਹਾਂ ਤਾਂ ਦਿਲ ਘਬਰਾ ਜਿਹਾ ਜਾਂਦਾ ਹੈ। ਹਾਲਾਂਕਿ ਜਾਣਦਾ ਹਾਂ ਕਿ ਕਰਾਚੀ ਵਿੱਚ ਸ਼ਾਂਤੀ ਬਹਾਲ ਹੋ ਚੁੱਕੀ ਹੈ, ਚਿੰਤਾ ਦੀ ਕੋਈ ਗੱਲ ਨਹੀਂ, ਕੋਈ ਪ੍ਰਾਪਰਟੀ ਡੀਲਰ ਆਪਣੇ ਨਵੇਂ ਪ੍ਰੋਜੈਕਟ ਦੀ ਕਾਮਯਾਬੀ ਦਾ ਜਸ਼ਨ ਮਨਾ ਰਿਹਾ ਹੋਵੇਗਾ।
ਬੱਚੇ ਨੂੰ ਆਤਿਸ਼ਬਾਜ਼ੀ ਵਿਖਾਉਂਦਾ ਹਾਂ, ਆਪਣੇ ਛੋਟੇ ਜਿਹੇ ਕੁੱਤੇ ਨੂੰ ਪੁਚਕਾਰਦਾ ਹਾਂ, ਉਸ ਨੂੰ ਆਤਿਸ਼ਬਾਜ਼ੀ ਦਾ ਮਜ਼ਾ ਲੈਣ ਦੀ ਕੋਈ ਅਕਲ ਨਹੀਂ, ਉਹ ਉਸ ਨੂੰ ਧਮਾਕਾ ਹੀ ਸਮਝਦਾ ਹੈ ਅਤੇ ਡਰ ਨਾਲ ਕੰਬਣ ਲੱਗਦਾ ਹੈ।
ਜਿਨ੍ਹਾਂ ਇਸਲਾਮ ਦੇ ਪਾਬੰਦ ਲੋਕਾਂ ਨੂੰ ਕੁੱਤੀਆਂ ਨਾਲ ਪਿਆਰ 'ਤੇ ਇਤਰਾਜ਼ ਹੈ, ਉਹ ਯਾਦ ਰੱਖੋ ਕਿ ਵੱਡੇ ਧਾਰਮਿਕ ਨੇਤਾ ਖ਼ਾਦਮ ਰਿਜ਼ਵੀ ਨੇ ਆਪਣੇ ਧਰਨੇ ਦੌਰਾਨ ਭਾਸ਼ਣ ਵਿੱਚ ਕਿਹਾ ਹੈ ਕਿ ਮੱਕਾ ਦੀ ਜਿੱਤ ਦੇ ਸਮੇਂ ਪੈਗ਼ੰਬਰ ਮੁਹੰਮਦ ਨੇ ਆਪਣੀ ਫ਼ੌਜ ਦੇ ਦੋ ਸਾਥੀਆਂ ਨੂੰ ਉਸ ਕੁੱਤੀ ਦੀ ਰਾਖੀ 'ਤੇ ਲਾਇਆ ਸੀ ਜਿਹੜੀ ਹੁਣੇ-ਹੁਣੇ ਸੂਈ ਸੀ।
ਕਾਫ਼ੀ ਸਮਾਂ ਮੇਰਾ ਦਫ਼ਤਰ ਕਰਾਚੀ ਪ੍ਰੈਸ ਕਲੱਬ ਦੇ ਠੀਕ ਸਾਹਮਣੇ ਸੀ।
ਅਸੀਂ ਅਕਸਰ ਦਫ਼ਤਰ ਦੀ ਖਿੜਕੀ ਦਾ ਪਰਦਾ ਹਟਾਉਂਦੇ ਸਾਂ, ਅਤੇ ਸੜਕ 'ਤੇ ਕਰਾਚੀ ਦੀ ਤਾਜ਼ਾ ਬਰੇਕਿੰਗ ਨਿਊਜ਼ ਵੇਖ ਲੈਂਦੇ। ਖਿੜਕੀ ਦੇ ਠੀਕ ਹੇਠਾਂ ਮੁਜ਼ਾਹਰਾਕਾਰੀਆਂ ਦੇ ਸਵਾਗਤ ਲਈ ਕੋਰਿਆ ਦੀਆਂ ਬਣੀਆਂ ਡੇਏਵੂ ਕੰਪਨੀ ਦੀਆਂ ਪਾਣੀ ਦੀਆਂ ਤੋਪਾਂ ਖੜੀਆਂ ਰਹਿੰਦੀਆਂ ਸਨ।
