ਅਕਾਲੀ ਦਲ ਸਿਰਫ਼ ਬਾਦਲ ਪਰਿਵਾਰ ਦਾ ਨਹੀਂ, ਸਗੋਂ ਸਿੱਖ ਬਰਾਦਰੀ ਦਾ ਹੈ - ਸੁਖਬੀਰ: 5 ਅਹਿਮ ਖ਼ਬਰਾਂ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਟਿਆਲਾ ਵਿਖੇ ਰੈਲੀ ਨੂੰ ਸੰਬੋਧਿਤ ਕਰਦਿਆਂ ਐਤਵਾਰ ਨੂੰ ਆਖਿਆ ਕਿ ਇਹ ਪਾਰਟੀ ਬਾਦਲ ਪਰਿਵਾਰ ਦੀ ਹੀ ਨਹੀਂ ਸਗੋਂ ਸਿੱਖ ਬਰਾਦਰੀ ਦੀ ਹੈ।

ਬਰਗਾੜੀ ਬੇਅਦਬੀ ਕਾਂਡ ਤੇ ਬਹਿਬਲ ਕਲਾਂ ਫਾਇਰਿੰਗ ਨੂੰ ਲੈ ਕੇ ਸਿਆਸੀ ਭੰਬਲਭੂਸੇ 'ਚ ਫਸੇ ਅਕਾਲੀਆਂ ਨੇ ਇਹ ਰੈਲੀ ਮੁੱਖ ਮੰਤਰੀ ਦੇ ਜੱਦੀ ਹਲਕੇ 'ਚ ਉਸੇ ਦਿਨ ਕੀਤੀ ਜਿਸ ਦਿਨ ਕਾਂਗਰਸ ਨੇ ਵੀ ਪ੍ਰਕਾਸ਼ ਸਿੰਘ ਬਾਦਲ ਦੇ ਹਲਕੇ ਲੰਬੀ 'ਚ ਇੱਕ ਰੈਲੀ ਕੀਤੀ।

ਹਿੰਦੁਸਤਾਨ ਟਾਈਮਜ਼ ਮੁਤਾਬਕ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਨੇ ਆਪਣੇ ਭਾਸ਼ਣ 'ਚ ਇਹ ਵੀ ਕਿਹਾ ਕਿ ਅੱਜ ਤਾਂ ਉਹ ਅਕਾਲੀ ਦਲ ਦੇ ਪ੍ਰਧਾਨ ਹਨ ਪਰ "ਹੋਰ ਕੁਝ ਸਾਲਾਂ 'ਚ ਕੋਈ ਹੋਰ ਵੀ ਇਹ ਸੇਵਾ ਨਿਭਾ ਸਕਦਾ ਹੈ"।

ਇਹ ਵੀ ਪੜ੍ਹੋ

ਮਾਇਆਵਤੀ ਨੂੰ ਪ੍ਰਧਾਨ ਮੰਤਰੀ ਬਣਾਵਾਂਗੇ: ਚੌਟਾਲਾ

ਗੋਹਾਨਾ ਵਿੱਚ ਇੱਕ ਰੈਲੀ ਦੌਰਾਨ ਇੰਡੀਅਨ ਨੈਸ਼ਨਲ ਲੋਕ ਦਲ ਦੇ ਆਗੂ ਓਮ ਪ੍ਰਕਾਸ਼ ਚੌਟਾਲਾ ਨੇ ਐਲਾਨ ਕੀਤਾ ਕਿ ਉਹ ਵਿਰੋਧੀ ਧਿਰ ਨੂੰ ਇਕੱਠਾ ਕਰਕੇ ਬਹੁਜਨ ਸਮਾਜ ਪਾਰਟੀ ਦੀ ਲੀਡਰ ਮਾਇਆਵਤੀ ਨੂੰ ਭਾਰਤ ਦੀ ਪ੍ਰਧਾਨ ਮੰਤਰੀ ਬਾਉਂਣਾ ਚਾਹੁੰਦੇ ਹਨ।

ਚੌਟਾਲਾ ਉਂਝ ਭ੍ਰਿਸ਼ਟਾਚਾਰ ਦੇ ਤਿਹਾੜ ਜੇਲ੍ਹ ਵਿੱਚ 10 ਸਾਲਾਂ ਦੀ ਸਜ਼ਾ ਕੱਟ ਰਹੇ ਹਨ ਪਰ ਫਿਲਹਾਲ ਦੋ ਹਫਤਿਆਂ ਲਈ ਪੈਰੋਲ 'ਤੇ ਬਾਹਰ ਹਨ।

