ਕੈਨੇਡਾ ਤੋਂ ਪਨਾਹ ਮੰਗਣ ਵਾਲੇ ਸਿੱਖਾਂ ਦੀ ਗਿਣਤੀ 400 ਫੀਸਦੀ ਵਧੀ - 5 ਅਹਿਮ ਖ਼ਬਰਾਂ

ਲਿਬਰਲ ਆਗੂ ਜਸਟਿਨ ਟਰੂਡੋ ਦੇ ਪ੍ਰਧਾਨ ਮੰਤਰੀ ਵਜੋਂ ਕਾਰਜਕਾਲ ਦੌਰਾਨ ਸਿੱਖ ਭਾਈਚਾਰੇ ਦੇ ਕੈਨੇਡਾ ਜਾਣ ਦਾ ਰੁਝਾਨ ਕਾਫ਼ੀ ਤੇਜ਼ ਹੋਇਆ ਹੈ।

ਹਿੰਦੁਸਤਾਨ ਟਾਈਮਜ਼ ਦੀ ਖ਼ਬਰ ਮੁਤਾਬਕ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਕਾਰਜਕਾਲ ਦੌਰਾਨ ਸਿੱਖਾਂ ਵੱਲੋਂ ਪਨਾਹ ਮੰਗਣ ਦੀਆਂ ਅਰਜੀਆਂ ਵਿੱਚ 400 ਫੀਸਦੀ ਦਾ ਵਾਧਾ ਹੋਇਆ ਹੈ।

ਜਦਕਿ ਹਿੰਦੁਸਤਾਨ ਟਾਈਮਜ਼ ਦੀ ਖ਼ਬਰ ਮੁਤਾਬਕ ਭਾਰਤੀਆਂ ਵੱਲੋਂ ਜਾਣ ਵਾਲੀਆਂ ਅਜਿਹੀਆਂ ਕੁੱਲ ਅਰਜੀਆਂ ਵਿੱਚ 450 ਫੀਸਦੀ ਦਾ ਉਛਾਲ ਆਇਆ ਹੈ। ਕੈਨੇਡਾ ਦੀ ਬਾਰਡਰ ਸਰਵਿਸ ਏਜੰਸੀ ਮੁਤਾਬਕ ਇਨ੍ਹਾਂ ਵਿੱਚੋਂ ਬਹੁਤੀਆਂ ਅਰਜੀਆਂ ਵਿੱਚ ਪੁਲਿਸ ਦੀ ਬੇਮੁਹਾਰੀ ਗ੍ਰਿਫ਼ਤਾਰੀ ਦੇ ਡਰ ਨੂੰ ਆਧਾਰ ਬਣਾਇਆ ਜਾਂਦਾ ਹੈ।

ਇਹ ਵੀ ਪੜ੍ਹੋ:

ਭਾਰਤੀ ਕਿਸਾਨਾਂ ਦੀ ਸਬਸਿਡੀ

ਆਸਟ੍ਰੇਲੀਆ ਨੇ 'ਖੰਡ ਦੀਆਂ ਵਿਸ਼ਵ ਪੱਧਰੀ ਕੀਮਤਾਂ ਵਿੱਚ ਆਏ ਨਿਘਾਰ' ਦਾ ਠੀਕਰਾ ਭਾਰਤ ਸਿਰ ਭੰਨਦਿਆਂ ਗੰਨਾ ਕਿਸਾਨਾਂ ਨੂੰ ਸਬਸਿਡੀ ਦੇਣ ਖਿਲਾਫ਼ ਵਿਸ਼ਵ ਵਪਾਰ ਸੰਗਠਨ ਵਿੱਚ ਸ਼ਿਕਾਇਤ ਦੀ ਧਮਕੀ ਦਿੱਤੀ ਹੈ।

ਦਿ ਇਕਨਾਮਿਕ ਟਾਈਮਜ਼ ਦੀ ਖ਼ਬਰ ਮੁਤਾਬਕ ਆਸਟ੍ਰੇਲੀਆ ਦੇ ਵਪਾਰ ਮੰਤਰੀ ਸਾਇਮਨ ਬ੍ਰਮਿੰਘਮ ਨੇ ਕਿਹਾ ਕਿ ਵਿਸ਼ਵ ਪੱਧਰ ਤੇ ਖੰਡ ਦੀਆਂ ਕੀਮਤਾਂ ਡਿੱਗਣ ਨਾਲ ਸਥਾਨਕ ਖੰਡ ਉਦਯੋਗ ਨੂੰ ਨੁਕਸਾਨ ਹੋ ਰਿਹਾ ਹੈ।

ਜਿਸ ਦੇ ਹੱਲ ਲਈ ਆਸਟ੍ਰੇਲੀਆ ਵਪਾਰ ਵਿਸ਼ਵ ਪੱਧਰੀ ਕਾਨੂੰਨਾਂ ਦੀ ਸਹਾਇਤਾ ਲਵੇਗਾ ਤਾਂ ਜੋ ਬਰਾਬਰੀ ਦਾ ਮੁਕਾਬਲਾ ਹੋ ਸਕੇ।