ਮੈਂ ਪੂਰੇ ਸਾਲ ਇਸ ਵਾਟਰ ਕੈਨਨ ਨੂੰ ਕਦੇ ਚੱਲਦੇ ਨਹੀਂ ਸੀ ਵੇਖਿਆ। ਹਾਲਾਂਕਿ ਵੇਖਣ ਦਾ ਬਹੁਤ ਮਨ ਸੀ ਕਿ ਇਹ ਕਿਸ ਤਰ੍ਹਾਂ ਚੱਲਦੀਆਂ ਹਨ। ਇਹ ਉਸੀ ਤਰ੍ਹਾਂ ਦੀ ਜਿਗਿਆਸਾ ਸੀ ਜੋ ਪਿੰਡ ਦੇ ਬੱਚੀਆਂ ਨੂੰ ਕਣਕ ਕੱਟਣ ਵਾਲੀ ਹਾਰਵੈਸਟਰ ਦੇ ਚੱਲਣ ਦੇ ਬਾਰੇ ਵਿੱਚ ਹੁੰਦੀ ਹੋ।
ਤੋਪ, ਪ੍ਰੋਟੈਸਟ ਅਤੇ ਪ੍ਰੋਟੋਕਾਲ
ਕਰਾਚੀ ਪ੍ਰੈੱਸ ਕਲੱਬ ਦੇ ਸਾਹਮਣੇ ਮੁਜ਼ਾਹਰਾ ਕਰਨ ਦਾ ਇੱਕ ਪ੍ਰੋਟੋਕਾਲ ਹੈ ਜੋ ਪੱਤਰਕਾਰ ਅਤੇ ਪੁਲਿਸ ਦੋਨਾਂ ਨੂੰ ਪਤਾ ਹੈ, ਜਦੋਂ ਵੀ ਕੋਈ ਵੱਡੀ ਮੱਛੀ ਜਾਂ ਧਾਰਮਿਕ ਸੰਗਠਨ ਮੁਜ਼ਾਹਰਾ ਕਰਦਾ ਹੈ ਤਾਂ ਪਾਣੀ ਦੀ ਤੋਪ ਪਿੱਛੇ ਹਟਾ ਦਿੱਤੀ ਜਾਂਦੀ ਹੈ।
ਪ੍ਰਦਰਸ਼ਨਕਾਰੀਆਂ ਦੀ ਸੁਰੱਖਿਆ ਲਈ ਪੁਲਿਸ ਬੈਰਿਕੇਡ ਲਾ ਕੇ ਇੱਜ਼ਤ ਨਾਲ ਪਿੱਛੇ ਖੜੀ ਹੋ ਜਾਂਦੀ ਹੈ। ਟਰੈਫ਼ਿਕ ਨੂੰ ਦੂਜੇ ਪਾਸੇ ਕਰ ਦਿੰਦੇ ਸਨ ਤਾਂਕਿ ਪ੍ਰਦਰਸ਼ਨਕਾਰੀਆਂ ਨੂੰ ਕੋਈ ਤਕਲੀਫ਼ ਨਹੀਂ ਹੋਵੇ।
ਜਦੋਂ ਕਦੇ ਮੁੱਤਾਹਿਦਾ ਕੌਮੀ ਮੂਵਮੈਂਟ (ਐੱਮਕਿਊਐੱਮ) ਮੁਜ਼ਾਹਰਾ ਕਰਦੀ ਸੀ ਤਾਂ ਪੁਲਿਸ ਸਲਾਮ ਕਰ ਕੇ ਪਿੱਛੇ ਹੱਟ ਜਾਂਦੀ ਸੀ , ਭਰਾ ਲੋਕ ਸਿਕਿਉਰਿਟੀ ਖ਼ੁਦ ਸੰਭਾਲ ਲੈਂਦੇ ਸਨ।