ਹਿੰਦੁਸਤਾਨ ਟਾਈਮਜ਼ ਦੀ ਖ਼ਬਰ ਮੁਤਾਬਕ ਇਸ ਐਲਾਨ ਨਾਲ ਚੌਟਾਲਾ ਮਾਇਆਵਤੀ ਨਾਲ ਗੱਠਜੋੜ ਦੇ ਟੁੱਟਣ ਦੀਆਂ ਖ਼ਬਰਾਂ ਨੂੰ ਨਕਾਰ ਵੀ ਰਹੇ ਸਨ।

ਇਹ ਵੀ ਪੜ੍ਹੋ

ਕਾਂਗਰਸ ਤਿੰਨ ਸੂਬਿਆਂ 'ਚ ਭਾਜਪਾ ਨੂੰ ਕੁਰਸੀ 'ਤੋਂ ਲਾਹੇਗੀ

ਕਾਂਗਰਸ ਰਾਜਸਥਾਨ ਵਿੱਚ 50 ਫ਼ੀਸਦ ਤੋਂ ਵੱਧ ਵੋਟਾਂ ਲੈ ਕੇ ਭਾਜਪਾ ਨੂੰ ਹਰਾ ਸਕਦੀ ਹੈ। ਇਹ ਕਹਿਣਾ ਹੈ ਦੋ ਓਪੀਨੀਅਨ ਪੋਲਜ਼ ਦਾ, ਜਿਨ੍ਹਾਂ ਦਾ ਹਵਾਲਾ ਦਿੰਦਿਆਂ 'ਮਿੰਟ' ਅਖਬਾਰ ਨੇ ਇਹ ਵੀ ਦੱਸਿਆ ਹੈ ਕਿ ਦੋਹਾਂ 'ਚੋਂ ਇੱਕ ਪੋਲ ਮੱਧ ਪ੍ਰਦੇਸ਼ ਤੇ ਛੱਤੀਸਗੜ੍ਹ 'ਚ ਵੀ ਕਾਂਗਰਸ ਦੁਆਰਾ ਭਾਜਪਾ ਰਾਜ ਦੇ ਖ਼ਾਤਮੇ ਦਾ ਅਨੁਮਾਨ ਲਗਾਉਂਦਾ ਹੈ।

ਸਰਵੇਖਣਾਂ ਮੁਤਾਬਕ ਕਾਂਗਰਸ ਰਾਜਸਥਾਨ ਵਿੱਚ 200 ਵਿੱਚੋਂ 142 ਸੀਟਾਂ (ਏਬੀਪੀ-ਸੀ-ਵੋਟਰ ਸਰਵੇ) ਜਾਂ 124-138 ਸੀਟਾਂ (ਸੀ-ਫੋਰ ਸਰਵੇ) ਜਿੱਤੇਗੀ।

ਏਬੀਪੀ-ਸੀ-ਵੋਟਰ ਸਰਵੇ ਨੇ ਮੱਧ ਪ੍ਰਦੇਸ਼ ਬਾਰੇ ਅਨੁਮਾਨ ਲਗਾਇਆ ਹੈ ਕਿ ਇੱਥੇ ਕਾਂਗਰਸ 230 ਵਿੱਚੋਂ 122 ਸੀਟਾਂ ਜਿੱਤੇਗੀ; ਭਾਜਪਾ ਨੂੰ 108 ਸੀਟਾਂ ਮਿਲ ਸਕਦੀਆਂ ਹਨ।

ਸਰਵੇ ਮੁਤਾਬਕ ਛੱਤੀਸਗੜ੍ਹ ਵਿੱਚ ਕਾਂਗਰਸ ਨੂੰ 90 'ਚੋਂ 47 ਸੀਟਾਂ ਤੇ ਭਾਜਪਾ ਨੂੰ 40 ਸੀਟਾਂ ਦਾ ਅਨੁਮਾਨ ਲਗਾਇਆ ਗਿਆ ਹੈ।

ਪ੍ਰਵਾਸੀ ਮਜ਼ਦੂਰਾਂ 'ਤੇ ਹਮਲਿਆਂ ਲਈ ਗੁਜਰਾਤ 'ਚ 342 ਗ੍ਰਿਫਤਾਰ

ਗੁਜਰਾਤ ਵਿੱਚ ਉੱਤਰ ਪ੍ਰਦੇਸ਼, ਬਿਹਾਰ ਤੇ ਹੋਰਨਾਂ ਹਿੰਦੀ-ਭਾਸ਼ੀ ਇਲਾਕਿਆਂ ਤੋਂ ਆਏ ਪ੍ਰਵਾਸੀ ਮਜ਼ਦੂਰਾਂ 'ਤੇ ਹੋ ਰਹੇ ਹਮਲਿਆਂ ਦੇ ਦੋਸ਼ 'ਚ 342 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।