ਖ਼ਬਰ ਮੁਤਾਬਕ ਉਨ੍ਹਾਂ ਕਿਹਾ ਕਿ ਇਸ ਸੰਬੰਧ ਵਿੱਚ ਭਾਰਤ ਨਾਲ ਗੱਲਬਾਤ ਦੀਆਂ ਕੋਸ਼ਿਸ਼ਾਂ ਤੋਂ ਉਨ੍ਹਾਂ ਨੂੰ ਨਿਰਾਸ਼ਾ ਹੋਈ ਹੈ, ਜਿਸ ਕਰਕੇ ਹੁਣ ਉਹ ਭਾਰਤ ਡਬਲਿਊਟੀਓ ਦੇ ਮੈਂਬਰ ਦੇਸਾਂ ਨਾਲ ਰਸਮੀ ਤੌਰ ਤੇ ਇਹ ਮੁੱਦਾ ਚੁੱਕਣਗੇ।

ਐਨਆਰਆਈ ਲਾੜਿਆਂ ਦੇ ਪਾਸਪੋਰਟ ਰੱਦ

ਆਪਣੀਆਂ ਪਤਨੀਆਂ ਪ੍ਰਤੀ ਲਾਪ੍ਰਵਾਹੀ ਦਿਖਾਉਣ ਵਾਲੇ 25 ਪਰਵਾਸੀ ਲਾੜਿਆਂ ਦੇ ਪਾਸਪੋਰਟ ਭਾਰਤ ਸਰਕਾਰ ਨੇ ਰੱਦ ਕਰ ਦਿੱਤੇ ਹਨ।

ਪੰਜਾਬੀ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਇਨ੍ਹਾਂ ਵਿੱਚੋਂ 8 ਦੀ ਸਿਫਾਰਿਸ਼ ਮਹਿਲਾ ਤੇ ਬਾਲ ਵਿਕਾਸ ਮੰਤਰਾਲੇ ਜਦਕਿ ਬਾਕੀਆਂ ਖਿਲਾਫ ਰੱਦ ਕਰਨ ਦੀ ਮੰਗ ਪੁਲਿਸ ਨੇ ਕੀਤੀ ਸੀ। ਪਾਸਪੋਰਟ ਰੱਦ ਕੀਤੇ ਜਾਣ ਮਗਰੋਂ ਪੁਲਿਸ ਇਨ੍ਹਾਂ ਲਾੜਿਆਂ ਖਿਲਾਫ ਲੁੱਕ ਆਊਟ ਨੋਟਿਸ ਜਾਰੀ ਕਰ ਸਕਦੀ ਹੈ।

ਪੰਜਾਬ ਦੇ ਕਿਸਨਾਂ ਨੇ ਇਸ ਵਾਰ ਪਰਾਲੀ ਘੱਟ ਫੂਕੀ

ਸਰਕਾਰੀ ਅੰਕੜਿਆਂ ਮੁਤਾਬਕ ਪਿਛਲੇ ਸੀਜ਼ਨ ਦੇ ਮੁਕਾਬਲੇ ਇਸ ਸਾਲ ਝੋਨੇ ਦੀ ਪਰਾਲੀ 13 ਫੀਸਦੀ ਘੱਟ ਖੇਤਰ ਵਿੱਚ ਸਾੜੀ ਗਈ।

ਹਿੰਦੁਸਤਾਨ ਟਾਈਮਜ਼ ਦੀ ਖ਼ਬਰ ਮੁਤਬਕ ਹਾਲਾਂਕਿ ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ਕੋਲ ਇਸ ਮਾਮਲੇ ਵਿੱਚ ਪਰਾਲੀ ਦੀਆਂ ਗੰਢਾਂ ਬਣਾਉਣ ਵਾਲੀਆਂ ਮਸ਼ੀਨਾਂ ਦੀ ਕਮੀ ਕਾਰਨ ਬਹੁਤਾ ਕੁਝ ਕਰ ਸਕਣ ਤੋਂ ਹੱਥ ਖੜ੍ਹੇ ਕਰ ਦਿੱਤੇ ਸਨ ਪਰ ਪਿੱਛਲੇ ਸਾਲ ਝੋਨੇ ਹੇਠਲੇ ਕੁੱਲ ਰਕਬੇ ਦੇ 62 ਫੀਸਦੀ (44 ਲੱਖ ਏਕੜ) ਵਿੱਚ ਅੱਗ ਲਾਈ ਗਈ ਸੀ ਜੋ ਕਿ ਇਸ ਸਾਲ 49 ਫੀਸਦੀ (36 ਲੱਖ ਏਕੜ) ਰਕਬੇ ਵਿੱਚ ਪਰਾਲੀ ਸਾੜੀ ਗਈ।