ਜਦੋਂ ਪਾਕਿਸਤਾਨ ਨੂੰ ਮਹਾਨ ਬਣਾਉਣ ਲਈ ਅਮਰੀਕਾ ਛੱਡ ਕੇ ਆਉਣ ਵਾਲੇ ਮਸੀਹਾ ਡਾਕਟਰ ਗ਼ੁਲਾਮ ਮੁਜਤਬਾ 1990 ਦੇ ਦਹਾਕੇ ਵਿੱਚ ਆਪਣੇ ਦਿਹਾੜੀ ਵਾਲੇ ਬੱਚੀਆਂ ਦੇ ਨਾਲ ਆਉਂਦੇ ਤਾਂ ਪੁਲਿਸ ਵਾਲੇ ਉਨ੍ਹਾਂ ਨਾਲ ਅਜਿਹੇ ਘੁਲ-ਮਿਲ ਜਾਂਦੇ ਮੰਨ ਲਊ ਉਨ੍ਹਾਂ ਨੇ ਵੀ ਆਪਣੀ ਦਿਹਾੜੀ ਲੈਣੀ ਹੋਵੇ।
ਜਦੋਂ ਕਦੇ ਆਪਣੀ ਸਿਵਲ ਸੋਸਾਇਟੀ ਵਾਲੇ ਭਰਾ ਲੋਕ ਬੈਨਰ ਅਤੇ ਮੋਮਬਤੀਆਂ ਲੈ ਕੇ ਸਾਹਮਣੇ ਆਉਂਦੇ ਤਾਂ ਪੁਲਿਸ ਵਾਲੇ ਹਾਜੀ ਸਾਹਿਬ ਦੀ ਰੇਹੜੀ ਉੱਤੇ ਬੈਠ ਕੇ ਹਲੀਮ ਖਾਂਦੇ ਅਤੇ ਮਸਤੀ ਵਿੱਚ ਆਪਣੀ ਜ਼ਬਾਨ ਵਿੱਚ ਜਕੜ ਮਾਰਦੇ।
ਉਹ ਦਿਨ ਜਦੋਂ ਤੋਪ ਚੱਲੀ
ਆਖ਼ਿਰਕਾਰ, ਇੱਕ ਦਿਨ ਮੈਂ ਵਾਟਰ ਕੈਨਨ ਨੂੰ ਚੱਲਦੇ ਵੇਖਿਆ, ਪਾਕਿਸਤਾਨ ਵਿੱਚ ਔਰਤ ਸਵਾਸਥ ਕਰਮੀਆਂ ਦਾ ਮੁਜ਼ਾਹਰਾ ਹੋਇਆ ਕਿਉਂਕਿ ਉਨ੍ਹਾਂ ਨੂੰ ਕੰਮ ਕਰਨ ਦੀ ਤਨਖ਼ਾਹ ਨਹੀਂ ਮਿਲ ਰਹੀ ਸੀ, ਉਹ ਸਾਫ਼-ਸੁਥਰੇ ਨਾਅਰੇ ਲਾ ਰਹੀਆਂ ਸਨ, ਜਦੋਂ ਉਨ੍ਹਾਂ ਉੱਤੇ ਪਾਣੀ ਦੀ ਬੌਛਾਰ ਪਈ ਤਦ ਮੈਨੂੰ ਸਮਝ ਵਿੱਚ ਲੱਗੀ ਕਿ ਉਸ ਨੂੰ ਤੋਪ ਕਿਉਂ ਕਹਿੰਦੇ ਹਨ।