ਇਹ ਹਿੰਸਾ 14 ਮਹੀਨਿਆਂ ਦੀ ਇੱਕ ਬੱਚੀ ਨਾਲ 28 ਸਤੰਬਰ ਨੂੰ ਹੋਏ ਬਲਾਤਕਾਰ ਲਈ ਇੱਕ ਬਿਹਾਰੀ ਦੀ ਗ੍ਰਿਫਤਾਰੀ ਤੋਂ ਬਾਅਦ ਭੜਕੀ ਸੀ।

ਦਿ ਟਾਈਮਜ਼ ਆਫ ਇੰਡੀਆ ਮੁਤਾਬਕ ਡੀਜੀਪੀ ਸ਼ਿਵਾਨੰਦ ਝਾਅ ਨੇ ਦੱਸਿਆ ਕਿ ਕੁੱਲ 6 ਜ਼ਿਲ੍ਹਿਆਂ 'ਚ ਹਿੰਸਾ ਹੋਈ ਹੈ ਅਤੇ 42 ਮਾਮਲੇ ਦਰਜ ਕੀਤੀ ਗਏ ਹਨ।

ਗੈਰ-ਗੁਜਰਾਤੀਆਂ ਵੱਲੋਂ ਸੂਬਾ ਛੱਡ ਕੇ ਘਰ ਪਰਤਣ ਦੀਆਂ ਖ਼ਬਰਾਂ ਬਾਰੇ ਝਾਅ ਨੇ ਕਿਹਾ ਕਿ ਪ੍ਰਵਾਸੀ ਮਜ਼ਦੂਰ ਤਿਉਹਾਰ ਮਨਾਉਣ ਲਈ ਘਰ ਜਾ ਰਹੇ ਹਨ।

ਨਿਊ ਯਾਰਕ 'ਚ ਦੁਰਘਟਨਾ: ਕਾਰ 'ਚ ਬੈਠੇ 18 ਸਮੇਤ 20 ਦੀ ਮੌਤ

ਅਮਰੀਕਾ ਦੇ ਨਿਊ ਯਾਰਕ ਸੂਬੇ ਦੇ ਇੱਕ ਕਸਬੇ ਵਿੱਚ ਜਨਮਦਿਨ ਦੀ ਪਾਰਟੀ ਲਈ ਲੰਮੀ ਲਿਮੋਜ਼ੀਨ ਕਾਰ 'ਚ ਜਾ ਰਹੇ 18 ਸਵਾਰਾਂ ਅਤੇ 2 ਪੈਦਲ ਯਾਤਰੀਆਂ ਦੀ ਉਸੇ ਵੇਲੇ ਮੌਤ ਹੋ ਗਈ ਜਦੋਂ ਕਾਰ ਬੇਕਾਬੂ ਹੋ ਕੇ ਦੁਰਘਟਨਾ ਦਾ ਸ਼ਿਕਾਰ ਬਣ ਗਈ।

ਚਸ਼ਮਦੀਦਾਂ ਮੁਤਾਬਕ ਲਿਮੋਜ਼ੀਨ ਪਹਿਲਾਂ ਤਾਂ ਇੱਕ ਹੋਰ ਕਾਰ 'ਚ ਵੱਜੀ ਤੇ ਫਿਰ ਇੱਕ ਦੁਕਾਨ ਦੀ ਪਾਰਕਿੰਗ 'ਚ ਖੜ੍ਹੇ ਲੋਕਾਂ 'ਚ ਜਾ ਟਕਰਾਈ।

ਇਹ ਵੀ ਪੜ੍ਹੋ

ਅਮਰੀਕੀ ਸਮੇਂ ਮੁਤਾਬਕ ਸ਼ਨੀਵਾਰ ਦੁਪਹਿਰੇ ਹੋਏ ਇਸ ਐਕਸੀਡੈਂਟ ਦੇ ਕਾਰਨਾਂ ਦੀ ਹਾਲੇ ਕੋਈ ਪੁਸ਼ਟੀ ਨਹੀਂ ਹੋਈ। ਨਿਊ ਯਾਰਕ ਟਾਈਮਜ਼ ਅਖਬਾਰ ਮੁਤਾਬਕ ਮਰਨ ਵਾਲਿਆਂ 'ਚ ਚਾਰ ਭੈਣਾਂ ਤੇ 2 ਨਵੇਂ ਵਿਆਹੇ ਜੋੜੇ ਸ਼ਾਮਲ ਸਨ।

ਤੁਹਾਨੂੰ ਇਹ ਵੀਡੀਓ ਵੀ ਪਸੰਦ ਆਉਣਗੇ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)