ਪੰਜਾਬ ਦੇ ਗੁਆਂਢੀ ਸੂਬੇ ਇਹ ਅੰਕੜਾ 25 ਫੀਸਦੀ ਹੈ, ਜਿੱਥੇ ਪਰਾਲੀ ਸਾੜਨ ਦੇ ਪਿਛਲੇ ਸਾਲ ਦੇ 9,878 ਕੇਸਾਂ ਦੇ ਮੁਕਾਬਲੇ 8,235 ਕੇਸ ਸਾਹਮਣੇ ਆਏ। ਖ਼ਬਰ ਮੁਤਾਬਕ ਹਰਿਆਣਾ ਸਰਕਾਰ ਦਾ ਦਾਅਵਾ ਹੈ ਕਿ ਉਸ ਨੇ ਇਸ ਮੰਤਵ ਲਈ ਕੇਂਦਰ ਸਰਕਾਰ ਵੱਲੋਂ ਆਇਆ ਸਾਰਾ ਪੈਸਾ ਖਰਚ ਦਿੱਤਾ ਹੈ।

ਦੂਸਰੇ ਪਾਸੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ ਕਾਹਨ ਸਿੰਘ ਪੰਨੂੰ ਮੁਤਾਬਕ ਪਰਾਲੀ ਬਾਰੇ ਨਜ਼ਰੀਏ ਵਿੱਚ ਪੂਰੀ ਤਬਦੀਲੀ ਆਊਣ ਨੂੰ ਤਿੰਨ ਸਾਲ ਲੱਗ ਜਾਣਗੇ।

ਅਸਥਾਨਾ ਨੂੰ ਨਹੀਂ ਮਿਲੀ ਵਰਮਾ ਬਾਰੇ ਜਾਂਚ ਰਿਪੋਰਟ ਦੀ ਕਾਪੀ

ਸੀਬੀਆਈ ਦੇ ਨਿਰਦੇਸ਼ਕ ਅਲੋਕ ਵਰਮਾ ਖਿਲਾਫ ਭ੍ਰਿਸ਼ਟਾਚਾਰ ਦੇ ਇਲਜ਼ਾਮ ਲਾਉਣ ਵਾਲੇ ਰਾਕੇਸ਼ ਅਸਥਾਨਾ ਨੂੰ ਸੁਪਰੀਮ ਕੋਰਟ ਨੇ ਵਰਮਾ ਖਿਲਾਫ਼ ਹੋਈ ਕੇਂਦਰੀ ਵਿਜੀਲੈਂਸ ਕਮਿਸ਼ਨ ਦੀ ਜਾਂਚ ਰਿਪੋਰਟ ਦੀ ਕਾਪੀ ਦੇਣੋਂ ਮਨਾਂ ਕਰ ਦਿੱਤਾ ਹੈ।

ਟਾਈਮਜ਼ ਆਫ਼ ਇੰਡੀਆ ਦੀ ਖ਼ਬਰ ਮੁਤਾਬਕ ਅਦਾਲਤ ਨੇ ਅਸਥਾਨਾ ਦਾ ਇਸ ਪਿੱਛੇ ਤਰਕ ਸੀ ਕਿ ਉਹ ਇਸ ਮਾਮਲੇ ਵਿੱਚ ਸ਼ਿਕਾਇਤ ਕਰਤਾ ਹੈ ਅਤੇ ਇਸ ਰਿਪੋਰਟ ਨਾਲ ਦੇਸ਼ ਦੀ ਸੁਰੱਖਿਆ ਨੂੰ ਕੋਈ ਖ਼ਤਰਾ ਨਹੀਂ ਇਸ ਲਈ ਇਸ ਰਿਪੋਰਟ ਦੀ ਕਾਪੀ ਉਨ੍ਹਾਂ ਨੂੰ ਮਿਲਣੀ ਚਾਹੀਦੀ ਹੈ।

ਜਿਸ ਨੂੰ ਭਾਰਤ ਦੇ ਚੀਫ ਜਸਟਿਸ ਨੇ ਇਹ ਕਹਿ ਕੇ ਰੱਦ ਕਰ ਦਿੱਤਾ ਕੇ ਤੁਸੀਂ ਭਾਰਤ ਦੇ ਕੈਬਨਿਟ ਸਕੱਤਰ ਕੋਲ ਕਿਸ ਆਧਾਰ ਤੇ ਸ਼ਿਕਾਇਤ ਕੀਤੀ? ਕੀ ਉਹ ਤੁਹਾਡੇ ਤੋਂ ਉੱਪਰ ਹਨ (ਸੁਪੀਰੀਅਰ)? ਸਾਨੂੰ ਨਹੀਂ ਲਗਦਾ ਕਿ ਤੁਸੀਂ ਕਾਪੀ ਦੇ ਹੱਕਦਾਰ ਹੋ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)