ਮੈਂ ਜ਼ਿੰਦਗੀ ਵਿੱਚ ਪਹਿਲੀ ਵਾਰ ਚਿੱਟੀਆਂ ਵਰਦੀਆਂ ਪਾਉਣ ਵਾਲੀਆਂ ਮਿਹਨਤੀ ਔਰਤਾਂ ਨੂੰ ਹਵਾ ਵਿੱਚ ਤਰਦੇ ਵੇਖਿਆ, ਕੁੱਝ ਹਫ਼ਤਿਆਂ ਬਾਅਦ ਸਿੰਧ ਦੇ ਸੂਦੁਰ ਇਲਾਕੇ ਤੋਂ ਪ੍ਰਾਇਮਰੀ ਸਕੂਲ ਦੇ ਅਧਿਆਪਕ ਆਏ ਉਹ ਕੁਝ ਸਿਆਣੇ ਸਨ ਕਿਉਂਕਿ ਉਨ੍ਹਾਂ ਨੇ ਸੱਤਾਧਾਰੀ ਪਾਕਿਸਤਾਨ ਪੀਪਲਜ਼ ਪਾਰਟੀ ਦੇ ਝੰਡੇ ਚੁੱਕੇ ਹੋਏ ਸਨ ਤਾਂ ਕਿ ਉਨ੍ਹਾਂ ਨੂੰ ਆਪਣਾ ਹੀ ਬੰਦਾ ਸਮਝਿਆ ਜਾਵੇ, ਪਰ ਪਾਣੀ ਦੀ ਤੋਪ ਕਿੱਥੇ ਸਿਆਣਦੀ ਹੈ, ਅਜਿਹੀ ਧੁਆਈ ਹੋਈ ਕਿ ਵਾਪਸੀ ਦਾ ਕਿਰਾਇਆ ਮੰਗਣਾ ਵੀ ਭੁੱਲ ਗਏ।
ਕਿਸੇ ਇੱਕ ਪੱਤਰਕਾਰ ਭਰਾ ਨੇ ਕਿਹਾ ਕਿ ਚਲੋ ਇਸ ਬਹਾਨੇ ਇਹ ਮੈਲ਼ੇ-ਕੁਚੈਲ਼ੇ ਲੋਕ ਸਾਲ ਵਿੱਚ ਇੱਕ ਵਾਰ ਇਸ਼ਨਾਨ ਹੀ ਕਰ ਲੈਂਦੇ ਹਨ। ਇਹ ਸਾਰੇ ਪ੍ਰਦਰਸ਼ਨਕਾਰੀ ਮਾਸੂਮ ਲੋਕ ਨਾ ਹੀ ਕਿਸੇ ਦੇ ਪ੍ਰਵਚਨ ਸੁਣਨ ਆਏ ਸਨ, ਨਾ ਹੀ ਕਿਸੇ ਦਾ ਅਸਤੀਫ਼ਾ ਮੰਗ ਰਹੇ ਸਨ, ਤੇ ਨਾ ਹੀ ਮੁਲਕ ਨੂੰ ਤੋੜਨ ਜਾਂ ਜੋੜਨ ਆਏ ਸਨ, ਉਹ ਵੱਖ ਸੂਬੇ ਦੀ ਮੰਗ ਵੀ ਨਹੀਂ ਕਰ ਰਹੇ ਸਨ, ਉਹ ਸਿਰਫ਼ ਆਪਣੀ ਤਨਖ਼ਾਹ ਮੰਗ ਰਹੇ ਸਨ।
ਇਸ ਤੋਂ ਸਾਬਤ ਹੁੰਦਾ ਹੈ ਕਿ ਆਪਣੇ ਦੇਸ਼ ਵਿੱਚ ਸਭ ਤੋਂ ਵੱਡਾ ਜੁਰਮ ਆਪਣੀ ਮਜ਼ਦੂਰੀ ਮੰਗਣਾ ਹੈ। ਟੀਵੀ ਨਿਊਜ਼ ਰੂਮ ਵਿੱਚ ਕੰਮ ਕਰਦੇ ਮੇਰੇ ਪੱਤਰਕਾਰ ਭਰਾ ਇਸ ਗੱਲ ਨੂੰ ਮੰਨਣਗੇ ਪਰ ਇਸ ਦਾ ਵਿਰੋਧ ਨਹੀਂ ਕਰਨਗੇ, ਕਿਉਂਕਿ ਅਜਿਹਾ ਕਰਨ ਤੇ ਤਿੰਨ ਮਹੀਨੇ ਦੀ ਸੇਲ੍ਹੀ ਮਿਲਣ ਦੀ ਜੋ ਉਮੀਦ ਹੈ ਉਹ ਵੀ ਖ਼ਤਮ ਹੋ ਜਾਵੇਗੀ।
ਆਪਣੀ ਵਾਰੀ ਦਾ ਇੰਤਜ਼ਾਰ ਕਰੀਏ
ਪਾਣੀ ਦੀ ਤੋਪ ਚੱਲਦੇ ਵੇਖ ਕੇ ਮੇਰੀ ਇਹ ਇੱਛਾ ਹਮੇਸ਼ਾ ਲਈ ਖ਼ਤਮ ਹੋ ਗਈ ਕਿ ਸਰਕਾਰ ਧੱਕਾ ਕਰੇ। ਮਾਰਨਾ, ਫੜਨਾ, ਸੜਕਾਂ 'ਤੇ ਘਸੀਟਣਾ, ਜੇਲ੍ਹਾਂ ਵਿੱਚ ਬੰਦ ਕਰਨਾ... ਸਰਕਾਰ ਇਹ ਸਭ ਕੁਝ ਕਰ ਚੁੱਕੀ ਹੈ, ਫਿਰ ਕਰੇਗੀ, ਜੋ ਕਲ ਆਪਣੇ ਸਨ ਉਹ ਬਰਬਾਦ ਕਰ ਦਿੱਤੇ ਹਨ, ਜੋ ਅੱਜ ਆਪਣੇ ਹਨ ਉਹ ਹੁਣ ਆਪਣੀ ਵਾਰੀ ਦਾ ਇੰਤਜ਼ਾਰ ਕਰੋ।
ਜੋ ਸਾਡੇ ਚਿੰਤਕ ਭਰਾ ਇਸ ਫ਼ਿਕਰ ਵਿੱਚ ਹਨ ਕਿ ਦੇਸ਼ ਦੇ ਭਵਿੱਖ ਦਾ ਸੌਦਾ ਹੋ ਗਿਆ ਹੈ ਤਾਂ ਉਹ ਤਸੱਲੀ ਰੱਖਣ। ਜੇਕਰ ਤੁਹਾਡਾ ਖ਼ਿਆਲ ਹੈ ਕਿ ਇਸ ਦੇਸ਼ ਦੇ ਭਵਿੱਖ ਦੇ ਫ਼ੈਸਲੇ ਸੰਸਦ ਵਿੱਚ, ਜਾਂ ਅਦਾਲਤਾਂ ਵਿੱਚ ਜਾਂ ਟੀਵੀ ਸਟੂਡੀਓ ਵਿੱਚ, ਜਾਂ ਵਹਾਟਸਐਪ ਗਰੁੱਪ ਵਿੱਚ ਹੋ ਰਹੇ ਹਨ ਤਾਂ ਤੁਸੀਂ ਬਹੁਤ ਭੋਲ਼ੇ ਹੋ।
ਇਸ ਦੇਸ਼ ਦੇ ਭਵਿੱਖ ਦੇ ਫ਼ੈਸਲੇ ਪ੍ਰਾਪਰਟੀ ਡੀਲਰਾਂ ਦੇ ਦਫ਼ਤਰਾਂ ਵਿੱਚ ਹੋ ਰਹੇ ਹਨ, ਕੁਝ ਹੀ ਦਿਨਾਂ ਦੀ ਗੱਲ ਹੈ, ਅਜਿਹੀ ਆਤਿਸ਼ਬਾਜ਼ੀ ਹੋਵੇਗੀ ਕਿ ਹਵਾ ਵਿੱਚ ਘੁੰਮਦੇ ਕੈਮਰਿਆਂ ਦੀਆਂ ਅੱਖਾਂ ਚੁੰਧਿਆ ਜਾਣਗੀਆਂ, ਅਤੇ ਬਾਕੀ ਲੋਕਾਂ ਲਈ ਪਾਣੀ ਦੀ ਸਮਝਦਾਰ ਤੋਪ ਤਾਂ ਹੈ ਹੀ।